ਪੁਲਸ ਨੇ ਘਰ ‘ਚ ਵੜ ਕੇ ਔਰਤ ਤੇ ਉਸਦੇ ਪਰਵਾਰ ਦੀ ਕੁੱਟਮਾਰ ਕੀਤੀ

2141

ਬਰਨਾਲਾ, 14 ਅਪ੍ਰੈਲ (ਜਗਸੀਰ ਸਿੰਘ ਸੰਧੂ) : ਬਰਨਾਲਾ ਦੇ ਸੇਖਾ ਰੋਡ ਦੀ ਵਸਨੀਕ ਔਰਤ ਸੱਤਿਆ ਦੇਵੀ ਨੇ ਦੋਸ਼ ਲਗਾਏ ਹਨ ਕਿ ਬੀਤੇ ਦਿਨ ਸ਼ਾਮ ਨੂੰ ਪੁਲਸ ਦੇ ਕੁਝ ਮੁਲਾਜਮਾਂ ਉਸ ਦੇ ਘਰ ਵਿੱਚ ਵੜ ਕੇ ਉਸ ਸਮੇਤ ਉਸਦੇ ਪਰਵਾਰਿਕ ਮੈਂਬਰਾਂ ਦੀ ਬੁਰੀ ਤਰਾਂ ਕੁੱਟਮਾਰ ਕੀਤੀ ਗਈ ਹੈ। ਉਕਤ ਔਰਤ ਨੇ ਇਹ ਵੀ ਦੋਸ਼ ਲਗਾਏ ਹਨ ਕਿ ਉਕਤ ਪੁਲਸ ਵਾਲਿਆਂ ਨੇ ਕਥਿਤ ਤੌਰ ‘ਤੇ ਸਰਾਬ ਪੀਤੀ ਹੋਈ ਸੀ। ਬੜੀ ਮੁਸਕਲ ਨਾਲ ਪ੍ਰੈਸ ਤੱਕ ਪੁਹੰਚੀ ਪੀੜਤ ਔਰਤ ਨੇ ਕਿਹਾ ਹੈ ਕਿ ਉਹਨਾਂ ਦੀ ਬਸਤੀ ਵਿੱਚੋਂ ਪਿਛਲੇ ਦਿਨੀਂ ਇੱਕ ਔਰਤ ਦੇ ਕੋਰੋਨਾ ਟੈਸਟ ਪਾਜੇਟਿਵ ਆਉਣ ਕਰਕੇ ਪੁਲਸ ਨੇ ਸਾਰਾ ਇਲਾਕਾ ਸੀਲ ਕੀਤਾ ਹੋਇਆ ਸੀ, ਜਿਸ ਕਰਕੇ ਉਹਨਾਂ ਦਾ ਘਰ ਦਾ ਖਾਣ ਪੀਣ ਦਾ ਸਮਾਨ ਖਤਮ ਹੋ ਗਿਆ ਸੀ। ਪੀੜਤ ਔਰਤ ਅਨੁਸਾਰ ਉਸਦਾ ਪਤੀ ਬਿਮਾਰੀ ਕਾਰਨ ਮੰਜੇ ‘ਤੇ ਪਿਆ ਹੈ, ਜਦਕਿ ਉਹ ਲੋਕਾਂ ਦੇ ਘਰਾਂ ਵਿੱਚ ਝਾੜੂ ਪੋਚਾ ਕਰਕੇ ਅਤੇ ਭਾਂਡੇ ਮਾਂਜ ਕੇ ਘਰ ਦਾ ਗੁਜਾਰਾ ਚਲਾਉਂਦੀ ਹੈ, ਪਰ ਹੁਣ ਇਲਾਕਾ ਸੀਲ ਹੋਣ ਕਰਕੇ ਉਹ ਕੰਮ ਲਈ ਬਾਹਰ ਨਹੀਂ ਜਾ ਸਕਦੀ। ਉਸ ਦੇ ਬੱਚੇ ਚਾਹ ਪੀਣ ਵੱਲੋਂ ਵੀ ਤਰਸ ਰਹੇ ਸਨ, ਜਿਸ ਕਰਕੇ ਉਹ ਬੀਤੇ ਸ਼ਾਮ ਘਰੋਂ ਬਾਹਰ ਦੁੱਧ ਲੈਣ ਲਈ ਗਈ ਤਾਂ ਘਰ ਤੋਂ ਬਾਹਰ ਨਿਕਲਦਿਆਂ ਹੀ ਦੋ ਪੁਲਸ ਵਾਲੇ ਉਸ ਨੂੰ ਕੁੱਟ ਲੱਗ ਪਏ ਤਾਂ ਉਹ ਭੱਜ ਕੇ ਆਪਣੇ ਘਰ ਆ ਵੜੀ, ਪਰ ਪੁਲਸ ਵਲਿਆਂ ਨੇ ਉਸਦੇ ਘਰ ਅੰਦਰ ਆ ਕੇ ਉਸਦੀ, ਉਸਦੇ ਪੁੱਤਰ ਦੀ ਬੁਰੀ ਤਰਾਂ ਕੁੱਟਮਾਰ ਕੀਤੀ, ਅਖੀਰ ਉਹਨੇ ਤੇ ਉਸਦੀ ਕੁੜੀ ਨੇ ਪੁਲਸ ਵਾਲਿਆਂ ਦੇ ਪੈਰੀਂ ਚੁੰਨੀ ਧਰ ਕੇ ਆਪਣੇ ਬਿਮਾਰ ਪਤੀ ਨੂੰ ਪੁਲਸ ਦੀ ਕੁੱਟ ਤੋਂ ਬਚਾਇਆ। ਪੀੜਤ ਔਰਤ ਨੇ ਦੋਸ਼ ਲਗਾਏ ਹਨ ਕਿ ਦੋਵਾਂ ਪੁਲਸ ਵਾਲਿਆਂ ਨੇ ਕਥਿਤ ਤੌਰ ‘ਤੇ ਸਰਾਬ ਪੀਤੀ ਹੋਈ ਸੀ।

ਕੀ ਕਹਿਣਾ ਡੀ.ਐਸ.ਪੀ ਬਰਨਾਲਾ ਦਾ :-
ਇਸ ਘਟਨਾ ਸਬੰਧੀ ਜਦੋਂ ਡੀ.ਐਸ.ਪੀ ਬਰਨਾਲਾ ਸ੍ਰੀ ਰਾਜੇਸ਼ ਛਿੱਬਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਪ੍ਰੈਸ ਤੋਂ ਹੀ ਇਸ ਘਟਨਾ ਪਤਾ ਲੱਗਿਆ ਹੈ ਅਤੇ ਹੁਣ ਉਹ ਉਕਤ ਘਟਨਾ ਦੀ ਜਾਂਚ ਕਰਵਾਉਣਗੇ। ਉਹਨਾਂ ਕਿਹਾ ਕਿ ਪੁਲਸ ਦਾ ਕੰਮ ਇਸ ਲਾਕਡਾਊਨ ਸਮੇਂ ਲੋਕਾਂ ਦੀ ਹਰ ਤਰਾਂ ਨਾਲ ਮੱਦਦ ਕਰਨਾ ਹੈ, ਜੇਕਰ ਕੋਈ ਵੀ ਪੁਲਸ ਕਰਮਚਾਰੀ ਅਜਿਹੀ ਘਟਨਾ ਵਿੱਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਬਖਸ਼ਿਆ ਨਹੀਂ ਜਾਵੇਗਾ।

Real Estate