ਕੋਰੋਨਾ ਵਾਇਰਸ – ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਫਿਰੋਜ਼ਪੁਰ ਦੀਆਂ ਮੰਡੀਆਂ ਕੀਤੇ ਪ੍ਰਬੰਧ

984
ਫਿਰੋਜ਼ਪੁਰ 19 ਅਪ੍ਰੈਲ (ਬਲਬੀਰ ਸਿੰਘ ਜੋਸਨ)-:ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਨੂੰ ਫੈਲਣ ਤੋਂ ਰੋਕਣ ਲਈ ਜ਼ਿਲੇ੍ਹ ਦੀਆਂ ਸਮੂਹ ਦਾਣਾ ਮੰਡੀਆਂ ਵਿੱਚ ਕਣਕ ਦੀ ਖਰੀਦ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਦਾਣਾ ਮੰਡੀਆਂ ਵਿੱਚ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵਿੱਚ ਕੋਈ ਮੁਸ਼ਕਲ ਪੇਸ਼ ਨਹੀਂ ਆ ਰਹੀ ਹੈ ਇਹ ਦਾਅਵਾ ਕਿਸਾਨ ਮੁਖਤਿਆਰ ਸਿੰਘ ਅਤੇ ਕਿਸਾਨ ਜਸਬੀਰ ਸਿੰਘ  ਨੇ ਮੰਡੀ ਵਿਚ ਆਪਣੀ ਕਣਕ ਦੀ ਫਸਲ ਲਿਆਉਣ ਮੌਕੇ ਕੀਤਾ।
ਕਿਸਾਨ ਮੁਖਤਿਆਰ ਸਿੰਘ ਨੇ ਦੱਸਿਆ ਕਿ ਇਸ ਕਰੋਨਾ ਵਾਇਰਸ ਵਰਗੀ ਬਿਮਾਰੀ ਤੋਂ ਬਚਾਅ ਲਈ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਮੰਡੀ ਬੋਰਡ ਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਪਾਲਣਾ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਮੰਡੀਆਂ ਵਿਚ ਪਹੁੰਚਣ `ਤੇ ਟਰੈਕਟਰ/ਟਰਾਲੀਆਂ `ਤੇ ਸੈਨੇਟਾਈਜ਼ਰ ਦਾ ਛਿੜਕਾਅ ਕੀਤਾ ਜਾਂਦਾ ਹੈ ਅਤੇ ਪਾਸ ਚੈਕ ਕੀਤੇ ਜਾਂਦੇ ਹਨ।ਉਨ੍ਹਾਂ ਦੱਸਿਆ ਕਿ ਪੁਲਿਸ  ਵਾਲੇ ਵੀ ਆਪਣੀ ਡਿਊਟੀ ਪੂਰੀ ਤਨਦੇਹੀ  ਨਾਲ ਕਰ ਰਹੇ ਹਨ ਅਤੇ ਮੰਡੀਆਂ ਵਿਚ ਸਰਕਾਰ ਦੀਆਂ ਹਦਾਇਤਾਂ ਦਾ ਪਾਲਨ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿਚ ਪਾਣੀ ਦੇ ਵਧੀਆਂ ਪ੍ਰਬੰਧ ਕੀਤੇ ਗਏ ਹਨ ਅਤੇ ਕਿਸਾਨ ਤੇ ਲੇਬਰ ਵਾਲੇ ਕੁਝ-ਕੁਝ ਸਮੇਂ ਬਾਅਦ ਆਪਣੇ ਹੱਥ ਧੌਂਦੇ ਹਨ।ਉਨ੍ਹਾਂ ਦੱਸਿਆ ਕਿ ਮੰਡੀ ਵਿਚ ਆਪਸੀ ਦੂਰੀ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।
ਇਸ ਤੋਂ ਬਾਅਦ ਕਿਸਾਨ  ਜਸਬੀਰ ਸਿੰਘ ਨੇ ਦੱਸਿਆ ਕਿ ਮੈਂ ਆਪਣੀ ਕਣਕ ਦੀ ਫਸਲ ਸਵੇਰੇ ਮੰਡੀ ਵਿੱਚ ਲੈ ਕੇ ਆਇਆ ਹਾਂ ਤੇ ਮੰਡੀ ਦੇ ਐਂਟਰੀ ਗੇਟ ਤੇ ਮੇਰੇ ਟਰੈਕਟਰ ਟਰਾਲੀ ਨੂੰ ਸੈਨੇਟਾਈਜ਼ ਕੀਤਾ ਗਿਆ ਹੈ ਤੇ ਮੰਡੀ ਆਉਂਦਿਆਂ ਹੀ ਮੇਰੀ ਫਸਲ ਨੂੰ ਲਾਹ ਕੇ ਪੱਖਾ ਲਗਾਇਆ ਗਿਆ ਹੈ ਤੇ ਹੁਣ ਇਸ ਦੀ ਤੁਲਾਈ ਹੋਣ ਜਾ ਰਹੀ ਹੈ। ਉਨਾਂ ਕਿਹਾ ਕਿ ਹਰੇਕ ਕਿਸਾਨ ਸਵੇਰੇ ਆਪਣੀ ਫਸਲ ਮੰਡੀ ਲੈ ਕੇ ਆਉਂਦਾ ਹੈ ਅਤੇ ਸ਼ਾਮ ਤੱਕ ਉਸ ਦੀ ਫਸਲ ਵਿੱਕ ਜਾਂਦੀ ਹੈ ਅਤੇ ਕਿਸਾਨ ਆਪਣੇ ਘਰ ਪਹੰੁਚ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸ ਵਾਰ ਰਾਤ ਮੰਡੀਆਂ ਵਿਚ ਨਹੀਂ ਗੁਜ਼ਾਰਨੀ ਪੈ ਰਹੀ।ਉਨ੍ਹਾਂ ਦੱਸਿਆ ਕਿ ਮੰਡੀਆਂ ਵਿਚ ਪਾਣੀ ਦੀਆਂ ਟੈਂਕੀਆਂ ਇਸ ਪ੍ਰਕਾਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਗਾਈਆਂ ਗਈਆਂ ਹਨ ਕਿ ਪੈਰ ਨਾਲ ਦਬਾਉਣ `ਤੇ ਪਾਣੀ ਨਿਕਲਣ ਲੱਗ ਪੈਂਦਾ ਹੈ ਅਤੇ ਨਲ ਨੂੰ ਹੱਥ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ।
ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਵੱਲੋਂ ਜ਼ਿਲੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਕਣਕ ਦੀ ਫ਼ਸਲ ਪੂਰੀ ਤਰਾਂ ਪਕਾ ਕੇ ਤੇ ਪਾਸ ਪ੍ਰਾਪਤ ਕਰਨ ਉਪਰੰਤ ਹੀ ਮੰਡੀਆਂ ਵਿੱਚ ਲਿਆਉਣ ਤਾਂ ਜੋ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਕਿਸਾਨਾਂ ਦੀ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ ਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਕਣਕ ਦੀ ਲਿਫ਼ਟਿੰਗ, ਖ਼ਰੀਦ ਤੇ ਅਦਾਇਗੀ ਸਬੰਧੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਮੰਡੀਆਂ 18 ਅਪ੍ਰੈਲ ਸ਼ਾਮ ਤੱਕ 25055 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ।
Real Estate