ਲਾਕਡਾਊਨ ਕਾਰਨ ਫੋਟੋਗ੍ਰਾਫੀ ਨਾਲ ਜੁੜੇ ਲੋਕ ਰੋਟੀ ਤੋਂ ਵੀ ਮੁਹਤਾਜ ਹੋਏ : ਗੁਰਨਾਮ ਸਿੰਘ ਮਾਨ

783

ਬਰਨਾਲਾ, 20 ਅਪ੍ਰੈਲ (ਜਗਸੀਰ ਸਿੰਘ ਸੰਧੂ) : ਲਾਕ ਡਾਊਨ ਦੌਰਾਨ ਫੋਟੋਗ੍ਰਾਫਰਾਂ ਦੇ ਧੰਦੇ ਨਾਲ ਜੁੜੇ ਲੋਕ ਰੋਟੀ ਤੋਂ ਵੀ ਮੁਹਤਾਜ ਹੋ ਰਹੇ, ਜਿਹਨਾਂ ਦੀ ਸਰਕਾਰ ਨੂੰ ਸਾਰ ਲੈਣੀ ਚਾਹੀਦੀ ਹੈ। ਪੰਜਾਬ ਫੋਟੋਗਰਾਫਰ ਐਸੋਸ਼ੀਏਸ਼ਨ ਦੇ ਪ੍ਰਧਾਨ ਗੁਰਨਾਮ ਸਿੰਘ ਮਾਨ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਫੋਟੋਗ੍ਰਾਫਰੀ ਦੇ ਧੰਦੇ ਨਾਲ ਕਈ ਪਰਵਾਰ ਜੁੜੇ ਹੋਏ ਹਨ, ਜਿਵੇਂ ਕਿ ਫੋਟੋਗ੍ਰਾਫਰ, ਕੈਮਰਾਮੈਨ, ਲਾਇਟਮੈਨ, ਆਡੀਟਿੰਗ ਕਰਨ ਵਾਲੇ, ਐਲਬਮਾਂ ਤਿਆਰ ਕਰਨ ਵਾਲੇ ਪੰਜਾਬ ਵਿੱਚ 1 ਲੱਖ ਤੋਂ ਵੀ ਜਿਆਦਾ ਅਜਿਹੇ ਲੋਕ ਹਨ, ਜੋ ਸਿਰਫ ਵਿਆਹਾਂ ਤੇ ਹੋਰ ਖੁਸ਼ੀ ਗਮੀ ਦੇ ਮੌਕਿਆਂ ‘ਤੇ ਕੰਮ ਕਰਕੇ ਆਪਣਾ ਗੁਜਾਰਾ ਕਰਦੇ ਹਨ। ਉਹਨਾਂ ਕਿਹਾ ਕਿ ਜੇਕਰ ਅੱਜ ਲਾਕ ਡਾਊਨ ਖੁੱਲ ਵੀ ਜਾਵੇ ਤਾਂ ਇੱਕ ਸਾਲ ਤੱਕ ਪਹਿਲਾਂ ਵਾਂਗ ਵੱਡੇ ਵਿਆਹ ਨਹੀਂ ਹੋਣਗੇ, ਜਿਸ ਕਾਰਨ ਫੋਟੋਗ੍ਰਾਫਰੀ ਦੇ ਧੰਦੇ ਨਾਲ ਜੁੜੇ ਲੋਕਾਂ ਦਾ ਭਵਿੱਖ ਵੀ ਖਤਰੇ ਵਿੱਚ ਹੈ। ਇਸ ਤੋਂ ਇਲਾਵਾ ਸਾਰੇ ਫੋਟੋਗ੍ਰਾਫਰਾਂ ਦਾ ਆਪਣੇ ਕੰਮ ਦੇ ਹਿਸਾਬ ਨਾਲ ਦੁਕਾਨਾਂ, ਸਟੂਡੀਓ ਅਤੇ ਫੋਟੋਲੈਬ ਬਣਾਏ ਹਨ, ਜੋ ਲਾਕ ਡਾਊਨ ਕਾਰਨ ਬੰਦ ਪਏ। ਇਹਨਾਂ ਬੰਦ ਪਈਆਂ ਦੁਕਾਨਾਂ ਦਾ ਜਿਥੇ ਕਿਰਾਇਆ ਉਹਨਾਂ ਦੇ ਸਿਰ ਪੈ ਰਿਹਾ ਹੈ, ਉਥੇ ਪਾਵਰਕਾਮ ਵੱਲੋਂ ਵੀ ਇਹਨਾਂ ਬੰਦ ਪਈਆਂ ਦੁਕਾਨਾਂ ਦੇ ਬਿੱਲ ਭੇਜੇ ਜਾ ਰਹੇ ਹਨ, ਜਦੋਂਕਿ ਬੰਦ ਦੁਕਾਨਾਂ ਵਿੱਚ ਇੱਕ ਵੀ ਯੂਨਿਟ ਬਿਜਲੀ ਨਹੀਂ ਵਰਤੀ ਗਈ। ਇਸ ਦੇ ਨਾਲ ਹੀ ਬਹੁਤ ਸਾਰੇ ਫੋਟੋਗ੍ਰਾਫਰਾਂ ਨੇ ਆਪਣੇ ਮਹਿੰਗੇ ਕੈਮਰੇ ਅਤੇ ਹੋਰ ਸਾਜੋ ਸਮਾਨ ਵੀ ਬੈਂਕ ਤੋਂ ਲੋਨ ਲੈ ਕੇ ਲਿਆ ਹੋਇਆ, ਜਿਹਨਾਂ ਦੀ ਕਿਸ਼ਤਾਂ ਕੱਟੀਆਂ ਜਾ ਰਹੀਆਂ ਹਨ। ਇਕ ਸਵਾਲ ਦੇ ਜਵਾਬ ਉਹਨਾਂ ਕਿਹਾ ਕਿ ਜੋ ਕਿਸਤਾਂ ਅੱਗੇ ਵੀ ਕੀਤੀਆਂ ਹਨ, ਉਹਨਾਂ ਦਾ ਵੀ ਵਿਆਜ ਵੱਧ ਰਿਹਾ ਹੈ। ਇਸ ਦੇ ਨਾਲ ਹੁਣ ਕਰਫਿਊ ਪਾਸ ਬਣਾਉਣ ਲਈ ਸਰਕਾਰ ਨੇ ਫੋਟੋ ਤਾਂ ਲਾਜਮੀ ਕਰ ਦਿੱਤੀ ਹੈ, ਪਰ ਫੋਟੋਗ੍ਰਾਫਰਾਂ ਦੀ ਦੁਕਾਨਾਂ ਬੰਦ ਹੋਣ ਕਰਕੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ। ਇਸ ਲਈ ਫੋਟੋਗ੍ਰਾਫਰਾਂ ਨੂੰ ਵੀ ਦੁਕਾਨਾਂ ਖੋਲਣ ਦੀ ਖੁੱਲ ਦੇਣੀ ਚਾਹੀਦੀ ਹੈ। ਅੰਤ ਵਿੱਚ ਉਹਨਾਂ ਮੰਗ ਕੀਤੀ ਹੈ ਕਿ ਫੋਟੋਗ੍ਰਰਾਫਰਾਂ ਸਮੇਤ ਗਰੀਬ ਅਤੇ ਮੱਧ ਵਰਗੀ ਲੋਕਾਂ ਨੂੰ ਲਾਕਡਾਊਨ ਦੇ ਆਰਧਿਕ ਸੰਕਟ ‘ਚੋਂ ਕੱਢਣ ਲਈ ਕੇਂਦਰ ਸਰਕਾਰ ਵੱਲੋਂ ਆਰਥਿਕ ਪੈਕਿਜ ਐਲਾਨਿਆ ਜਾਣਾ ਚਾਹੀਦਾ ਹੈ। ਇਸ ਮੌਕੇ ਉਹਨਾਂ ਨਾਲ ਰਣਜੀਤ ਸਿੰਘ ਅਣਮੋਲ, ਕਰਨਪ੍ਰੀਤ ਸਿੰਘ ਧੰਦਰਾਲ ਅਤੇ ਹਰਵਿੰਦਰ ਸਿੰਘ ਕਾਲਾ ਵੀ ਮੌਜੂਦ ਸਨ।

Real Estate