ਮਾਨਸਾ ਦੇ ਦੋ ਨੌਜਵਾਨਾਂ ਦੀ ਹਰਿਆਣੇ ‘ਚ ਨਸ਼ੇ ਦੀ ਓਵਰਡੋਜ਼ ਨਾਲ ਮੌਤ

560

ਚੰਡੀਗੜ, 21 ਅਪ੍ਰੈਲ (ਜਗਸੀਰ ਸਿੰਘ ਸੰਧੂ) : ਨਸ਼ੇ ਦੀ ਓਵਰਡੋਜ਼ ਨਾਲ ਮਾਨਸਾ ਜਿਲੇ ਦੇ ਦੋ ਨੌਜਵਾਨਾਂ ਦੀ ਹੋਈ ਮੌਤ ਨੇ ਕਈ ਤਰਾਂ ਦੇ ਨਵੇਂ ਸਵਾਲ ਖੜੇ ਕਰ ਦਿੱਤੇ ਹਨ। ਜਾਣਕਾਰੀ ਮੁਤਾਬਿਕ ਮਾਨਸਾ ਵਾਸੀ ਇੱਕ ਪੁਲਸ ਮੁਲਾਜਮ ਦਾ ਮੁੰਡਾ ਅੰਮ੍ਰਿਤਪਾਲ ਸਿੰਘ ਪਹਿਲਾਂ ਸਰਦੂਲਗੜ ਨੇੜੇ ਪਿੰਡ ਕੋਟੜਾ ‘ਚ ਆਪਣੇ ਦੋਸਤ ਹਰਪ੍ਰੀਤ ਸਿੰਘ ਕੋਲ ਗਿਆ ਅਤੇ ਫਿਰ ਸੋਮਵਾਰ ਸ਼ਾਮ ਨੂੰ ਇਹ ਦੋਵੇਂ ਦੋਸਤ ਹਰਿਆਣਾ ‘ਚ ਪੈਂਦੇ ਪਿੰਡ ਰੋੜੀ ਚਲੇ ਗਏ, ਜਿਥੇ ਇਹਨਾਂ ਨੇ ਕਿਸੇ ਵਿਅਕਤੀ ਕੋਲੋਂ ਨਸ਼ਾ ਖਰੀਦਿਆ ਅਤੇ ਇਸ ਨਸ਼ੇ ਦੀ ਓਵਰਡੋਜ਼ ਲੈਣ ਨਾਲ ਇਹਨਾਂ ਦੋਵਾਂ ਦੀ ਹਾਲਤ ਵਿਗੜ ਗਈ ਤਾਂ ਇਹਨਾਂ ਨੂੰ ਸਰਦੂਲਗੜ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਇਹਨਾਂ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਹਨਾਂ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ, ਸਿਵਲ ਹਸਪਤਾਲ ਸਰਦੂਲਗੜ ਵਿਖੇ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਪੰਜਾਬ ਪੁਲਸ ਦੀ ਕਾਰਗੁਜਾਰੀ ‘ਤੇ ਇਹ ਵੱਡਾ ਸਵਾਲ ਖੜਾ ਹੋ ਗਿਆ ਹੈ ਕਿ ਪੰਜਾਬ ਵਿੱਚ ਲੱਗੇ ਕਰਫਿਊ ਦੌਰਾਨ ਅੰਮ੍ਰਿਤਪਾਲ ਸਿੰਘ ਮਾਨਸਾ ਤੋਂ ਸਰਦੂਲਗੜ ਨੇੜੇ ਕੋਟੜਾ ਕਿਵੇਂ ਪੁਹੰਚਿਆ ਅਤੇ ਫਿਰ ਇਹ ਦੋਵੇਂ ਦੋਸਤ ਪੰਜਾਬ ਦੀ ਸਰਹੱਦ ਪਾਰ ਕਰਕੇ ਹਰਿਆਣਾ ਦੇ ਪਿੰਡ ਰੋੜੀ ਕਿਵੇਂ ਪੁਹੰਚੇ? ਇਸ ਸਬੰਧੀ ਡੀ.ਐਸ.ਪੀ ਸਰਦੂਲਗੜ ਸੰਜੀਵ ਗੋਇਲ ਦਾ ਕਹਿਣਾਂ ਹੈ ਕਿ ਪੁਲਸ ਨੇ ਤਾਂ ਹਰਿਆਣਾ ਨੂੰ ਜਾਂਦੀਆਂ ਸਾਰੀਆਂ ਸੜਕਾਂ ‘ਤੇ ਨਾਕਾਬੰਦੀ ਕੀਤੀ ਹੋਈ ਹੈ, ਹੋ ਸਕਦਾ ਹੈ ਕਿ ਇਹ ਦੋਵੇਂ ਨੌਜਵਾਨ ਖੇਤਾਂ ਵਿੱਚੋਂ ਦੀ ਹੁੰਦੇ ਹੋਏ ਹਰਿਆਣਾ ਵਿੱਚ ਦਾਖਲ ਹੋਏ ਹੋਣਗੇ। ਉਧਰ ਹਰਿਆਣਾ ਦੇ ਰੋੜੀ ਥਾਣੇ ਦੇ ਇੰਚਾਰਜ ਜਗਦੀਸ਼ ਚੰਦਰ ਨੇ ਕਿਹਾ ਹੈ ਰੋੜੀ ਪੁਲਸ ਨੇ ਸੁਰਿੰਦਰਪਾਲ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਸੁਰਿੰਦਰ ਸਿੰਘ ਰਾਜੂ ਦੇ ਬਰਖਿਲਾਫ ਧਾਰਾ 147/149/342/328/302 ਆਈ.ਪੀ.ਸੀ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਵਿੱਢ ਦਿੱਤੀ ਹੈ।

Real Estate