ਜ਼ਿੰਦਗੀ ਦੇ ਪਾਤਰ : ਜਿਉਣਾ ਤੇ ਬਚਨਾ

1215

ਮੇਰੇ ਪਿੰਡ ਜੀਦਾ ਦੇ ਇਤਿਹਾਸ ਦੇ ਝਰੋਖੇ ਚੋ ਉਪਜੀ ਕਹਾਣੀ –

ਜਗਸੀਰ ਜੀਦਾ
[email protected]
📞 9417333203

1971 ਵਿੱਚ ਭਾਰਤ ਪਾਕਿਸਤਾਨ ਵਿਚਕਾਰ ਘਮਸਾਨ ਦੀ ਜੰਗ ਲੱਗੀ ਹੋਈ ਸੀ।
ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਜੰਗ ਦਾ ਮਾਰੂ ਅਸਰ ਪੰਜਾਬੀਆਂ ਤੋਂ ਵੱਧ ਸ਼ਾਇਦ ਹੀ ਕਿਸੇ ਹੋਰ ਹਿੱਸੇ ਦੇ ਵਸਨੀਕਾਂ ਨੇ ਆਪਣੇ ਜਿਸਮਾਂ ‘ਤੇ ਜੰਗ ਦੇ ਸੰਤਾਪ ਨੂੰ ਹੰਢਾਇਆ ਤੇ ਮਹਿਸੂਸ ਕੀਤਾ ਹੋਵੇ।

ਦੇਸ਼ ਦੀ ਨਿਹੱਕੀ ਵੰਡ ਦੀਆਂ ਦੰਦ ਕਥਾਵਾਂ ਦਿਲ ਨੂੰ ਹੁਣ ਵੀ ਕੰਬਣੀ ਛੇੜ ਦਿੰਦੀਆਂ ਹਨ।

ਸਾਡੇ ਪਿੰਡ ਜੀਦਾ ਜ਼ਿਲ੍ਹਾ ਬਠਿੰਡਾ ਦੇ ਬਚਨ ਸਿੰਘ ਤੇ ਜਿਉਣਾ ਸਿੰਘ ਵੱਖਰੀਆਂ ਜਾਤ ਬਰਾਦਰੀਆਂ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਦੀ ਮਨਾਂ ਦੀ ਪੂਰੀ ਸਾਂਝ ਸੀ।

ਦੋਹਾਂ ਦੀ ਪਿਆਲੇ ਦੀ ਸਾਂਝ ਹੀ ਇਕੱਠੇ ਹੋਣ ਦਾ ਵੀ ਸਵੱਬ ਬਣਦੀ ਸੀ। ਉਹ ਬੈਠ ਕੇ ਦੁਨੀਆਂਦਾਰੀ ਦਾ ਤਵਸਰਾ ਕਰਦੇ ਅਤੇ ਆਪਣਾ ਢਿੱਡ ਹੌਲ਼ਾ ਕਰ ਲੈਂਦੇ।

ਜੰਗ ਲੱਗੀ ਹੋਣ ਕਰਕੇ ਲੋਕ ਖ਼ਬਰਾਂ ਨੂੰ ਹੁਣ ਵਾਂਗ ਕਰੋਨਾ ਵਾਇਰਸ ਦੀ ਦਹਿਸ਼ਤ ਵਾਂਗ ਸੁਣਦੇ ਸਨ।
ਮੇਰੇ ਨਿੱਕੇ ਹੁੰਦੇ ਦੇ ਯਾਦ ਹੈ, ਨਵੇਂ ਬਣੇ ਪਿੰਡ ਦੇ ਗੁਰਦਵਾਰੇ ਦੇ ਸਪੀਕਰ ਤੋਂ ਖ਼ਬਰਾਂ ਸੁਣਦੇ ਹੁੰਦੇ ਸੀ। ਰਾਤ ਨੂੰ ਦੀਵਾ ਬੱਤੀ ਬੰਦ ਰੱਖਣ ਦੀ ਮੁਨਿਆਦੀ ਚੌਕੀਦਾਰ ਹੋਕਾ ਲਾ ਕੇ ਕਰਦਾ।
ਬਠਿੰਡੇ ਸ਼ਹਿਰ ਉਤੇ ਪਾਕਿਸਤਾਨ ਵੱਲੋ ਬੰਬ ਸੁੱਟਿਆ ਗਿਆ ਸੀ। ਭਾਵੇਂ ਜਾਨੀ ਨੁਕਸਾਨ ਨਹੀਂ ਹੋਇਆ ਪਰ ਫਿਰ ਵੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ।

ਜਿਉਣਾ ਸਿੰਘ ਤੇ ਬਚਨਾ ਸਿੰਘ ਸ਼ਾਮ ਨੂੰ ਨਹਾ ਧੋ ਕੇ ਵਾੜੇ ਵਿੱਚ ਮੰਜੀ ਡਾਹ ਕੇ ਬੈਠੇ ਆਪਣੇ ਰੰਗ ਵਿੱਚ ਹੋ ਜਾਂਦੇ।
ਦੁਨੀਆਂਦਾਰੀ ਦੀਆਂ ਗੱਲਾ ਬਾਤਾਂ ਕਰਦੇ ਕਰਦੇ ਬਹੁਤ ਡੂੰਘੇ ਉੱਤਰ ਜਾਂਦੇ। ਜੰਗ ਦਾ ਹਾਇਮ ਤੇ ਵਿਸ਼ਾ ਉਹਨਾਂ ਨੂੰ ਜਦੋਂ ਲਗਦਾ ਕਿ ਇਹ ਦੁਨੀਆਂ ਤੇ ਮੇਲਾ ਅੱਜ ਭਲਕ ਦਾ ਹੀ ਲੱਗਦਾ! ਕਦੋਂ ਕੀ ਹੋਣਾ ਹੈ ਕੋਈ ਭਰੋਸਾ ਨਹੀਂ ਹੈ।

“ਅੱਜ ਪਾਕਿਸਤਾਨੀਆਂ ਨੇ ਐਨੇ ਫੌਜੀ ਮਾਰ ‘ਤੇ”
“ਭਾਰਤੀਆਂ ਨੇ ਐਨੇ ਫੌਜੀ ਮਾਰ ਦਿੱਤੇ”।
ਰੇਡੀਉ ‘ਤੇ ਖ਼ਬਰਾਂ ਵਿੱਚ ਦੋਵੇਂ ਦੇਸ਼ ਇੱਕ ਦੂਜੇ ਨੂੰ ਦੁਸ਼ਮਣ ਹੀ ਦੱਸਦੇ ਸਨ।

ਜਿਉਣਾ ਸਿੰਘ ਤੇ ਬਚਨ ਸਿੰਘ ਸ਼ਰਾਬ ਦੇ ਪੈੱਗ ਦੇ ਸਰੂਰ ਵਿੱਚ ਸੋਚਦੇ ਕਿਤੇ ਦੀ ਕਿਤੇ ਪਹੁੰਚ ਜਾਂਦੇ ।

ਸੰਨਾਟਾ ਛਾ ਜਾਂਦਾ !

ਰੋਜ਼ਾਨਾ ਵਾਂਗ ਉਹ ਇੱਕ ਦੂਜੇ ਨੂੰ ਕੂਹਣੀ ਮਾਰਦੇ ਕਹਿੰਦਾ ! “ਛੱਡ ਯਾਰ ! ਤੇਰਾ ਨਾਮ ? ਜਿਉਣਾ ਹੈ
ਮੇਰਾ ਨਾਮ ਹੈ ਬਚਨਾ “!

“ਫੇਰ ਫ਼ਿਕਰ ਕਿਉਂ ਕੀਤਾ?”

ਦੋਵੇਂ ਹੱਥ ‘ਤੇ ਹੱਥ ਮਾਰਦੇ। ਹੱਸਦੇ “ਤੂੰ ਜਿਉਣਾ ਤੇ ਮੈਂ ਬਚਣਾ ਪੈਗ ਪਾ ਯਾਰ।”

ਉਹਨਾਂ ਦੀ ਜਿੰਦਾ ਦਿਲ਼ੀ ਅੱਜ ਵੀ ਕਰੋਨਾ ਵਾਇਰਸ ਦੀ ਦਹਿਸ਼ਤ ਦੇ ਸਿਰਜੇ ਮਾਹੌਲ ਵਿੱਚ ਚੇਤੇ ਆ ਰਹੀ ਹੈ।

 

 

Real Estate