ਬਰਨਾਲਾ ਦੀ ਰਾਧਾ ਰਾਣੀ ਨੇ ਇੱਛਾ ਸ਼ਕਤੀ ਨਾਲ ਕੋਰੋਨਾ ਨੂੰ ਦਿੱਤੀ ਮਾਤ

807

ਹਸਪਤਾਲੋਂ ਛੁੱਟੀ ਮਿਲਣ ‘ਤੇ ਜਿਲਾ ਪ੍ਰਸਾਸ਼ਨ ਤੇ ਸਿਹਤ ਵਿਭਾਗ ਨੇ ਗੁਲਦਸਤੇ ਦੇ ਕੇ ਕੀਤਾ ਸਵਾਗਤ

ਬਰਨਾਲਾ, 19 ਅਪ੍ਰੈਲ (ਜਗਸੀਰ ਸਿੰਘ ਸੰਧੂ) : ਬਰਨਾਲਾ ਦੇ ਸੇਖਾ ਰੋਡ ਨਾਲ ਸਬੰਧਤ ਮਹਿਲਾ ਜੋ ਕਰੋਨਾ ਪਾਜ਼ੇਟਿਵ ਸੀ, ਨੇ ਕਰੋਨਾ ਵਾਇਰਸ ਖਿਲਾਫ ਜੰਗ ਜਿੱਤ ਲਈ ਹੈ। ਇਸ ਮਹਿਲਾ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਤੋਂ ਛੁੱਟੀ ਮਿਲਣ ਮਗਰੋਂ ਬਰਨਾਲਾ ਸਿਵਲ ਹਸਪਤਾਲ ਤੋਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਘਰ ਭੇਜਿਆ ਗਿਆ।
ਸਿਵਲ ਹਸਪਤਾਲ ਬਰਨਾਲਾ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਤੇ ਸਿਹਤ ਅਮਲੇ ਵੱਲੋਂ ਅੱਜ ਰਾਧਾ ਰਾਣੀ (44) ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰ ਕੇ ਉਸ ਦੀ ਹੌਸਲਾ ਅਫਜ਼ਾਈ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਸਿਹਤ ਅਮਲੇ ਨੂੰ ਵੀ ਵਧਾਈ ਦਿੱਤੀ ਗਈ। ਡਿਪਟੀ ਕਮਿਸ਼ਨਰ ਨੇ ਆਖਿਆ ਕਿ ਇਹ ਬਰਨਾਲਾ ਵਾਸੀਆਂ ਲਈ ਸੁਖਦ ਖਬਰ ਹੈ ਅਤੇ ਸਾਰਿਆਂ ਦੇ ਸਹਿਯੋਗ ਅਤੇ ਮਿਹਨਤ ਦਾ ਨਤੀਜਾ ਹੈ, ਜਿਸ ਬਦੌਲਤ ਇਸ ਮਹਿਲਾ ਨੇ ਕਰੋਨਾ ਖਿਲਾਫ ਜੰਗ ਜਿੱਤ ਲਈ ਹੈ। ਇਸ ਮੌਕੇ ਰਾਧਾ ਰਾਣੀ ਨੇ ਆਖਿਆ ਕਿ ਸਭ ਤੋਂ ਜ਼ਰੂਰੀ ਮਜ਼ਬੂਤ ਇੱਛਾ ਸ਼ਕਤੀ ਹੈ, ਜਿਸ ਨਾਲ ਇਹ ਜੰਗ ਜਿੱਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਕਰੋਨਾ ਵਾਇਰਸ ਤੋਂ ਬਚਣ ਲਈ ਜ਼ਰੂਰੀ ਇਹਤਿਆਤ ਵਰਤੇ ਜਾਣ ਅਤੇ ਉਸ ਨੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ।
ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਸਬੰਧਤ ਮਹਿਲਾ ਦੀ ਰਿਪੋਰਟ 5 ਅਪਰੈਲ ਨੂੰ ਪਾਜ਼ੇਟਿਵ ਆਈ ਸੀ ਤੇ ਹੁਣ ਲਗਾਤਾਰ ਰਿਪੋਰਟਾਂ ਨੈਗੇਟਿਵ ਆਉਣ ਤੋਂ ਬਾਅਦ ਉਹ ਕਰੋਨਾ ਤੋਂ ਮੁਕਤ ਪਾਈ ਗਈ ਹੈ। ਉਨਾਂ ਦੱਸਿਆ ਕਿ ਹੁਣ ਤੱਕ ਜ਼ਿਲੇ ਵਿਚ 89 ਸੈਂਪਲ ਲਏ ਜਾ ਚੁੱਕੇ ਹਨ, ਜਿਨਾਂ ਵਿਚੋਂ 2 ਪਾਜ਼ੇਟਿਵ ਆਏ ਸਨ। ਇਨਾਂ ਵਿਚੋਂ ਇਕ ਮਰੀਜ਼ ਦੀ ਲੁਧਿਆਣਾ ਹਸਪਤਾਲ ਵਿਚ ਮੌਤ ਹੋ ਗਈ ਸੀ ਤੇ ਦੂਜਾ ਮਰੀਜ਼ ਸਿਹਤਯਾਬ ਹੋ ਗਿਆ ਹੈ। ਇਸ ਤੋਂ ਇਲਾਵਾ 13 ਸੈਂਪਲਾਂ ਦੀ ਰਿਪੋਰਟ ਅਜੇ ਪੈਂਡਿੰਗ ਹੈ, ਜਿਨਾਂ ਵਿਚੋ 8 ਦੁਬਾਰਾ ਭੇਜੇ ਗਏ ਹਨ। ਇਸ ਤੋਂ ਇਲਾਵਾ 75 ਵਿਅਕਤੀ ਘਰਾਂ ਵਿਚ ਏਕਾਂਤਵਾਸ ਕੀਤੇ ਹੋਏ ਹਨ।
ਇਸ ਮੌਕੇ ਐਸਐਮਓ ਡਾ. ਤਪਿੰਦਰਜੋਤ ਕੌਸ਼ਲ, ਡਾ. ਮਨਪ੍ਰੀਤ ਸਿੰਘ (ਮੈਡੀਕਲ ਮਾਹਿਰ), ਡਾ. ਰਜਿੰਦਰ ਸਿੰਗਲਾ, ਡਾ. ਮੁਨੀਸ਼, ਡਾ. ਅਰਮਾਨਦੀਪ ਸਿੰਘ, ਸ੍ਰੀਮਤੀ ਕਵਿਤਾ, ਨਰਸ ਗੁਰਮੇਲ ਕੌਰ, ਬਲਜੀਤ ਕੌਰ, ਸਟਾਫ ਨਰਸ ਬਲਰਾਜ ਕੌਰ, ਹਰਪਾਲ ਕੌਰ, ਕੁਲਵੰਤ ਕੌਰ, ਹਰਪ੍ਰੀਤ ਕੌਰ, ਨਰਿੰਦਰ ਕੌਰ ਆਦਿ ਹਾਜ਼ਰ ਸਨ।

Real Estate