ਕਬੱਡੀ ਜਗਤ ਲਈ ਕਾਲਾ ਦਿਨ ਬਣ ਕੇ ਚੜ੍ਹਿਆ 16 ਅਪ੍ਰੈਲ ਦਾ ਦਿਨ

1377

ਸੁਖਚੈਨ ਬਰਾੜ ਚੋਟੀਆਂ ਠੋਬਾ
ਸੋਲ੍ਹਾਂ ਅਪ੍ਰੈਲ 1998 ਦਾ ਦਿਨ ਆਮ ਦਿਨ ਵਾਂਗ ਹੀ ਜਦ ਚੜ੍ਹਿਆ ਤਾਂ ਕਿਸੇ ਨੂੰ ਚਿੱਤ ਚੇਤੇ ਵੀ ਨਹੀਂ ਸੀ ਕੇ ਇਹ ਦਿਨ ਅੱਜ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਚਾਰ ਹੀਰੇ ਖਿਡਾਰੀ ਸਾਥੋਂ ਹਮੇਸ਼ਾਂ ਲਈ ਖੋਹ ਕੇ ਲੈ ਜਾਵੇਗਾ.. ਸਾਡੇ ਘਰਾਂ ਚੋਂ ਸਾਡੇ ਸਵ:ਤਾਇਆ ਜੀ ਸ੍ਰ:ਗੁਰਦੀਪ ਸਿਓ ਦੇ ਘਰ ਦੇ ਬਾਹਰਲੇ ਪਾਸੇ ਨਾਲ ਲਗਦੀ ਬੈਠਕ ਦੇ ਦੋ ਵਾਧੂ ਰਤੇ ਬਾਹਰ ਕੱਢ ਕੇ ਇੱਕ ਹੋਰ ਰਤਾ ਉਸਦੇ ਉੱਪਰ ਲਾਇਆ ਹੋਇਆ ਸੀ ਜਿਸ ਨੂੰ ਸਾਰੇ ਥੜ੍ਹੀ ਕਹਿੰਦੇ ਸਨ ਤੇ ਸਾਡੇ ਘਰਾਂ ਅਤੇ ਨਾਲ ਲਗਦੇ ਵੇਹੜੇ ਦੇ ਸਾਰੇ ਮੁੰਡੇ ਰੋਟੀ ਪਾਣੀ ਖਾ ਵੱਖ ਵੱਖ ਟੋਲੀਆਂ ਬਣਾ ਉੱਥੇ ਗੱਲਾਂਬਾਤਾਂ ਜਾਂ ਕੋਈ ਖੇਡਾਂ ਖੇਡਦੇ ਹੁੰਦੇ ਤੁਰਦਾ ਫਿਰਦਾ ਪਿੰਡ ਦਾ ਕੋਈ ਹੋਰ ਵੀਰ ਵੀ ਘੜੀ ਪਲ ਉੱਥੇ ਜਰੂਰ ਰੁਕ ਜਾਂਦਾ.. ਹਰ ਰੋਜ਼ ਵਾਂਗ ਜਦ ਸਤਾਰਾਂ ਅਪ੍ਰੈਲ ਨੂੰ ਦਿਨ ਢਲੇ ਜੇ ਅਸੀਂ ਸਾਰੇ ਇਕੱਠੇ ਬੈਠੇ ਸੀ ਤਾਂ ਮੇਰੇ ਛੋਟੇ ਵੀਰ ਬਲਵਾਨ ਬਰਾੜ ਨੇਂ ਸਾਨੂੰ ਦੱਸਿਆ ਕੇ ਬਾਜੇਖਾਨੇ ਆਲੇ ਹਰਜੀਤ ਦਾ ਐਕਸੀਡੈਂਟ ਹੋ ਗਿਆ ਤੇ ਹਰਜੀਤ ਦੇ ਨਾਲ ਤਿੰਨ ਮੁੰਡੇ ਹੋਰ ਮਰ ਗਏ ਸੁਣ ਕੇ ਸਾਰਿਆਂ ਦੇ ਕੇਰਾਂ ਤਾਂ ਹੋਸ਼ ਜੇ ਹੀ ਉੱਡ ਗਏ.. ਫੇਰ ਅਸੀਂ ਕਿਵੇਂ ਨਾਂ ਕਿਵੇਂ ਓਸੇ ਦਿਨ ਜਾਣੀ ਸਤਾਰਾਂ ਅਪ੍ਰੈਲ ਦਾ ਅਜੀਤ ਅਖਬਾਰ ਲੱਭਿਆ ਤੇ ਉਸਦੇ ਪਹਿਲੇ ਸਫੇ ਤੇ ਹੀ ਖਬਰ ਸੀ ਤੇ ਉਸਦੀ ਹੈਡਲਾਈਨ ਸੀ ਕੇ ਖਰੜ ਨੇੜੇ ਸ਼ੜਕ ਹਾਦਸੇ ਵਿੱਚ ਚਾਰ ਉੱਘੇ ਖਿਡਾਰੀ ਹਲਾਕ ਤੇ ਉੱਪਰ ਕੇਵਲ ਲੋਪੋ,ਹਰਜੀਤ,ਕੇਵਲ ਸੇਖਾ ਤੇ ਤਲਵਾਰ ਕਾਂਉੰਕੇ ਦੀਆਂ ਫੋਟੋ ਸਨ ਤੇ ਚੈਨਾ ਸਿੱਧਵਾਂ ਜਖਮੀ ਸੀ..ਬਾਅਦ ਵਿੱਚ ਤਾਂ ਫਿਰ ਹਰ ਪਾਸਿਓਂ ਇਹੀ ਖਬਰ ਆਉਣ ਲੱਗੀ!ਗੱਲ ਕੀ ਸੀ ਕੇ ਸੋਲ੍ਹਾਂ ਅਪ੍ਰੈਲ ਨੂੰ ਮੋਗੇ ਤੋਂ ਇੱਕ ਮਰੂਤੀ ਕਾਰ ਚਲਦੀ ਹੈ ਜਿਸ ਵਿੱਚ ਹਰਜੀਤ ਤੇ ਕੇਵਲ ਸੇਖਾ ਸਨ ਫੇਰ ਉਹ ਕੇਵਲ ਲੋਪੋ ਕਾਂਉੰਕਿਆਂ ਤੋਂ ਬਾਜ ਕੇ ਘਰ ਚੋਂ ਉਸਦੇ ਛੋਟੇ ਭਰਾ ਤਲਵਾਰ ਤੇ ਸਿੱਧਵਾਂ ਤੋਂ ਸੁਖਚੈਨ ਚੈਨੇ ਨੂੰ ਨਾਲ ਲੈ ਕੇ ਚੰਡੀਗੜ੍ਹ ਪਾਸਪੋਰਟ ਦਫਤਰ ਚੋਂ ਪਾਸਪੋਰਟ ਲੈਣ ਲਈ ਪਹਿਲਾਂ ਲੁਧਿਆਣੇ ਨੂੰ ਚਾਲੇ ਪਾ ਦਿੰਦੇ ਹਨ ਤੇ ਚੰਗੀ ਡੀਲ ਡੌਲ ਕਾਰਨ ਉਨ੍ਹਾਂ ਨੂੰ ਮਰੂਤੀ ਕਾਰ ਭੀੜੀ ਜਾਪਦੀ ਹੈ ਫਿਰ ਉਨ੍ਹਾਂ ਦੇ ਦਿਮਾਗ ਚ ਗੱਲ ਆਂਉੰਦੀ ਆ ਕੇ ਫੁੱਲਾਂਵਾਲ ਤੋਂ ਸਾਥੀ ਖਿਡਾਰੀ ਇੰਦਰਜੀਤ ਜਿਸਦੀ ਓਸ ਸਮੇਂ ਲੱਤ ਟੁੱਟੀ ਹੋਈ ਸੀ ਕੇ ਨਾਲੇ ਉਸਦਾ ਪਤਾ ਲੈ ਚਲਦੇ ਆਂ ਤੇ ਨਾਲੇ ਉਹਦੇ ਆਲੀ ਜਿਪਸੀ ਲੈ ਲੈਨੇਂ ਆਂ..ਉਹ ਇੰਦਰਜੀਤ ਦੇ ਘਰ ਪਹੁੰਚਦੇ ਹਨ ਤੇ ਚਾਹ ਪਾਣੀ ਪੀਣ ਤੋਂ ਬਾਅਦ ਜਿਪਸੀ ਪੁੱਛਣ ਤੇ ਉਨ੍ਹਾਂ ਨੂੰ ਇੰਦਰਜੀਤ ਦਸਦਾ ਕੇ ਗੱਡੀ ਗੁਰਦਾਸਪੁਰੀਆ ਸੁਖਰਾਜ ਲੈ ਕੇ ਗਿਆ ਹੋਇਆ ਤੁਸੀਂ ਥੋੜ੍ਹਾ ਸਮਾਂ ਇੰਤਜਾਰ ਕਰ ਲਓ..ਥੋੜ੍ਹੇ ਸਮੇਂ ਬਾਅਦ ਸੁਖਰਾਜ ਵੀ ਆ ਜਾਂਦਾ ਤੇ ਰਸਮੀ ਗੱਲਬਾਤ ਤੋਂ ਬਾਅਦ ਮਰੂਤੀ ਗੱਡੀ ਉੱਥੇ ਖੜ੍ਹਾ ਜਿਪਸੀ ਚੱਕ ਲੈਂਦੇ ਹਨ..ਹਰਜੀਤ ਜਿਪਸੀ ਚਲਾਉਣ ਲੱਗ ਜਾਂਦਾ ਤੇ ਚੈਨਾ ਸਿੱਧਵਾਂ ਉਸ ਨਾਲ ਅੱਗੇ ਬੈਠ ਜਾਂਦਾ ਦੋਵੇਂ ਕੇਵਲ ਹਰਜੀਤ ਵਾਲੀ ਸਾਇਡ ਬੈਠ ਜਾਂਦੇ ਹਨ ਤੇ ਤਲਵਾਰ ਦੂਜੀ ਸਾਇਡ..ਟਾਈਮ ਲੱਗਭਗ ਸਾਢੇ ਅੱਠ ਤੋਂ ਪੌਣੇ ਨੋਂ ਦੇ ਵਿੱਚ ਉਨ੍ਹਾਂ ਨੂੰ ਲੁਧਿਆਣੇ ਤੋਂ ਨਿਕਲਦਿਆਂ ਹੋ ਜਾਂਦਾ,ਮੱਠੀ ਮੱਠੀ ਠੰਡ ਕਾਰਨ ਤਲਵਾਰ ਕੇਵਲ ਹੁਣਾਂ ਨੂੰ ਠੰਡ ਲੱਗਣ ਬਾਰੇ ਜਾਹਰ ਕਰਦਾ ਤਾਂ ਉਹ ਉਸਨੂੰ ਵੀ ਆਪਣੇ ਵਿਚਾਲੇ ਬਿਠਾ ਲੈਂਦੇ ਹਨ,ਹੁਣ ਡਰਾਈਵਰ ਸਾਇਡ ਉਹ ਤਿੰਨੋਂ ਵੀ ਹਰਜੀਤ ਸਮੇਤ ਚਾਰ ਜਾਣੇ ਹੋ ਜਾਂਦੇ ਹਨ ਤੇ ਕੰਡਕਟਰ ਸਾਇਡ ਚੈਨਾ ਸਿੱਧਵਾਂ..ਫਰੀਦਕੋਟ ਵਿਖੇ ਪਾਕਿਸਤਾਨ ਦੀ ਟੀਮ ਨਾਲ ਪੰਜ ਮੈਚਾਂ ਦੀ ਲੜੀ ਦੌਰਾਨ ਦੂਜੀ ਕਬੱਡੀ ਤੇ ਹੀ ਗੁਲਾਮ ਅੱਬਾਸ ਬੱਟ ਨਾਲ ਸਟ੍ਰਗਲ ਦਰਮਿਆਨ ਹਰਜੀਤ ਦੇ ਗੁੱਟ ਤੇ ਸੱਟ ਲੱਗ ਜਾਂਦੀ ਹੈ ਤੇ ਚੈਕਅੱਪ ਦੌਰਾਨ ਪਤਾ ਲਗਦਾ ਕੇ ਗੁੱਟ ਫ੍ਰਕੈਚਰ ਹੋ ਗਿਆ ਹੈ ਤੇ ਡਾਕਟਰਾਂ ਨੂੰ ਪਲੱਸਤਰ ਲਾਉਣਾ ਪੈਂਦਾ ਹੈ ਇਹ ਮੈਚ ਪੰਜ ਅਪ੍ਰੈਲ ਨੂੰ ਹੋਇਆ ਸੀ..ਵਿਸਾਖੀ ਵਾਲੇ ਦਿਨ ਉਹ ਆਖਰੀ ਵਾਰ ਤਲਵੰਡੀ ਸਾਬੋ ਵਿਖੇ ਲੋਕਾਂ ਨੂੰ ਨਜਰ ਆਇਆ ਸੱਟ ਕਾਰਨ ਉਹ ਖੇਡਿਆ ਤਾਂ ਨਹੀਂ ਪਰ ਉਸਨੇਂ ਉੱਥੇ ਸਾਰਾ ਦਿਨ ਹਾਜਰੀ ਦਿੱਤੀ ਤੇ ਫਿਰ ਅੰਗਰੇਜ਼ ਅੜੈਚਾਂ,ਫੌਜੀ ਕੁਰੜ ਭਿੰਦਰ ਨਵਾਂ ਪਿੰਡ ਤੇ ਹੋਰ ਖਿਡਾਰੀਆਂ ਨਾਲ ਦਰਸ਼ਕਾਂ ਦੀ ਮੰਗ ਤੇ ਗਰਾਉਂਡ ਦਾ ਇੱਕ ਚੱਕਰ ਲਾਇਆ ਜਿੱਥੇ ਤਾੜੀਆਂ ਮਾਰ ਮਾਰ ਦਰਸ਼ਕਾਂ ਨੇਂ ਉਸਦਾ ਭਰਭੂਰ ਹੌਂਸਲਾ ਵਧਾਇਆ ਤੇ ਜਲਦੀ ਉਸਦੀ ਤੰਦਰੁਸਤੀ ਲਈ ਦੁਆਵਾਂ ਕੀਤੀਆਂ ਪਰ ਕਿਸੇ ਨੂੰ ਕੀ ਪਤਾ ਸੀ ਕੇ ਮੌਤ ਉੱਪਰ ਬੈਠੀ ਹੱਸ ਰਹੀ ਹੈ ਤੇ ਕਬੱਡੀ ਦਾ ਇਹ ਚੜਦਾ ਸੂਰਜ ਬਹੁਤ ਜਲਦ ਆਪਣੇ ਤਿੰਨ ਹੋਰ ਸਾਥੀਆਂ ਨਾਲ ਜਲਦੀ ਹੀ ਛਿਪਣ ਵਾਲਾ ਹੈ..ਵੀਹ ਸਾਲ ਲਗਾਤਾਰ ਅਜੀਤ ਅਖਬਾਰ ਵਿੱਚ “ਖੁੰਡ ਚਰਚਾ” ਨਾਮੀਂ ਕਾਲਮ ਵਾਲੇ ਅੰਕਲ ਲਾਭ ਸਿੰਘ ਸੰਧੂ ਦਸਦੇ ਹੁੰਦੇ ਹਨ ਓਸ ਦਿਨ ਤਲਵੰਡੀ ਸਾਬੋ ਹਰਜੀਤ ਨੇਂ ਅੰਕਲ ਨੂੰ ਵੀ ਕਿਹਾ ਸੀ ਕੇ ਤੁਸੀਂ ਵੀ ਪਾਸਪੋਰਟ ਬਣਾਲੋ ਅੰਕਲ ਇਸ ਵਾਰ ਤੁਹਾਨੂੰ ਵੀ ਕੈਨੇਡਾ ਦਾ ਗੇੜਾ ਕਢਾ ਲਿਆਈਏ.ਪਰ ਉਸਨੂੰ ਕੀ ਪਤਾ ਸੀ ਕੇ ਉਹ ਓਸ ਜਹਾਜੇ ਚੜ ਜਾਵੇਗਾ ਜਿੱਥੇ ਗਿਆ ਕਦੇ ਕੋਈ ਅੱਜ ਤੱਕ ਵਾਪਿਸ ਨਹੀਂ ਆਇਆ..ਥ੍ਹੋੜੇ ਦਿਨ ਪਹਿਲਾਂ ਹੀ ਉਸਦੇ ਘਰ ਇੱਕ ਬੇਟੀ ਨੇਂ ਜਨਮ ਲਿਆ ਸੀ ਤੇ ਹਰਜੀਤ ਨੇਂ ਲੱਡੂ ਵੰਡੇ ਸਨ ਤੇ ਉਸਦੇ ਦਿਲ ਵਿੱਚ ਕੈਨੇਡਾ ਜਾ ਕੇ ਬੇਟੀ ਨੂੰ ਦੇਖਣ ਦਾ ਵੀ ਬਹੁਤ ਚਾਅ ਸੀ! #ਬਾਅਦ ਵਿੱਚ ਆਪਾਂ ਉੱਥੇ ਆਉੰਦੇ ਹਾਂ ਪਹਿਲਾਂ ਹੁਣ ਦੂਜੇ ਤਿੰਨ ਨੌਜਵਾਨਾਂ ਦੀ ਗੱਲ ਵੀ ਕਰ_ਲਈਏ
#ਕੇਵਲ_ਲੋਪੋ ਇਹ ਨੌਜਵਾਨ ਬਹੁਤ ਜਲਦੀ ਕਬੱਡੀ ਦੀਆਂ ਗਰਾਂਊੰਡਾਂ ਵਿੱਚ ਇੰਟਰਨੈਸ਼ਨਲ ਪੱਧਰ ਤੇ ਆਪਣੇ ਜੌਹਰ ਦਿਖਾਉਣ ਲਈ ਤਿਆਰ ਸੀ ਤੇ ਪਿੰਡ ਵਾਰ ਦੇ ਮੈਚਾਂ ਵਿੱਚ ਕੇਵਲ ਦੀ ਜੋੜੀ ਗੱਗੀ ਨਾਲ ਬਹੁਤ ਹੀ ਵਧੀਆ ਬਣ ਗਈ ਸੀ ਪਰ ਦੋ ਜਵਾਨ ਪੁੱਤਰਾਂ ਤੇ ਇੱਕ ਧੀ ਦੀ ਮਾਂ ਅਤੇ ਪਿਤਾ ਨੇਂ ਕਦੇ ਇਹ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਕੇ ਥੋੜ੍ਹੇ ਸਮੇਂ ਵਿੱਚ ਹੀ ਉਨ੍ਹਾਂ ਦੇ ਘਰ ਨੂੰ ਕੋਈ ਚੰਦਰੀ ਨਜਰ ਲੱਗ ਜਾਵੇਗੀ ਤੇ ਉਨ੍ਹਾਂ ਦਾ ਤਾਂ ਸਾਰਾ ਸੰਸਾਰ ਹੀ ਉੱਜੜ ਜਾਵੇਗਾ.. ਫਰਵਰੀ ਮਹੀਨੇ ਵਿੱਚ ਕੇਵਲ ਦੇ ਤਾਇਆ ਤਾਈ ਜੀ ਆਪਣੇ ਬੱਚਿਆਂ ਸਮੇਤ ਬਾਹਰੋਂ ਆਏ ਸਨ ਤੇ ਫਿਰ ਇੱਕ ਦਿਨ ਉਨ੍ਹਾਂ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਮੱਥਾ ਟੇਕਣ ਦਾ ਪ੍ਰੋਗਰਾਮ ਬਣਾਇਆ ਜਿਸ ਵਿੱਚ ਕੇਵਲ ਤੋਂ ਛੋਟੀ ਭੈਣ ਅਤੇ ਭਰਾ ਨੂੰ ਵੀ ਉਹ ਨਾਲ ਲੈ ਗਏ..ਅੰਮ੍ਰਿਤਸਰ ਸਾਹਿਬ ਉਨ੍ਹਾਂ ਨਾਲ ਇੱਕ ਅਜਿਹਾ ਭਿਆਨਕ ਹਾਦਸਾ ਵਾਪਰਿਆ ਕੇ ਇੱਕ ਐਕਸੀਡੈਂਟ ਵਿੱਚ ਉਨ੍ਹਾਂ ਦੇ ਕਾਫੀ ਜੀ ਮਾਰੇ ਗਏ ਤੇ ਕੇਵਲ ਦਾ ਛੋਟਾ ਵੀਰ ਵੀ,ਬਚੀ ਤਾਂ ਇਕੱਲੀ ਭੈਣ,ਅਜੇ ਉਹ ਇਸ ਹਾਦਸੇ ਵਿਚੋਂ ਹੀ ਨਹੀਂ ਨਿੱਕਲ ਸਕਿਆ ਸੀ ਕੇ ਫਿਰ ਹਰਜੀਤ ਦੇ ਨਾਲ ਉਹ ਵੀ ਮੌਤ ਦੇ ਖੂਨੀ ਪੰਜਿਆਂ ਨੇਂ ਆ ਦਬੋਚਿਆ..ਕਾਫੀ ਸਾਲਾਂ ਬਾਅਦ ਮਾਪਿਆਂ ਨੇਂ ਆਪਣੀ ਇਕਲੌਤੀ ਧੀ ਦਾ ਵੀ ਦੋ ਹਜਾਰ ਚਾਰ ਦੇ ਲਗਭਗ ਵਿਆਹ ਕਰ ਦਿੱਤਾ ਜਿਸਦੀ ਕੁੱਖੋ ਇੱਕ ਪੁੱਤ ਅਤੇ ਧੀ ਨੇਂ ਜਨਮ ਲਿਆ ਪਰ ਇੱਥੇ ਵੀ ਅਜੇ ਉਸਦਾ ਕੋਈ ਇਮਤਿਹਾਨ ਬਾਕੀ ਸੀ ਤੇ ਦੋ ਹਜਾਰ ਅੱਠ ਵਿੱਚ ਉਹ ਵਿਧਵਾ ਹੋ ਗਈ..ਅੱਜ ਬਜੁਰਗ ਮਾਂ ਬਾਪ ਆਪਣੇ ਪੁੱਤਰਾਂ ਨੂੰ ਯਾਦ ਕਰ ਧਾਹੀਂ ਰੋਂਦੇ ਹਨ ਤੇ ਦੋਹਤੇ ਦੋਹਤੀ ਵਿਚੋਂ ਹੀ ਉਨ੍ਹਾਂ ਨੂੰ ਦੇਖਦੇ ਹਨ!
#ਕੇਵਲ_ਸੇਖਾ ਮੋਗੇ ਜਿਲ੍ਹੇ ਦੇ ਪਿੰਡ ਸਮਾਲਸਰ ਦੇ ਨਾਲ ਲਗਦੇ ਪਿੰਡ ਸੇਖਾ ਕਲਾਂ ਦਾ ਇਹ ਉੱਚੇ ਲੰਬੇ ਕੱਦ ਅਤੇ ਭਰਵੇਂ ਜੁੱਸੇ ਦਾ ਮਾਲਕ ਸੀ..ਸਾਰੇ ਉਸਨੂੰ ਹਾਸਿਆਂ ਦੀ ਪਟਾਰੀ ਕਹਿੰਦੇ ਸਨ..ਉਸਦੀ ਹਰਜੀਤ ਨਾਲ ਦੋਸਤੀ ਸੀ ਤੇ ਫੇਰ ਉਸਨੂੰ ਖੇਡਣ ਦਾ ਸ਼ੌਂਕ ਵੀ ਪੈ ਗਿਆ..ਪਹਿਲੀ ਵਾਰ ਛਿਅੱਨਵੇਂ ਸਤੱਨਵੇਂ ਵਿੱਚ ਮੈਂ ਉਸਨੂੰ ਲੰਡੇ ਪਿੰਡ ਖੇਡਦੇ ਦੇਖਿਆ ਸੀ,ਮੱਲਕਿਆਂ ਨਾਲ ਮੈਚ ਵਿੱਚ ਉਸਨੇਂ ਕੰਮੇ ਦੇ ਨਾਲ ਕਬੱਡੀਆਂ ਪਾ ਰਹੇ ਇੱਕ ਰੇਡਰ ਨੂੰ ਕੁੱਟ ਕੁੱਟ ਰੋਣ ਹਾਕਾ ਕਰ ਦਿੱਤਾ ਸੀ..ਫੌਜੀ ਰੌਂਤਾ ਓਸ ਦਿਨ ਬਰੀਵਾਲਾ ਮੰਡੀ ਵਿੱਚ ਖੇਡ ਰਿਹਾ ਸੀ..ਪਰ ਕੇਵਲ ਸਿਰਫ ਗਰਾਂਊੰਡ ਅੰਦਰ ਹੀ ਚਪੇੜਾਂ ਜਿਆਦਾ ਮਾਰਦਾ ਸੀ ਤੇ ਬਾਹਰ ਉਹ ਹਰ ਖਿਡਾਰੀ ਨਾਲ ਜੱਫੀ ਪਾਈ ਫਿਰਦਾ ਹੁੰਦਾ ਤੇ ਹਾਸਿਆਂ ਦੀ ਛਹਿਬਰਾਂ ਲਾ ਛਡਦਾ..ਫੇਰ ਚੰਗੇ ਕੱਦ ਕਾਠ ਅਤੇ ਸਰੀਰ ਕਾਰਨ ਪੰਜਾਬ ਪੁਲਿਸ ਵਿੱਚ ਭਰਤੀ ਕਰ ਲਿਆ ਤੇ ਇੱਕ ਵਾਰ ਇੰਗਲੈਂਡ ਵੀ ਖੇਡ ਆਇਆ ਸੀ ਜਿੱਥੇ ਬਹੁਤ ਸਾਰੇ ਗੋਰੇ ਲੋਕਾਂ ਨੇਂ ਉਸ ਨਾਲ ਫੋਟੋਆਂ ਖਿਚਵਾਈਆਂ ਸਨ..ਉਸਦੀ ਵੱਡੀ ਭੈਣ ਦੀ ਮੌਤ ਤੋਂ ਬਾਅਦ ਉਹ ਆਪਣੀ ਇੱਕ ਭਾਣਜੀ ਨੂੰ ਵੀ ਆਪਣੇ ਕੋਲ ਲੈ ਆਇਆ ਸੀ ਤੇ ਉਸਦੀ ਪੜ੍ਹਾਈ ਅਤੇ ਵਿਆਹ ਦੀ ਜਿੰਮੇਵਾਰੀ ਉਸਨੇਂ ਖੁਦ ਲਈ ਸੀ ਪਰ,,ਇੱਕ ਵਾਰ ਦੋ ਹਜਾਰ ਬਾਰਾਂ ਵਿੱਚ ਉਸਦੇ ਪਿੰਡ ਸੇਖਾ ਕਲਾਂ ਟੂਰਨਾਮੈਂਟ ਤੇ ਜਦ ਮੈਂ ਕੁਮੈਂਟਰੀ ਕਰਕੇ ਬਾਹਰ ਆਇਆ ਤਾਂ ਇੱਕ ਭੋਲੀ ਜਿਹੀ ਸੂਰਤ ਵਾਲਾ ਜੱਟ ਬੰਦਾ ਮੈਨੂੰ ਜੱਫੀ ਪਾ ਕੇ ਮਿਲਿਆ ਤੇ ਉਸਨੇਂ ਦੱਸਿਆ ਕੇ ਮੈਂ ਕੇਵਲ ਦਾ ਵੱਡਾ ਭਾਈ ਹਾਂ.. ਫਿਰ ਬਹੁਤ ਸਾਰੀਆਂ ਗੱਲਾਂ ਉਸ ਨਾਲ ਪਾਸੇ ਬੈਠ ਕੇ ਕੇਵਲ ਬਾਰੇ ਹੋਈਆਂ ਤਾਂ ਉਸਨੇਂ ਦੱਸਿਆ ਕੇ ਬੱਸ ਉਹ ਮੌਜੀ ਬੰਦਾ ਸੀ ਕੰਮਕਾਜ ਅਸੀਂ ਭਰਾਵਾਂ ਨੇਂ ਉਸਨੂੰ ਕਦੇ ਲਾਇਆ ਨਹੀਂ ਸੀ,ਬੱਸ ਹਰਜੀਤ ਜਦ ਆ ਜਾਂਦਾ ਤਾਂ ਉਹਦੇ ਨਾਲ ਹੀ ਚਲਿਆ ਜਾਂਦਾ ਤੇ ਕਈ ਕਈ ਦਿਨ ਘਰ ਨੀਂ ਮੁੜਦਾ ਸੀ ਫਿਰ.. ਅਜੇ ਥੋੜ੍ਹੇ ਦਿਨ ਪਹਿਲਾਂ ਹੀ ਘਰੋਂ ਲੀੜੇ ਲੱਤੇ ਧਵਾ ਕੇ ਲੈ ਗਿਆ ਸੀ ਤੇ ਕਹਿੰਦਾ ਚਾਰ ਪੰਜ ਦਿਨ ਹੁਣ ਮੈਂ ਆਉਣਾ ਨੀਂ ਫਿਕਰ ਨਾਂ ਕਰਿਓ,ਬੱਸ ਫੇਰ ਕੀ ਅਸੀਂ ਭਰਾ ਤਾਂ ਖੇਤ ਹਾੜ੍ਹੀ ਵੱਡੀ ਜਾਂਦੇ ਸੀ ਕੇ ਸਾਨੂੰ ਤਾਂ ਇਹ ਖਬਰ ਆਈ ਕੇ ਕੇਵਲ ਹੁਣਾਂ ਦਾ ਐਕਸੀਡੈਂਟ ਹੋ ਗਿਆ ਤੇ ਉਹ ਚੰਡੀਗੜ੍ਹ ਦਾਖਲ ਆ ਜਦ ਪਾਸਿਓਂ ਆਸਿਓਂ ਪਤਾ ਲੱਗਾ ਕੇ ਉਨ੍ਹਾਂ ਦੀ ਤਾਂ ਮੌਤ ਹੋ ਗਈ..ਇਹ ਕਹਿੰਦਾ ਕਹਿੰਦਾ ਉਹ ਰੋ ਪਿਆ ਤੇ ਫਿਰ ਕੇਵਲ ਦੀ ਲਾਸ਼ ਕਿੱਥੋਂ ਲਿਆਂਦੀ ਇਹ ਆਪਾਂ ਆਖਰ ਵਿੱਚ ਦੱਸਾਂਗੇ!
#ਤਲਵਾਰ_ਕਾਂਉੰਕੇ ਕਾਂਉੰਕੇ ਪਿੰਡ ਦੇ ਸ੍ਰ:ਕੇਹਰ ਸਿੰਘ ਸਿੱਧੂ ਦੇ ਘਰ ਮਾਤਾ ਮਹਿੰਦਰ ਕੌਰ ਦੀ ਕੁੱਖੋਂ ਤਿੰਨ ਧੀਆਂ ਤੇ ਤਿੰਨ ਪੁੱਤਰਾਂ ਨੇਂ ਜਨਮ ਲਿਆ ਜਿਨ੍ਹਾਂ ਵਿੱਚੋਂ ਤਲਵਾਰ ਸਾਰਿਆਂ ਤੋਂ ਛੋਟਾ ਪੇਟ ਘਰੋੜੀ ਦਾ ਬਹੁਤ ਹੀ ਸੋਹਣਾ ਸਨੁੱਖਾ ਬੱਚਾ ਸੀ..ਵੱਡੇ ਵੀਰ ਬਾਜ ਦੀ ਓਸ ਟਾਈਮ ਚੋਟੀ ਦੇ ਗੁੱਟ ਦੇ ਫੜਾਕਾਂ ਵਿੱਚ ਗਿਣਤੀ ਹੁੰਦੀ ਸੀ..ਜਿਸ ਦਿਨ ਹਰਜੀਤ ਨਾਲ ਸ਼ੋਅ ਮੈਚ ਵਿੱਚ ਦੋਵਾਂ ਕੰਨੀਆਂ ਤੇ ਬਾਜ ਤੇ ਕਾਲਾ ਗਾਜੀਆਣਾ ਹੁੰਦੇ ਤਾਂ ਵਿਰੋਧੀ ਰੇਡਲਾਈਨ ਨੂੰ ਬਹੁਤ ਸੰਭਲ ਕੇ ਕਬੱਡੀਆਂ ਪਾਉਣੀਆਂ ਪੈਂਦੀਆਂ.. ਪਿੰਡ ਵਾਰ ਵਿੱਚ ਬਾਜ ਚੂਹੜਚੱਕ ਵੱਲੋਂ ਵੈਲੀ ਨਾਲ ਪੱਕਾ ਖੇਡਦਾ ਸੀ ਤੇ ਫਿਰ ਬਾਜ ਨੂੰ ਵੇਖ ਵੇਖ ਕੇ ਤਲਵਾਰ ਨੇਂ ਵੀ ਕਬੱਡੀ ਵਿੱਚ ਹੱਥ ਅਜਮਾਉਣੇਂ ਸ਼ੁਰੂ ਕਰ ਦਿੱਤੇ.. ਦਿਨ ਰਾਤ ਮਿਹਨਤ ਕਰਕੇ ਉਹ ਭਰ ਜਵਾਨ ਨਿੱਕਲ ਆਇਆ ਤੇ ਫਿਰ ਬਾਜ ਉਸਨੂੰ ਆਪਣੇ ਨਾਲ ਹੀ ਮੈਚਾਂ ਤੇ ਲਿਜਾਣ ਲੱਗਾ ਤੇ ਉਹ ਵਧੀਆ ਨਿੱਖਰ ਆਇਆ,ਦੋ ਨੰਬਰ ਤੋਂ ਉਹ ਚੰਗੇ ਚੰਗੇ ਰੇਡਰਾਂ ਨੂੰ ਕਾਬੂ ਕਰ ਜਾਂਦਾ.. ਅੱਖੀਂ ਦੇਖਣ ਦੀ ਗੱਲ ਆ ਕੇ ਸਤੱਨਵੇਂ ਵਿੱਚ ਉਸਨੇਂ ਲਾਲਾ ਲਾਜਪਤ ਰਾਇ ਯਾਦਗਾਰੀ ਕਬੱਡੀ ਕੱਪ ਢੁੱਡੀਕੇ ਵਿਖੇ ਚੋਟੀ ਦੇ ਰੇਡਰਾਂ ਨੂੰ ਜੱਫੇ ਲਾਏ ਸਨ..ਤਰੱਨਵੇਂ ਚਰੱਨਵੇਂ ਤੋਂ ਲੈ ਕੇ ਦੋ ਹਜਾਰ ਚਾਰ ਤੱਕ ਚੰਗੀ ਖੇਡ ਖੇਡਣ ਵਾਲੇ ਖਿਡਾਰੀਆਂ ਨੂੰ ਦੇਖਣ ਦਾ ਮੈਨੂੰ ਬਹੁਤ ਸ਼ੌਂਕ ਰਿਹਾ.. ਤਲਵਾਰ ਨੂੰ ਵੀ ਮੈਂ ਸਤੰਬਰ ਛਿਅੱਨਵੇਂ ਵਿੱਚ ਮੈਂ ਭਿੰਡਰੀਂ ਮਿਲਿਆ,ਬਹੁਤ ਹੀ ਨਰਮ ਤੇ ਸੰਗਾਊ ਜੇ ਸੁਭਾਅ ਦਾ ਸੀ ਉਹ,ਬਾਜ ਵਾਂਗ ਅਜੇ ਤਾਂ ਕਬੱਡੀ ਵਿੱਚ ਉਸਨੇਂ ਬਹੁਤ ਮੱਲਾਂ ਮਾਰਨੀਆਂ ਸਨ ਪਰ ਜਦ ਤੱਕ ਆਹ ਭਾਣਾ ਵਾਪਰ ਗਿਆ.. ਬਾਅਦ ਵਿੱਚ ਜਦ ਕੈਨੇਡਾ ਵਿੱਚ ਬਾਜ ਦੇ ਘਰ ਉਸਦੇ ਵੱਡੇ ਪੁੱਤਰ ਨੇਂ ਜਨਮ ਲਿਆ ਤਾਂ ਉਸਦਾ ਨਾਂ ਵੀ ਉਨ੍ਹਾਂ ਤਲਵਾਰ ਸਿੰਘ ਹੀ ਰੱਖਿਆ ਤੇ ਅੱਜ ਓਸੇ ਬੱਚੇ ਵਿਚੋਂ ਹੀ ਉਹ ਹਰ ਪਲ ਤਲਵਾਰ ਨੂੰ ਦੇਖਦੇ ਹਨ!
#ਫੇਰ ਉੱਥੇ ਆਂਉੰਦੇ_ਹਾਂ ਰਾਤ ਦੇ ਹਨੇਰੇ ਵਿੱਚ ਜਿਪਸੀ ਵਿੱਚ ਹਸਦੇ ਖੇਡਦੇ ਜਦ ਉਹ ਪੌਣੇਂ ਕੁ ਦਸ ਵਜੇ ਖਰੜ ਦੇ ਕੋਲ ਘੜੂੰਏਂ ਪਿੰਡ ਪਹੁੰਚੇ ਤਾਂ ਇੱਕ ਟੇਢਾ ਜਿਹਾ ਮੋੜ ਮੁੜਦਿਆਂ ਹੀ ਸਾਹਮਣੇ ਇੱਕ ਉਹਨਾਂ ਦਾ ਕਾਲ ਰੂਪੀ ਟਰੱਕ ਆ ਰਿਹਾ ਸੀ..ਚੈਨਾ ਸਿੱਧਵਾਂ ਵੀਰ ਦਸਦਾ ਹੁੰਦਾ ਕੇ ਜਦ ਟਰੱਕ ਐਨ ਉੱਤੇ ਚੜ ਆਇਆ ਤਾਂ ਹਰਜੀਤ ਨੇਂ ਕਾਫੀ ਕੋਸ਼ਿਸ਼ ਕੀਤੀ ਗੱਡੀ ਖਿੱਚਣ ਦੀ ਤੇ ਫੇਰ ਬੱਸ ਮੈਨੂੰ ਐਨਾ ਈ ਯਾਦ ਆ ਕੇ “ਮਰਗੇ ਓਏ ਚੈਨਿਆਂ”ਬੱਸ ਭਾਣਾ ਵਾਪਰ ਚੁੱਕਾ ਸੀ..ਸਾਥੀ ਖਿਡਾਰੀਆਂ ਬਾਜ ਵੈਲੀ ਕਾਲਾ ਤੇ ਹੋਰ ਸੱਜਣ ਮਿੱਤਰਾਂ ਨੇਂ ਭੱਜ ਨੱਠ ਕੇ ਪਤਾ ਕੀਤਾ ਤੇ ਪਤਾ ਇਹ ਲੱਗਿਆ ਕੇ ਹਰਜੀਤ,ਕੇਵਲ ਸੇਖਾ,ਤਲਵਾਰ ਕਾਂਉੰਕੇ ਤੇ ਕੇਵਲ ਲੋਪੋ ਦੀ ਮੌਕੇ ਤੇ ਮੌਤ ਹੀ ਮੌਤ ਹੋ ਗਈ ਤੇ ਚੈਨਾ ਸਿੱਧਵਾਂ ਕੰਡਕਟਰ ਸਾਈਡ ਬੈਠਾ ਹੋਣ ਕਾਰਨ ਫੇਟ ਵੱਜਣ ਸਾਰ ਬੁੜਕ ਕੇ ਬਾਹਰ ਡਿੱਗ ਪਿਆ ਉਸਦੀ ਲੱਤ ਟੁੱਟ ਗਈ ਤੇ ਹੋਰ ਕਾਫੀ ਸੱਟਾਂ ਲੱਗੀਆਂ ਪਰ ਉਸਦੀ ਜਾਨ ਦਾ ਬਚਾਅ ਹੋ ਗਿਆ.. ਪੋਸਟਮਾਰਟਮ ਤੋਂ ਬਾਅਦ ਚਾਰੇ ਲਾਸ਼ਾਂ ਇੱਕ ਟਰੱਕ ਵਿੱਚ ਪਾ ਨਾਨਕਸਰ ਗੁਰਦੁਆਰੇ ਕੋਲ ਲੈ ਆਂਦੀਆਂ ਜਿੱਥੇ ਪਹਿਲਾਂ ਹੀ ਖੜ੍ਹੇ ਚਾਰਾਂ ਪਿੰਡਾਂ ਦੇ ਪਤਵੰਤੇ ਸੱਜਣ ਅਤੇ ਸਾਥੀ ਖਿਡਾਰੀ ਤਲਵਾਰ ਦੀ ਲਾਸ਼ ਕਾਂਉੰਕਿਆਂ,ਕੇਵਲ ਦੀ ਲੋਪੋ ਦੂਜੇ ਕੇਵਲ ਦੀ ਸੇਖਾ ਕਲਾਂ ਅਤੇ ਹਰਜੀਤ ਦੀ ਲਾਸ਼ ਬਾਜੇਖਾਨੇ ਨੂੰ ਲੈ ਗਏ.. ਠਾਠਾਂ ਮਾਰਦਾ ਇਕੱਠ ਹੋਇਆ ਇਹਨਾਂ ਪਿੰਡਾਂ ਵਿੱਚ.. ਬਾਜੇਖਾਨੇ ਦੇ ਲੋਕ ਕੋਠਿਆਂ ਤੇ ਚੜ ਭੁੱਬਾਂ ਮਾਰਦੇ ਦੇਖੇ ਗਏ..ਲਾਸ਼ਾਂ ਜਿਆਦਾ ਟੁੱਟ ਭੱਜ ਜਾਣ ਕਾਰਨ ਮਜਬੂਰੀ ਵੱਸ ਹਰਜੀਤ ਦਾ ਸਸਕਾਰ ਵੀ ਕਰਨਾ ਪਿਆ..ਉਸਦੀ ਪਤਨੀ ਆਪਣੀ ਕੁਝ ਮਹੀਨਿਆਂ ਦੀ ਬੱਚੀ ਨੂੰ ਲੈ ਅਗਲੇ ਦਿਨ ਪਹੁੰਚ ਸਕੀ ਤੇ ਵਾਰ ਵਾਰ ਇਹੀ ਕਹਿ ਰਹੀ ਸੀ ਕੇ ਮੈਨੂੰ ਮੇਰੇ ਹਰਜੀਤ ਤੇ ਮੇਰੀ ਬੱਚੀ ਨੂੰ ਆਪਣੇ ਬਾਬਲ ਦਾ ਮੂੰਹ ਤਾਂ ਦਿਖਾ ਦਿੰਦੇ..ਪਰ ਸਭ ਖਤਮ ਹੋ ਚੁੱਕਾ ਸੀ..ਹਰਜੀਤ ਦੇ ਵੱਡੇ ਭਰਾ ਸਰਬਜੀਤ ਦੀ ਮੌਤ ਜੂਨ ਚੁਰਾਸੀ ਹਮਲੇ ਵਿੱਚ ਅੰਮ੍ਰਿਤਸਰ ਸਾਹਿਬ ਵਿਖੇ ਹੋ ਗਈ ਸੀ..ਹਰਜੀਤ ਦੀ ਯਾਦ ਵਿੱਚ ਕਰਵਾਏ ਜਾਂਦੇ ਟੂਰਨਾਮੈਂਟ ਤੇ ਬਾਜੇਖਾਨੇ ਹੀ ਮਾਂ ਸੁਰਜੀਤ ਕੌਰ ਦੇ ਦਰਸ਼ਨ ਅਸੀਂ ਦੋ ਹਜਾਰ ਇੱਕ ਵਿੱਚ ਕੀਤੇ ਸਨ ਤੇ ਥੋੜ੍ਹੇ ਸਾਲਾਂ ਬਾਅਦ ਹੀ ਦੋ ਗੱਭਰੂ ਪੁੱਤਾਂ ਦਾ ਦੁੱਖ ਦਿਲ ਵਿੱਚ ਲੈ ਮਾਤਾ ਵੀ ਚੜਾਈ ਕਰ ਗਈ..ਬਾਜੇਖਾਨੇ ਪਿੰਡ ਵਿੱਚ ਹਰਜੀਤ ਦੇ ਸਾਰੇ ਲੇਖੇ ਜੋਖੇ ਸਮੇਤ ਲੱਗਿਆ ਬੁੱਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਯਾਦ ਦਿਵਾਉੰਦਾ ਰਹੇਗਾ!!✍🏼

Real Estate