ਹੁਣ ਮਾਸਕ ਪਹਿਨੇ ਬਿਨਾਂ ਜੇ ਬਾਹਰ ਨਿਕਲੇ ਤਾਂ ਹੋਵੇਗੀ ਕਾਰਵਾਈ

995

ਚੰਡੀਗੜ੍ਹ, 10 ਅਪ੍ਰੈਲ (ਜਗਸੀਰ ਸਿੰਘ ਸੰਧੂ) : ਨੋਵਲ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਨੇ ਸ਼ੁਕਰਵਾਰ ਨੂੰ ਜਨਤਕ ਥਾਵਾਂ ‘ਤੇ ਲੋਕਾਂ ਨੂੰ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ। ਇਸ ਸਬੰਧ ਵਿਚ ਸਿਹਤ ਵਿਭਾਗ ਵੱਲੋਂ ਇਕ ਨੋਟੀਫਿਕੇਸ਼ਨ ਵੀ ਜਾਰੀ ਕੀਤੀ ਗਈ ਹੈ।ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਾਇਰੈਕਟਰ ਸਿਹਤ ਸੇਵਾਵਾਂ ਡਾ. ਅਵਨੀਤ ਕੌਰ ਨੇ ਦੱਸਿਆ ਕਿ ਜੇਕਰ ਕੋਈ ਕਿਸੇ ਦਫ਼ਤਰੀ ਕੰਮ ਜਾਂ ਕਿਸੇ ਹੋਰ ਜਰੂਰੀ ਕੰਮ ਲਈ ਘਰੋਂ ਬਾਹਰ ਨਿਕਲਦਾ ਹੈ ਤਾਂ ਉਹ ਕਪੜੇ ਜਾਂ ਤਿੰਨ ਲੇਅਰਾਂ ਵਾਲਾ ਮਾਸਕ ਲਾਜ਼ਮੀ ਤੌਰ ‘ਤੇ ਪਹਿਨੇਗਾ। ਇਸ ਦੀ ਉਲੰਘਣਾ ਕਰਨ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਐਪੀਡੈਮਿਕ ਡਿਜ਼ੀਜ਼ ਐਕਟ 1897 ਤਹਿਤ ਡਾਇਰੈਕਟਰ ਸਿਹਤ ਸੇਵਾਵਾਂ ਵੱਲੋਂ ਆਪਣੇ ਅਧਿਕਾਰਾਂ ਤਹਿਤ ਰੈਗੂਲੇਸ਼ਨ ਦੇ ਰੂਲ 12 ਦੀ ਵਰਤੋਂ ਕਰਦੇ ਹੋਏ ਮਿਤੀ 5.3.2020 ਨੂੰ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਸੀ। ਜੋ ਵਿਅਕਤੀ ਹਸਪਤਾਲਾਂ ਅਤੇ ਹੋਰ ਦਫ਼ਤਰਾਂ, ਉਦਯੋਗਾਂ ਜਾਂ ਹੋਰ ਥਾਵਾਂ ‘ਤੇ ਕੰਮ ਕਰਦੇ ਹਨ, ਤੋਂ ਇਲਾਵਾ ਆਪਣੇ ਸਾਧਨ ‘ਤੇ ਸਫਰ ਕਰਦੇ ਹੋਏ ਵੀ ਮਾਸਕ ਨੂੰ ਪਹਿਨਣਗੇ। ਇਸ ਤਹਿਤ ਸੂਤੀ ਕਪੜੇ ਦੇ ਬਣੇ ਮਾਸਕ ਅਤੇ ਜੇਕਰ ਕਿਸੇ ਹਾਲਤ ਵਿਚ ਮਾਸਕ ਉਪਲਬੱਧ ਨਹੀਂ ਹੁੰਦਾ ਤਾਂ ਰੁਮਾਲ ਜਾਂ ਸਕਾਫ ਆਦਿ ਨਾਲ ਮੂੰਹ ਢੱਕਣ ਲਈ ਵਰਤੋਂ ਕੀਤੀ ਜਾ ਸਕਦੀ ਹੈ।
ਉਹਨਾਂ ਪੰਜਾਬ ਵਾਸੀਆਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਨਿਯਮ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰਨ ਲਈ ਵੀ ਕਿਹਾ। ਉਹਨਾਂ ਵਿਸ਼ਵਾਸ ਦਵਾਇਆ ਕਿ ਪੰਜਾਬ ਸਰਕਾਰ ਵੱਲੋਂ ਇਸ ਮਾਰੂ ਵਾਇਰਸ ਨਾਲ ਲੜਨ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਹਨਾਂ ਕਿਹਾ ਕਿ ਘਰਾਂ ਵਿਚ ਰਹਿ ਕੇ ਅਤੇ ਇਸ ਦੀ ਲੜੀ ਨੂੰ ਤੋੜ ਕੇ ਇਸ ਵਾਇਰਸ ਵਿਰੁਧ ਜੰਗ ਜਿਤੀ ਜਾ ਸਕਦੀ ਹੈ ਜੋ ਇਕ ਇਸ ਦਾ ਇਕ ਮਾਤਰ ਸਾਧਨ ਹੈ।

Real Estate