ਕੇਂਦਰ ਸਰਕਾਰ ਤੇ ਉਸਦਾ ਮੀਡੀਆ ਕਰੋਨਾ ਤੇ ਵੀ ਰਾਜਨੀਤੀ ਕਰ ਰਿਹੈ

818

ਕਰੋਨਾ ਵਾਇਰਸ ਨੇ ਦੁਨੀਆਂ ਭਰ ’ਚ ਮੌਤ ਦਾ ਖੌਫ਼ ਪੈਦਾ ਕੀਤਾ

ਬਲਵਿੰਦਰ ਸਿੰਘ ਭੁੱਲਰ
ਕਰੋਨਾ ਵਾਇਰਸ ਨਾਲ ਫੈਲੀ ਮਹਾਂਮਾਰੀ ਨੇ ਸਮੁੱਚੀ ਦੁਨੀਆਂ ਹਿਲਾ ਕੇ ਰੱਖ ਦਿੱਤੀ ਹੈ। ਮਨੁੱਖ ਨੇ ਵਿਕਾਸ ਦੇ ਨਾਂ ਹੇਠ ਕੁਦਰਤ ਨਾਲ ਛੇੜ ਛਾੜ ਕਰਕੇ ਹਾਲਾਤਾਂ ਨੂੰ ਦੁਖਦਾਈ ਬਣਾ ਲਿਆ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਰੋਨਾ ਬੀਮਾਰੀ ਅਤੀ ਭਿਆਨਕ ਹੈ, ਜਿਸਨੇ ਦੁਨੀਆਂ ਭਰ ਵਿੱਚ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਕੇ ਮੌਤ ਦਾ ਖੌਫ਼ ਪੈਦਾ ਕਰ ਦਿੱਤਾ ਹੈ। ਇਸਦੇ ਇਲਾਜ ਲਈ ਦੁਨੀਆਂ ਦੇ ਸਾਰੇ ਦੇਸ ਯਤਨ ਕਰ ਰਹੇ ਹਨ। ਇਸ ਬੀਮਾਰੀ ਨੇ ਰਿਸਤੇ ਨਾਤੇ ਤੋੜ ਦਿੱਤੇ ਹਨ, ਜੋ ਵਿਅਕਤੀ ਇਸਤੋਂ ਪੀੜਤ ਹੋ ਜਾਂਦਾ ਹੈ ਉਸਨੂੰ ਪਰਿਵਾਰ ਵਾਲੇ ਸੰਭਾਲਣ ਤੋਂ ਕਿਨਾਰਾ ਕਰ ਜਾਂਦੇ ਹਨ ਤੇ ਜੇਕਰ ਮੌਤ ਹੋ ਜਾਵੇ ਤਾਂ ਪਰਿਵਾਰ ਵਾਲੇ ਲਾਸ਼ ਲੈਣ ਵੀ ਨਹੀਂ ਆਉਂਦੇ ਅਤੇ ਸਸਕਾਰ ਕਰਨ ਤੋਂ ਵੀ ਟਾਲਾ ਵੱਟ ਜਾਂਦੇ ਹਨ। ਪੰਜਾਬ ਵਿੱਚ ਹੀ ਇੱਕ ਪੜੇ-ਲਿਖੇ ਪਰਿਵਾਰ ਨੇ ਆਪਣੇ ਬਜੁਰਗ ਦੀ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ, ਜਿਸ ਵਿੱਚ ਇੱਕ ਡਾਕਟਰ ਧੀ ਵੀ ਸੀ। ਇਸੇ ਤਰਾਂ ਚੰਡੀਗੜ ਦੇ ਨਾਲ ਲਗਦੇ ਨਵਾਂ ਗਾਂਓ ਦੇ ਇੱਕ ਵਿਅਕਤੀ ਦੀ ਮੌਤ ਹੋ ਜਾਣ ਤੇ ਕੋਈ ਰਿਸਤੇਦਾਰ ਦੋਸਤ ਜਾਂ ਹੋਰ ਨੇੜਲਾ ਅਰਥੀ ਨੂੰ ਮੋਢਾ ਦੇਣ ਵੀ ਨਾ ਆਇਆ, ਸਿਰਫ਼ ਉਸਦਾ ਇਕੱਲਾ ਪੁੱਤਰ ਹੀ ਰਹਿ ਗਿਆ, ਫੇਰ ਦੋ ਸਿਹਤ ਕਰਮਚਾਰੀਆਂ ਨੇ ਐਂਬੂਲੈਂਸ ਤੋਂ ਅਰਥੀ ਸਮਸਾਨਘਾਟ ਤੱਕ ਪਹੁੰਚਾਈ, ਭਾਵ ਮੋਢਾ ਦੇਣ ਲਈ ਵੀ ਚਾਰ ਵਿਅਕਤੀ ਨਸੀਬ ਨਾ ਹੋਏ। ਇਸ ਤਰਾਂ ਇੱਕ ਔਰਤ ਦੀ ਲਾਸ਼ ਨੂੰ ਦਫਨਾਉਣ ਸਮੇਂ ਮਰਯਾਦਾ ਦਾ ਪਾਲਣ ਕਰਨ ਦੇ ਉਲਟ ਟੋਟਾ ਪੁੱਟ ਕੇ ਦੂਰੋਂ ਹੀ ਚਾਦਰ ਦੇ ਲੜ ਫੜ ਕੇ ਕਬਰ ਰੂਪੀ ਟੋਏ ਵਿੱਚ ਸੁੱਟ ਕੇ ਉਪਰ ਮਿੱਟੀ ਪਾ ਦਿੱਤੀ। ਇੱਥੇ ਹੀ ਬੱਸ ਨਹੀਂ ਕਰੋਨਾ ਤੋਂ ਪੀੜਤ ਮ੍ਰਿਤਕ ਵਿਅਕਤੀ ਦਾ ਸਮਸਾਨਘਾਟ ’ਚ ਸਸਕਾਰ ਕਰਨ ਤੇ ਲੋਕ ਅੜਿੱਕਾ ਪਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਕਬਰਾਂ ’ਚ ਦਫਨਾਉਣ ਤੋਂ ਰੋਕਣ ਦਾ ਯਤਨ ਕਰਦੇ ਹਨ।
ਜਦੋਂ ਮਨੁੱਖ ਨੂੰ ਸੰਭਾਲਣ ਵਾਲਾ ਹੋਰ ਕੋਈ ਨਾ ਹੋਵੇ ਤਾਂ ਉਦੋਂ ਧਾਰਮਿਕ ਅਸਥਾਨਾਂ ਅਤੇ ਸਰਕਾਰਾਂ ਤੇ ਆਸ ਹੁੰਦੀ ਹੈ। ਜਿਹਨਾਂ ਨੇ ਦਵਾਈਆਂ, ਖੁਰਾਕ, ਸਾਂਭ ਸੰਭਾਲ ਅਤੇ ਆਖ਼ਰ ਅੰਤਿਮ ਰਸਮਾਂ ਤੱਕ ਸੇਵਾ ਕਰਨੀ ਹੁੰਦੀ ਹੈ ਜਾਂ ਜੁਮੇਵਾਰੀ ਨਿਭਾਉਣੀ ਹੁੰਦੀ ਹੈ। ਪਰ ਕਿੱਡਾ ਦੁੱਖ ਭਰਿਆ ਸਮਾਂ ਹੈ ਕਿ ਧਾਰਮਿਕ ਅਸਥਾਨ ਜੋ ਸਦੀਆਂ ਤੋਂ ਲੋਕਾਂ ਪਾਸੋਂ ਮੋਟੀਆਂ ਰਕਮਾਂ ਹਾਸਲ ਕਰਦੇ ਆ ਰਹੇ ਹਨ, ਉਹਨਾਂ ਨੇ ਵੀ ਇਸ ਔਖੀ ਘੜੀ ’ਚ ਕੁੱਝ ਕੁ ਨੂੰ ਛੱਡ ਕੇ ਬਾਕੀਆਂ ਨੇ ਦਰਵਾਜੇ ਬੰਦ ਕਰ ਲਏ ਹਨ। ਇਹਨਾਂ ਅਸਥਾਨਾਂ ਦੇ ਪੁਜਾਰੀਆਂ ਪ੍ਰਬੰਧਕਾਂ ਨੂੰ ਲੋਕਾਂ ਦੀਆਂ ਮੌਤਾਂ ਨਾਲੋਂ ਆਪਣੀ ਆਮਦਨ ਘਟਨ ਦੀ ਚਿੰਤਾ ਵੱਧ ਸਤਾ ਰਹੀ ਹੈ। ਕੁਝ ਅਸਥਾਨ ਹਨ ਜੋ ਗਰੀਬਾਂ ਤੱਕ ਲੰਗਰ ਪਹੁੰਚਾ ਰਹੇ ਹਨ ਉਹਨਾਂ ਨੂੰ ਸਾਵਾਸ਼ੇ ਦੇਣੀ ਵੀ ਬਣਦੀ ਹੈ, ਪਰੰਤੂ ਜੇਕਰ ਉਹਨਾਂ ਦੀ ਆਮਦਨ ਦੇਖੀ ਜਾਵੇ ਤਾਂ ਉਹ ਹਰ ਸ਼ਹਿਰ ਵਿੱਚ ਵੈਟੀਲੇਟਰ, ਦਵਾਈਆਂ, ਟੈਸਟਿੰਗ ਕਿੱਟਾਂ ਤੇ ਖਾਧ ਖੁਰਾਕ ਮੁਹੱਈਆਂ ਕਰਵਾਉਣ ਦੇ ਸਮਰੱਥ ਹਨ। ਪਰ ਉਹਨਾਂ ਦਾ ਇਸ ਪਾਸੇ ਧਿਆਨ ਘੱਟ ਹੈ, ¦ਗਰ ਜਰੂਰ ਵੰਡਦੇ ਹਨ। ਸ਼ਾਇਦ ਉਹਨਾਂ ਦੀ ਇਹ ਮਜਬੂਰੀ ਵੀ ਹੈ ਕਿ ਉਹ ਲੋਕਾਂ ਵਿੱਚ ਆਪਣੀ ਸਾਖ਼ ਵੀ ਬਹਾਲ ਰੱਖਣੀ ਚਾਹੁੰਦੇ ਹਨ ਤਾਂ ਜੋ ਬੀਮਾਰੀ ਤੇ ਕਾਬੂ ਪਾਉਣ ਉਪਰੰਤ ਮੁੜ ਉਹਨਾਂ ਦੀ ਆਮਦਨ ਸੁਰੂ ਹੋ ਜਾਵੇ, ਕਿਤੇ ਲੋਕ ਸਦਾ ਲਈ ਹੀ ਉਹਨਾਂ ਨੂੰ ਅਲਵਿਦਾ ਨਾ ਕਹਿ ਜਾਣ।
ਦੂਜੀਆਂ ਹਨ ਸਰਕਾਰਾਂ, ਉਹ ਕੇਂਦਰ ਦੀ ਹੋਵੇ ਜਾਂ ਰਾਜ ਦੀ। ਉਹਨਾਂ ਦੀ ਡਿਉਟੀ ਤੇ ਜੁਮੇਵਾਰੀ ਬਣਦੀ ਹੈ ਕਿ ਜਿਸਨੂੰ ਲੋਕ ਸਦੀਆਂ ਤੋਂ ਟੈਕਸ ਭਰ ਭਰ ਕੇ ਚਲਾਉਂਦੇ ਆ ਰਹੇ ਹਨ, ਅਜਿਹੇ ਮਹਾਂਮਾਰੀ ਦੇ ਦੁਖੀ ਸਮੇਂ ਜਨਤਾ ਦੀ ਬਾਂਹ ਫੜੇ ਅਤੇ ਉਹਨਾਂ ਦੇ ਇਲਾਜ, ਪੇਟ ਭਰਨ ਤੇ ਅੰਤਿਮ ਸਮੇਂ ਦੇ ਪ੍ਰਬੰਧ ਕਰੇ। ਸਰਕਾਰਾਂ ਪ੍ਰਬੰਧਾਂ ਦੇ ਨਾਂ ਹੇਠ ਕੁੱਝ ਕੰਮ ਕਰ ਤਾਂ ਰਹੀਆਂ ਹਨ, ਪਰ ਸੰਤੁਸ਼ਟੀਜਨਕ ਨਹੀਂ। ਯੋਗ ਪ੍ਰਬੰਧ ਕਰਨ ਤੋਂ ਭੱਜ ਕੇ ਸਰਕਾਰਾਂ ਲੋਕਾਂ ਨੂੰ ਗੁੰਮਰਾਹ ਕਰਕੇ, ਅੰਧ ਵਿਸਵਾਸ ਫੈਲਾ ਕੇ, ਲੋਕਾਂ ਵਿੱਚ ਪਾੜਾ ਪਾ ਕੇ ਦੂਜਿਆਂ ਸਿਰ ਦੋਸ਼ ਮੜਣ ਲਈ ਯਤਨਸ਼ੀਲ ਹਨ ਤਾਂ ਜੋ ਜਨਤਾ ਦਾ ਧਿਆਨ ਅਸਲ ਮੁੱਦਿਆਂ ਤੋਂ ਲਾਂਭੇ ਕੀਤਾ ਜਾ ਸਕੇ। ਸਰਕਾਰ ਦਾ ਕੰਮ ਬੀਮਾਰੀ ਦੀ ਰੋਕਥਾਮ, ਇਲਾਜ ਲਈ ਹਸਪਤਲਾਂ ਡਾਕਟਰਾਂ ਦਾ ਪ੍ਰਬੰਧ ਕਰਨਾ, ਲੋੜੀਂਦਾ ਸਮਾਨ ਮੁਹੱਈਆ ਕਰਵਾਉਣਾ ਹੁੰਦਾ ਹੈ। ਪਰ ਦੇਸ ਦੀ ਸਰਕਾਰ ਲੋਕਾਂ ਨੂੰ ਥਾਲੀਆਂ ਖੜਕਾਉਣ, ਮੋਮਬੱਤੀਆਂ ਜਾਂ ਦੀਵੇ ਜਗਾਉਣ ਵਰਗੇ ਅੰਧ ਵਿਸਵਾਸ ਵਿੱਚ ਫਸਾ ਰਹੀ ਹੈ। ਨਾ ਤਾਂ ਕਰੋਨਾ ਥਾਲੀਆਂ ਦੇ ਖੜਕੇ ਨਾਲ ਡਰਦਾ ਭੱਜਦਾ ਹੈ, ਜਿਵੇਂ ਦਹਾਕਿਆਂ ਪਹਿਲਾਂ ਕਿਸਾਨ ਪੀਪਿਆਂ ਦਾ ਖੜਕਾ ਕਰਕੇ ਆਹਣ ਭਜਾ ਦਿੰਦੇ ਸਨ ਅਤੇ ਨਾ ਹੀ ਦੀਵਿਆਂ ਦੀ ਲੋਅ ਜਾਂ ਚਾਣਨ ਨਾਲ ਮਚਦਾ ਹੈ ਜਿਵੇ ਭਮੱਕੜ ਚਾਨਣ ਤੇ ਆ ਕੇ ਮੱਚ ਜਾਂਦੇ ਹਨ। ਪਰ ਸਰਕਾਰ ਆਮ ਲੋਕਾਂ ਦਾ ਦਿਮਾਗ ਬੀਮਾਰਾਂ ਲਈ ਲੋੜਾਂ ਤੋਂ ਭਟਕਾਉਣ ਲਈ ਥਾਲੀਆਂ ਦੀਵਿਆਂ ਵੱਲ ਲਾ ਕੇ ਜਾਂ ਕਿਸੇ ਖਾਸ਼ ਕੌਮ ਜਾਤ ਖਿੱਤੇ ਸਿਰ ਮੜ ਰਹੀ ਹੈ।
ਇਹ ਵੀ ਇੱਕ ਸੱਚਾਈ ਹੈ ਕਿ ਸਿਆਸਤਦਾਨਾਂ ਦਾ ਕੰਮ ਹੀ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਹਾਸਲ ਕਰਨੀ ਤੇ ਹੰਢਾਉਣੀ ਹੁੰਦਾ ਹੈ। ਪਰ ਉਹਨਾਂ ਦੇ ਪਰਦੇਫਾਸ਼ ਕਰਨ ਲਈ ਤਾਂ ਮੀਡੀਆ ਤੇ ਅਦਾਲਤਾਂ ਹੀ ਹੁੰਦੀਆਂ ਹਨ। ਮੌਜੂਦਾ ਸਥਿਤੀ ’ਚ ਮੀਡੀਆ ਤਾਂ ਸਰਕਾਰ ਦਾ ਕਥਿਤ ਤੌਰ ਤੇ ਵਿੰਗ ਬਣ ਕੇ ਹੀ ਕੰਮ ਕਰ ਰਿਹਾ ਹੈ ਅਤੇ ਸਰਕਾਰ ਜੋ ਚਾਹੁੰਦੀ ਹੈ ਲੋਕਾਂ ਮੂਹਰੇ ਪਰੋਸ ਰਿਹਾ ਹੈ। ਕੇਂਦਰ ਸਰਕਾਰ ਜੋ ਦੇਸ ਵਿੱਚ ਆਰ ਐ¤ਸ ਐ¤ਸ ਦਾ ਏਜੰਡਾ ਲਾਗੂ ਕਰਕੇ ਹਿੰਦੂਤਵ ਠੋਸਣਾ ਚਾਹੁੰਦੀ ਹੈ, ਮੀਡੀਆ ਉਸ ਮੁਤਾਬਿਕ ਹੀ ਕੰਮ ਕਰ ਰਿਹਾ ਹੈ। ਹਿੰਦੂਤਵੀ ਏਜੰਡੇ ਅਨੁਸਾਰ ਮੁਸਲਮਾਨ ਧਰਮ ਨੂੰ ਬਦਨਾਮ ਕਰਨ ਤੇ ਲੋਕਾਂ ਦੇ ਨੱਕੋਂ ਬੁੱਲੋਂ ਲਾਹੁਣ ਲਈ ਮੀਡੀਆ ਰਾਹੀਂ ਝੂਠੀਆਂ ਤੇ ਪਲਾਂਟਿਡ ਖ਼ਬਰਾਂ ਸਟੋਰੀਆਂ ਬਣਾ ਕੇ ਲੋਕਾਂ ਨੂੰ ਪਰੋਸੀਆਂ ਜਾ ਰਹੀਆਂ ਹਨ। ਇਸੇ ਸੰਦਰਭ ਵਿੱਚ ਦੁਨੀਆਂ ਭਰ ਦੀ ਸਾਂਝੀ ਸੰਸਥਾ ਯੂ ਐਨ ਓ ਨੂੰ ਅਜਿਹੇ ਪ੍ਰਚਾਰ ਬਾਰੇ ਕਹਿਣਾ ਪਿਆ ਹੈ ਕਿ ਵਾਇਰਸ ਨੂੰ ਕਿਸੇ ਇੱਕ ਕੌਮ, ਦੇਸ ਜਾਂ ਵਿਅਕਤੀ ਨਾਲ ਜੋੜ ਕੇ ਨਾ ਵੇਖਿਆ ਜਾਵੇ, ਜੋ ਅਜਿਹਾ ਕਰੇ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਦੇਸ ਦੀ ਸਰਵਉ¤ਚ ਅਦਾਲਤ ਨੂੰ ਵੀ ਕਹਿਣਾ ਪਿਆ ਹੈ ਕਿ ਮੀਡੀਆ ਝੂਠੀਆਂ ਖ਼ਬਰਾਂ ਫੈਲਾ ਰਿਹਾ ਹੈ, ਕੇਂਦਰ ਸਰਕਾਰ ਗਲਤ ਖ਼ਬਰਾਂ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ ਕਰੇ। ਇਹਨਾਂ ਵਿਚਾਰਾਂ ਦਾ ਅਸਲ ਮਕਸਦ ਇਹ ਹੈ ਕਿ ਇਹ ਸਮਾਂ ਲੋਕਾਂ ਨੂੰ ਮੌਤ ਦੇ ਮੂੰਹ ਚੋਂ ਬਚਾਉਣ ਦਾ ਹੈ ਸਿਆਸਤ ਕਰਨ ਜਾਂ ਦੂਜੇ ਨੂੰ ਨੀਵਾਂ ਦਿਖਾਉਣ ਦਾ ਨਹੀਂ। ਮਰ ਰਹੇ ਲੋਕਾਂ ਤੇ ਰਾਜਨੀਤੀ ਕਰਨੀ ਮਨੁੱਖਤਾ ਤੇ ਕੁਦਰਤ ਦੇ ਵਿਰੁੱਧ ਹੈ।
ਅਜਿਹਾ ਪ੍ਰਚਾਰ ਤੇ ਖ਼ਬਰਾਂ ਤਾਂ ਨਿੱਤ ਦਿਨ ਹੀ ਨਸ਼ਰ ਹੋ ਰਹੀਆਂ ਹਨ, ਪਰ ਮਿਸਾਲ ਵਜੋਂ ਇੱਥ ਦੋ ਚਾਰ ਖ਼ਬਰਾਂ ਦਾ ਜਿਕਰ ਕੀਤਾ ਜਾ ਰਿਹਾ ਹੈ, ਜੋ ਕੇਂਦਰ ਸਰਕਾਰ ਦੇ ਹਿੰਦੂਤਵੀ ਏਜੰਡੇ ਤੇ ਉਸਦੇ ਮੋਦੀ ਮੀਡੀਆ ਦੀਆਂ ਚਾਲਾਂ ਤੇ ਸਾਜਸ਼ਾਂ ਤੋਂ ਪਰਦਾ ਉਠਾਉਂਦੀਆਂ ਹਨ। ਬਰੇਲੀ ਦੇ ਥਾਨਾ ਇੱਜਤਪੁਰ ਦੇ ਪਿੰਡ ਕਰਮਪੁਰ ਵਿੱਚ ਲਾਕਡਾਊਨ ਸਮੇਂ ਕੁੱਝ ਲੋਕ ਇਕੱਠੇ ਬੈਠੇ ਸਨ, ਜਿਹਨਾਂ ਤੇ ਪੁਲਿਸ ਨੇ ਲਾਠੀਚਾਰਜ ਕੀਤਾ ਤੇ ਭਜਾ ਦਿੱਤੇ। ਪਰ ਮੀਡੀਆ ਤੇ ਪ੍ਰਚਾਰ ਕੀਤਾ ਗਿਆ ਕਿ ਇਹ ਮੁਸਲਮਾਨ ਤਬਲੀਗੀ ਸਨ, ਜਦ ਕਿ ਉਹਨਾਂ ਦਾ ਤਬਲੀਗੀ ਜਾਂ ਨਿਜਾਮੂਦੀਨ ਨਾਲ ਕੋਈ ਸਬੰਧ ਨਹੀਂ ਸੀ, ਪਿੰਡ ਦੇ ਆਮ ਲੋਕ ਸਨ ਪਰ ਪ੍ਰਚਾਰ ਮੁਸਲਮਾਨਾਂ ਵਿਰੁੱਧ ਗੁੱਸਾ ਪੈਦਾ ਕਰਨ ਲਈ ਕੀਤਾ ਗਿਆ। ਇਸਦੇ ਉਲਟ ਰਾਮ ਨੌਮੀ ਸਮੇਂ ਇੱਕ ਮੰਦਰ ਵਿੱਚ ਕੁੱਝ ਲੋਕ ਇਕੱਠੇ ਹੋ ਗਏ ਤਾਂ ਮੀਡੀਆ ਨੇ ਪ੍ਰਚਾਰ ਕੀਤਾ ਕਿ ਕਰੋਨਾ ਤੇ ਭਾਰੀ ਪਈ ਆਸਥਾ।
ਇਸੇ ਤਰਾਂ 17 ਮਾਰਚ ਨੂੰ ਸੁਰੇਸ ਕੁਮਾਰ ਨਾਂ ਦਾ ਇੱਕ ਨੌਜਵਾਨ ਡੁਬਈ ਤੋਂ ਆਪਣੇ ਪਿੰਡ ਮੱਧ ਪ੍ਰਦੇਸ ਦੇ ਮੁਰਾਣਾ ਜਿਲੇ ਦੇ ਪਿੰਡ ਮਹਾਰਾਜਪੁਰਾ ਵਿਖੇ ਆਇਆ। 20 ਮਾਰਚ ਨੂੰ ਉਸਨੇ ਆਪਣੀ ਮਾਂ ਦੀ ਯਾਦ ’ਚ ਸਮਾਗਮ ਕੀਤਾ ਜਿਸ ਵਿੱਚ 20 ਕੁ ਵਿਅਕਤੀ ਹਾਜਰ ਹੋਏ। ਉਸਦਾ ਨਾ ਹਵਾਈ ਅੱਡੇ ਤੇ ਟੈਸਟ ਕੀਤਾ ਗਿਆ ਅਤੇ ਨਾ ਹੀ ਸਮਾਗਮ ਰੋਕਿਆ ਗਿਆ। 31 ਮਾਰਚ ਨੂੰ ਉਸਨੇ ਖੁਦ ਹੀ ਟੈਸਟ ਕਰਵਾਇਆ ਤਾਂ ਕਰੋਨਾ ਤੋਂ ਪੌਜੇਟਿਵ ਆ ਗਿਆ ਫਿਰ 15 ਲੋਕ ਹੋਰ ਪੌਜੇਟਿਵ ਆ ਗਏ। ਪਰ ਮੀਡੀਆ ’ਚ ਪ੍ਰਚਾਰ ਕੀਤਾ ਗਿਆ ਕਿ ਡੁਬਈ ਤੋਂ ਆਏ ਮੁਸਲਮਾਨ ਨੌਜਵਾਨ ਤੋਂ ਕਰੋਨਾ ਫੈਲਿਆ।
ਇੱਕ ਹੋਰ ਘਟਨਾ ਮੱਧ ਪ੍ਰਦੇਸ ਦੇ ਰੀਵਾ ਦੇ ਮੰਦਰ ’ਚ ਵਾਪਰੀ। ਉ¤ਥੇ ਸਾਮਲ ਲੋਕਾਂ ਨੂੰ ਪੁਲਿਸ ਨੇ ਭਜਾ ਦਿੱਤਾ, ਪੁਜਾਰੀ ਨਾਲ ਧੱਕਾ ਮੁੱਕੀ ਕਰ ਦਿੱਤੀ। ਪਰ ਬਾਅਦ ਵਿੱਚ ਕਹਾਣੀ ਬਣਾ ਕੇ ਮੀਡੀਆ ਤੋਂ ਪ੍ਰਚਾਰ ਕੀਤਾ ਕਿ ਰੀਵਾ ਦੇ ਮੰਦਰ ਵਿੱਚ ਐ¤ਸ ਪੀ ਆਬਿਦ ਖਾਨ ਦੀ ਅਗਵਾਈ ’ਚ ਪੁਲਿਸ ਨੇ ਇਕੱਲੇ ਪੂਜਾ ਕਰਦੇ ਪੁਜਾਰੀ ਦੀ ਕੁੱਟਮਾਰ ਕੀਤੀ, ਪੈਰਾਂ ਨਾਲ ਪੂਜਾ ਦਾ ਪਾਣੀ ਡੋਲ ਦਿੱਤਾ, ਪੂਜਾ ਸਥਲ ਨੂੰ ਬੂਟਾ ਨਾਲ ਕੁਚਲ ਦਿੱਤਾ। ਬਾਅਦ ਵਿੱਚ ਆਈ ਜੀ ਨੇ ਸਪਸ਼ਟ ਕੀਤਾ ਕਿ ਇਸ ਕਾਰਵਾਈ ਸਮੇਂ ਆਬਿਦ ਖਾਨ ਤਾਂ ਉ¤ਥੇ ਮੌਜੂਦ ਹੀ ਨਹੀਂ ਸੀ, ਇਹ ਕਾਰਵਾਈ ਐਸ ਐਚ ਓ ਰਾਜ ਕੁਮਾਰ ਨੇ ਕੀਤੀ ਸੀ, ਜਿਸਨੂੰ ਲਾਈਨ ਹਾਜਰ ਕਰ ਦਿੱਤਾ ਗਿਆ ਹੈ। ਇਹ ਘਟਨਾਵਾਂ ਹਿੰਦੂਤਵੀ ਏਜੰਡੇ ਤੇ ਮੋਦੀ ਮੀਡੀਆ ਦੀਆਂ ਸਾਜਿਸਾਂ ਨੂੰ ਨੰਗਾ ਕਰਦੀਆਂ ਹਨ।
ਦੁਨੀਆਂ ਦੇ ਹਾਲਾਤ ਬਹੁਤ ਨਾਜੁਕ ਹਨ, ਅਬਾਦੀ ਵੱਧ ਹੋਣ ਸਦਕਾ ਭਾਰਤ ਦੇ ਹਾਲਾਤ ਅਤੀ ਗੰਭੀਰ ਮੰਨੇ ਜਾਂਦੇ ਹਨ। ਅਜਿਹੇ ਮੌਕੇ ਕਰੋਨਾਂ ਮਹਾਂਮਾਰੀ ਤੋਂ ਪੀੜਤਾਂ ਜਾਂ ਮਰਨ ਵਾਲਿਆਂ ਤੇ ਰਾਜਨੀਤੀ ਕਰਨ ਦੀ ਬਜਾਏ ਲੋਕਾਂ ਦਾ ਇਲਾਜ ਤੇ ਜੀਵਨ ਨਿਰਵਾਹ ਕਰਵਾਉਣ ਵੱਲ ਧਿਆਨ ਦੇਣ ਦੀ ਲੋੜ ਹੈ, ਰਾਜ ਲੋਕਾਂ ਤੇ ਹੀ ਕੀਤਾ ਜਾਂਦਾ ਹੈ ਇਸ ਲਈ ਪਹਿਲਾ ਕੰਮ ਲੋਕਾਂ ਨੂੰ ਜਿਉਂਦਾ ਰੱਖਣ ਦਾ ਬਣਦਾ ਹੈ। ਮੀਡੀਆ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀ ਬਣਦੀ ਜੁਮੇਵਾਰੀ ਨਿਭਾਏ। ਧਾਰਮਿਕ ਸੰਸਥਾਵਾਂ ਵੀ ਕੇਵਲ ਲੰਗਰ ਤੱਕ ਸੀਮਤ ਨਾ ਰਹਿਣ, ਲੋਕਾਂ ਨੂੰ ਸਮਰੱਥਾ ਅਨੁਸਾਰ ਮਾਸਿਕ, ਦਵਾਈਆਂ ਜਾਂ ਹੋਰ ਲੋੜੀਂਦੀਆਂ ਚੀਜਾਂ ਵੀ ਸਪਲਾਈ ਕਰਨ। ਅਜਿਹਾ ਦੁਖਦਾਈ ਸਮਾਂ ਮਿਲ ਕੇ ਹੀ ਕੱਟਿਆ ਜਾ ਸਕਦਾ ਹੈ, ਇਸਸ ਲਈ ਧੜੇਬੰਦੀ, ਰਾਜਨੀਤੀ ਤੇ ਪਾਰਟੀਬਾਜੀ ਤੋਂ ਉਪਰ ਉਠ ਕੇ ਮਾਨਵਤਾ ਦੀ ਰਾਖੀ ਲਈ ਇੱਕਮੁੱਠ ਹੋ ਕੇ ਯਤਨ ਕੀਤੇ ਜਾਣ ਦੀ ਲੋੜ ਹੈ।
ਭੁੱਲਰ ਹਾਊਸ ਗਲੀ ਨੰ: 12, ਭਾਈ ਮਤੀ ਦਾਸ ਨਗਰ,
ਬਠਿੰਡਾ। ਮੋਬਾ: 098882-75913

 

Real Estate