ਪਟਿਆਲਾ ਪੁਲਸ ਨੇ ਨਿਹੰਗਾਂ ਦੇ ਹਮਲੇ ਵਾਲੇ ਕੇਸ ‘ਚੋਂ ਖੁਦ ਹੀ ਔਰਤ ਸਮੇਤ 4 ਜਣੇ ਅਦਾਲਤ ਤੋਂ ਰਿਹਾਅ ਕਰਵਾਏ

2054

ਪਟਿਆਲਾ, 16 ਅਪ੍ਰੈਲ (ਜਗਸੀਰ ਸਿੰਘ ਸੰਧੂ) : ਸ਼ੋਸ਼ਲ ਮੀਡੀਆ ‘ਤੇ ਹੋ ਰਹੀ ਫਜੀਅਤ ਨੂੰ ਦੇਖਦਿਆਂ ਪਟਿਆਲਾ ਪੁਲਸ ਨੇ 12 ਅਪ੍ਰੈਲ 2020 ਨੂੰ ਸਬਜੀ ਮੰਡੀ ਨਿਹੰਗਾਂ ਤੇ ਪੁਲਸ ਦਰਮਿਆਨ ਹੋਈ ਝੜਪ ਤੋਂ ਬਾਅਦ ਗੁਰਦੁਆਰਾ ਖਿਚੜੀ ਸਾਹਿਬ ਬਲਵੇੜਾ ਤੋਂ ਗ੍ਰਿਫਤਾਰ ਕੀਤੇ 11 ਨਿਹੰਗਾਂ ਵਿੱਚੋ ਇੱਕ ਔਰਤ ਸਮੇਤ 4 ਜਣਿਆਂ ਨੂੰ ਖੁਦ ਹੀ ਅਰਜੀ ਦੇ ਕੇ ਅਦਾਲਤ ਵਿਚੋਂ ਰਿਹਾਅ ਕਰਵਾ ਦਿੱਤਾ ਹੈ।
ਪਟਿਆਲਾ ਦੇ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਨੇ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪੁਲਿਸ ਨੇ ਉਕਤ ਮਾਮਲੇ ਵਿੱਚ ਸਾਰੇ ਮੁਲਜਮਾਂ ਦੀ ਵਿਅਕਤੀਗਤ ਭੂਮਿਕਾ ਦੀ ਡੂੰਘਾਈ ਨਾਲ ਪੜਤਾਲ ਕਰਵਾ ਕੇ ਇਹ ਅਹਿਮ ਫੈਸਲਾ ਲਿਆ ਹੈ। ਪ੍ਰੰਤੂ ਬਾਕੀ ਮੁਲਜਮਾਂ ਵਿਰੁੱਧ ਕਾਨੂੰਨ ਮੁਤਾਬਕ ਕਾਰਵਾਈ ਜਾਰੀ ਰਹੇਗੀ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਕੀਤੀ ਗਈ ਤਫਤੀਸ਼ ਦੌਰਾਨ ਇਸ ਮਾਮਲੇ ਵਿੱਚ ਸੁਖਪ੍ਰੀਤ ਕੌਰ, ਜਸਵੰਤ ਸਿੰਘ, ਦਰਸ਼ਨ ਸਿੰਘ ਅਤੇ ਨੰਨਾ ਦੀ ਤੱਥਾਂ ਦੇ ਅਧਾਰ ‘ਤੇ ਘੱਟ ਭੂਮਿਕਾ ਸਾਹਮਣੇ ਆਈ ਹੈ। ਇਸੇ ਤਹਿਤ ਪੁਲਿਸ ਨੇ ਮਾਨਵਤਾ ਦੇ ਪੱਖ ਤੇ ਹਮਦਰਦੀ ਵਾਲਾ ਰਵੱਈਆਂ ਰੱਖਦੇ ਹੋਏ ਅੱਜ ਇਹਨਾਂ 04 ਵਿਅਕਤੀਆਂ ਨੂੰ ਪੁਲਿਸ ਹਿਰਾਸਤ ਵਿਚੋਂ ਰਿਹਾਅ ਕਰਨ ਲਈ ਇੱਕ ਅਰਜੀ ਮਾਨਯੋਗ ਅਦਾਲਤ ਵਿਚ ਪੇਸ਼ ਕੀਤੀ ਸੀ, ਇਸਦੇ ਆਧਾਰ ‘ਤੇ ਮਾਨਯੋਗ ਅਦਾਲਤ ਜੇ.ਐਮ.ਆਈ.ਸੀ. ਪਟਿਆਲਾ ਨੇ ਦੋਸ਼ੀਆਂ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਐਸ.ਐਸ.ਪੀ. ਸਿੱਧੂ ਨੇ ਹੋਰ ਦੱਸਿਆ ਹੈ ਕਿ ਹੁਣ ਉਕਤ ਮੁਕੱਦਮੇ ਵਿੱਚ 6 ਵਿਅਕਤੀ ਜਿੰਨਾ ਵਿੱਚ ਬਲਵਿੰਦਰ ਸਿੰਘ ਜੋ ਇਸ ਡੇਰੇ ਦਾ ਮੁੱਖੀ ਹੈ, ਜਿਸਦੇ ਖ਼ਿਲਾਫ਼ ਪਹਿਲਾ ਵੀ 03 ਮੁਕੱਦਮੇ ਦਰਜ ਹਨ ਅਤੇ ਜਗਮੀਤ ਸਿੰਘ, ਬੰਤ ਸਿੰਘ ਉਰਫ ਕਾਲਾ, ਗੁਰਦੀਪ ਸਿੰਘ, ਜੰਗੀਰ ਸਿੰਘ, ਮਨਿੰਦਰ ਸਿੰਘ ਜੇਰ ਪੁਲਿਸ ਰਿਮਾਂਡ ਹਨ ਜਦਕਿ ਨਿਰਭੈਅ ਸਿੰਘ ਜੂਡੀਸ਼ੀਅਲ ਰਿਮਾਂਡ ਵਿਚ ਹੈ। ਦੋਸ਼ੀ ਗੁਰਮੀਤ ਸਿੰਘ ਉਰਫ ਮੀਤੀ ਥਾਣਾ ਅਮਰਗੜ ਜਿਲ•ਾ ਸੰਗਰੂਰ ਦੀ ਭਾਲ ਜਾਰੀ ਹੈ। ਮੁਕੱਦਮਾ ਦੀ ਅਗਲੇਰੀ ਤਫਤੀਸ਼ ਜਾਰੀ ਹੈ, ਜੋ ਕਾਨੂੰਨ ਮੁਤਾਬਿਕ ਅਮਲ ਵਿਚ ਲਿਆਂਦੀ ਜਾ ਰਹੀ ਹੈ।

Real Estate