ਪੱਤਰਕਾਰ ਦਵਿੰਦਰਪਾਲ ਨਾਲ ਪੁਲਸ ਵੱਲੋਂ ਕੀਤੀ ਧੱਕੇਸ਼ਾਹੀ ਦੇ ਚੁਫੇਰਿਓਂ ਨਿੰਦਾ

835

ਦਵਿੰਦਰਪਾਲ, ਸੰਨੀ ਸਹੋਤਾ, ਭੁਪਿੰਦਰ ਸਿੰਘ ਸੱਜਣ ਸਮੇਤ ਸਰਕਾਰੀ ਧੱਕੇਸ਼ਾਹੀ ਦੇ ਸ਼ਿਕਾਰ ਪੱਤਰਕਾਰਾਂ ਦੇ ਹੱਕ ‘ਚ ਲਾਮਬੰਦੀ ਹੋਣ ਲੱਗੀ
ਚੰਡੀਗੜ, 19 ਅਪ੍ਰੈਲ (ਜਗਸੀਰ ਸਿੰਘ ਸੰਧੂ) :  ਪੰਜਾਬ ਦੇ ਉਘੇ ਪੱਤਰਕਾਰ ਦਵਿੰਦਰਪਾਲ ਨਾਲ ਚੰਡੀਗੜ ਪੁਲਸ ਵੱਲੋਂ ਕੀਤੇ ਗਏ ਦੁਰਵਿਵਹਾਰ ਦੀ ਚੁਫੇਰਿਓਂ ਨਿੰਦਾ ਹੋਣੀ ਸੁਰੂ ਹੋ ਗਈ ਹੈ। ਵਰਨਣਯੋਗ ਹੈ ਕਿ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਦਵਿੰਦਰਪਾਲ 18 ਅਪ੍ਰੈਲ ਸ਼ਾਮ 4 ਵਜੇ ਜਦੋਂ ਆਪਣੇ 27 ਸੈਕਟਰ ਵਿਚਲੇ ਘਰੋਂ ਟ੍ਰਿਬਿਊਨ ਦਫਤਰ ਵੱਲ ਪੈਦਲ ਹੀ ਰਿਹਾ ਸੀ ਤਾਂ 29 ਅਤੇ 30 ਸੈਕਟਰ ਦੀਆਂ ਬੱਤੀਆਂ ‘ਤੇ ਇੰਡੀਸਟਰੀਅਲ ਏਰੀਏ ਦੇ ਐਸ.ਐਚ.ਓ ਜਸਵੀਰ ਸਿੰਘ ਨੇ ਉਹਨਾਂ ਨੂੰ ਰਿਹਾਸਤ ਵਿੱਚ ਲੈ ਲਿਆ, ਜਦੋਂਕਿ ਦਵਿੰਦਰਪਾਲ ਨੇ ਆਪਣਾ ਆਈ ਕਾਰਡ ਵੀ ਦਿਖਾਇਆ ਅਤੇ ਆਪਣੀ ਡਿਊਟੀ ਬਾਰੇ ਵੀ ਦੱਸਿਆ, ਪਰ ਭੂਤਰੇ ਹੋਏ ਥਾਣੇਦਾਰ ਨੇ ਗੱਲ ਸੁਣਨ ਦੀ ਬਿਜਾਏ ਜਬਰੀਦਸਤੀ ਦਵਿੰਦਰਪਾਲ ਨੂੰ ਗੱਡੀ ਬਿਠਾ ਕੇ ਥਾਣੇ ਲੈ ਗਿਆ ਅਤੇ ਗਾਲਾਂ ਕੱਢਦਿਆਂ ਥਾਣੇ ਵਿੱਚ ਵੀ ਭੂੰਜੇ ਬੈਠਣ ਲਈ ਮਜਬੂਰ ਕੀਤਾ। ਇਸ ਉਪਰੰਤ ਪੁਲਸ ਦੇ ਸੀਨੀਅਰ ਅਫਸਰਾਂ ਦੇ ਦਖਲ ਦੇਣ ‘ਤੇ ਦਵਿੰਦਰਪਾਲ ਨੂੰ ਛੱਡਿਆ ਗਿਆ। ਉਸ ਭੂਤਰੇ ਥਾਣੇਦਾਰ ਵੱਲੋਂ ਇਹ ਕਾਰਵਾਈ ਕਿਸ ਦੇ ਕਹਿਣ ‘ਤੇ ਕੀਤੀ ਗਈ ਹੈ, ਇਹ ਵੱਡਾ ਸਵਾਲ ਬਣਿਆ ਹੋਇਆ ਹੈ। ਇਸ ਅਤਿ ਮੰਦਭਾਗੀ ਘਟਨਾ ਦੀ ਨਿੰਦਾ ਕਰਦਿਆਂ ਬਰਨਾਲਾ ਪ੍ਰੈਸ ਕਲੱਬ ਦੇ ਸਾਬਕਾ ਪ੍ਰਧਾਨ ਰਜਿੰਦਰ ਬਰਾੜ ਅਤੇ ਸੀਨੀਅਰ ਪੱਤਰਕਾਰ ਸੁਖਚਰਨਜੀਤ ਸੁੱਖੀ ਨੇ ਕਿਹਾ ਹੈ ਕਿ ਇਹ ਪੁਲਸ ਦੀ ਇਹ ਧੱਕੇਸ਼ਾਹੀ ਦਰਸਾਉਂਦੀ ਹੈ ਕਿ ਸਰਕਾਰ ਕਰਫਿਊ ਦੀ ਆੜ ਵਿੱਚ ਸੱਚ ਬੋਲਦੀਆਂ ਆਵਾਜਾਂ ਤੇ ਸੱਚ ਲਿਖਦੀਆਂ ਕਲਮਾਂ ਨੂੰ ਦਬਾਉਣ ਚਾਹੁੰਦੀ ਹੈ। ਉਹਨਾਂ ਕਿਹਾ ਪਹਿਲਾਂ ਅੰਮ੍ਰਿਤਸਰ ਸਾਹਿਬ ਤੋਂ ਪੱਤਰਕਾਰ ਸੰਨੀ ਸਹੋਤਾ ‘ਤੇ ਝੂਠਾ ਕੇਸ ਦਰਜ ਕੀਤਾ ਗਿਆ ਹੈ, ਫਿਰ ਹੁਸਿਆਰਪੁਰ ਤੋਂ ਪੱਤਰਕਾਰ ਭੁਪਿੰਦਰ ਸਿੰਘ ਸੱਜਣ ਨੂੰ ਇੱਕ ਗਲਤ ਪਰਚਾ ਦਰਜ ਕਰਕੇ ਜੇਲ ਵਿੱਚ ਸੁੱਟਿਆ ਗਿਆ ਹੈ, ਮੋਗਾ ਤੋਂ ਵੀ ਪੱਤਰਕਾਰਾਂ ‘ਤੇ ਪਰਚੇ ਦਰਜ ਕਰਨ ਦੀਆਂ ਖਬਰਾਂ ਹਨ। ਉਹਨਾਂ ਕਿਹਾ ਕਿ ਸਰਕਾਰ ਦੀ ਕੋਈ ਵੀ ਧੱਕੇਸ਼ਾਹੀ ਸੱਚ ਦੀ ਆਵਾਜ ਨੂੰ ਬੰਦ ਨਹੀਂ ਕਰ ਸਕਦੀ, ਸਮੁੱਚਾ ਪੱਤਰਕਾਰ ਭਾਈਚਾਰਾ ਦਵਿੰਦਰਪਾਲ ਸਮੇਤ ਸਰਕਾਰੀ ਧੱਕੇਸ਼ਾਹੀ ਦਾ ਸਿਕਾਰ ਹੋਏ ਪੱਤਰਕਾਰਾਂ ਦੇ ਨਾਲ ਚਟਾਨ ਵਾਂਗ ਖੜੇਗਾ ਅਤੇ ਧੱਕਾ ਕਰਨ ਵਾਲਿਆਂ ਨੂੰ ਸਬਕ ਸਿਖਾਕੇ ਦਮ ਲਵੇਗਾ। ਇਨਕਲਾਬੀ ਕੇਂਦਰ, ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਕਜੀਤ ਖੰਨਾ ਨੇ ਕਿਹਾ ਹੈ ਕਿ ਇਹ ਘਟਨਾ ਮਹਿਜ ਇਤਫਾਕਵਸ ਹੈ ਜਾਂ ਕਿਸੇ ਗਹਿਰੀ ਸਾਜਿਸ਼ ਦਾ ਸਿੱਟਾ ਇਹ ਵੀ ਗਹਿਰ ਗੰਭੀਰਤਾ ਦੀ ਮੰਗ ਕਰਦੀ ਹੈ। ਇਸ ਲਈ ਦਵਿੰਦਰਪਾਲ ਸਾਧਾਰਨ ਪੱਤਰਕਾਰ ਨਹੀਂ ਹੈ। ਅਖਬਾਰ ਵੀ ਤੇ ਉਹ ਵੀ ਸਰਕਾਰਾਂ ਦੀ ਅੱਖ ਵਿਚ ਰੜਕਦਾ ਰੋੜ ਹੈ।ਇਸ ਕਲਮ ਨੇ ਹੁਣ ਤੱਕ ਬੇਖੌਫ ਹੋਕੇ ਲੋਕ ਪੱਖੀ ਨਜਰੀਏ ਉੱਪਰ ਡਟਕੇ ਪਹਿਰਾ ਦਿਤਾ ਹੈ। ਲੋਕ ਮਸਲੇ ਉਭਾਰਨ ਵਾਲੀਆਂ ਕਲਮਾਂ ਸਰਕਾਰਾਂ ਨੂੰ ਕਦੇ ਵੀ ਰਾਸ ਨਹੀਂ ਬੈਠਦੀਆਂ।ਇਸ ਲਈ ਅਜਿਹੀ ਕਲਮ ਜੋ ਲੋਕਾਂ ਮਸਲਿਆਂ ਨਾਲ ਨੇੜਿਉਂ ਸਰੋਕਾਰ ਵੀ ਰੱਖੇ, ਕਲਮ, ਕਲਾ, ਸੰਗਰਾਮ ਨਾਲ ਗਲਵੱਕੜੀ ਪਾਉਂਦੀ ਹੋਈ ਸਾਂਝ ਪੀਡੀ ਕਰਨ ਦਾ  ਹੋਕਾ ਦੇਵੇ, ਸਰਕਾਰਾਂ ਦੀ ਅੱਖ ਵਿਚ ਰੜਕਦਾ ਰੋੜ ਹੁੰਦੀ ਹੈ। ਅਜਿਹੀਆਂ ਕਲਮਾਂ ਨੂੰ ਹਕੂਮਤੀ ਕਹਿਰ ਦਾ ਸਾਹਮਣਾ ਕਰਨਾ ਉਸ ਕਲਮ ਲਈ ਅਸਲ ਇਨਾਮ ਹੈ। ਅਜਿਹਾ ਹੀ ਦਵਿੰਦਰਪਾਲ ਦੀ ਕਲਮ ਨਾਲ ਵਾਪਰਿਆ ਹੈ।ਇਨਕਲਾਬੀ ਕੇਂਦਰ, ਪੰਜਾਬ ਨੇ ਜੋਰਦਾਰ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਸਮਾਂ ਬੱਧ ਨਿਆਇਕ ਪੜਤਾਲ ਕੀਤੀ ਜਾਵੇ। ਉਸ ਸਮੇਂ ਤੱਕ ਜਿੰਮੇਵਾਰ ਪੁਲਿਸ ਅਧਿਕਾਰੀ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ। ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।

Real Estate