ਲਾਕਡਾਊਨ ਕਾਰਨ ਇੰਗਲੈਂਡ ਵਾਪਿਸ ਨਾ ਜਾ ਸਕਣ ਕਰਕੇ ਐਨ.ਆਰ.ਆਈ ਨੇ ਕੀਤੀ ਖੁਦਕੁਸ਼ੀ

822

ਚੰਡੀਗੜ, 21 ਅਪ੍ਰੈਲ (ਜਗਸੀਰ ਸਿੰਘ ਸੰਧੂ) : ਕੋਰੋਨਾ ਕਾਰਨ ਲਾਕਡਾਊਨ ਤੇ ਕਰਫਿਊ ਲੱਗਿਆ ਹੋਣ ਕਰਕੇ ਆਪਣੇ ਬੱਚਿਆ ਕੋਲ ਵਾਪਿਸ ਇੰਗਲੈਂਡ ਨਾ ਸਕਣ ਕਾਰਨ ਜਲੰਧਰ ਦੇ ਕਾਕੀ ਪਿੰਡ ਵਿੱਚ ਇੱਕ ਬੁਜਰਗ ਐਨ.ਆਰ.ਆਈ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਾਣਕਾਰੀ ਮੁਤਾਬਿਕ ਅਮਰਜੀਤ ਸਿੰਘ (72 ਸਾਲ) ਪੁੱਤਰ ਕਰਨੈਲ ਸਿੰਘ ਇੰਗਲੈਂਡ ਤੋਂ ਪੰਜਾਬ ਆਇਆ ਹੋਇਆ ਸੀ, ਪਰ ਕੋਰੋਨਾ ਵਾਇਰਸ ਕਾਰਨ ਲਾਕਡਾਊਨ ਤੇ ਕਰਫਿਊ ਦੇ ਚਲਦਿਆਂ ਉਸਨੂੰ ਵਾਪਸ ਇੰਗਲੈਂਡ ਜਾਣ ਲਈ ਟਿਕਟ ਨਾ ਮਿਲਣ ਕਰਕੇ ਉਸਨੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨੀ ਹੁੰਦਿਆਂ ਅੱਜ ਆਪਣੇ ਹੀ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਪਤਾ ਲੱਗਿਆ ਹੈ ਕਿ ਇਹ ਬੁਜਰਗ ਐਨ.ਆਰ.ਆਈ ਫਰਵਰੀ ਮਹੀਨੇ ਵਿੱਚ ਜਲੰਧਰ ਦੇ ਰਾਮਾਮੰਡੀ ਥਾਣੇ ‘ਚ ਪੈਂਦੇ ਆਪਣੇ ਜੱਦੀ ਕਾਕੀ ਪਿੰਡ ਆਇਆ ਹੋਇਆ ਸੀ, ਪਰ ਲਾਕਡਾਊਨ ਤੇ ਕਰਫਿਊ ਕਾਰਨ ਇਹ ਆਪਣੇ ਬੱਚਿਆਂ ਕੋਲ ਇੰਗਲੈਂਡ ਵਾਪਸ ਨਹੀਂ ਜਾ ਸਕਿਆ, ਜਿਸ ਕਰਕੇ ਇਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿਣ ਲੱਗਿਆ ਅਤੇ ਆਪਣੇ ਬੱਚਿਆਂ ਤੋਂ ਦੂਰੀ ਨਾ ਸਹਿਣ ਕਰਦਿਆਂ ਅੱਜ ਸਵੇਰੇ ਇਸ ਨੇ ਇਹ ਭਿਆਨਕ ਕਦਮ ਚੁੱਕ ਲਿਆ। ਫਿਲਹਾਲ ਪੁਲਸ ਨੇ ਮ੍ਰਿਤਕ ਬੁਜਰਗ ਅਮਰਜੀਤ ਸਿੰਘਘ ਦੀ ਪਤਨੀ ਦੇ ਬਿਆਨ ਦਰਜ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਹੈ।

Real Estate