ਇਕ ਨਿਹੰਗ ਸਿੰਘ ਦੀ ਰੌਚਕ ਗਾਥਾ

1299

ਨਿਹੰਗ ਬਲਦੇਵ ਸਿੰਘ ‘ਪਾਕਿਸਤਾਨੀ ‘
ਮਨਦੀਪ ਸਿੰਘ 647 504 4949
ਵੈਟਰਨਰੀ ਡਾ: ਕਿਸ਼ਨ ਸਿੰਘ ਤੇ ਸਰਕਾਰੀ ਨਰਸ ਮਾਤਾ ਦੇ ਘਰ ਜੰਮੇ 5 ਨਿਆਣਿਆਂ ਚੋ ਸਭ ਤੋ ਛੋਟਾ ਤੇ ਲਾਡਲਾ ਸੀ ਬਲਦੇਵ ਸਿੰਘ । ਡਾ: ਸਾਹਿਬ ਨੇ ਨਾ ਸਿਰਫ ਆਪਣੇ ਸਾਰੇ ਬੱਚੇ ਪੜਾ ਕੇ ਸਰਕਾਰੀ ਨੌਕਰੀਆਂ ਤੇ ਪਹੁੰਚਾਏ ਬਲਕਿ ਸਾਰੀ ਗਲੀ ਗਵਾਂਢ ਨੂੰ ਬੇਹੱਦ ਪੜ੍ਹਿਆ ਲਿਖਿਆ ਬਣਾ ਦਿੱਤਾ । ਉਹਨਾ ਦੇ ਚੁਬਾਰੇ ਪਈਆ ਲੋਹੇ ਦੀਆ ਕੁਰਸੀਆਂ ਤੇ ਬਹਿ ਕੇ ਪਤਾ ਨੀ ਕਿੰਨੇ ਕੁ ਅਫਸਰ , ਮਾਸਟਰ, ਮਾਸਟਰਨੀਆਂ ਤੇ ਫ਼ੌਜੀ ਬਣੇ । ਬਲਦੇਵ ਸਿੰਘ ਵੀ ਚੜਦੀ ਉਮਰੇ ਏਅਰ ਫੋਰਸ ਚ ਭਰਤੀ ਹੋ ਗਿਆ । ਚੜਦੀ ਉਮਰੇ ਹੀ ਵਿਆਹਿਆ ਗਿਆ ਤੇ 2 ਬੱਚਿਆਂ ਦਾ ਬਾਪੂ ਬਣ ਗਿਆ । ਕੁਝ ਸਮੇਂ ਪਿੱਛੋਂ ਸਿਰ ਤੋ ਪਿਤਾ ਜੀ ਦਾ ਸਾਇਆ ਉਠ ਗਿਆ । ਹੁਣ ਬਲਦੇਵ ਸਿੰਘ ਨੂੰ ਕੁਝ ਕਾਰੋਬਾਰੀ ਲੋਕ ਮਿਲੇ ਉਹਨੂੰ ਕੁਝ ਵੱਡਾ ਆਦਮੀ ਬਣਨ ਲਈ ਵੱਡੇ ਰਿਸਕ ਲੈਣ ਵਾਲਾ ਪਾਠ ਰਟਾਉਣ ਲੱਗੇ । ਥੋੜੇ ਸਮੇਂ ਪਿੱਛੋਂ ਨੌਕਰੀ ਛੱਡ ਕੇ ਉਹਨਾ ਨਾਲ ਰਲ ਕੇ ਵੱਡਾ ਕਾਰੋਬਾਰ ਕਰਨ ਲਈ ਬਾਰਡਰ ਪਾਰ ਜਾਂਦਾ ਰਿਹਾ । ਸਾਇਦ ਸੋਨਾ ਜਾਂ ਕਾਲਾ ਸੋਨਾ ਪਾਕਿਸਤਾਨੋ ਲਿਆ ਕੇ ਵੇਚਣਾ ਆਮ ਕਾਰੋਬਾਰ ਸੀ 70 ਵਿਆਂ ਚ । ਬੱਸ ਇਕ ਰਾਤ ਉਸ ਦੀ ਬੇਬੇ ਜੀ ਨੂੰ ਬਹੁਤ ਭਿਆਨਕ ਸੁਪਨਾ ਆਇਆ ਕਿ ਬਲਦੇਵ ਕਿਸੇ ਚਿੱਕੜ ਵਿੱਚ ਫਸ ਗਿਆ ਤੇ ਬਹੁਤ ਕੁੱਟ-ਮਾਰ ਹੋ ਰਹੀ ਹੈ ਉਸਦੀ , ਨੂੰਹ ਨੇ ਪਾਣੀ ਦੇ ਕੇ ਬੇਬੇ ਨੂੰ ਸੌਣ ਦੀ ਤਕੀਦ ਕੀਤੀ ਕਿ ਬੇਬੇ ਸੁਪਨਾ ਈ ਸੀ ਡਰੋ ਨਾ ।
ਕੁਝ ਮਹੀਨੇ ਲਾਪਤਾ ਰਹਿਣ ਤੋ ਬਾਦ ਇਕ ਚਿੱਠੀ ਆ ਗਈ ਕਿ ਮੈਨੂੰ ਪਾਕਿਸਤਾਨੀ ਫੌਜ ਨੇ ਫੜ ਲਿਆ ਸੀ ਤੇ 8 ਸਾਲ ਦੀ ਬਾਮੁਸਕਤ ਕੈਦ ਬੋਲਗੀ ਸਮਗਲਿੰਗ ਦੇ ਦੋਸ਼ ‘ਚ ।
ਜਦੋਂ ਤੱਕ ਬਲਦੇਵ ਵਾਪਿਸ ਪਿੰਡ ਆਇਆ ਬੱਚੇ ਵੱਡੇ ਹੋ ਚੁੱਕੇ ਸਨ , ਘਰਵਾਲ਼ੀ ਤੇ ਮਾਂ ਦੇ ਹੰਝੂ ਸੁੱਕ ਚੁੱਕੇ ਸਨ , ਕਾਫ਼ੀ ਕੁਰਖਤ ਸੁਭਾੳ ਵਾਲਾ ਬਣ ਗਿਆ ਸੀ ਅਕਸਰ ਹੱਸਮੁੱਖ ਰਹਿਣੇ ਦਾ । ਦਾੜੀ ਕੇਸ ਸਫ਼ਾਚੱਟ ਤੇ ਬੋਲੀ ‘ਚ ਕੁਝ ੳਪਰੇ ਜਿਹੇ ਸ਼ਬਦ ਉਹ ਅਕਸਰ ਬੋਲਦਾ । 8-10 ਹਰੀਆਂ ਮਿਰਚਾਂ ਇਕ ਵੇਲੇ ਦੀ ਰੋਟੀ ਨਾਲ ਖਾਂਦਾ ਵੇਖ ਆਮ ਬੰਦਾ ਹੈਰਾਨ ਹੁੰਦਾ ।
ਕੁਝ ਸਮਾਂ ਖੇਤੀ ਕੀਤੀ ਬਿਨਾ ਕਿਸੇ ਸੰਦ ਟ੍ਰੈਕਟਰ ਆਦਿ ਖਰੀਦੇ । ਅਣਮੰਨੇ ਜਿਹੇ ਮਨ ਨਾਲ ਘਰ ਰਹਿ ਰਿਹਾ ਸੀ । ਪਰ ਉਹਦਾ ਦਿਲ ਪਰਚਿਆ ਨਹੀਂ ਸੀ ਘਰ ਗ੍ਰਹਿਸਥੀ ‘ਚ ।। ਉਪਰਾਮ ਹੋ ਕੇ 2-4 ਸਾਲਾਂ ਪਿੱਛੋਂ ਪਿੰਡ ਦੀ ਬੈਂਕ ਤੋ 10 ਕੁ ਹਜ਼ਾਰ ਦੀ ਲਿਮਟ ਬਣਾ ਕੇ , ਪੈਸੇ ਲੈ ਕੇ ਫੇਰ ਫ਼ਰਾਰ ਹੋ ਗਿਆ ।
ਪਿੰਡ ਸਾਰਾ ਹੈਰਾਨ ਸੀ ਕਿ ਬਲਦੇਵ ਪਾਕਿਸਤਾਨੀ ਕਿਧਰ ਗਿਆ ਹੋਵੇਗਾ ?
ਬੱਚੇ ਜਵਾਨ ਹੋਏ , ਪੜ ਲਿਖ ਕੇ ਵਿਆਹੇ ਗਏ ਤੇ ਵਿਦੇਸ਼ੀਂ ਸੈੱਟ ਹੋ ਗਏ । ਘਰਦੀ ਹਾਲੇ ਪਿੰਡ ਈ ਰਹਿੰਦੀ ਸੀ ਕਿ ਅਚਾਨਕ 7-8 ਸਾਲ ਬਾਦ ਫੇਰ ਪ੍ਰਗਟ ਹੋ ਗਿਆ , ਪਿੰਡ ਦੀ ਫਿਰਨੀ ਤੋ ਜੀਪ ਨਾਲ 4 ਨਹਿੰਗ ਸਿੰਘ , ਮੂਹਰਲੀ ਸੀਟ ਤੇ ਬੈਠਾ ਵੱਡਾ ਸਾਰਾ ਫਰਲਾ , ਗਾਤਰੇ ਤਿੰਨ ਫੁੱਟੀ ਕਿਰਪਾਨ ਤਿਆਰ -ਬਰ- ਤਿਆਰ ਫੌਜਾਂ ਨੇ ਜਦੋਂ ਆਪਣੇ ਹੈਡਮਾਸਟਰ ਭਰਾ ਦੇ ਘਰੇ ਆਣ ਕਿਆਮ ਕੀਤੇ ਸਭ ਬਹੁਤ ਹੈਰਾਨ ਤੇ ਖੁਸ਼ ਹੋਏ ਨਹਿੰਗ ਸਿੰਘ ਨੂੰ ਚੜਦੀ ਕਲਾ ਤੇ ਗੜਕਵੀ ਅਵਾਜ਼ ਚ ਬੋਲਦਿਆਂ ਸੁਣ ਕੇ । ਮੈਨੂੰ ਨਾਲ ਲੈ ਕੇ ਆਪਣੀ ਬੇਬੇ ਜੀ ਅਤੇ ਘਰਦੀ ਨੂੰ ਮਿਲਣ ਗਏ । ਬੇਬੇ ਬੇਹੱਦ ਭਾਵੁਕ ਹੋਈ ਤੇ ਰੋਈ ਪਰ ਪੁੱਤਰ ਨੂੰ ਚੜਦੀ ਕਲਾ ਚ ਵੇਖ ਕੇ ਬਹੁਤ ਖੁਸ਼ ਵੀ ਪਰ ਸਰਦਾਰਨੀ ਨੇ ਬੇਹੱਦ ਗ਼ੁੱਸਾ ਜ਼ਾਹਿਰ ਕੀਤਾ ਜੋ ਨਿਹੰਗ ਫੌਜਾਂ ਨੇ ਖਿੜੇ ਮੱਥੇ ਪਰਵਾਨ ਕੀਤਾ ।
ਰਾਹ ਚ ਮੁੜਕੇ ਆੳੁਂਦੇ ਨੇ ਮੈ ਸਵਾਲ ਕੀਤਾ ਕਿ ਤੁਸੀਂ ਆਪਣੀ ਜ਼ੁੰਮੇਵਾਰੀ ਭੱਜੇ ਕਿੳੁਂ ?
ਹੱਸਕੇ ਕਹਿੰਦਾ ਜੇ ਨਾ ਜਾਂਦਾ ਮੇਰੇ ਹੱਥੋਂ ਇਹ ਮਰਦੀ ਜਾਂ ਮੈ ਜ਼ਹਿਰ ਪੀਂਦਾ ! ਜਦੋਂ ਸਾਡੇ ਸੰਜੋਗ (ਸੁਭਾੳ) ਈ ਨੀ ਮਿਲੇ , ਟੱਕਰ ਤਾਂ ਫਿਰ ਹੋਣੀ ਈ ਸੀ । ਖ਼ੈਰ ਨਾ ਇਹਦੇ ਵੱਸ ਹੈ ਨਾ ਮੇਰੇ , ਸ਼ੁਕਰ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਜੀਹਨੇ ਜਿਊਣ ਦਾ ਰਾਹ ਤੇ ਸੇਵਾ ਸਿਮਰਨ ਵਾਲਾ ਜੀਵਨ ਬਖ਼ਸ਼ ਦਿੱਤਾ ਨਹੀਂ ਪਤਾ ਨੀ ਕੀ ਹਾਲ ਹੋਣੇ ਸੀ ? ਖ਼ੈਰ ਕੁਝ ਦਿਨ ਰਹਿ ਕੇ ਫਿਰ ਵਾਪਿਸ ਗਵਾਲੀਅਰ ਚਲੇ ਗਏ ਜਿੱਥੇ ਉਹਨਾ ਦੀ ਜਥੇ ਵੱਲੋਂ ਡਿਊਟੀ ਸੀ । ਜਾਂਦੇ ਜਾਂਦੇ ਸਾਡੇ ਘਰਦਾ ਫ਼ੋਨ ਨੰਬਰ ਲੈ ਗਏ ਤੇ ਆਪਣਾ ਕਿਸੇ ਜਾਣੂ ਦਾ ਘਰਦਾ ਨੰਬਰ ਦੇ ਗਏ ੳੁਦੋ ਸੈੱਲ ਫ਼ੋਨ ਨਹੀਂ ਸਨ ਆਏ । ਕਈ ਵਰੇ ਬੀਤ ਗਏ ਪਰ ਕਦੇ ਕੋਈ ਸੰਪਰਕ ਨਾ ਹੋਇਆ ਫਿਰ ਇਕ ਦਿਨ ਤੜਕੇ ਤੜਕੇ ਫ਼ੋਨ ਖੜਕਿਆ ਮੈ ਚੁੱਕਿਆ ਤੇ ਅਵਾਜ਼ ਪਛਾਣ ਕੇ ਉਹਨਾ ਦੇ ਭਰਾਤਾ ਸਾਬ ਨੂੰ ਜਗਾਇਆ । ਪਹਿਲਾ ਸਵਾਲ ਸੁਣ ਕੇ ਅਸੀਂ ਹੈਰਾਨ ਰਹਿ ਗਏ ।। ਮਾਤਾ ਕਿਵੇਂ ਆਂ ? ਮੈਨੂੰ ਲੱਗਦਾ ਉਹ ਧਿਆਨੇ ਕਰ ਗਈ ? ਸਵਾਲ ਸੁਣ ਕੇ ਫੁੱਫੜ ਜੀ ਥੋੜਾ ਜਜ਼ਬਾਤੀ ਹੋ ਕੇ ਕਹਿੰਦੇ ਹਾਂ ਉਹ ਚੜ੍ਹਾਈ ਕਰ ਗਈ ਪਰਸੋ !
ਮੈਨੂੰ ਦੱਸਿਆ ਕਿਉਂ ਨਹੀਂ ? ਮੈ ਫ਼ੋਨ ਨੰਬਰ ਲਿਖਾ ਕੇ ਗਿਆ ਸੀ।। ਖ਼ੈਰ ਮੈਂਨੂੰ ਮਿਲ ਕੇ ਗਈ ਆ ਤੇ ਜਗਾ ਕੇ ਵੀ ।।। ਤਾਹੀ ਤੈਨੂੰ ਫ਼ੋਨ ਕਰਕੇ ਪੁੱਛਿਆ ।। ਹੁਣ ਅੰਤਿਮ ਅਰਦਾਸ ਤੇ ਮੈਂ ਪਹੁੰਚਦਾ ।
ਉਹਨੀ ਦਿਨੀਂ ਨਹਿੰਗ ਸਿੰਘ ਦੇ ਜੀਜਾ ਜੀ ਵੀ ਪਹੁੰਚੇ ਹੋਏ ਸਨ ਇੰਗਲੈਡ ਤੋ । ਲਗ-ਪਗ 25-27 ਸਾਲ ਬਾਦ ਮੇਲੇ ਹੋਏ ਦੋਵਾਂ ਦੇ , ਭੋਗ ਤੋ ਕੁਝ ਦਿਨ ਬਾਦ ਜਦੋਂ ਸਾਰੇ ਆਪੋ ਆਪਣੀਆਂ ਡਿਊਟੀਆਂ ਤੇ ਗਏ ਹੋਏ ਸਨ ਮੇਰੀ ਡਿਊਟੀ ਇਹਨਾ ਜੀਜੇ-ਸਾਲੇ ਦੀ ਸੇਵਾ ਵਿੱਚ ਸੀ । ਮੈ ਕੜਾਕੇਦਾਰ ਚਾਹ ਬਣਾ ਕੇ ਲਿਆਇਆ ਬਰਾਂਡੇ ਚ ਬੈਠੇ ਪ੍ਰੀਤਮ ਸਿੰਘ ( ਇੰਗਲੈਡ ) ਵਾਲੇ ਨੇ ਇਹ ਕਹਿ ਕੇ ਬਲਦੇਵ ਸਿੰਘ ਮੈ ਤੇਰੇ ਲਈ ਕੋਈ ਗਿਫਟ ਨਹੀਂ ਲਿਆ ਸਕਿਆ ਆਹ ਮੇਰੇ ਵੱਲੋਂ ਤੈਨੂੰ ਥੋੜੀ ਜਿਹੀ ਭੇਟਾ ਕਹਿੰਦਿਆਂ 5 ਹਜ਼ਾਰ ਰੁ ਫੜਾਉਣੇ ਚਾਹੇ ।ਨਿਹੰਗ ਬਲਦੇਵ ਸਿੰਘ ਨੇ ਨਾਂਹ ਕਰ ਦਿੱਤੀ ਜਦੋਂ ਥੋੜਾ ਜਿਹਾ ਜਿਆਦਾ ਜ਼ੋਰ ਦੇ ਕੇ ਕਿਹਾ ਵਿੱਚੇ ਮੈ ਵੀ ਹਾਮੀ ਭਰ ਦਿੱਤੀ ਕਿ ਸਿੰਘ ਸਾਹਿਬ ਚੋਲਾ ਸਮਾ ਲਿਓ ਤੁਹਾਡਾ ਵੱਡਾ ਪ੍ਰਾਹੁਣਾ ਦੇ ਰਿਹਾ ਤਾਂ ਬਹੁਤ ਜ਼ੋਰਦਾਰ ਹਾਸਾ ਹੱਸਿਆ ਤਾੜੀ ਮਾਰ ਕੇ । ਮੈ ਠਠੰਬਰ ਜਿਹਾ ਗਿਆ ,ਮੈਂ ਨੀ ਨਾਗਣੀ ਨੂੰ ਹੱਥ ਲਾੳਦਾ ਜਵਾਨਾਂ ।।। ਆਪਣੇ ਚੋਲੇ ਦੀ ਅੰਦਰਲੀ ਜੇਬ ਚ ਬੁੱਕ ਭਰਕੇ ਗੁੱਛੂ ਮੁੱਛੂ ਕੀਤੇ ਵਾਹਵਾ ਸਾਰੇ ਨੋਟ ਟੇਬਲ ਤੇ ਢੇਰੀ ਕਰ ਦਿੱਤੇ ।।, ਨਾਲੇ ਜ਼ਬਰਦਸਤ ਸਿੱਖਿਆ ਮੈਨੂੰ ਬਖ਼ਸ਼ੀ ਕਿ ।।, ਜਦ ਤੱਕ ਨਾਗਣੀ ਦੇ ਮਗਰ ਭੱਜੋਗੇ ਇਹ ਹੋਰ ਸਪੀਡ ਨਾਲ ਅੱਗੇ ਦੌੜੇਗੀ ਪਰ ਜਦੋਂ ਇਹਦੇ ਵੱਲੋਂ ਮੂੰਹ ਮੋੜ ਲਵੋਗੇ ਤੁਹਾਡੇ ਪੈਰਾਂ ਚ ਰੁਲ਼ਦੀ ਆ ਇਹ ਮਾਇਆ ਨਾਗਣ ।।।ਮੈ ਇਹਨੂੰ ਪਾਉਣ ਲਈ ਨੌਕਰੀ ਕੀਤੀ , ਬਲੈਕ ਕੀਤੀ , ਜੇਲ ਕੱਟੀ , ਬੇਇੱਜ਼ਤੀ ਝੱਲੀ ਪਰ ਸਹੁਰੀ ਇਹ ਨਾ ਮਿਲੀ ।।। ਹੁਣ ਜਦੋਂ ਮੈ ਘਰ ਬਾਰ ਜ਼ਮੀਨ ਜਾਇਦਾਦ ਸਭ ਕੁਝ ਛੱਡ ਕੇ ਫਕੀਰ ਹੋ ਗਿਆ ਇਹ ਰੁਲ਼ਦੀ ਫਿਰਦੀ ਆ ਸਿੰਘਾਂ ਦੀ ਚਰਨਦਾਸੀ ਬਣ ਕੇ ।।, ਤੂੰ ਯਕੀਨ ਕਰੇਗਾ ਕਿ ਮੈ ਪਿਛਲੇ ਸਾਲ ਦੀ ਤਨਖ਼ਾਹ , ਗੁਰੂ ਕੇ ਵਜ਼ੀਰ ਵਾਲੀ ਵੀ , ਨਹੀਂ ਲਈ ਤਾਂ ਵੀ ਵਾਧੂ ਆ ।।।।
ਪਰ ਸਿੰਘ ਸਾਬ ਫਿਰ ਇਹ ਮਾਇਆ ਦਿੰਦਾ ਕੌਣ ਹੈ ? ਮੈ ਹਲਕਾ ਜਿਹਾ ਹਾਸੇ ਵਾਲੇ ਮੂਡ ਨਾਲ ਪੁੱਛਿਆ !
ਜੇ ਪਿੳ ਬਾਦਸ਼ਾਹ ਹੋਵੇ ਪੁੱਤਰ ਫਕੀਰ ਹੋਵੇ ਤਾਂ ਲੋਕ ਸਵਾਲ ਕੀਹਨੂੰ ਕਰਨਗੇ ਪਾੜਿਆ ?
ਬਾਦਸ਼ਾਹ ਨੂੰ । ਮੇਰਾ ਜਵਾਬ ਸੀ ।
ਹੋਈਏ ਪੁੱਤ ਅਸੀਂ ਬਾਜਾ ਵਾਲੇ ਕਲਗ਼ੀਧਰ ਦਸਮੇਸ਼ ਬਾਪੂ ਗੁਰੂ ਗੋਬਿੰਦ ਸਿੰਘ ਦੇ ਤੇ ਹੋਈਏ ਨੰਗ ?
ਇਹ ਕਿਵੇਂ ਹੋ ਸਕਦਾ ਆਪੇ ਕਿਰਪਾ ਕਰਦਾ ਸਤਿਗੁਰ , ਕਦੇ ਖ਼ਜ਼ਾਨੇ ਤੇ ਹੌਸਲੇ ਖਾਲ਼ੀ ਨਹੀਂ ਹੋਏ !
ਆਖੀਰ ‘ਚ ਮੈ ਫਰਲੇ ਵਾਲੇ ਨਹਿੰਗ ਸਿੰਘ ਤੇ ਆਮ ਦੁਮਾਲੇ ਵਾਲੇ ਨਹਿੰਗ ਸਿੰਘ ਦੇ ਅਹੁਦੇ ਚ ਫਰਕ ਪੁੱਛਿਆ ਤਾਂ ਜਵਾਬ ਮਿਲਿਆਂ ਕਿ ਆਮ ਦੁਮਾਲੇ ਵਾਲੇ ਗੁਰੂ ਕੋਲੇ ਗਹਿਣੇ ਨੇ ਤੇ ਫਰਲੇ ਵਾਲੇ ਬੈ ਖਰੀਦ ਨੇ ਗੁਰੂ ਕੇ ਗੋਲੇ ।
ਇਹ ਬਾਬਾ ਨਹਿੰਗ ਲਗ-ਪਗ 70 ਸਾਲ ਦੀ ਆਰਜਾ ਭੋਗ ਕੇ ਗੁਰੂ ਚਰਨਾ ਚ ਸਮਾ ਚੁੱਕੇ ।।।।।,,

Real Estate