ਔਰਤ ਦਾ ਮਤਲਬ ਸਦਾ ਕੋਮਲ ਨਹੀਂ ਕਦੇ ਸ਼ਮਸ਼ੀਰ ਫੜਨਾ ਵੀ ਹੁੰਦਾ

1135

ਹਰਮੀਤ ਬਰਾੜ

ਔਰਤ ਹੋਣਾ ਹਮੇਸ਼ਾ ਕੋਮਲ ਹੋਣਾ ਨਹੀਂ ਹੁੰਦਾ ਕਦੇ ਕਦੇ ਸ਼ਮਸ਼ੀਰ ਵੀ ਫੜਨੀ ਵੀ ਹੁੰਦਾ ਹੈ । ਮੈਂ ਸਿਰਫ ਕਵਿਤਾ ਨਹੀਂ ਜੋ ਰੂਹ ਨੂੰ ਸਕੂਨ ਦੇਵੇ ਮੈਂ ਚੰਡੀ ਵੀ ਆਂ ਜੋ ਲੋੜ ਪੈਣ ਤੇ ਸਿਰ ਵੱਢਣ ਲੱਗਿਆਂ ਦੂਜੇ ਪਲ ਨਹੀਂ ਸੋਚੇਗੀ। ਜੇ ਇਕ ਪਲ ਮੈਂ ਪਿਘਲਦੀ ਮੁਹੱਬਤ ਆਂ ਤਾਂ ਦੂਜੇ ਹੀ ਪਲ ਮੇਰੇ ਅੰਦਰ ਸੋਚਾਂ ਦਾ ਜਵਾਲਾਮੁਖੀ ਵੀ ਹੈ। ਮੈਂ ਇਸ ਲਈ ਨਿਰਾਸ਼ ਨਹੀਂ ਕਿ ਤੁਸੀ ਮੈਨੂੰ ਵਿਚਾਰੀ ਸਮਝੇ , ਮੈਂ ਤਾਂ ਇਸ ਲਈ ਨਿਰਾਸ਼ ਹਾਂ ਕਿ ਮੇਰਾ ਗਰਭ ਸਦੀਆਂ ਤੋਂ ਇਸ ਪੱਥਰ ਨੂੰ ਜਨਮ ਕਿਉਂ ਦਿੰਦਾ ਰਿਹਾ? ਮੈਂ ਸਿਰਫ ਓਦੋਂ ਦੁਖੀ ਨਹੀਂ ਹੁੰਦੀ ਜਦੋਂ ਮਾਪੇ ਕੁੱਖ ਚ ਕਤਲ ਕਰ ਦਿੰਦੇ ਨੇ ਮੈਂ ਤਾਂ ਓਦੋਂ ਵੀ ਕੁਰਲਾਈ ਜਦੋਂ ਸਹੁਰਿਆਂ ਵੱਲੋਂ ਜਿਉਂਦੀ ਸਾੜ ਦਿੱਤੀ ਗਈ।

ਮੈਂ ਥੋਡੇ ਬਣਾਏ ਚੌਖਟੇ ਦੀ ਸਤੀ ਬਣਨ ਨਾਲ਼ੋਂ ਥੋਡੇ ਵੱਲੋਂ ਬੱਦਤਮੀਜ ਕਹਿ ਕੇ ਸਤਿਕਾਰੀ ਜਾਣਾ ਵੱਧ ਪਸੰਦ ਕਰੂੰਗੀ ਕਿਉਂਕਿ ਮੇਰੇ ਸੁਪਨੇ ਹੁਣ ਕਤਲ ਨਹੀਂ ਹੋਣਗੇ। ਬਥੇਰੀਆਂ ਸਦੀਆਂ ਤੋ ਮੈਂ ਥੋਡੀ ਏਸ ਪੱਗ ਦਾ ਬੋਝ ਚੁੱਕ ਚੁੱਕ ਆਪਣਾ ਕੱਦ ਬੌਣਾ ਕਰ ਲਿਆ ਹੁਣ ਕੁਝ ਚਿਰ ਇਹ ਬੋਝ ਓਸ ਪੁੱਤ ਦੇ ਸਿਰ ਤੇ ਵੀ ਧਰੋ ਜੋ ਹਰ ਸ਼ਾਮ ਰੰਗੀਨ ਚਾਹੁੰਦਾ ਹੈ ਤੇ ਹਰ ਸਵੇਰ ਇੱਕ ਸ਼ਰਾਫ਼ਤ ਦਾ ਲਿਬਾਸ ਪਾ ਫੇਰ ਤੋ ਇੱਕ ਚੰਗਾ ਪਤੀ , ਪਰੇਮੀ ਜਾਂ ਭਰਾ ਹੋਣ ਦਾ ਢਕਵੰਜ ਰਚਦਾ ਹੈ।

ਮੇਰੇ ਅੰਦਰ ਖੌਲਦੇ ਵਿਚਾਰ ਕਦੇ ਪੜ ਕੇ ਤਾਂ ਦੇਖੀਂ , ਬਹੁਤ ਕੁਝ ਅਨਪੜਿਆ ਲੱਭੂਗਾ ਜਿਸ ਨੂੰ ਕਦੇ ਤੂੰ ਜ਼ਰੂਰੀ ਹੀ ਨਹੀਂ ਸਮਝਿਆ। ਤੂੰ ਸੱਚੀਂ ਹੀਣਾ ਮਹਿਸੂਸ ਹੋਣ ਤੋ ਡਰਦਾ ਏਂ , ਤੂੰ ਜਾਣਦਾ ਏਂ ਕਿ ਜਿਸ ਦਿਨ ਇਹ ਪੰਨੇ ਫਰੋਲੇ ਗਏ ਤੇਰਾ ਕਰੂਪ ਚਿਹਰਾ ਸਾਹਮਣੇ ਆ ਜਾਵੇਗਾ ਇਸੇ ਲਈ ਤੂੰ ਸਦੀਆਂ ਤੋ ਮੇਰੇ ਹੀ ਹੋਰ ਰੂਪ ਨੂੰ ਵਰਤ ਕੇ ਮੈਨੂੰ ਦਬਾਉਂਦਾ ਰਿਹਾ। ਪਰ ਇਕ ਗੱਲ ਯਾਦ ਰੱਖੀਂ ਹੁਣ ਇਹ ਖੇਡ ਲੰਬੀ ਨਹੀਂ ਚੱਲੇਗੀ , ਮੈਂ ਦਹਾਕਿਆਂ ਪਹਿਲਾਂ ਈ ਆਪਣੇ ਗਰਭ ਤੋ ਇਕ ਬਗ਼ਾਵਤ ਦਾ ਬੀਜ ਹਰ ਪੀੜੀ ਨੂੰ ਦੇਣਾ ਸ਼ੁਰੂ ਕਰ ਦਿੱਤਾ ਹੈ ਤੇ ਤੈਨੂੰ ਹਰ ਹਾਲ ਇਹ ਕਬੂਲਣਾ ਹੀ ਪਵੇਗਾ।

 

Real Estate