ਕਰੋਨਾ ਵਾਇਰਸ ਸਾਡੇ ਆਰਥਿਕ , ਧਾਰਮਿਕ ਅਤੇ ਵਿਵਹਾਰਕ ਜੀਵਨ ‘ਤੇ ਵੱਡਾ ਅਸਰ ਪਾਵੇਗਾ

ਰਣਦੀਪ ਰਾਓ

ਕੁਦਰਤੀ ਆਫ਼ਤਾਂ ਜਾਂ ਮਹਾਂਮਾਰੀਆਂ ਸੰਸਾਰ ‘ਚ ਆਉਣੀਆਂ ਇੱਕ ਪੁਰਾਣਾ ਵਰਤਾਰਾ ਹੋ ਸਕਦੈ । ਸ਼ਾਇਦ ਜਦੋਂ ਤੋਂ ਧਰਤੀ ਬਣੀ ਐ ਓਦੋਂ ਤੋਂ ਇਹ ਸਾਰਾ ਕੁਛ ਏਸੇ ਤਰ੍ਹਾਂ ਚੱਲਦਾ ਆ ਰਿਹਾ। ਲੰਘੇ ਸੈਂਕੜੇ ਸਾਲਾਂ ‘ਚ ਕਿਸੇ ਤਰ੍ਹਾਂ ਦੀਆਂ ਸੰਸਾਰਕ ਜੰਗਾਂ, ਹੜ੍ਹ-ਸੋਕੇ ਜਾਂ ਸੁਨਾਮੀ ਵਰਗੀਆਂ ਕਰੋਪੀਆਂ, ਨਸਲਕੁਸ਼ੀਆਂ ਤੇ ਮਹਾਂਮਾਰੀਆਂ ਦਾ ਲੋਕਾਂ ਨੇਂ ਕਿਵੇਂ ਸਾਹਮਣਾ ਕੀਤਾ ਹੋਊ ਤੇ ਜਿਹੜੇ ਇਹਨਾਂ ਦੀ ਲਪੇਟ ‘ਚ ਆਉਣ ਤੋਂ ਬਚ ਰਹੇ ਉਹ ਇਹਨਾਂ ਸਦਮਿਆਂ ਚੋਂ ਕਿਵੇਂ ਉਭਰੇ ਹੋਣੇਂ ਕਿਹਾ ਨੀਂ ਜਾ ਸਕਦਾ ।
ਅੱਜ ਕੱਲ੍ਹ ਕਰੋਨਾ ਵਾਇਰਸ ਕਰਕੇ ਚਾਰੇ ਪਾਸੇ ਸਹਿਮ ਦਾ ਮਾਹੌਲ ਬਣਿਆ ਹੋਇਆ। ਬਹੁਤ ਔਖਾ ਉਹਨਾਂ ਪਰਿਵਾਰਾਂ ਲਈ ਜਿਹੜੇ ਇਸ ਬਿਮਾਰੀ ਨਾਲ਼ ਸਿੱਧੇ ਤੌਰ ਤੇ ਨਜਿੱਠ ਰਹੇ ਨੇ।ਸਾਡੇ ਸਿਹਤ ਮਹਿਕਮੇ ਦੇ ਕਰਮਚਾਰੀ, ਸਾਡੀ ਪੁਲ਼ਸ ਤੇ ਪ੍ਰਸ਼ਾਸ਼ਨ ਦਿਨ ਰਾਤ ਪੱਬਾਂ ਭਾਰ ਹੋਕੇ ਅਪਣੀ ਜਾਨ ਨੂੰ ਖਤਰੇ ‘ਚ ਪਾਕੇ ਸਾਡੇ ਲਈ ਕੰਮ ਕਰ ਰਹੇ ਨੇ ।
ਜਿਥੋਂ ਤੱਕ ਏਸ ਬਿਮਾਰੀ ਦੇ ਸੱਚ ਦਾ ਸਵਾਲ ਐ ਉਹਨੂੰ ਜਾਂ ਤਾਂ ਡਾਕਟਰ ਜਾਣਦੇ ਨੇਂ ਜਾਂ ਫ਼ੇਰ ਉਹ ਲੋਕ ਜਿਹਨਾਂ ਤੇ ਬੀਤ ਰਹੀ ਐ। ਪਰ ਜਿੰਨਾਂ ਖ਼ੌਫ਼ ਅਸੀਂ ਇਹਤੋਂ ਖਾ ਰਹੇ ਆਂ ਜੇ ਆਪਾਂ ਸੋਚੀਏ ਕਿ ਜਦੋਂ ਕਰਫ਼ਿਊ ਖੁੱਲ੍ਹ ਗਿਆ ਅਸੀਂ ਇਸ ਡਰ ਤੋਂ ਛੁਟਕਾਰਾ ਪਾ ਲਵਾਂਗੇ ਮੈਨੂੰ ਨੀਂ ਲਗਦਾ ਇਹ ਸੋਚਣਾਂ ਸਹੀ ਹੋਊ। ਅਜੇ ਤਾਂ ਸਾਨੂੰ ਦੋ ਤਰ੍ਹਾਂ ਦੇ ਫ਼ਿਕਰ ਨੇਂ ਇੱਕ ਬਿਮਾਰੀ ਤੋਂ ਦੂਰ ਰਹਿਣ ਦਾ ਤੇ ਦੂਜਾ ਆਪਣੇ ਕੰਮਾਂ ਕਾਰਾਂ ਦੇ ਨਾ ਕਰ ਸਕਣ ਦਾ। ਪਰ ਜਦੋਂ ਇਹ ਸੰਕਟ ਲੰਘ ਗਿਆ ਉਹਤੋਂ ਬਾਅਦ ਆਉਣ ਆਲ਼ੇ ਸਾਡੇ ਪਰਿਵਾਰਿਕ, ਸਮਾਜਿਕ, ਆਰਥਿਕ ਤੇ ਰਾਜਨੀਤਕ ਬਦਲਾਵਾਂ ਬਾਰੇ ਸੋਚਕੇ ਜੋ ਖਿਆਲ ਮਨ ‘ਚ ਆਉਂਦੇ ਨੇਂ , ਉਹ ਅੱਜ ਦੇ ਹਾਲਾਤਾਂ ਨਾਲ਼ੋਂ ਕਿਤੇ ਜਿਆਦਾ ਚਿੰਤਾਜਨਕ ਨੇ।

ਪਰਿਵਾਰਕ/ਮਾਨਸਿਕ:- ਕੀ ਅਸੀਂ ਅੱਜ ਦੀ ਤਰ੍ਹਾਂ ਕਿਸੇ ਵੀ ਛੋਟੀ ਮੋਟੀ ਬਿਮਾਰੀ ਕਰਕੇ ਡਾਕਟਰ ਕੋਲ਼ ਜਾਣਾ ਠੀਕ ਸਮਝਾਂਗੇ ? ਮੌਸਮ ਦੇ ਬਦਲਣ ਨਾਲ਼ ਆਮ ਖੰਘ ਜ਼ੁਕਾਮ ਤੋਂ ਸਾਨੂੰ ਐਨਾ ਭੈਅ ਆਉਣਾ ਸੁਭਾਵਿਕ ਐ ਕਿ ਅਸੀਂ ਜੇ ਡਾਕਟਰ ਕੋਲ਼ ਚਲੇ ਗਏ ਉਹ ਸਾਨੂੰ ਦਵਾਈ ਦੇ ਵੀ ਦੇਊ ਜਾਂ ਕਿਸੇ ਸਰਕਾਰੀ ਹਸਪਤਾਲ਼ ਚ ਜਾਣ ਦੀ ਸਲਾਹ ਦੇਊ। ਘਰ ਚ ਕਿਸੇ ਇੱਕ ਮੈਂਬਰ ਨੂੰ ਖੰਘ ਜ਼ੁਕਾਮ ਜਾਂ ਛਿੱਕਾਂ ਲੱਗਣ ਤੇ ਉਹਦੇ ਭਾਂਡੇ ਤੇ ਕੱਪੜੇ ਅਲੱਗ ਕਰਨ ਦਾ ਖ਼ਿਆਲ ਮਨ ‘ਚ ਆਉਣਾ ਆਮ ਗੱਲ ਹੋਇਆ ਕਰੂ । ਕੀ ਅੱਜ ਦੀ ਤਰ੍ਹਾਂ ਅਸੀਂ ਅਪਣੇ ਛੋਟੇ ਛੋਟੇ ਬੱਚਿਆਂ ਦੇ ਸਕੂਲ ਤੋਂ ਆਉਣ ਵੇਲ਼ੇ ਬੱਸ ਚੋਂ ਉਤਾਰ ਕੇ ਮੱਥਾ ਚੁੰਮਕੇ ਪਿਆਰ ਕਰ ਸਕਾਂਗੇ ਜਾਂ ਇਹ ਡਰ ਕਿ ਬੱਚਾ ਸਕੂਲ ਕਿਹੜੇ ਕਿਹੜੇ ਹੋਰ ਬੱਚਿਆਂ ਜਾਂ ਅਧਿਆਪਕਾਂ ਦੇ ਸੰਪਰਕ ‘ਚ ਆਇਆ ਹੋਊ ਓਸ ਕਰਕੇ ਬੱਚੇ ਦੇ ਪਹਿਲਾਂ ਕੱਪੜੇ ਬਦਲੇ ਜਾਣਗੇ ਤੇ ਫ਼ੇਰ ਉਹਨੂੰ ਗੋਦੀ ਚੱਕਾਂਗੇ ?

ਸਮਾਜਿਕ/ਧਾਰਮਿਕ :– ਕੀ ਪਹਿਲਾਂ ਦੀ ਤਰ੍ਹਾਂ ਅਸੀਂ ਸਾਡੀਆਂ ਰਿਸ਼ਤੇਦਾਰੀਆਂ ‘ਚ ਜਾਕੇ ਅਾਪਣੇ ਹਮਉਮਰਾਂ ਨਾਲ਼ ਹੱਥ ਮਿਲ਼ਾਉਣਾ ਜਾਂ ਵੱਡੇ ਬਜ਼ੁਰਗਾਂ ਦੇ ਪੈਰੀਂ ਹੱਥ ਲਾਉਣੇ ਵੀ ਛੱਡ ਦੇਵਾਂਗੇ ? ਕੀ ਕਿਸੇ ਧਾਰਮਿਕ ਸਥਾਨ ਤੇ ਜਾਕੇ ਪਹਿਲਾਂ ਵਾਂਗੂੰ ਬੇਫ਼ਿਕਰ ਹੋਕੇ ਕਿਸੇ ਬਾਬੇ ਵੱਲੋਂ ਵਰਤਾਇਆ ਜਾ ਰਿਹਾ ਪਰਸ਼ਾਦ ਸ਼ਰਧਾ ਨਾਲ਼ ਲੈ ਸਕਾਂਗੇ ? ਕੀ ਅਪਣੇ ਸਕੇ ਸੰਬੰਧੀਆਂ ਦੇ ਵਿਆਹਾਂ ‘ਚ ਓਨੇਂ ਈ ਬੇਪਰਵਾਹ ਹੋ ਕੇ ਭੰਗੜੇ ਪਾ ਸਕਾਂਗੇ ? ਕੀ ਹਰ ਸਾਲ ਦੀ ਤਰ੍ਹਾਂ ਸੜਕਾਂ ਤੇ ਲਾਏ ਜਾਂਦੇ ਲੰਗਰਾਂ ਚੋਂ ਪਰਸ਼ਾਦੇ ਲੈਕੇ ਖਾ ਸਕਾਂਗੇ ਜਾਂ ਪਿੰਡ ਦੇ ਲੋਕ ਕੱਠੇ ਹੋਕੇ ਅੱਗੇ ਵਾਂਗੂੰ ਸੜਕਾਂ ਤੇ ਲੰਗਰ ਲਾ ਸਕਣਗੇ ?

ਆਰਥਿਕ :- ਮੇਰੇ ਖਿਆਲ ਚ ਸਾਡੇ ਛੋਟੇ ਛੋਟੇ ਕਾਰੋਬਾਰਾਂ ਤੇ ਇਸ ਮਹਾਂਮਾਰੀ ਦਾ ਅਸਰ ਜੋ ਹੋਣੈ ਉਹ ਕਈ ਦਹਾਕਿਆਂ ਤੱਕ ਦੇਖਿਆ ਜਾ ਸਕੂ। ਸਭ ਤੋਂ ਜ਼ਿਆਦਾ ਅਸਰ ਸਾਡੇ ਖਾਣ ਪੀਣ ਨਾਲ਼ ਸੰਬੰਧਿਤ ਜਿਵੇਂ ਢਾਬੇ, ਹੋਟਲ, ਰੇਹੜੀਆਂ ਤੇ ਰੈਸਟੋਰੈਂਟਾਂ ਦੇ ਕੰਮਾਂ ਤੇ ਪੈਣਾ। ਲੰਬੇ ਅਰਸੇ ਤੱਕ ਸਾਡੇ ਮਨਾਂ ਚੋਂ ਇਹ ਡਰ ਨਿੱਕਲ਼ਨਾ ਬਹੁਤ ਔਖਾ ਹੋ ਜਾਣੈਂ ਕਿ ਜਿਹੜੀ ਥਾਂ ਜਾਂ ਬੰਦੇ ਤੋਂ ਅਸੀਂ ਕੋਈ ਖਾਣ ਆਲ਼ੀ ਚੀਜ਼ ਲੈ ਰਹੇ ਆਂ ਉਹ ਸਾਡੇ ਲਈ ਕਿੰਨੀਂ ਸੁਰੱਖਿਅਤ ਐ। ਜਦੋਂ ਲੋਕ ਰਿਸ਼ਤੇਦਾਰਾਂ ਜਾਂ ਦੋਸਤ ਮਿੱਤਰਾਂ ਕੋਲ਼ ਜਾਣ ਤੋਂ ਵੀ ਕੰਨੀਂ ਕਤਰਾਉਂਣ ਲੱਗਪੇ ਤਾਂ ਏਸ ਚੀਜ਼ ਤੋਂ ਸਾਡੇ ਬੱਸਾਂ ਤੇ ਟੈਕਸੀਆਂ ਆਲ਼ੇ ਟਰਾਂਸਪੋਰਟਰ ਵੀਰ ਵੀ ਪ੍ਰਭਾਵਿਤ ਹੋਣ ਤੋਂ ਨੀਂ ਬਚ ਸਕਦੇ।
ਦੋਸਤੋ ਏਸੇ ਤਰ੍ਹਾਂ ਦੇ ਅਸਰ ਜੇ ਗਿਣੀਂ ਜਾਈਏ ਤਾਂ ਲਿਸਟ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਐ। ਮੇਰੇ ਖਿਆਲ ਚ ਇਸ ਬਿਮਾਰੀ ਨੇਂ ਸਾਡਾ ਜਿੰਨਾਂ ਜਾਨੀਂ ਨੁਕਸਾਨ ਕਰਨੈਂ ਉਹਤੋਂ ਕਈ ਗੁਣਾਂ ਜ਼ਿਆਦਾ ਸਾਡੇ ਆਪਸੀ ਰਿਸ਼ਤਿਆਂ, ਕਾਰੋਬਾਰਾਂ ਤੇ ਸਮਾਜਿਕ ਕਦਰਾਂ ਕੀਮਤਾਂ ਤੇ ਅਸਰ ਪਾਉਣਾ।ਜਿਵੇਂ ਸਰਕਾਰ ਹੁਣ ਸਾਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਡਰਾ- ਡਰਾ ਕੇ ਘਰਾਂ ‘ਚ ਬੰਦ ਕਰ ਰਹੀ ਐ ਇਸ ਨਾਲ਼ੋਂ ਕਿਤੇ ਜ਼ਿਆਦਾ ਜ਼ੋਰ ਸਰਕਾਰ ਨੂੰ ਸਾਨੂੰ ਇਸ ਬਿਮਾਰੀ ਦਾ ਡਰ ਕੱਢਣ ਲਈ ਲਾਉਣਾ ਪੈਣਾ। ਸਰਕਾਰ ਨੂੰ ਬਾਅਦ ‘ਚ ਮੁਹਿੰਮਾਂ ਚਲਾਉਣੀਆਂ ਪੈਣੀਆਂ ਨੇਂ ਕਿ ਹੁਣ ਕਰੋਨਾਂ ਦਾ ਇਲਾਜ ਵੀ ਸੰਭਵ ਐ ਤੇ ਇਹਦੀ ਵੈਕਸੀਨ ਵੀ ਉਪਲੱਬਧ ਐ। ਫ਼ੇਰ ਕਿਤੇ ਜਾਕੇ ਸ਼ਾਇਦ TB, HIV,ਇਬੋਲਾ ਤੇ ਸਾਰਸ ਵਰਗੀਆਂ ਬਿਮਾਰੀਆਂ ਵਾਂਗੂੰ ਸਾਡੇ ਮਨਾਂ ਚੋਂ ਕਰੋਨਾਂ ਦਾ ਵੀ ਡਰ ਨਿੱਕਲ਼ਜੇ।

Real Estate