ਜਦੋਂ ਮੇਰਾ ਬੇਟਾ ਫੀਸ ਨਾ ਦੇਣ ਕਰਕੇ ਡੈਸਕ ਥੱਲੇ ਲੁਕਿਆ

822
ਸੁਖਵਿੰਦਰ ਕੌਰ ਫਰੀਦਕੋਟ  8146933733
ਗੱਲ ਸਾਲ 2000-01 ਦੀ ਹੈ ਮੇਰਾ ਬੇਟਾ ਗੁਰਸ਼ਰਨ ਜਿਸ ਦਾ ਜਨਮ 4 ਮਈ 1998 ਵਿਚ ਹੋਇਆ, ਉਸਨੂੰ ਫਰੀਦਕੋਟ ਵਿਖੇ ਖਾਲਸਾ ਸਕੂਲ ਵਿਖੇ ਪ੍ਰੀ-ਨਰਸਰੀ ਕਰਨ ਲਈ ਭੇਜਿਆ ਜਾਣ ਲੱਗ ਪਿਆ। ਮੈਂ ਉਸ ਸਮੇਂ ਐਮ.ਏ ਹਿਸਟਰੀ ਦੇ ਪੇਪਰ ਦੇਣੇ ਸਨ ਅਤੇ ਵੱਡਾ ਬੇਟਾ ਅਮਨਜੋਤ ਸਿੰਘ ਪਹਿਲਾਂ ਹੀ ਦਸ਼ਮੇਸ ਪਬਲਿਕ ਸਕੂਲ ਵਿਚ ਪੜਦਾ ਸੀ , ਮੇਰਾ ਸਾਰਾ ਧਿਆਨ ਵੱਡੇ ਬੇਟੇ ਦੀ ਪੜਾਈ  ਵੱਲ, ਆਪਣੀ ਨੌਕਰੀ ਤੇ ਆਪਣੇ ਐਮ. ਏ. ਹਿਸਟਰੀ ਦੇ ਪੇਪਰਾਂ ਦੀ ਤਿਆਰੀ ਵੱਲ ਲੱਗਿਆ ਹੋਇਆ ਸੀ। ਬਾਕੀ ਸਾਂਝਾ ਪਰਿਵਾਰ ਹੋਣ ਕਰਕੇ ਘਰ ਦੀਆਂ ਹੋਰ ਜਿੰਮੇਵਾਰੀਆਂ ਨਿਭਾਉਣ ਵਿਚ ਸਮਾਂ ਲੰਘ ਜਾਂਦਾ। ਗੁਰਸ਼ਰਨ ਬੇਟੇ ਨੂੰ ਸਕੂਲ ਸਿਰਫ ਇਸ ਲਈ ਭੇਜਿਆ ਜਾਂਦਾ ਸੀ ਕਿ ਉਹ ਉਥੇ ਸਭਿਆ ਰਹੇਗਾ। ਨੌਕਰੀ ਪੇਸ਼ਾ ਔਰਤਾਂ ਦੀ ਅਜਿਹਾ ਕਰਨਾ ਮਜਬੂਰੀ ਵੀ ਹੁੰਦੀ ਹੈ, ਸੋ ਗੁਰਸ਼ਰਨ ਨੂੰ  ਆਟੋ ਵਾਲੇ ਨਾਲ ਸਵੇਰੇ ਹੀ ਅਮਨਜੋਤ ਬੇਟੇ ਨਾਲ ਸਕੂਲ ਭੇਜ ਦੇਣਾ।   ਉਹ ਉਸਨੂੰ ਰਸਤੇ ਵਿਚ ਖਾਲਸਾ ਸਕੂਲ ਛੱਡ ਜਾਂਦਾ ਤੇ ਵਾਪਸੀ ਤੇ ਲੈ ਆਉਂਦਾ। ਮੇਰਾ ਗੁਰਸ਼ਰਨ ਦੀ ਪੜਾਈ  ਵੱਲ ਬਿਲਕੁਲ ਧਿਆਨ ਨਹੀਂ ਸੀ ਕਿਉਂਕਿ ਉਸ ਤੋਂ ਅਗਲੇ ਸਾਲ ਹੀ ਉਸ ਦੀ ਨਰਸਰੀ ਦੀ ਪੜਾਈ ਤਾਂ ਦਸਮੇਸ਼ ਵਿਚ ਸ਼ੁਰੂ ਹੋਣੀ ਸੀ। ਸਾਨੂੰ  ਉਹਨੇ ਕਈ ਵਾਰ ਘਰ ਆ ਕੇ ਕਿਹਾ ਕਿ ਮੈਡਮ ਨੇ ਫੀਸ ਮੰਗਵਾਈ ਹੈ। ਪਰ ਮੈਨੂੰ  ਯਕੀਨ ਸੀ ਕਿ ਉਸਦੇ ਪਾਪਾ ਨੇ ਆਟੋ ਵਾਲੇ ਦੇ ਹੱਥ ਫੀਸ ਭੇਜੀ ਹੈ ਜੋ ਆਟੋ ਵਾਲੇ  ਦੀ ਥਾਂ ਲੜਕਾ ਆ ਰਿਹਾ ਹੈ ਸੋ ਇਸ ਦੇ ਵਾਰ ਵਾਰ ਕਹਿਣ ਤੇ ਵੀ ਅਸੀਂ ਇਸ ਦੀਆਂ ਗੱਲਾਂ ਤੇ ਧਿਆਨ ਨਾ ਦਿੱਤਾ। ਇਸ ਦੇ ਪਾਪਾ ਨੇ ਕਹਿਣਾ ਮੈਡਮ ਹੋਰ ਬੱਚਿਆਂ ਤੋਂ ਫੀਸ ਮੰਗਦੇ ਹੋਣਗੇ। ਇਹ ਐਵੇ ਹੀ ਉਥੋਂ ਸੁਣਕੇ ਫੀਸ ਮੰਗਣ ਲੱਗ ਜਾਂਦਾ ਹੈ ਆਪਾਂ ਤਾਂ ਫੀਸ ਭੇਜ ਦਿੱਤੀ ਹੈ  ਸੋ ਗੁਰਸ਼ਰਨ ਦੇ ਫੀਸ ਮੰਗਣ ਤੇ ਵੀ ਅਸੀਂ ਉਸ ਦੀ ਗੱਲ ਅਣਸੁਣੀ ਕਰ ਦਿੱਤੀ। ਇੱਕ ਦਿਨ ਮੈਂ ਅਮਨਜੋਤ ਬੇਟੇ ਦੇ ਸਕੂਲ ਮੀਟਿੰਗ ਤੋਂ ਬਾਅਦ ਇਹ ਸੋਚ ਗੁਰਸ਼ਰਨ ਦੇ ਸਕੂਲ ਚਲੀ ਗਈ ਕਿ ਇਹਨੂੰ ਸਕੂਲੋਂ ਘਰ ਲੈ ਜਾਵਾ । ਗੁਰਸ਼ਰਨ ਜੋ ਫੀਸ ਨਾ ਮਿਲਣ ਕਰਕੇ ਅੰਦਰੋਂ ਅੰਦਰੀ ਦੁੱਖੀ ਸੀ। ਜਦੋਂ ਉਸ ਨੇ ਮੈਨੂੰ ਕਲਾਸ ਦੀ ਤਾਕੀ ਵਿਚੋਂ  ਵੇਖਿਆ ਉਸ ਨੇ ਕਲਾਸ ਵਿਚੋਂ ਸਿਰ ਤੇ ਬਸਤਾ ਚੁੱਕ ਚੀਕਾਂ ਮਾਰਦਾ ਮਾਰਦਾ ਮੇਰੇ ਵੱਲ ਭੱਜਕੇ ਆਇਆ ਤੇ ਕਹਿਣ ਲੱਗਾ’ ਮੰਮਾ ਮੰਮਾ ਮੈਂ ਝੂਠ ਨਹੀਂ ਬੋਲਦਾ’ ਮੈਡਮ ਸੱਚੀਂ ਫੀਸ ਮੰਗਦੇ ਨੇ। ਉਸਦਾ ਦੂਰੋਂ ਕਲਾਸ ਵਿਚੋਂ ਰੋਦਿਆਂ ਭੱਜਕੇ ਆਉਣਾ ਤੇ ਮੈਨੂੰ ਚਿੰਬੜਨਾਂ ਮੈਨੂੰ ਅੱਜ ਵੀ ਨਹੀਂ ਭੁੱਲਦਾ। ਅੱਜ ਜਦੋਂ ਉਹ ਕੈਨੇਡਾ ਦੀ ਧਰਤੀ ਤੇ ਬੈਠਾ ਹੈ ਮੈਂ ਇਸ ਘਟਨਾ ਲਿਖਦਿਆਂ  ਵੀ  ਹੰਝੂ ਵਹਾ ਰਹੀ ਹਾਂ। ਆਪਣੇ ਆਪ ਤੇ ਅਫਸੋਸ ਵੀ ਹੁੰਦਾ ਹੈ ਕਿ ਮਾਪੇ ਬੱਚਿਆਂ ਦੀਆਂ ਅਜਿਹੀਆਂ ਗੱਲਾਂ ਨੂੰ ਕਿਉਂ ਨਜ਼ਰਅੰਦਾਜ਼ ਤੇ ਅਣਸੁਣਾ ਕਰ ਦਿੰਦੇ ਹਨ  ਬੱਚੇ  ਦੀ ਹਰ ਗੱਲ ਤੇ ਜਲਦੀ ਹੀ ਕਿਉਂ ਕਾਰਵਾਈ  ਕਿਉਂ ਨਹੀਂ ਕਰਦੇ। ਮੈਂ ਮਸਾਂ ਹੀ ਉਹਨੂੰ ਰੋਂਦੇ ਨੂੰ ਚੁੱਪ ਕਰਵਾਇਆ ਤੇ ਫਿਰ ਕਿਹਾ  ਬੇਟੇ ਤੇਰੀ ਫੀਸ ਅਸੀਂ ਭੇਜੀ ਹੈ ਚਲੋ ਮੈਂ ਪੁਛਦੀ ਹਾਂ ਮੈਡਮ ਕੋਲੋਂ। ਅੱਗੇ ਜਦੋਂ ਕਲਾਸ ਵਿਚ ਮੈਡਮ ਕੋਲ ਗਈ ਤੇ ਉਨਾ  ਮੈਨੂੰ ਦੱਸਿਆ ਕਿ ਮੈਡਮ ਮੈਂ ਹਰ ਰੋਜ ਇਹ ਨੂੰ ਕਹਿੰਦੀ ਹਾਂ ਘਰ ਜਾਕੇ ਦੱਸਦਾ ਨਹੀਂ। ਮੈਂ ਕਿਹਾ ਮੈਡਮ ਇਹ ਤਾਂ ਕਹਿੰਦਾ ਹੈ ਪਰ ਅਸੀਂ ਇਸ ਲਈ ਧਿਆਨ ਨਹੀਂ ਦਿੰਦੇ ਕਿਉਂਕਿ ਫੀਸ ਅਸੀਂ ਭੇਜੀ ਹੈ, ਆਟੋ ਵਾਲੇ ਮੁੰਡੇ ਹੱਥ। ਇੰਨੇ ਨੂੰ ਨੇੜੇ ਦੀ ਕਲਾਸ ਵਿੱਚੋ ਹਰਭਜਨ ਮੈਡਮ ਜੋ ਸਾਡੇ ਜਾਣ ਨਜਦੀਕੀ ਸਨ  ਅਤੇ ਉਹਨਾਂ ਨਾਲ ਸਾਡੇ ਪਰਿਵਾਰਕ ਸਬੰਧ ਵੀ ਸਨ ਉਨਾ  ਮੈਨੂੰ ਕਿਹਾ ਕਿ ਫੀਸ ਮੈਂ ਜਮਾਂ ਕਰਵਾ ਦਿੱਤੀ ਹੈ। ਹੁਣ ਅਸੀਂ ਫੈਸਲਾ ਕਰ ਲਿਆ ਸੀ ਕਿ ਇਸ ਤੋਂ ਫੀਸ ਨਹੀਂ ਮੰਗਣੀ। ਮੈਨੂੰ ਉਸਦੀ ਕਲਾਸ ਟੀਚਰ ਨੇ ਦੱਸਿਆ ਕਿ ਮੈਂ ਹਰ ਰੋਜ ਕਲਾਸ ਦੀ ਹਾਜ਼ਰੀ ਲਾਉਣ ਤੋਂ ਬਾਅਦ ਜਿੰਨਾ ਬੱਚਿਆਂ ਦੀ ਫੀਸ ਨਹੀਂ ਆਈ ਹੁੰਦੀ ਕਲਾਸ ਵਿਚ ਖੜਾ ਕਰਕੇ ਫੀਸ ਲਿਆਉਣ ਲਈ ਕਹਿੰਦੀ ਹਾਂ। ਇਸੇ ਤਰਾਂ ਗੁਰਸ਼ਰਨ ਨੂੰ ਵੀ ਖੜ ਕਰ ਲੈਂਦੀ ਹਾਂ। ਇਸ ਤਰਾਂ ਬੱਚੇ ਫੀਸ ਲਿਆ ਕੇ ਦਿੰਦੇ ਹਨ  ਜਾਂ ਮਾਪੇ ਆ ਕੇ ਜਮਾਂ ਕਰਵਾ ਦਿੰਦੇ ਹਨ। ਹੁਣ ਸਭ ਬੱਚਿਆਂ ਦੀ ਫੀਸ ਆ ਚੁੱਕੀ ਹੈ। ਇੱਕ ਦਿਨ ਮੈਂ ਹਾਜ਼ਰੀ ਲਾਉਣ ਤੋਂ ਬਾਅਦ ਜਦੋਂ ਹਰ ਰੋਜ ਦੀ ਤਰਾਂ ਗੁਰਸ਼ਰਨ ਤੋਂ ਫੀਸ ਮੰਗਣ  ਹੀ ਲੱਗੀ ਸੀ, ਉਹ ਮੈਨੂੰ ਕਿਤੇ ਵੀ ਨਜ਼ਰ ਨਹੀਂ ਆਇਆ। ਮੈਂ ਬੱਚਿਆਂ ਨੂੰ ਕਿਹਾ ਹੁਣੇ ਤਾਂ ਮੈਂ ਹਾਜ਼ਰੀ ਲਾ ਕੇ ਹਟੀ ਹਾਂ, ਉਦੋਂ ਤਾਂ ਗੁਰਸ਼ਰਨ ਕਲਾਸ ਵਿਚ ਸੀ ਹੁਣ ਕਿੱਥੇ ਚਲਿਆ ਗਿਆ  ,ਜਦੋਂ ਇਧਰ ਉਧਰ ਦੇਖਿਆਂ ਉਹ ਡੈਸਕ   ਹੇਠੋ ਨਿੱਕਲ ਕੇ ਰੋਂਦਾ ਹੋਇਆ ਕਹਿੰਦਾ ਮੈਡਮ ਮੈਂ  ਫੀਸ ਨਹੀ ਲਿਆਂਦੀ  । ਅੱਜ ਵੀ ਗੁਰਸ਼ਰਨ ਮੈਨੂੰ ਯਾਦ ਕਰਵਾਉਦਾ ਹੈ ਮੰਮੀ ਤੁਸੀਂ ਕਦੀ ਵੀ ਕਿਸੇ ਬੱਚੇ ਨੂੰ ਕਲਾਸ ਵਿਚੋਂ ਫੀਸ ਵਾਸਤੇ ਖੜਾ ਨਹੀਂ ਕਰਨਾ, ਕਿਉਂਕਿ ਮੈਨੂੰ ਉਸ ਸਮੇਂ ਜੋ ਫੀਸ ਪਿੱਛੇ ਬੇਇਜਤੀ ਮਹਿਸੂਸ ਹੁੰਦੀ ਸੀ ,ਮੈਂ ਨਹੀਂ ਚਾਹੁੰਦਾ ਤੁਸੀਂ ਵੀ ਅਜਿਹਾ ਕਰੋਂ। ਪਰ ਮੈਂ ਉਸਨੂੰ ਕਹਿੰਦੀ ਹਾਂ ਉਸ ਸਮੇਂ ਸਾਡੀ ਗਲਤੀ ਇਹੀ ਸੀ ਕਿ ਤੇਰੀ ਗੱਲ ਦਾ ਸੱਚ ਨਹੀਂ ਮੰਨਿਆ।ਫੀਸ ਤਾਂ ਆਟੋ ਵਾਲਾ ਮੁੰਡਾ ਦੇਣੀ ਭੁੱਲ ਗਿਆ ਸੀ,  ਸਕੂਲ ਅਧਿਆਪਕਾਂ ਦੀ ਆਪਣੀ ਮਜਬੂਰੀ ਹੰਦੀ ਹੈ, ਫੀਸ ਮੰਗਣਾ। ਪਰ ਇਹ ਤਾਂ ਸਭ ਬੱਚਾ  ਹੀ ਜਾਣਦਾ ਹੈ ਉਸ ਤੇ ਜੋ ਬੀਤਦੀ ਹੈ । ਉਹ ਮਾਪਿਆਂ ਤੇ  ਅਧਿਆਪਕਾਂ ਵਿਚਕਾਰ ਕਿਵੇਂ ਫਸ ਜਾਂਦਾ ਹੈ। ਮੈਂ ਅਧਿਆਪਕ ਹੋਣ ਦੇ ਨਾਤੇ ਆਪਣੇ ਵਿਦਿਆਰਥੀਆਂ ਨਾਲ ਇਹ ਆਪਣੇ ਬੇਟੇ ਵਾਲੀ ਘਟਨਾ ਸਾਂਝੀ ਵੀ ਕਰਦੀ ਹਾਂ ਅਤੇ ਕਹਿੰਦੀ ਹਾਂ ਕਿ ਜੇਕਰ ਕਿਸੇ ਦੀ ਕੋਈ ਮਜਬੂਰੀ  ਹੋਵੇ ਮੈਨੂੰ ਦੱਸ ਦੇਣਾ। ਇਸ ਘਟਨਾ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਜੇਕਰ ਸਾਡਾ ਬੱਚਾ ਭਾਵੇਂ ਕਿਸੇ ਇਸ਼ਾਰੇ ਜਾਂ ਤੋਤਲੀ ਆਵਾਜ਼ ਵਿਚ ਸਾਨੂੰ ਕੋਈ ਗੱਲ ਦੱਸਦਾ ਹੈ ਉਸ ਬਾਰੇ ਪੂਰੀ ਤਰਾਂ ਪੜਤਾਲ ਕਰਨੀ ਚਾਹੀਦੀ ਹੈ ਕਿ ਇਹ ਕੀ ਕਹਿ ਰਿਹਾ ਹੈ। ਅੱਜ ਦੇ ਬਦਲਦੇ ਜਮਾਨੇ ਚ ਤਾਂ ਇਹ ਹੋਰ ਵੀ ਜਰੂਰੀ ਹੋ ਗਿਆ ਹੈ ਜਦੋਂ ਅੱਜ ਕੱਲ ਛੋਟੇ ਬੱਚਿਆਂ ਨਾਲ ਅਨੇਕਾਂ ਅਣਸੁਖਾਵੀਂਆਂ ਘਟਨਾਵਾ  ਵਾਪਰ ਰਹੀਆਂ ਹਨ
Real Estate