ਬੇਮੌਸਮੀ ਬਰਸਾਤ, ਹਨੇਰੀ ਤੇ ਗੜੇਮਾਰੀ ਨੇ ਕਣਕ ਦੀ ਫਸ਼ਲ ਦਾ ਭਾਰੀ ਨੁਕਸਾਨ ਕੀਤਾ

813

ਚੰਡੀਗੜ, 18 ਅਪ੍ਰੈਲ (ਜਗਸੀਰ ਸਿੰਘ ਸੰਧੂ) : ਬੇਮੌਸਮੀ ਹੋਈ ਬਰਸਾਤ ਤੇ ਗੜੇਮਾਰੀ ਨੇ ਪੰਜਾਬ ਵਿੱਚ ਕਈ ਥਾਂਵਾਂ ‘ਤੇ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਕੀਤਾ ਹੈ ਅਤੇ ਇਸ ਦੌਰਾਨ ਬੀਤੀ ਰਾਤ ਤੋਂ ਚੱਲੇ ਝੱਖੜ ਨੇ ਪੱਕੀ ਕਣਕ ਦੀ ਫਸਲ ਨੂੰ ਧਰਤੀ ‘ਤੇ ਵਿਛਾ ਦਿੱਤਾ ਹੈ। ਮੀਡੀਆ ਦੀਆਂ ਰਿਪੋਰਟਾਂ ਮੁਤਾਬਿਕ ਲੁਧਿਆਣਾ ਜਿਲੇ ਵਿੱਚ ਕਣਕ ਦੀ ਫਸਲ 20 ਫੀਸਦੀ ਤੋਂ ਵੱਧ ਨੁਕਸਾਨ ਹੋ ਗਿਆ ਹੈ। ਇਸ ਤੋਂ ਇਲਾਵਾ ਪਟਿਆਲਾ, ਬਰਨਾਲਾ, ਮਾਨਸਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਹੋਰ ਲਾਗਲੇ ਜਿਲਿਆਂ ਵਿੱਚੋਂ ਵੀ ਕਣਕ ਦੀ ਫਸਲ ਦਾ ਨੁਕਸਾਨ ਹੋਣ ਦੀਆਂ ਖਬਰਾਂ ਹਨ। ਇਹ ਮੀਂਹ, ਗੜੇਮਾਰੀ ਅਤੇ ਝੱਖੜ ਨੇ ਕਣਕ ਦੀ ਪੱਕੀ ਫਸਲ ਨੂੰ ਧਰਤੀ ‘ਤੇ ਵਿਛਾ ਕੇ ਰੱਖ ਦਿੱਤਾ ਹੈ, ਜਿਸ ਕਾਰਨ ਕੰਬਾਇਨ ਨੂੰ ਵੀ ਇਹ ਕਣਕ ਕੱਟਣ ਵਿੱਚ ਮੁਸਕਿਲ ਆਵੇਗੀ। ਜੇਹੜੇ ਇਲਾਕਿਆਂ ਵਿੱਚ ਮੀਂਹ ਪੈ ਗਿਆ ਹੈ, ਉਹਨਾਂ ਇਲਾਕਿਆਂ ਵਿੱਚ ਨਮੀ ਕਾਰਨ ਫਿਲਹਾਲ ਕਣਕ ਦੀ ਕਟਾਈ ਦਾ ਕੰਮ ਰੁਕ ਗਿਆ ਹੈ। ਇਸ ਵਾਰ ਕੋਰੋਨਾ ਕਰਕੇ ਦੇਸ਼ ਭਰ ‘ਚ ਕੀਤੇ ਲਾਕਡਾਊਨ ਅਤੇ ਪੰਜਾਬ ਵਿੱਚ ਲੱਗੇ ਕਰਫਿਊ ਕਾਰਨ ਬਾਹਰਲੇ ਰਾਜਾਂ ਤੋਂ ਲੇਬਰ ਵੀ ਨਹੀਂ ਆਈ, ਜਿਸ ਕਰਕੇ ਝੱਖੜ ਨਾਲ ਧਰਤੀ ‘ਤੇ ਵਿਛੀ ਕਣਕ ਦੀ ਫਸਲ ਦੀ ਹੱਥੀ ਕਟਾਈ ਹੋਣੀ ਵੀ ਮੁਸਕਿਲ ਹੈ। ਉਧਰ ਰਾਤ ਭਰ ਚੱਲੀ ਤੇਜ਼ ਹਵਾ ਕਾਰਨ ਕਈ ਥਾਂਈ ਅੱਗ ਲੱਗਣ ਕਾਰਨ ਵੀ ਕਣਕ ਦੀ ਫਸਲ ਸੜਨ ਦੀਆਂ ਖਬਰਾਂ ਵੀ ਆ ਰਹੀਆਂ ਹਨ। ਇਸ ਦੇ ਨਾਲ ਹੀ ਬਹੁਤ ਥਾਂਈ ਹਨੇਰੀ ਨੇ ਦਰਖਤ ਪੁੱਟ ਸੁੱਟੇ ਹਨ ਅਤੇ ਬਿਜਲੀ ਦੇ ਖੰਭੇ ਹੀ ਪੱਟੇ ਗਏ ਹਨ, ਜਿਸ ਕਾਰਨ ਅੱਜ ਕਈ ਥਾਂਵਾਂ ‘ਤੇ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ।

Real Estate