ਮੈਂ ਸੁਰ ਆਲ੍ਹਿਆਂ ਤੋਂ ਘੱਟ, ਧੁਰ ਵਾਲਿਆਂ ਤੋਂ ਜਿਆਦਾ ਪ੍ਰਭਾਵਿਤ ਹਾਂ – ਰਾਜ ਬਰਾੜ

1349

ਰਾਜ ਬਰਾੜ ਦੀਆਂ ਪ੍ਰਿੰਟ ਮੀਡੀਆ ‘ਚ ਬਹੁਤ ਘੱਟ ਇੰਟਰਵਿਊ ਆਈਆਂ ਸਨ ।
2008 ਵਿੱਚ ਮੈਂ ‘ਦ ਸੰਡੇ ਇੰਡੀਅਨ’ ਲਈ ਰਾਜ ਬਰਾੜ ਦੀ ਖਾਸ ਇੰਟਰਵਿਊ ਕੀਤੀ ਸੀ । ਰਾਜ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਇਹ ਅੱਜ ਵੀ ਪਸੰਦ ਆਵੇਗੀ।-ਸੁਖਨੈਬ ਸਿੰਘ ਸਿੱਧੂ

ਪੰਜਾਬੀ ਗਾਇਕੀ ਹੁਣ ਇੱਕ ਲਾਹੇਵੰਦ ਕਿੱਤਾ ਸਿੱਧ ਹੋ ਰਹੀ ਹੈ । ਖੇਤੀਬਾੜੀ ਵਾਲੇ ਪਰਿਵਾਰਾਂ ਵਿਚੋਂ ਪੈਂਦਾ ਹੋਏ ਮੁੰਡੇ ਕਿਸੇ ਸੰਗੀਤਕ ਘਰਾਣੇ ਦੇ ‘ਤਸ਼ਦੀਕ ਸੁ਼ਦਾ ਸ਼ਾਗਿਰਦ ’ ਨਾ ਹੋਣ ਦੇ ਬਾਵਜੂਦ ਵੀ ਸੰਗੀਤ ਸਨਅਤ ਦੇ ਜ਼ਰੀਏ ਸੋਹਰਤ ਅਤੇ ਦੌਲਤ ਕਮਾ ਰਹੇ ਹਨ । ਗਾਇਕੀ ਦੇ ਖੇਤਰ ਵਿਚ ਗੁਰਦਾਸ ਮਾਨ ਦੀ ਆਮਦ ਨਾਲ ਗਾਇਕੀ ਨੂੰ ‘ਕੰਜਰਪੁਣਾ’ ਕਹਿਣ ਵਾਲੇ ਮਾਪੇ ਹੁਣ ਇਹ ਵੀ ਸੋਚਦੇ ਹਨ ਕਿ ‘ ਕਿਤੇ ਸਾਡਾ ਮੁੰਡਾ ਗਾਉਣ ਲੱਗ ਜੇ ਫਿਰ ਤਾਂ ਗੱਲ ਬਣਜੇ’ ।ਪੰਜਾਬੀ ਗਾਇਕੀ ਲਈ ਕਿਸੇ ਵਿਸੇ਼ਸ਼ ਯੋਗਤਾ ਦੀ ਲੋੜ ਨਹੀਂ ਨਾ ਹੀ ਗਾਇਕ ਬਣਨ ਕੋਈ ਵਿਸ਼ੇਸ਼ ਮਾਪਦੰਡ ਤਹਿ ਹਨ । ਇਸ ਗੱਲ ਦਾ ਪ੍ਰਤੱਖ ਸਬੂਤ ਰਾਜ ਬਰਾੜ ਹੈ । ਉਸਨੇ ਕਿਸੇ ਉਸਤਾਦ ਤੋਂ ਰਸਮੀ ਸੰਗੀਤਕ ਦੀ ਤਾਲੀਮ ਨਹੀ ਲਈ ਫਿਰ ਵੀ ਉਸ ਕੋਲ ਗੁਜਾਰੇ ਜੋਗੀ ਸੰਗੀਤਕ ਸੂਝ ਆਪਣੇ ਤਜ਼ਰਬੇ ਨਾਲ ਹੀ ਆ ਗਈ ਹੈ । ਉਸਨੇ ਸੀਨੀਅਰ ਗਾਇਕਾਂ ਨੂੰ ਸੁਣ ਸੁਣ ਕੇ ਆਪਣਾ ਇੱਕ ਸਟਾਈਲ ਵਿਕਸਤ ਕਰ ਲਿਆ ਹੈ। ਪਹਿਲਾਂ ਨਾਮਵਰ ਗੀਤਕਾਰਾਂ ਵਿਚ ਅਤੇ ਮਗਰੋਂ ਗਾਇਕਾਂ ਵਿਚ ਨਾਮਣਾ ਖੱਟਣ ਵਾਲਾ ਰਾਜ ਬਰਾੜ ਮੋਗਾ ਜਿ਼ਲ੍ਹੇ ਦੇ ਪਿੰਡ ਮੱਲਕੇ ਦੇ ਜਿਮੀਂਦਾਰ ਪਰਿਵਾਰ ਨਾਲ ਸਬੰਧਤ ਹੈ । ਖੇਤੀ ਤੋਂ ਲੈ ਉਸਨੇ ਕਮਰਸ਼ੀਅਲ ਪੰਜਾਬੀ ਸੰਗੀਤ ਦੀਆਂ ਸਾਰੀਆਂ ਜੁਗਤਾਂ ਆਪਣੇ ਤਜ਼ਰਬੇ ਨਾਲ ਸਿੱਖੀਆਂ ਹਨ । ਤਜਰਬੇ ਕਰਨ ਦੇ ਆਦੀ ਰਾਜ ਨੇ ‘ਦੇਸੀ ਪੌਪ ‘ ਨਾਲ ਐਸੀ ਹਾਜ਼ਰੀ ਭਰੀ ਕਿ ਧੰਨ ਧੰਨ ਕਰਵਾ ਦਿੱਤੀ। ਉਦੋਂ ਸੋਲੋ ਸਟੇਜ ਪ੍ਰੋਗਰਾਮ ਕਰਦੇ ਬਹੁਤੇ ਗਾਇਕਾਂ ਨੂੰ ਮੁਕਾਬਲੇ ਦੌੜ ਵਿਚ ਕੁਆਲੀਫਾਈ ਕਰਦੇ ਰਹਿਣ ਲਈ ਦੋਗਾਣਿਆਂ ਦੀਆਂ ਕੈਸਟਾਂ ਕਰਨਾ ਮਜਬੂਰੀ ਹੋ ਗਈ ਸੀ। ਜਦੋਂ ਸੋਲੋ ਗਾਇਕੀ ਦਾ ਦੌਰ ਸੀ ਉਂਦੋ ਦੇਸੀ ਪੌਪ ਦੇ ਨਾਂ ਹੇਠ ਐਸਾ ਟਰੈਂਡ ਬਦਲਿਆ ਕਿ 95 ਪ੍ਰਤੀਸ਼ਤ ਗਾਇਕ ਦੋਗਾਣਿਆਂ ਦੀ ਕੈਸਟਾਂ ਰਿਕਾਰਡ ਕਰਨ ਲੱਗੇ ਇਹ ਸਿਲਸਿਲਾ ਹੁਣ ਤੱਕ ਬੇਰੋਕ ਚੱਲ ਰਿਹਾ ਹੈ । ਹੁਣ ਤੱਕ ਕੁਝ ਕੁ ਗਾਇਕਾਂ ਨੂੰ ਛੱਡ ਕੇ ਬਾਕੀ ਦੋਗਾਣੇ ਗਾਉਣ ਲੱਗੇ ਹਨ। ਪੁਰਾਣੇ ਗਾਇਕਾਂ ਦੇ ਪ੍ਰਚਲਿਤ ਗੀਤਾਂ ਨੂੰ ਨਵਾ ਮਿਊਜਿ਼ਕ ਟਰੀਟਮੈਂਟ ਦੇ ਕੇ ਖੇਤਾਂ ਦੀਆਂ ਮੋਟਰਾਂ ਤੇ ਚੱਲਣ ਵਾਲੇ ਦੋਗਾਣੇ(ਡਿਊਟ) ਹੁਣ ਲਗਜ਼ਰੀ ਗੱਡੀਆਂ ਵਿਚ ਗੂੰਜਣ ਲੱਗੇ ਹਨ ਤਾਂ ਇਸਦਾ ਸਿਹਰਾ ਰਾਜ ਵੀ ਨੂੰ ਜਾਂਦਾ ਹੈ। ਬਰਾੜਾਂ ਦੇ ਫਿਲਮੀ ਐਕਟਰਾਂ ਵਰਗੇ ਮੁੰਡੇ ਰਾਜ ਨੇ ਗੀਤਕਾਰੀ ਕੀਤੀ ਤਾਂ ਸਿਖਰਾਂ ਨੂੰ ਛੂਹਿਆ , ਜੇ ਸੋਲੋ ਸਿੰਗਰ ਬਣਿਆ ਤਾਂ ਕਾਮਯਾਬ ਰਿਹਾ ਅਤੇ ਹੁਣ ਆਪਣੀ ਹੋਮ ਪ੍ਰੋਡਕਸ਼ਨ ‘ਟੀਮ’ ਰਾਹੀਂ ਕੈਸੇਟਾਂ ਰਿਲੀਜ਼ ਕਰਨ ਦੇ ਨਾਲ ਮਿਉਜਿ਼ਕ ਡਾਇਰੈਕਟਰ ਦੇ ਤੌਰ ਤੇ ਵੀ ਹਾਜ਼ਰੀ ਲਵਾਉਂਦਾ ਆ ਰਿਹਾ ਹੈ । ਅੱਜਕੱਲੂ ‘ਰੀਬਰਥ’ ਨਾਂ ਦੀ ਐਲਬੰਮ ਤਿਆਰ ਕਰਕੇ ‘ਪੰਜਾਬੀ ਰੈਪ’ ਟਰੈਂਡ ਆਗਾਜ਼ ਕੀਤਾ ਹੈ। ਪੜ੍ਹਿਆ ਲਿਖਿਆ ਹੋਣ ਕਰਕੇ ਉਹ ਸਿਆਸੀ ਮਾਹੌਲ ਉਪਰ ਸਿੱਧੇ ਵਿਅੰਗ ਕਰਦੇ ਗੀਤ ਕਦੇ ਕਦੇ ਆਪਣੀਆਂ ਟੇਪਾਂ ਵਿਚ ਜਰੂਰ ਸ਼ਾਮਿਲ ਕਰਦਾ ਹੈ । ਬੀਤੀਆਂ ਲੋਕ ਸਭਾ ਚੋਣਾਂ ਮੌਕੇ ਉਸਦੀ ਰਿਲੀਜ਼ ਕੀਤੀ ਕੈਸੇਟ ਵਿਚ ਇੱਕ ਦਲ ਬਦਲੂ ਚੌਧਰ ਦੇ ਭੁੱਖੇ ਵਿਅਕਤੀ ਅਤੇ ਉਸਦੀ ਛੋਟੀ ਭਰਜਾਈ ਦੇ ਵਾਰਤਾਪਾਲ ਇਸ ਤਰ੍ਹਾਂ ਪੇਸ਼ ਕੀਤਾ ਸੀ ।
ਭਰਜਾਈ : ਪਹਿਲਾਂ ਨੀਲੀ ਪੱਗ ਤੇ ਗੱਲ ਵਿਚ ਪਰਨਾ ਪਾਉਂਦਾ ਸੀ
ਜਣੇ ਖਣੇ ਨੂੰ ਭਾਈ ਜੀ ਤੂੰ ਫਤਹਿ ਬੁਲਾਉਂਦਾ ਸੀ
ਘਰ ਵਿਚ ਟਿੱਕ ਕੇ ਬਹਿਣ ਨਹੀਂ ਦਿੰਦੇ ਝੂਟੇ ਉਸਨੂੰ ਕਾਰਾਂ ਦੇ
ਨਿੱਤ ਰੰਗ ਬਦਲਦੇ ਮੇਰੇ ਜੇਠ ਦੀਆਂ ਦਸਤਾਰਾਂ ਦ

ਲੀਡਰ : ਅੰਦਰੋਂ ਅਕਾਲੀ ਬਾਹਰੋ ਬੀਜੇਪੀ ਨਾਲ ਰੱਖੀ ਐ
ਕਾਂਗਰਸੀਆਂ ਦੇ ਨਾਲ ਵੀ ਸਾਡੀ ਯਾਰੀ ਪੱਕੀ ਐ
ਬਹੁਜਨ ਦੇ ਨਾਲ ਰੈਲੀਆਂ ਕਰਦਾ ਕਾਮਰੇਡਾਂ ਨਾਲ ਧਰਨੇ
ਨੀ ਹੁਣ ਲੋਕ ਸਭਾ ਤੋਂ ਮਿੱਤਰਾਂ ਨੇ ਪੇਪਰ ਭਰਨੇ

ਪੰਜਾਬੀ ਸੂਬੇ ਵਾਰ ਵਾਰ ਵਾਪਰੇ ਦੁਖਾਂਤ ਦੀ ਕਹਾਣੀ ਉਸਦੇ ਗੀਤ ਇੰਝ ਬਿਆਨਦੇ ਹਨ _
ਕਦੇ ਬਾਬਰ ਨੇ ਕਦੇ ਜਾਬਰ ਨੇ ਮੈਨੂੰ ਕੀਹਨੇ ਨਈਂ ਲੁੁੱਟਿਆ
ਮੈਂ ਫਿਰ ਫੁੱਟ ਪੈਣਾ ਕਈ ਵਾਰੀ ਮੈਨੂੰ ਜੜ੍ਹ ਤੋਂ ਪੁੱਟ ਸੁੱਟਿਆ
ਲੈ ਗਿਆ ਅਬਦਾਲੀ ਇੱਥੋਂ ਖਜ਼ਾਨੇ ਬੇਹਿਸਾਬ ਦੇ
ਉਜੜ ਉਜੜ ਕੇ ਵਸਣਾ ਲਿਖਿਆ ਲੇਖਾਂ ‘ਚ ਪੰਜਾਬ ਦੇ
ਰਾਜ ਆਪਣੀਆਂ ਪ੍ਰਾਪਤੀਆਂ ਨੂੰ ਮੀਡੀਆ ਦੇ ਸਾਹਮਣੇ ਨਹੀਂ ਲਿਆਉਂਦਾ ਉਹ ਸਿਰਫ ਅਤੇ ਸਿਰਫ ਕੰਮ ਕਰਨ ਵਿਚ ਵਿਸ਼ਵਾਸ ਰੱਖਦਾ ਹੈ ਪਿਛਲੇ ਦਸ ਸਾਲਾਂ ਦੌਰਾਨ ਇਹ ਉਸਦੀ ਦੂਸਰੀ ਇੰਟਰਵਿਊ ਹੈ । ਅਖੌਤੀ ਵਿਦਵਤਾ ਦੇ ਲਿਬਾਸ ਪਰੇ ਖੜਾ ਰਾਜ ਆਪਣੀ ਪਛਾਣ ਆਪ ਹੈ। ਪੇਸ਼ ਹਨ ਉਸ ਨਾਲ ਕੀਤੀ ਬੇਬਾਕ ਗੱਲਬਾਤ ਦੇ ਕੁਝ ਅੰਸ
ਸਵਾਲ : ਸੰਗੀਤ ਦੇ ਖੇਤਰ ਵਿਚ ਕਿਵੇਂ ਰੁਚਿਤ ਹੋਏ?
ਜਵਾਬ:ਗਾਉਣ ਤਾਂ ਮੈ 12-13ਸਾਲ ਪਹਿਲਾਂ ਲੱਗ ਗਿਆ ਸੀ । ਬਾਥਰੂਮ ਤੋਂ ਸੁ਼ਰੂ ਹੋ ਕੇ ਬਾਹਰ ਨਿਕਲਿਆ, ਹੌਲੀ ਹੌਲੀ ਸੰਗ ਲਾਹੀ, ਖੇਤੀਬਾੜੀ ਤੋਂ ਸ਼ੁਰੂ ਹੋ ਕੇ ਹੌਲੀ ਹੌਲੀ ਫਿਰ ਗਾਇਕੀ ਵੱਲ ਆਏ । ਪਹਿਲਾਂ ਕਾਸ਼ਤਕਾਰ,ਫਿਰ ਪੇਸ਼ਕਾਰ, ਮਗਰੋਂ ਗੀਤਕਾਰ ਅਤੇ ਹੁਣ ਕਲਾਕਾਰ ਬਣਿਆ ।
ਬਤੌਰ ਪੇਸ਼ਕਾਰ ਤੁਸੀ ਕਿਹੜੀਆਂ ਟੇਪਾਂ ਪ੍ਰੋਡਿਊਸ ਕੀਤੀਆਂ ?
ਸਾਰੀਆਂ ਟੇਪਾਂ ਦੇ ਨਾਂ ਤਾਂ ਯਾਦ ਨਹੀਂ ਇੱਕ ਟੇਪ ਸਵ:ਦਿਲਸ਼ਾਦ ਅਖਤਰ ਦੀ ਅਤੇ ਨਿਰਮਲ ਸਿੱਧੂ ਦੀਆਂ ਟੇਪਾਂ ਮੈਂ ਕੀਤੀਆਂ ਰਿਕਾਰਡ ਕੀਤੀਆਂ ਸਨ।
ਉਦੋਂ ਤਾਂ ਗਾਇਕਾਂ ਤੋਂ ਪੈਸੇ ਲੈ ਕੇ ਰਿਕਾਰਡ ਕਰਨ ਦਾ ਦੌਰ ਚੱਲ ਰਿਹਾ ਸੀ ?
ਨਹੀਂ ਜੀ ,ਪੈਸੇ ਲੈ ਕੇ ਨਹੀਂ ਮੈਨੂੰ ਤਾਂ ਕੋਲੋਂ ਪੈਸੇ ਦੇ ਕੇ ਰਿਕਾਰਡ ਕਰਨੀਆਂ ਪਈਆਂ । ਉਦੋਂ ਕਾਫੀ ਪੈਸਾ ਬਰਬਾਦ ਹੋ ਗਿਆ ਸੀ । ਮੈਂ ਘਰੋਂ ਦੋ ਢਾਈ ਲੱਖ ਲੈ ਕੇ ਨਿਕਲਿਆ ਸੀ , ਉਹ ਸਾਰੇ ਖਰਾਬ ਹੋਗੇ ,ਉਹ ਵਿਆਜ ਪੈ ਪੈ ਕੇ ਚਾਰ ਪੰਜ ਲੱਖ ਰੁਪਏ ਬਣਗੇ । ਕਾਲਜ ਪੜ੍ਹਦੇ ਬੀ ਏ ਫਾਈਨਲ ਸਮੇਂ ਇੱਕ ਵਾਰ ਯੂਥ ਫੈਸਟੀਵਲ ਗਾਇਆ । ਫਿਰ ਬਤੌਰ ਪ੍ਰੋਡਿਊਸਰ ਇਸ ਲਾਈਨ ‘ਚ ਆ ਗਏ ।ਫਿਰ ਗੀਤ ਲਿਖਣ ਲੱਗਾ । ਕੁਝ ਰਿਕਾਰਡ ਹੋਣ ਲੱਗੇ।
ਬਤੌਰ ਗੀਤਕਾਰ ਰਿਕਾਰਡ ਹੋਣ ਦਾ ਸਿਲਸਿਲਾ ਕਦੋਂ ਸ਼ੁਰੂ ਹੋਇਆ ?
ਸੁਰਜੀਤ ਬਿੰਦਰਖੀਆ ਜੀ ਦੀ ਕੈਸਿਟ ਵਿਚ ਮੇਰਾ ਗੀਤ ਸੀ ‘ਲੱਭ ਕਿਤੋਂ ਲੱਭ ਕਿਤੋਂ ਭਾਬੀਏ ਕੋਈ ਹੀਰ ਜਿਹੀ ਸੋਹਣੀ ਮੁਟਿਆਰ, ਹਰਭਜਨ ਮਾਨ ਦਾ ‘ਤੇਰੀ ਭਿੱਜਗੀ ਕੁੜਤੀ ਲਾਲ , ਫਿਰ ਇੰਦਰਜੀਤ ਨਿੱਕੂ ਦੀ ਆਵਾਜ਼ ‘ਨਸੀਬੋ ਚੇਤੇ ਕਰਦੀ ਐ, ਪਰਮਿੰਦਰ ਸੰਧੂ ਦਾ ਮੈ ਨੀ ਜਾਣਾ ਸਹੁਰੇ ਤੋਂ ਇਲਾਵਾ ਬਹੁਤ ਸਾਰੇ ਗੀਤ ਰਿਕਾਰਡ ਹੋਏ।
ਤੁਸੀ ਗਾਇਕੀ ਨੂੰ ਸਭਿਆਚਾਰ ਦੀ ਸੇਵਾ ਸਮਝ ਰਹੋ ਹੋ ਜਾਂ ਬਿਜਨਸ ਤੌਰ ਤੇ ਲੈ ਰਹੇ ਹੋ ?
ਬਿਲਕੁਲ ,ਬਿਜ਼ਨਸ ਬਣਾਉਣ ਵਾਸਤੇ, ਨਾ ਹੀ ਬਿਜ਼ਨਸ ਮੇਰਾ ਗਾਇਕੀ ਸੀ, ਅਸਲ ਕੀੜਾ ਤਾਂ ਮੇਰੇ ਦਿਮਾਗ ‘ਚ ਐਕਟਿੰਗ ਦਾ , ਮੈਂ ਐਕਟਰ ਬਣਨਾ ਦਾ ਚਾਹੁੰਦਾ ਸੀ , ਬਣ ਗਿਆ ਗਾਇਕ , ਹੁਣ ਐਕਟਿੰਗ ਆਲ੍ਹਾ ਕੰਮ ਵੀ ਛੇਤੀ ਠੀਕ ਆਜੂ ।
ਸਭਿਆਚਾਰ ਦੀ ਸੇਵਾ ਤਾਂ ਕਿਹੜੀ ਐ ਸੇਵਾ ਜੀ, ਸੇਵਾ ਤਾਂ ਆਪਣੇ ਪਰਿਵਾਰ ਹੋ ਜੇ ਤਾਂ ਏਨੀ ਹੀ ਬਹੁਤ ਐ (ਹੱਸ ਕੇ ), ਜੇ ਕੋਈ ਅਸੀਂ ਚੰਗਾ ਕੰਮ ਕਰਦੇ ਹਾਂ , ਜੇ ਬਿਜਨਸ ਨਾਲ ਕੋਈ ਸੇਵਾ ਹੋਜੇ ਫਿਰ ਤਾਂ ਨਾਲੇ ਪੁੰਨ ਨਾਲੇ ਫਲੀਆਂ ।
ਗਾਇਕੀ ਦੇ ਖੇਤਰ ਵਿਚ ਕਿਸ ਤੋਂ ਪ੍ਰਭਾਵਿਤ ਰਹੋ ਹੋ ?
ਪ੍ਰਭਾਵ ਸਮੇਂ ਸਮੇਂ ਬਦਲਦਾ ਰਿਹਾ ਜਦੋਂ ਸਕੂਲ ‘ਚ ਪੜ੍ਹਦੇ ਸੀ ਉਦੋਂ ਦੀਦਾਰ ਸੰਧੂ ,ਕੁਲਦੀਪ ਮਾਣਕ ,ਸੁਰਿੰਦਰ ਸਿੰਦਾ , ਮੁਹੰਮਦ ਸਦੀਕ ਦਾ ਪ੍ਰਭਾਵ ਰਿਹਾ , ਕਾਲਜ ਪੜਦੇ ਸਮੇਂ ਮੇਰੇ ਵੱਡੇ ਭਰਾ ਨਾਲ ਦਿਲਸ਼ਾਦ ਅਖਤਰ ਪੜ੍ਹਦਾ ਫਿਰ ਉਹਦਾ ਪ੍ਰਭਾਵ ਰਿਹਾ ਫਿਰ ਹੌਲੀ ਹੌਲੀ ਬਦਲਦਾ ਰਿਹਾ । ਮੈਂ ਜੱਟਾਂ ਵਾਗੂੰ ਹਿੱਕ ਦੇ ਜ਼ੋਰ ਨਾਲ ਗਾਉਣ ਵਾਲਿਆਂ ਤੋਂ ਜਿ਼ਆਦਾ ਪ੍ਰਭਾਵਿਤ ਹਾਂ , ਜਿਵੇਂ ਦਿਲਸ਼ਾਦ ਅਖਤਰ ਸੀ ਉਹ ਸੀ ਤਾਂ ਕਿਸੇ ਹੋਰ ਬਰਾਦਰੀ ਨਾਲ ਸਬੰਧਤ ਪਰ ਗਾਉਂਦਾ ਜੱਟਾਂ ਵਾਗੂੰ ਹਿੱਕ ਦੇ ਜ਼ੋਰ ਨਾਲ ਸੀ, ਜਿਵੇ ਮਾਣਕ ਸਾਹਬ ਗਾਉਂਦੇ ਹਨ । ਆਪਾਂ ਸੁਰ ਆਲ੍ਹਿਆਂ ਤੋਂ ਘੱਟ ਪ੍ਰਭਾਵਿਤ ਹਾਂ, ਧੁਰ ਆਲਿਆਂ ਜਿ਼ਆਦਾ ਪ੍ਰਭਾਵਿਤ ਰਹੇ ਹਾਂ। ਸਾਰੇ ਪੰਜਾਬ ਉੱਤੇ ਹੁਣ ਗੁਰਦਾਸ ਮਾਨ ਸਾਹਿਬ ਦਾ ਪ੍ਰਭਾਵ ਹੈਗਾ ਮੇਰੇ ਤੇ ਵੀ ਹੈ , ਨਾਲੇ ਇੱਕ ਜੱਟ ਹੀ ਜੱਟ ਪ੍ਰਭਾਵਿਤ ਹੋ ਸਕਦਾ ਹੈ ।
ਤੁਸੀ ਸ਼ਰੋਮਣੀ ਕਵੀਸ਼ਰੀ ਬਾਬੂ ਰੱਜਬ ਅਲੀ ਦੇ ਗੁਆਂਢੀ ਪਿੰਡ ਦੇ ਹੋ, ਬਾਬੂ ਜੀ ਦੀ ਲੇਖਣੀ ਦਾ ਕੋਈ ਪ੍ਰਭਾਵ ਰਿਹਾ ?
ਨਹੀਂ ਜੀ , ਕਿਊਂਕਿ ਬਾਬੂ ਰੱਜਬ ਅਲੀ ਕਾਫੀ ਪੁਰਾਣੇ ਸ਼ਾਇਰ ਸੀ , ਉਹ ਆਪਣਾ ਪਿੰਡ ਸਾਹੋ ਕੇ ਛੱਡ ਕੇ ਪਾਕਿਸਤਾਨ ਜਾ ਚੁੱਕੇ ਸੀ, ਵੈਸੇ ਮੇਲੇ ਤੇ ਜਰੂਰ ਜਾਂਦਾ ਹੁੰਦਾ । ਉਦੋਂ ਸ਼ੋਕ ਨਹੀਂ ਸੀ ਹੁੰਦਾ ਕਿ ਇਸ ਲਾਈਨ ‘ਚ ਆਉਣਾ ਹੈ।
ਤੁਹਾਡੀ ਟੇਪਾਂ ਰਿਲੀਜ਼ ਕਰਨ ਦਾ ਪ੍ਰੋਗਰਾਮ ਪ੍ਰੀਪਲੈਨਡ ਹੁੰਦਾ ?
ਜਿਹੜੀ ਹੋਲੀ ਵਾਲੀ ਸੀ ‘ਸਾਡੇ ਵਾਰੀ ਰੰਗ ਮੁੱਕਿਆ ਹੈ ’ ਹੋਲੀ ਤੋਂ ਪਹਿਲਾਂ ਰਿਲੀਜ਼ ਕੀਤੀ ਸੀ ਇਹ ਤਾਂ ਪ੍ਰੀਪਲੈਨਡ ਨਹੀਂ ਸੀ । ਵੈਸੇ ਹੋਲੀ ਵੇਲੇ ਸਾਨੂੰ ਲੱਗਿਆ ਕਿ ਇਹ ਗੀਤ ਦੁਬਾਰਾ ਦੂਰਦਰਸ਼ਨ ਤੇ ਚਲਾਉਣਾ ਚਾਹੀਦਾ ,ਜਦੋਂ ਅਸੀਂ ਚਲਾਇਆ ਤਾਂ ਸਾਡੀ ਕੈਸੇਟ ਵੀ ਵਿਕੀ। ਬਾਕੀ ਲੋਕ ਸਭਾ ਦੀਆਂ ਚੋਣਾਂ ਵੇਲੇ ‘ਲੋਕ ਸਭਾ ਤੋਂ, ਸਰਪੰਚੀ ਦੀ ਚੋਣਾਂ ਵੇਲੇ ‘ਸਰਪੰਚੀ’ ,ਰੀਬਰਥ ਇਹ ਸਾਰੀਆਂ ਟੇਪਾਂ ਮਿੱਥੇ ਸਮੇਂ ਤੇ ਹੀ ਰਿਲੀਜ਼ ਕੀਤੀਆਂ ਹਨ । ਇਹ ਸਾਰੀਆਂ ਪ੍ਰੀਪਲੈਨਡ ਸਨ । ਇੰਨ੍ਹਾਂ ਨੂੰ ਚੰਗਾ ਹੁੰਗਾਰਾ ਵੀ ਮਿਲਿਆ ਹੈ ।
ਪੁਰਾਣੇ ਗੀਤਾਂ ਨੂੰ ਉਪਰ ਨਵੇਂ ਤਜਰਬੇ ਕਰਕੇ ਦੇਸੀ ਪੌਪ ਦਾ ਖਿਆਲ ਕਿਵੇਂ ਆਇਆ ?

ਅਸੀਂ ਪਿੰਡੋਂ ਚੰਡੀਗੜ੍ਹ ਆ ਰਹੇ ਸੀ ਜਦੋਂ ਮੈ ਮੁਹੰਮਦ ਸਦੀਕ ਦੀ ਟੇਪ ਗੱਡੀ ‘ਚ ਲਾਈ ਤਾਂ ਮੇਰਾ ਭਤੀਜਾ ਕਹਿੰਦਾ ‘ਕੀ ਯਾਰ ਚਾਚਾ ਦੇਸੀ ਜੀਆਂ ਕੈਸਿਟਾਂ ਲਾ ਲੈਨਾ ’ ਅਸੀਂ ਸਾਰੇ ਸੁਣਦੇ ਗਏ ,ਫਿਰ ਉਹ ਚੰਡੀਗੜ੍ਹ ਤੋਂ ਮੁੜਦਾ ਹੋਇਆ ਇਹ ਕੈਸਿਟਾਂ ਨਾਲ ਲੈ ਗਿਆ। ਜਦੋਂ ਮੈਂ ਇਹ ਗੀਤ ਸੁਣੇ ਤੇ ਸੋਚਿਆ ਕਿ ਨਵੀ ਪੀੜੀ ਪੁਰਾਣੀ ਗਾਇਕੀ ,ਪੁਰਾਣੇ ਗੀਤਾਂ , ਕੰਪਸੀਜ਼ਨਾਂ ਨੂੰ ਤਾਂ ਪਸੰਦ ਕਰਦੀ ਹੈ ਪਰ ਸੰਗੀਤ ਪੁਰਾਣਾ ਹੈ ।ਮੈਂ ਅੰਦਾਜਾ ਲਾਇਆ ਕਿ ਪੁਰਾਣੇ ਗੀਤਾਂ ਦੇ ਬੋਲ ਅਤੇ ਤਰਜਾਂ ਬਹੁਤ ਵਧੀਆ ਹਨ , ਮੈ ਕੁਝ ਨਵੇਂ ਪੁਰਾਣੇ ਗੀਤ ਰਿਕਾਰਡ ਕਰਕੇ ਦੇਸੀ ਪੌਪ ਤਿਆਰ ਕੀਤੀ ।ਫਿਰ ਮੇਰੀ ਤਜਰਬੇ ਕਰਨ ਦੀ ਆਦਤ ਹੈ , ਮੈਂ ਪਹਿਲਾਂ ਹਿੱਟ ਰਹੇ ਦੋਗਾਣਿਆਂ ਨੂੰ ਰੀਮਿਕਸ ਕਰਕੇ ਨਵਾਂ ਮਿਊਜਿ਼ਕ ਅਤੇ ਨਵੀਂ ਬੀਟ ਤੇ ਰਿਕਾਰਡ ਕਰਕੇ ‘ਦੇਸੀ ਪੋਪ’ ਰਿਲੀਜ਼ ਕੀਤੀ ਫਿਰ ਇਹ ਬਹੁਤ ਕਾਮਯਾਬ ਹੋਏ ਹਾਂ।
‘ਗੀਤਾਂ ਦੀ ਰਾਣੀ ਦੀ’ ਟੇਪ ਵੀ ਨਵਾ ਤਜ਼ਰਬਾ ਸੀ ?
ਹਾਂ ਜੀ , ਮੈਂ ਆਪਣੇ ਸਰਕਲ ਵਿਚੋਂ ਸੁਣਦਾ ਹੁੰਦਾ ਸੀ ਕਿ ਪਾਕਿਸਤਾਨੀ ਗਾਇਕ ਵਧੀਆ ਗਾਉਂਦੇ ਹਨ ਉਨ੍ਹਾਂ ਦੀ ਸ਼ਾਇਰੀ ਵਧੀਆ ਹੈ । ਫਿਰ ਮੈ ਸੋਚਿਆਂ ਕਿ ਆਪਣੇ ਇੱਧਰ ਵੀ ਸਾਹਿਤਿਕ ਰੰਗ ਵਾਲੀ ਵਧੀਆ ਸ਼ਾਇਰੀ ਦੀ ਰਚਨਾ ਕੀਤੀ ਜਾ ਰਹੀ ਹੈ । ਮੈਂ ਸਾਡੇ ਵਧੀਆ ਦੀ ਸ਼ਾਇਰੀ ਇਕੱਠੀ ਕੀਤੀ । ਦੇਖੋ ਸਾਡੇ ਗੀਤਕਾਰ ਵਧੀਆ ਹਨ ਗਾਇਕ ਵੀ ਵਧੀਆ ਹਨ ਪਰ ਮੈਂ ਨਹੀਂ ਕਹਿੰਦਾ ਕਿ ਮੈਂ ਵਧੀਆ ਗਾਇਕ ਹੈ ,ਮੈਂ ਉਨ੍ਹਾਂ ਵਰਗਾ ਨਹੀਂ ਗਾ ਸਕਦਾ। ਫਿਰ ਮੈਂ ਸਾਹਿਤਿਕ ਗੀਤਾਂ ਦੀ ਟੇਪ ‘ ਗੀਤਾਂ ਦੀ ਰਾਣੀ’ ਕੀਤੀ ਸੀ । ਇਹ ਬਹੁਤੀ ਕਮਰਸ਼ੀਅਲ ਸੀ ਨਹੀਂ ਪਰੰਤੂ ਵਧੀਆ ਹੈ। ਮੈਂ ਅਤਾ ਉੱਲਾ ਖਾਨ , ਮਰਾਤਬ ਅਲੀ ਖਾਨ ਨੂੰ ਸੁਣਦਾ ਰਿਹਾ ਹਾਂ।
ਤੁਸੀ ਵਿਕਣ ਵਾਲੇ ਗਾਇਕਾਂ ਨੂੰ ਜਿ਼ਆਦਾ ਸੁਣਦੇ ਰਹੇ ? ਤੁਸੀ ਕਲਾਸੀਕਲ ਸੰਗੀਤ ਵਾਲਿਆਂ ਨੂੰ ਸੁਣਦੇ ਹੋ ?
ਬਿਲਕੁਲ ,ਮੈਂ ਗਾਉਣ ਵਾਲੇ ਲੋਕਾਂ ਨੂੰ ਲਿਖਦਾ ਰਿਹਾ ਲਿਖਣ ਵਾਲਿਆਂ ਲਈ ਗਾਉਂਦਾ ਰਿਹਾ । ਸੱਚੀਂ ਗੱਲ ਹੈ ਕਿ ਮੈਂ ਵਿਕਣ ਵਾਲਿਆਂ ਨੂੰ ਜਿ਼ਆਦਾ ਸੁਣਦਾ ਰਿਹਾ ਹਾਂ। ਫਾਇਦਾ ਵੀ ਉਨ੍ਹਾਂ ਦਾ ਹੀ , ਸੱਚੀ ਗੱਲ ਐ ਕਲਾਸੀਕਲ ਵਾਲੇ ਮੇਰੀ ਸਮਝ ਨਹੀ ਆਉਂਦੇ । ਗਜ਼ਲਾਂ ਜਾਂ ਹੋਰ ਕਲਾਸੀਕਲ ਸੰਗੀਤ ਸੁਣਨ ਵਾਲੇ ਸਰੋਤੇ ਹੀ ਵੱਖਰੇ ਹਨ । ਸਾਨੂੰ ਸੁਣਨ ਵਾਲੇ ਪੇਂਡੂ ਲੋਕ ਸਾਡੇ ਸਰੋਤੇ ਹਨ ਉਨ੍ਹਾਂ ਨੂੰ ਕਲਾਸੀਕਲ ਦੀ ਜਾਣਕਾਰੀ ਨਹੀਂ ਫਿਰ ਮੈਨੂੰ ਕੀ ਲੋੜ ਹੈ । ਨਾਲੇ ਇੱਕ ਗੱਲ ਹੈ ਜੇ ਤੁਸੀ ਸੁਧਾਰਕ ਬਣਨਾ ਹੈ ਤਾਂ ਪਹਿਲਾਂ ਮਸਹੂਰ ਹੋਣਾ ਜਰੂਰੀ ਹੈ । ਨਹੀਂ ਤਾਂ ਤੁਹਾਡੀ ਚੰਗੀ ਗੱਲ ਵੀ ਲੋਕਾਂ ਨੂੰ ਬੁਰੀ ਲੱਗੇਗੀ । ਇੱਕ ਵਾਰ ਲੋਕਾਂ ‘ਚ ਨਾਂਅ ਬਣਾ ਕੇ ਮੈਂ ਚੰਗੀ ਸਾਹਿਤਿਕ ਰਚਨਾਵਾਂ ਵਾਲੀ ਟੇਪ ਂ ਗੀਤਾਂ ਦੀ ਰਾਣੀ ਟੇਪ ਕੀਤੀ ਸੀ। ਲੋਕਾਂ ਨੂੰ ਪਸੰਦ ਵੀ ਆਈ ।
ਪਹਿਲਾਂ ਤੁਹਾਡਾ ਅਕਸ ਸੋਲੋ ਸਿੰਗਰ ਦਾ ਸੀ ਫਿਰ ਡਿਊਟ ਗਾਉਣ ਲੱਗੇ , ਸਟੇਜਾਂ ਉਪਰ ਵੀ ਡਿਊਟ ਗਾਉਂਦੇ ਹੋ ?
ਹਾਂ ਜੀ ਮੇਰੀਆਂ ਸਟੇਜਾਂ ਤੇ ਡਿਊਟ ਦੀ ਮੰਗ ਵੀ ਆੳਂੁਦੀ ਹੈ ,ਮੈਨੂੰ ਆਪਣੇ ਨਾਲ ਡਿਊਟ ਸਿੰਗਰ ਵੀ ਰੱਖਣੀ ਪੈਂਦੀ ਹੈ ।
ਪਹਿਲੀਆਂ ਕੈਸਿਟਾਂ ਨਾਲੋਂ ਰੀਬਰਥ’ ਇੱਕ ਵੱਖਰਾ ਕੰਮ ਕਿਉਂ ਹੈ ?
ਰੀਬਰਥ ਮੇਰੀ ਨਵੀਂ ਟੇਪ ਹੈ । ਜਦੋਂ ਟੇਪਾਂ ਕਰ ਰਿਹਾ ਸੀ ਮੈਨੂੰ ਇੰਝ ਲੱਗਿਆ ਜਿਵੇਂ ਮੈਂ ਬਾਕੀ ਕਲਾਕਾਰਾਂ ਤੋਂ ਪਿੱਛੇ ਰਹਿ ਰਿਹਾ ਹਾਂ , ਮੈਂ ਕਾਫੀ ਸਭਿਆਚਾਰਕ ਸਮਾਜਿਕ ਗੀਤ ਗਾਏ ਹਨ। ਪਰ ਉਹ ਕਲਚਰ ਵੀਹ ਸਾਲ ਪੁਰਾਣਾ ਸੀ।ਹੁਣ ਦਿਨੋਂ ਦਿਨ ਸਾਡਾ ਸਭਿਆਚਾਰ ਬਦਲ ਰਿਹਾ ਹੈ । ਮੈਂ ਆਪਣੇ ਪਿੰਡ ਜਾ ਕੇ ਨਵੀਂ ਪੀੜ੍ਹੀ ਮੁੰਡਿਆਂ ਦੇ ਨਾਲ ਗੱਲ ਕੀਤੀ ਮੈਂ ਜਾਣਨਾ ਚਾਹਿਆ ਕਿ ਸਾਡਾ ਨਵੀਂ ਪੀੜੀ ਨੂੰ ਕੀ ਚਾਹੀਦਾ ਹੈ । ਸਾਡੇ ਸਭਿਆਚਾਰ ਵਿਚ ਬਹੁਤ ਕੁਝ ਨਵਾਂ ਆ ਗਿਆ । ਮੋਬਾਈਲ ਆਗੇ ,ਮਾਈਕਰੋਵੇਵ ਆ ਗਿਆ ਹੈ ਮੈਂ ਸੋਚਿਆਂ ਇਹਨਾਂ ਗੱਲਾਂ ਨੂੰ ਗੀਤਾਂ ਵਿਚ ਆਉਣਾ ਚਾਹੀਦਾ ਹੈ। ਸੋਚਿਆ ਮੈਂ ਬਾਕੀ ਗਾਇਕਾਂ ਨਾਲੋਂ ਨਾ ਪਿੱਛੇ ਕਿਉਂ ਹਾਂ ? ਹੁਣ ਸਭਿਆਚਾਰ ਤਬਦੀਲ ਹੋ ਰਿਹਾ ਹੈ ਤਾਂ ਗੀਤਾਂ ਦੇ ਮੂਡ ਵੀ ਬਦਲਣੇ ਚਾਹੀਦੇ ਹਨ ।ਪਹਿਲਾਂ ਜੱਟ ਖੇਤੀ ਹੀ ਕਰਦੇ ਸਨ ,ਹੁਣ ਉਹ ਸ਼ਹਿਰ ਵੱਲ ਰੁਚਿਤ ਹੋਏ ਹਨ , ਪਹਿਲਾਂ ਜੱਟਾਂ ਦਾ ਕੋਲੋ ਕੰਮ ਹੁੰਦੇ ਸੀ ਕੰਬਾਈਨ ਲੈ ਲਈ ,ਕੀੜੇਮਾਰ ਦਵਾਈਆਂ ਦੀ ਦੁਕਾਨ ਕਰਲੀ ਜਾਂ ਫਿਰ ਸਪੇਅਰ ਪਾਰਟਸ ਦਾ ਦੁਕਾਨ ਕਰਲੀ ,ਹੁਣ ਜੱਟ ਵਿਦੇਸ਼ਾਂ ਵਿਚ ਜਾਣ ਲੱਗੇ ਹਨ , ਸਹਿਰਾਂ ‘ਚ ਦੁਕਾਨਾਂ ਵੀ ਕੀਤੀਆਂ ਹਨ ਉਹ ਪੜ੍ਹ ਲਿਖ ਰਹੇ ਹਨ । ਗੁਰਦਾਸ ਮਾਨ ਸਾਹਿਬ ਤੋਂ ਬਾਅਦ ਜੱਟ ਗਾਉਣ ਵੀ ਲੱਗੇ ਹਨ ਕਾਫੀ ਚੰਗੇ ਵਧੀਆਂ ਘਰਾਂ ਦੇ ਮੁੰਡੇ ਹੁਣ ਗਾਇਕੀ ਵੱਲ ਰੁਚਿਤ ਹੋ ਰਹੇ ਹਨ ।
ਕੋਈ ਰਸਮੀ ਗੁਰੂ ਧਾਰਨ ਕਰਨ ਦੀ ਲੋੜ ਪਈ ?
ਗੁਰੂ ਧਾਰਨ ਲਈ ਕੋਈ ਲੋੜ ਨਹੀਂ , ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਗਰੰਥ ਸਾਹਿਬ ਗੁਰੂ ਦਿੱਤਾ ਹੋਇਆ ਹੈ ਜਿਸਦਾ ਕੋਈ ਮੁਕਾਬਲਾ ਨਹੀਂ, ਗੁਰੂ ਗਰੰਥ ਸਾਹਿਬ ਵਿਚ ਸਾਰੇ ਰਾਗ ਨੇ , ਨਾਲੇ ਸਾਡੇ ਸੀਨੀਅਰ ਗਾਇਕ ਸਾਡੇ ਗੁਰੂ ਨੇ ਅਸੀਂ ਸਾਰਿਆਂ ਤੋਂ ਕੁਝ ਨਾ ਕੁਝ ਸਿੱਖ ਕੇ ਇਕ ਨਵਾਂ ਸਟਾਈਲ ਬਣਾਇਆ ਹੈ । ਸਾਨੂੰ ਸੁਣਨ ਆਲ੍ਹੇ ਸਿੱਧੇ ਸਾਦੇ ਦੇਸੀ ਜੱਟ -ਬੂਟ ਭਰਾ ਨੇ , ਅਸੀਂ ਉਨ੍ਹਾਂ ਲਈ ਕੰਮ ਕਰਦੇ ਹਾਂ ।ਜਿੰਨ੍ਹਾਂ ਦਿਨਾਂ ਚ ਸਿੱਖਣ ਦਾ ਟਾਈਮ ਹੁੰਦਾ ਹੈ ਉਦੋਂ ਸੋਚਿਆ ਨਹੀਂ ਹੁੰਦਾ ਕਿ ਗਾਇਕ ਬਣਾਂਗੇ। ਜਦੋਂ ਗਾਉਣ ਲੱਗ ਜਾਂਦੇ ਫਿਰ ਸਿੱਖਣ ਦਾ ਸਮਾਂ ਨਹੀਂ ਰਹਿੰਦਾ । ਹੁਣ ਤੁਸੀ ਗੁਰਦਾਸ ਮਾਨ ਤੋਂ ਮੇਰੇ ਤੱਕ ਲਾ ਲੋ , ਮਤਲਬ ਅਸਮਾਨ ਤੋਂ ਜਮੀਨ ਤੱਕ ਲਾ ਲੋ ,ਅਸੀਂ ਖੇਤੀ ਬਾੜੀ ਵਾਲੇ ਪਰਿਵਾਰਾਂ ਵਿਚੋਂ ਆਏ ਹਾਂ । ਪਹਿਲਾ ਸੋਚਿਆ ਨਹੀਂ ਹੁੰਦਾ ਕਿ ਮੁੰਡਾ ਸਾਡਾ ਗਾਇਕ ਬਣੂਗਾ ਫਿਰ ਸਿੱਖਣ ਦੀ ਸਮਾਂ ਨਹੀਂ ਹੁੰਦਾ ਹੈ।
ਤੁਸੀ ਰਿਕਾਰਡ ਗੀਤਾਂ ਦੀ ਤਰਜ਼ਾਂ ਦੇ ਜਿ਼ਆਦਾ ਕੰਮ ਕਿਉਂ ਕਰ ਰਹੋ ਹੋ?
ਇੱਕ ਵਾਰ ਸਦੀਕ ਸਾਹਿਬ ਮੈਨੂੰ ਕਹਿੰਦੇ , ‘ ਕਾਕਾ ਰਿਆਜ ਕਰਿਆ ਕਰੋ, ਮਿਹਨਤ ਕਰੋ’ ਮੈ ਕਿਹਾ ਸਦੀਕ ਸਾਹਿਬ ਤੁਹਾਡੀਆਂ ਮਿਹਨਤਾਂ ਕੀਤੀਆਂ ਕੀਹਦੇ ਕੰਮ ਆਉਣੀਆਂ ? ਸਾਡੇ ਕੰਮ ਹੀ ਆਉਣੀਆਂ । ਮੈਂ ਇਕ ਕੰਪੋਜੀਸ਼ਨ ਕੱਟ ਕੇ ਸਦੀਕ ਸਾਹਿਬ ਨੂੰ ਸੁਣਾ ਕੇ ਮੈਂ ਪੁੱਛਿਆ ਕਿ ਕੀਹਦੀ ਤਰਜ਼ ਹੈ ਉਨ੍ਹਾਂ ਨੂੰ ਪਤਾ ਨਹੀਂ ਲੱਗਿਆ ਮੈਂ ਆਖਿਆ ਸਦੀਕ ਸਾਹਿਬ ਤੁਹਾਡੀ ਤਰਜ ਹੈ, ਨਾਲੇ ਸਾਡਾ ਮਕਸਦ ਤਾਂ ਸਿਰਫ ਲੋਕਾਂ ਦਾ ਮਨੋਰੰਜਨ ਕਰਨਾ ਜੇ ਕਿਸੇ ਪੁਰਾਣੀ ਤਰਜ ਜਾਂ ਪੁਰਾਣਾ ਗੀਤ ਸੁਣਾ ਨੂੰ ਕੇ ਮੈ ਆਪਣੇ ਸ਼ਰੋਤਿਆਂ ਖੁਸ ਸਕਦਾ ਹਾਂ ਤਾਂ ਮੈਨੂੰ ਕੀ ਨੁਕਸਾਨ। ਸੁਣਨ ਆਲ੍ਹੇ ਨੂੰ ਲੱਗਦਾ ਮੇਰੇ ਕੈਸੇਟ ਲਾਏ ਪੈਸੇ ਪੂਰੇ ਹੋਗੇ । ਆਪਾਂ ਲੋਕਾਂ ਨੂੰ ਇੰਟਰਟੇਨ ਕਰਨਾ ਇਸਤੋਂ ਵੱਧ ਕੁਛ ਨੀ ।
ਤੁਸੀ ਘੱਟ ਮੀਡੀਆਂ ਕਿਉਂ ਆਉਂਦੇ ਹੋਂ ?
ਮੈਨੂੰ ਮੀਡੀਆ ‘ਚ ਆਉਣਾ ਹੀ ਨਹੀਂ ਆਉਦਾ ਸੀ , ਪਿਛਲੇ ਦਸ ਸਾਲ ‘ਚ ਮੈਂ ਕੋਈ ਇੰਟਰਵਿਊਂ ਨਹੀਂ ਦਿੱਤੀ , ਹੁਣ ਮੇਰੀ ਕੰਪਨੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ । ਨਾਲੇ ਮੀਡੀਆਂ ਨੂੰ ਕੋਈ ਚੰਗਾ ਕੰਮ ਕਰਕੇ ਦੱਸਣਾ ਪੈਂਦਾ , ਮੈਨੂੰ ਇਹ ਜੁਗਤਾਂ ਨਹੀਂ ਆਉਂਦੀਆਂ । ਕੋਈ ਉਸਾਰੂ ਕੰਮ ਕਰਕੇ ਮੀਡੀਆ ਨੂੰ ਦੱਸਣਾ ਪੈਂਦਾ ਹੈ । ਪਹਿਲਾਂ ਜਦੋਂ ਮੈਂ ਪੰਜਾਬ ਵਾਲਾ ਗੀਤ ਗਾਇਆ ਸੀ ਉਦੋਂ ਮੀਡੀਆਂ ਨੇ ਕੋਈ ਚੰਗਾ ਮਾੜਾ ਨੋਟਿਸ ਨਹੀਂ ਲਿਆ ।ਹੁਣ ‘ਰੀਥਰਬ’ ਕਰਕੇ ਲੋਕਾਂ ਨੇ ਪ੍ਰਤੀਕਰਮ ਕੀਤੇ ਹਨ , ਕਿ ਇਸਦੇ ਵੀਡਿਓ ਵਿਚ ਅਸ਼ਲੀਲਤਾ ਹੈ ਇਸ ਬਾਰੇ ਅਖਬਾਰਾਂ ਵਿਚ ਛਪਿਆ ਹੈ । ਮੈਂ ਸੋਚਦਾ ਹੈ ਚਲੋਂ ਮਾੜਾ ਹੀ ਸਹੀ ਼ਖ਼ਬਰ ਤਾਂ ਬਣਦੀ ਹੈ ।ਮੈਂ ਕਮਰਸ਼ੀਅਲ ਐਂਡ ਜਰੂਰ ਦਿੰਨਾ , ਮੇਰਾ ਵਹਿਮ ਕਹਿ ਲੋ ਜਾਂ ਸਵੈਵਿਸਵਾਸ਼ ਕਹਿ ਲੋ ਮੈਂ ਮੈਨੂੰ ਲੱਗਦਾ ਕਿ ਲੋਕ ਮੇਰਾ ਇਸ਼ਤਿਹਾਰ ਦੇਖ ਕੇ ਟੇਪ ਜਰੂਰ ਖਰੀਦਣਗੇ, ਕਿਉਂਕਿ ਉਨ੍ਹਾਂ ਨੂੰ ਲੱਗਦਾ ਜੇ ਕੋਈ ਮਾੜੀ ਟੇਪ ਵੀ ਹੋਈ ਤਾਂ ਵੀ ਕੁਝ ਚੰਗਾ ਹੀ ਹੋਊਂ ।

 

 

Real Estate