ਜਿੰਦੇ ਸਾਧਾਂ ਲਈ ਹੁੰਦੇ ਨੇਂ ਚੋਰਾਂ ਲਈ ਨੀਂ

1083
ਰਣਦੀਪ ਰਾਓ
ਸੁਣਿਆ ਸੀ ਵੀ ” ਜਿੰਦੇ ਸਾਧਾਂ ਲਈ ਹੁੰਦੇ ਨੇਂ ਚੋਰਾਂ ਲਈ ਨੀਂ “ਪਰ ਕਰੋਨਾਂ ਦੀ ਮਿਹਰਬਾਨੀ ਨਾਲ਼ ਦੇਖ ਵੀ ਲਿਆ।ਕਰਫ਼ਿਊ ਵੀ ਮੰਨਣ ਆਲ਼ਿਆਂ ਲਈ ਐ ਤੋੜਨ ਆਲ਼ਿਆਂ ਲਈ ਤਾਂ ਸ਼ੁਗਲ ਈ ਐ।

ਕਰੋਨਾਂ ਕਰਕੇ ਇੱਕ ਦਿਨ ਦਾ ਜਨਤਾ ਕਰਫ਼ਿਊ ਲੱਗਿਆ ਲੋਕਾਂ ਦਾ ਪਤਾ ਨੀਂ ਆਪਾਂ ਪੂਰੀ ਤਰ੍ਹਾਂ ਮੋਦੀ ਸਾਬ ਦੇ ਹੁਕਮਾਂ ਕਰਕੇ ਕਹਿਲੋ ਜਾਂ ਕਰੋਨਾਂ ਤੋਂ ਡਰ ਲਾਲੋ ਘਰੋਂ ਬਾਹਰ ਨੀਂ ਨਿੱਕਲ਼ੇ। ਦੂਜੇ ਦਿਨ ਮੋਦੀ ਸਾਬ ਫ਼ੇਰ live ਹੋਏ ਤੇ ਇੱਕੀ ਦਿਨ ਲਈ ਕਰਫ਼ਿਊ ਦਾ ਐਲਾਨ ਕਰਤਾ ਚਲੋ ਮਨ ਸਮਝਾਇਆ ਕਿ ਕੱਟਾਂਗੇ ਔਖੇ ਸੌਖੇ ਦੂਜਾ ਜਾਨ ਦਾ ਖ਼ਤਰਾ ਵੀ ਸੀ।ਅੱਧੀ ਦਿਹਾੜੀ ਮਸਾਂ ਲੰਘੀ ਹੋਊ ਪੁਲ਼ਸ ਵੱਲੋਂ ਲੋਕਾਂ ਦੀ ਗਿੱਦੜ ਕੁੱਟ ਦੀਆਂ clips ਆਉਣ ਲੱਗੀਆਂ। ਕਨੂੰਨ ਤੋੜਨ ਆਲ਼ਿਆਂ ਦੇ ਡੱਡੂ ਛੜੱਪੇ ਤੇ ਲੋਟਣੀਆਂ ਦੇਖਕੇ ਹਾਸਾ ਵੀ ਬਹੁਤ ਆਇਆ ਪਰ ਜ਼ਿਆਦਾ ਅਫ਼ਸੋਸ ਹੋਇਆ। ਇਹ ਠੀਕ ਐ ਕਿ ਹਰੇਕ ਮੁੱਦੇ ਤੇ ਸਰਕਾਰ ਜਾਂ ਪ੍ਰਸ਼ਾਸ਼ਨ ਨੂੰ ਕਸੂਰਵਾਰ ਠਹਿਰਾਉਣਾ ਚੰਗਾ ਨੀਂ ਲੱਗਦਾ ਪਰ ਜਦੋਂ ਇਹਨਾਂ ਗੱਲਾਂ ਦੇ ਕਾਰਨ ਜਾਨਣ ਲਈ ਡੁੰਘਾਈ ‘ਚ ਜਾਈਏ ਤਾਂ ਸੋਚਣ ਲਈ ਮਜਬੂਰ ਹੋ ਜਾਈਦੈ ਕਿ ਕਸੂਰ ਕੱਲੇ ਆਮ ਲੋਕਾਂ ਦਾ ਈ ਐ ਜਾਂ ਸਾਡੇ ਸਿਆਸੀ ਢਾਂਚੇ ‘ਚ ਵੀ ਕਮਜ਼ੋਰੀਆਂ ਤੇ ਊਣਤਾਈਆਂ ਨੇਂ।

ਅਸੀਂ ਕਈ ਵਾਰ ਬੈਂਕਾਂ ਜਾਂ ਹੋਰ ਸਰਕਾਰੀ ਦਫ਼ਤਰਾਂ ‘ਚ ਜਾਨੇਂ ਆਂ ਓਥੇ ਕਤਾਰਾਂ ਬਣਾਉਣ ਲਈ ਬੋਰਡਾਂ ਦੇ ਨਾਲ਼ ਨਾਲ਼ ਸੰਗਲ਼ੀਆਂ ਵੀ ਲੱਗੀਆਂ ਹੁੰਦੀਆਂ ਨੇਂ ਤੁਸੀਂ ਆਪ ਦੱਸੋ ਇਹ ਸੰਗਲ਼ੀਆਂ ਅਪਣੇ ਆਪ ‘ਚ ਸਾਡੇ ਪੜ੍ਹੇ ਲਿਖੇ ਬੰਦਿਆਂ ਦੇ ਮੂੰਹ ਤੇ ਚਪੇੜ ਨੀਂ?ਕਿਉਂ ਕਿਸੇ ਨੂੰ ਇਹ ਕਹਿਣ ਦੀ ਲੋੜ ਪਵੇ ਵੀ ਭਾਈ ਤੂੰ ਪਿੱਛੋਂ ਆਇਐਂ ਤੇਰੀ ਵਾਰੀ ਵੀ ਪਿੱਛੋਂ ਆਊ ਪਰ ਨਹੀਂ ਅਸੀਂ ਤਾਂ ਉਹ ਲੋਕ ਆਂ ਜੇ ਕਿਤੇ ਸਾਨੂੰ ਫ਼ਾਹੇ ਲਾਉਣ ਲਈ ਵੀ ਕਤਾਰ ਲੱਗੀ ਹੋਵੇ ਓਥੇ ਜਾਕੇ ਵੀ ਅਸੀਂ ਇਹ ਕਹਾਂਗੇ ਕਿ ਮੈਂ ਫ਼ਲਾਣੇ ਦਾ ਰਿਸ਼ਤੇਦਾਰ ਆਂ ਮੈਨੂੰ ਪਹਿਲਾਂ ਫ਼ਾਹੇ ਟੰਗੋ ਮਤਲਬ ਸਿਫ਼ਾਰਿਸ਼ ਲਾਉਣ ਦਾ ਰਿਵਾਜ।

ਹੁਣ ਜੇ ਦੇਖਿਆ ਜਾਵੇ ਕਿ ਸਾਰੀ ਦੁਨੀਆਂ ਨੂੰ ਕਰੋਨਾਂ ਕਰਕੇ ਹੱਥਾਂ ਪੈਰਾਂ ਦੀ ਪਈ ਹੋਈ ਐ ਤੇ ਸਾਡੇ ਹਿੰਦੋਸਤਾਨੀ ਲੋਕ ਨਾਂ ਕਰਫ਼ਿਊ ਦਾ ਮਤਲਬ ਸਮਝ ਰਹੇ ਨੇਂ ਤੇ ਨਾਂ ਈ ਇਹਨਾਂ ਨੂੰ  ਅਪਣੀਂ ਜਾਨ ਦਾ ਫ਼ਿਕਰ ਐ।

ਦੋਸਤੋ ਇਹਦੇ ‘ਚ ਕਸੂਰ ਕੀਹਦੈ ਇਹ ਤਾਂ ਨੀ ਕਹਿ ਸਕਦੇ ਪਰ ਜਿਹੜੇ ਦੇਸ਼ ਨੇਂ 47 ਦੀ ਤਕਸੀਮ, 84 ਦੀ ਸਿੱਖ ਨਸਲਕੁਸ਼ੀ, ਗੋਦਰਾ ਕਾਂਡ ਮੁਸਲਮਾਨਾਂ ਦੀ ਕਤਲੋ ਗਾਰਦ ਤੇ ਹਰਿਆਣੇ ਦੇ ਜਾਟ ਅੰਦੋਲਨ ਵਰਗੀਆਂ ਔਖੀਆਂ ਘੜੀਆਂ ਦੇਖੀਆਂ ਹੋਣ ਓਥੇ ਦੀਆਂ ਸਰਕਾਰਾਂ ਲੋਕਾਂ ਨੂੰ ਕਰਫ਼ਿਊ ਦਾ ਮਤਲਬ ਸਮਝਾਉਣ ਲਈ ਕੋਈ ਖਾਸ ਕਦਮ ਨਹੀਂ ਚੱਕ ਸਕਦੀਆਂ ਤਾਂ ਇਹ ਕਹਿਣਾ ਗਲਤ ਨੀਂ ਹੋਊ ਕਿ ਸਾਡੇ ਸਿਆਸੀ ਲੋਕ ਸਿਰਫ਼ ਵੋਟਾਂ ਲੈਕੇ ਕੁਰਸੀਆਂ ਦਾ ਨਿੱਘ ਮਾਨਣ ਜਾਣਦੇ ਨੇਂ ਲੋਕਾਂ ਪ੍ਰਤੀ ਇਹਨਾਂ ਦੀਆਂ ਬਣਦੀਆਂ ਜ਼ਿਮੇਵਾਰੀਆਂ ਦੀ ਇਹਨਾਂ ਨੂੰ ਕੋਈ ਪਰਵਾਹ ਨੀਂ।

ਸਾਨੂੰ ਸ਼ੁਰੂ ਤੋਂ ਈ ਆਦਤਾਂ ਪੁੱਠੀਆਂ ਪਾਈਆਂ ਜਾਂਦੀਆਂ ਨੇਂ ਪੰਚਾਇਤ ਮੈਂਬਰ ਤੋਂ ਲੈਕੇ ਮੈਂਬਰ ਪਾਰਲੀਮੈਂਟ ਤੱਕ ਸਾਡੇ ਨਾਲ਼ ਇਹ ਵਾਅਦੇ ਕਰਕੇ ਚੋਣਾਂ ਜਿੱਤਦੇ ਨੇਂ ਕਿ ਕੱਲ੍ਹ ਨੂੰ ਕਿਸੇ ਵੀ ਅਫ਼ਸਰ ਤੱਕ ਲੋੜ ਪਈ ਤਾਂ ਸਾਨੂੰ ਯਾਦ ਕਰਿਓ। ਅਸੀਂ ਕਰਦੇ ਵੀ ਇਹੀ ਆਂ ਜੇ ਟਰੈਫ਼ਿਕ ਪੁਲ਼ਸ ਨੇਂ ਰੋਕ ਕੇ ਕਾਗਜ਼ ਮੰਗੇ ਤਾਂ ਕਰਾਤੀ ਸਰਪੰਚ ਨਾਲ਼ ਗੱਲ।ਜੇ ਪਟਵਾਰੀ ਤੱਕ ਕੋਈ ਕੰਮ ਐ ਤਾਂ ਪਹਿਲਾਂ M.L.A ਦੀ ਕੋਠੀ ਦੀ ਚੌਂਕੀ ਭਰੋ। ਜੇ D.C. ਦਫ਼ਤਰ ਕੋਈ ਅਰਜ਼ੀ ਦੇਣੀਂ ਐ ਤਾਂ M.P. ਦੇ P.A. ਦੀ ਮਿਨਤ ਕਰੋ।

ਸਾਨੂੰ ਕਦੇ ਕਿਸੇ ਨੇਂ ਸਮਝਾਇਆ ਈ ਨੀਂ ਕਿ ਸਾਡੇ ਚੁਣੇ ਹੋਏ ਲੋਕ ਸਾਡੀਆਂ ਮਿਨਤਾਂ ਕਰਕੇ ਕੁਰਸੀਆਂ ਮੱਲਦੇ ਨੇਂ ਤੇ ਸਾਡੀ ਸੇਵਾ ਤੇ ਰਾਖੀ ਕਰਨ ਆਲ਼ੇ ਅਫ਼ਸਰ ਤੇ ਅਧਿਕਾਰੀ ਰਾਤਾਂ ਨੂੰ ਜਾਗ ਜਾਗ ਕੇ ਮਿਹਨਤ ਤਪੱਸਿਆ ਕਰਕੇ ਇਹਨਾਂ ਅਹੁਦਿਆਂ ਤੇ ਪਹੁੰਚਦੇ ਨੇਂ।ਬੜਾ ਦੁੱਖ ਹੁੰਦੈ ਜਦੋਂ ਕੋਈ I.P.S ਜਾਂ I.A.S. ਅਫ਼ਸਰ ਲੋਕਾਂ ਦੀ ਜਾਨ ਬਚਾਉਣ ਲਈ ਵਾਰ ਵਾਰ ਹੱਥ ਬੰਨ੍ਹ ਕੇ ਇਹਨਾਂ ਨੂੰ ਅਪੀਲਾਂ ਕਰਦੈ ਕਿ ਭਾਈ ਥੋਡੀ ਭਲਾਈ ਏਸ ‘ਚ ਐ ਕਿ ਤੁਸੀਂ ਘਰਾਂ ਚੋਂ ਬਾਹਰ ਨਾਂ ਨਿੱਕਲ਼ਿਓ ਭਰ ਮੇਰੇ ਵਰਗੇ ਢੀਠ ਲੋਕ ਟਿਕਦੇ ਆਪ ਨੀਂ ਤੇ ਨਾਲ਼ੇ ਆਪ ਕੁੱਟ ਖਾਂਦੇ ਨੇਂ  ਤੇ ਨਾਲ਼ੇ ਉਹਨਾਂ ਲੋਕਾਂ ਲਈ ਮੁਸੀਬਤ ਖੜ੍ਹੀ ਕਰਦੇ ਨੇਂ ਜਿਹੜੇ ਸੱਚ ਮੁੱਚ ਕਿਸੇ ਅੱਤ ਜ਼ਰੂਰੀ ਕੰਮ ਲਈ ਨਿੱਕਲ਼ਦੇ ਨੇਂ ।

Real Estate