ਘੁਣਤਰਾਂ            

1411

                                                        ਚਿੱਟਾ-ਕਾਲਾ

                                                                                                      ਘੁਣਤਰੀ
                                                                                               98764-16009

”ਯਾਰ ਕਾਮਰੇਡਾ! ਜਨਤਾ ਨੇ ਹੁਣ ਤਾਂ ਮੋਦੀ ਸਾਹਿਬ ਨੂੰ ਦੂਜੀ ਵਾਰ ਪ੍ਰਧਾਨ ਮੰਤਰੀ ਬਣਾ ਦਿਤੈ, ਪਰ ਅੱਛੇ ਦਿਨ ਤਾਂ ਕੀ ਆਉਣੇ ਸੀ, ਉਲਟਾ ਬੁਰੇ ਦਿਨ ਸੁਰੂ ਹੋ’ਗੇ, ਮਹਿੰਗਾਈ ਸਾਲੀ ਛਾਲਾਂ ਮਾਰਦੀ ਵਧੀ ਜਾਂਦੀ ਐ, ਜੇਹੜੀ ਚੀਜ਼ ਦਾ ਮਰਜੀ ਭਾਅ ਪੁੱਛ ਲੋ, ਰੇਟ ਸੁਣਨ ਸਾਰ ਬੰਦੇ ਨੂੰ ਤਾਪ ਚੜ ਜਾਂਦੈ” ਬਿੱਕਰ ਨੇ ਸ਼ਹਿਰੋਂ ਮੁੜਦਿਆਂ ਆਪਣੀ ਸਾਇਕਲ ਸੱਥ ‘ਚ ਖੜਾ ਕਰ ਦਿੱਤਾ। ”ਅਮਲੀਆ! ਤੈਨੂੰ ਕਾਹਦਾ ਫਿਕਰ ਐ, ਤੂੰ ਤਾਂ ਛੜਾ ਛਟਾਕ ਬੰਦੈ, ਤੂੰ ਕਿਉਂ ਕਲਪੀ ਜਾਨੈਂ” ਮਾਸਟਰ ਦਰਸ਼ਨ ਸਿੰਘ ਵੱਲੋਂ ਕੀਤੇ ਇਸ ਵਾਰ ਦਾ ਲੱਗਦੇ ਹੱਥ ਈ ਜਵਾਬ ਦਿੰਦਾ ਬਿੱਕਰ ਫੇਰ ਬੋਲਿਆ ”ਮਾਸਟਰਾ! ਹੁਣ ਛੜਾ ਛਟਾਕ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਐ, ਉਹਦੇ ਕੇਹੜਾ ਘੁੰਡ ਵਾਲੀ ਬੈਠੀ ਐ, ਤਾਂਹੀ ਤਾਂ ਉਹਨੂੰ ਜੁਆਕ-ਜੱਲੇ ਵਾਲਿਆਂ ਦੇ ਦੁੱਖ ਨਈਂ ਪਤਾ, ਬਈ ਏਸ ਮਹਿੰਗਾਈ ਦੇ ਯੁੱਗ ‘ਚ ਕਬੀਲਦਾਰੀ ਕਿਵੇਂ ਚਲਦੀ ਐ, ਪਰ ਇੱਕ ਗੱਲ ਐ, ਏਹਨਾਂ ਭਾਜਪਾ ਵਾਲਿਆਂ ਨੇ ਰਾਜ ਭਾਗ ਸੰਭਾਉਣ ਨੂੰ ਪਤੰਦਰਾਂ ਨੇ ਸਾਰੇ ਇਹੋ ਜਿਹੇ ਬੰਦੇ ਈ ਰੱਖੇ ਹੋਏ ਨੇ, ਪਹਿਲਾਂ ਵਾਜਪਾਈ ਉਠ ਦੀ ਪੂਛ ਵਾਂਗੂੰ ਕੱਲਾ ਸੀ ਤੇ ਫਿਰ ਨਰਿੰਦਰ ਮੋਦੀ ਲਿਆਂਦਾ, ਉਧਰ ਆਹ ਹਰਿਆਣਾ ਖੱਟਰ ਤੇ ਯੂ.ਪੀ ਵਾਲਾ ਯੋਗੀ ਸਾਰੇ ਈ ਛੜੇ ਛਟਾਂਕ ਨੇ” ਬਿੱਕਰ ਨੂੰ ਦੁੱਖੀ ਦੇਖ ਕੇ ਬਾਬਾ ਲਾਭ ਸਿੰਘ ਨੇ ਦਿਲਾਸਾ ਦਿੱਤਾ ”ਕੋਈ ਨਾ ਭਾਈ! ਘਬਰਾਓ ਨਾ ਸਭ ਠੀਕ ਹੋ ਜਾਣੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦੇਸਾਂ ਦੇ ਬੜੇ ਦੌਰੇ ਕੀਤੇ ਨੇ, ਹੁਣ ਵਿਦੇਸਾਂ ‘ਚੋਂ ਆਏ ਪੈਸੇ ਨਾਲ ਸਾਰਿਆਂ ਦੀਆਂ ਤੰਗੀਆਂ ਤੁਰਸੀਆਂ ਕੱਟੀਆਂ ਜਾਣੀਆਂ ਨੇ ਤੇ ਅੱਛੇ ਦਿਨ ਆਪੇ ਈ ਸੁਰੂ ਹੋ ਜਾਣੇ ਨੇ” ਬਾਬਾ ਲਾਭ ਸਿੰਘ ਦੀ ਗੱਲ ਸੁਣਕੇ ਬਿੱਕਰ ਬੁੜਕ ਕੇ ਬੋਲਿਆ ”ਓ ਰਹਿਣ ਦਿਓ ਬਾਬਾ ਜੀ! ਬਾਹਰਲੇ ਮੁਲਕ ‘ਚੋਂ ਸਵਾਹ ਪੈਸਾ ਆਉਣੇ, ਲਗਦੈ ਇਹਨਾਂ ਦੇ ਰਾਜ ‘ਚ ਸਾਡੇ ਆਪਣੇ ਮੁਲਕ ਦੀਆਂ ਬੈਂਕਾਂ ‘ਚ ਦੁਆਨੀ ਨਹੀਂ ਰਹਿਣੀ ” ਬਿੱਕਰ ਦੀ ਇਸ ਗੱਲ ‘ਤੇ ਸਾਰੇ ਹੱਸ ਪਏ। ”ਅਮਲੀਆ! ਆਹ ਜੇਹੜਾ ਬਾਬਾ ਰਾਮਦੇਵ ਉਦੋਂ ਅੱਖਾਂ ਜੀਆਂ ਮਟਕਾ ਮਟਕਾ ਕਾਲਾ ਧਨ-ਕਾਲਾ ਧਨ ਕਰਦਾ ਰਹਿੰਦਾ ਸੀ, ਮੁੜ ਕੇ ਉਹ ਵੀ ਕਿਧਰੇ ਨਹੀਂ ਰੜਕਿਆ’ ਸ਼ਿੰਦੇ ਦੀ ਇਹ ਗੱਲ ਸੁਣ ਕੇ ਬਿੱਕਰ ਨੇ ਕਿਹਾ ”ਕਾਮਰੇਡਾ! ਬਾਬੇ ਰਾਮਦੇਵ ਦੀਆਂ ਦਵਾਈਆਂ ਹੁਣ ਧੜੱਲੇ ਨਾਲ ਵਿਕਣ ਲੱਗੀਆਂ ਨੇ, ਉਹਨੇ ਤਾਂ ਆਪਣੇ ਵਪਾਰ ਦਾ ਰਾਹ ਸਾਫ ਕੀਤੈ, ਨਾਲੇ ਹੁਣ ਆਹ ਕਾਲੇ ਜਾਂ ਚਿੱਟੇ ਧਨ ਦੀ ਬਹੁਤੀ ਗੱਲ ਨਾ ਕਰਿਆ ਕਰੋ, ਹੁਣ ਤਾਂ ਸਰਕਾਰ ਕਾਲੇ ਧਨ ਦੀ ਗੱਲ ਕਰਨ ‘ਤੇ ਕਾਲਾ ਮਾਲ ਦਾ ਕੇਸ ਤੇ ਚਿੱਟੇ ਧਨ ਦੀ ਗੱਲ ਕਰਨ ਵਾਲਿਆਂ ‘ਤੇ ਚਿੱਟੇ ਮਾਲ ਦਾ ਕੇਸ ਪਾਕੇ ਅੰਦਰ ਕਰ ਦਿੰਦੀ ਐ” ਬਿੱਕਰ ਦੀ ਇਹ ਸੁਣ ਕੇ ਸੱਥ ਵਿੱਚ ਹਾਸੜ ਮੱਚ ਗਈ।

Real Estate