3,334 ਐੱਨਆਰਆਈਜ਼ ਕੋਰੋਨਾ–ਪਾਜ਼ਿਟਿਵ, 25 ਮੌਤਾਂ •

1269

ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ’ਚ 3,336 ਪ੍ਰਵਾਸੀ ਭਾਰਤੀ ਹੁਣ ਤੱਕ ਪਾਜ਼ਿਟਿਵ ਪਾਏ ਗਏ ਹਨ ਤੇ 25 ਦੀ ਮੌਤ ਹੋਈ ਹੈ। ਇਨ੍ਹਾਂ ’ਚੋਂ ਵੀ ਕੁਵੈਤ ਤੇ ਸਿੰਗਾਪੁਰ ’ਚ ਰਹਿ ਰਹੇ ਭਾਰਤੀ ਸਭ ਤੋਂ ਵੱਧ ਪ੍ਰਭਾਵਿਤ ਹਨ। ਜੇ ਅੰਕੜਿਆਂ ਦੀ ਗੱਲ ਕਰੀਏ, ਤਾਂ ਕੁਵੈਤ ਵਿੱਚ 785, ਸਿੰਗਾਪੁਰ ’ਚ 634, ਕਤਰ ’ਚ 420, ਈਰਾਨ ’ਚ 308, ਓਮਾਨ ’ਚ 297, ਸੰਯੁਕਤ ਅਰਬ ਅਮੀਰਾਤ (ਯੂਏਈ) ’ਚ 238, ਸਊਦੀ ਅਰਬ ’ਚ 186 ਤੇ ਬਹਿਰੀਨ ’ਚ 135 ਪ੍ਰਵਾਸੀ ਭਾਰਤੀ ਪਾਜ਼ਿਟਿਵ ਪਾਏ ਗਏ ਹਨ।
ਹੁਣ ਤੱਕ ਕੋਰੋਨਾ ਨੇ ਭਾਰਤ ਤੋਂ ਬਾਹਰ ਰਹਿੰਦੇ 25 ਭਾਰਤੀਆਂ ਦੀ ਜਾਨ ਲੈ ਲਈ ਹੈ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 11 ਅਮਰੀਕਾ ’ਚ ਰਹਿ ਰਹੇ ਸਨ। ਇਸ ਤੋਂ ਇਲਾਵਾ ਇਟਲੀ ਤੇ ਫ਼ਰਾਂਸ ਜਿਹੇ ਦੇਸ਼ਾਂ ’ਚ ਵੀ ਭਾਰਤੀ ਵੱਡੀ ਗਿਣਤੀ ’ਚ ਇਸ ਘਾਤਕ ਵਾਇਰਸ ਦੀ ਲਾਗ ਦੀ ਲਪੇਟ ’ਚ ਆ ਗਏ ਹਨ।
ਦੂਜੇ ਦੇਸ਼ਾਂ ਵਾਂਗ ਭਾਰਤ ਸਰਕਾਰ ਨੇ ਵੀ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਨੂੰ ਵਤਨ ਵਾਪਸ ਲਿਆਉਣ ਤੋਂ ਮਨ੍ਹਾ ਕਰ ਦਿੱਤਾ ਹੈ। ਉਂਝ ਉੱਥੇ ਮੌਜੂਦ ਆਪਣੇ ਸਫ਼ਾਰਤਖਾਨਿਆਂ ਤੇ ਹਾਈ ਕਮਿਸ਼ਨਾਂ ਨੂੰ ਉਨ੍ਹਾਂ ਦੀ ਮਦਦ ਕਰਨ ਲਈ ਆਖ ਦਿੱਤਾ ਹੈ।ਭਾਰਤ ਸਰਕਾਰ ਨੇ ਤਿੰਨ ਮਈ ਤੱਕ ਲੌਕਡਾਊਨ ਨੂੰ ਅੱਗੇ ਵਧਾਉਣ ਤੇ ਕੌਮਾਂਤਰੀ ਉਡਾਣਾਂ ਰੱਦ ਹੋਣ ਕਾਰਨ ਵਿਦੇਸ਼ਾਂ ’ਚ ਰਹਿ ਰਹੇ ਸਾਰੇ ਭਾਰਤੀਆਂ ਨੂੰ ਸੁਰੱਖਿਅਤ ਘਰਾਂ ਅੰਦਰ ਹੀ ਰਹਿਣ ਦੀ ਅਪੀਲ ਕੀਤੀ ਹੈ ਤੇ ਸਭ ਨੂੰ ਸਾਵਧਾਨੀ ਵਰਤਣ ਲਈ ਆਖਿਆ ਗਿਆ ਹੈ।ਦੁਨੀਆ ’ਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ 1,54,266 ਹੋ ਚੁੱਕੀ ਹੈ ਤੇ 22।50 ਲੱਖ ਤੋਂ ਵੱਧ ਵਿਅਕਤੀ ਪ੍ਰਭਾਵਿਤ ਹਨ।
ਭਾਰਤ ’ਚ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਹੁਣ ਤੱਕ 14,352 ਵਿਅਕਤੀ ਪਾਜ਼ਿਟਿਵ ਪਾਏ ਗਏ ਹਨ, ਜਦ ਕਿ 486 ਵਿਅਕਤੀਆਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ।
ਦੁਨੀਆ ਦੀ ਲਗਭਗ ਚਾਰ ਫ਼ੀ ਸਦੀ ਆਬਾਦੀ ਵਾਲੀ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ’ਚ ਕੋਰੋਨਾ ਕਾਰਨ ਹੁਣ ਤੱਕ 37,158 ਵਿਅਕਤੀ ਮਾਰੇ ਜਾ ਚੁੱਕੇ ਹਨ ਤੇ ਹੁਣ ਤੱਕ 7।10 ਲੱਖ ਤੋਂ ਵੀ ਵੱਧ ਵਿਅਕਤੀ ਪਾਜ਼ਿਟਿਵ ਦਰਜ ਹੋ ਚੁੱਕੇ ਹਨ।

ਹਿੰਦੋਸਤਾਨ ਟਾਈਮਜ਼ ਤੋਂ ਧੰਨਵਾਦ ਸਾਹਿਤ

Real Estate