ਕਰੋਨਾ ਕਾਰਨ ਲੋਕ ਤਾਂ ਘਰਾਂ ‘ਚ ਬੰਦ – ਪੁਲਸ ਵਾਲੇ ਨੇ ਚੜਾ’ਤਾ ਨਵਾਂ ਈ ਚੰਦ

9155

ਬਰਨਾਲਾ, 10 ਅਪ੍ਰੈਲ (ਜਗਸੀਰ ਸਿੰਘ ਸੰਧੂ) : ਸਥਾਨਿਕ ਪੂਹਲਾ ਬਸਤੀ ਦੇ ਵਸਨੀਕਾਂ ਵੱਲੋਂ ਇੱਕ ਪੁਲਸ ਮੁਲਾਜਮ ਨੂੰ ਬਿਗਾਨੀ ਔਰਤ ਨਾਲ ਰੰਗ ਰਲੀਆਂ ਮਨਾਉਂਦੇ ਹੋਏ ਰੰਗੇ ਹੱਥੀ ਫੜ ਲਿਆ ਗਿਆ ਅਤੇ ਇਸ ਉਪਰੰਤ ਪੁਲਸ ਫੋਰਸ ਦੀ ਮੱਦਦ ਨਾਲ ਉਕਤ ਔਰਤ ਨੂੰ ਉਥੋਂ ਕੱਢਿਆ ਗਿਆ ਹੈ। ਪੂਹਲਾ ਬਸਤੀ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਆਪਣੇ ਮੁਲਾਜਮ ਦੀ ਤਰਫਦਾਰੀ ਕਰਦਿਆਂ ਪੁਲਸ ਵਾਲਿਆਂ ਨੇ ਬਸਤੀ ਦੇ ਲੋਕਾਂ ਨੂੰ ਧਮਕਾਇਆ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਇੱਕ ਪੁਲਸ ਮੁਲਾਜਮ ਨੇ ਹੰਡਿਆਇਆ ਰੋਡ ‘ਤੇ ਪੈਂਦੀ ਪੂਹਲਾ ਬਸਤੀ ਵਿੱਚ ਆਪਣੇ ਪਲਾਟ ਵਿੱਚ ਇੱਕ ਕਮਰਾ ਬਣਾਇਆ ਹੋਇਆ ਹੈ। ਬਸਤੀ ਦੇ ਵਸਨੀਕਾਂ ਦੇ ਦੱਸਣ ਮੁਤਾਬਿਕ ਇਹ ਪੁਲਸ ਮੁਲਾਜਮ ਅਕਸਰ ਹੀ ਇਥੇ ਗੈਰ ਔਰਤ ਨਾਲ ਆਉਂਦਾ ਜਾਂਦਾ ਰਹਿੰਦਾ ਹੈ, ਜਿਸ ਦਾ ਬਸਤੀ ਵਾਲੇ ਕਈ ਵਾਰ ਵਿਰੋਧ ਕਰ ਚੁੱਕੇ ਹਨ ਕਿ ਇਸ ਤਰ੍ਹਾਂ ਦੇ ਵਰਤਾਰੇ ਨਾਲ ਉਹਨਾਂ ਦੇ ਪਰਵਾਰਾਂ ਅਤੇ ਬੱਚਿਆਂ ‘ਤੇ ਮਾੜਾ ਅਸਰ ਪੈਂਦਾ ਹੈ, ਪਰ ਉਕਤ ਪੁਲਸ ਮੁਲਾਜਮ ਉਲਟਾ ਬਸਤੀ ਵਾਲਿਆਂ ‘ਤੇ ਪੁਲਸੀਆ ਰੋਹਬ ਮਾਰਦਾ ਹੈ। ਹੁਣ ਜਦੋਂ ਕਰੋਨਾ ਵਾਇਰਸ ਕਾਰਨ ਪੂਰੇ ਦੇਸ਼ ਵਿੱਚ ਲੌਕ ਡਾਊਨ ਹੈਪੰਜਾਬ ਵਿੱਚ ਕਰਫਿਊ ਲੱਗਿਆ ਹੋਇਆ ਹੈ ਅਤੇ ਲੋਕ ਆਪੋ ਆਪਣੇ ਘਰਾਂ ਵਿੱਚ ਬੰਦ ਹਨ ਤਾਂ ਮੌਕਾ ਦਾ ਫਾਇਦਾ ਉਠਾਉਂਦਿਆਂ ਉਕਤ ਪੁਲਸ ਮੁਲਾਜਮ ਅੱਜ ਫਿਰ ਕਿਸੇ ਗੈਰ ਔਰਤ ਨੂੰ ਇਥੇ ਲੈ ਆਇਆ। ਇਸ ਦਾ ਪਤਾ ਲੱਗਦਿਆਂ ਆਂਢ ਗੁਆਂਢ ਦੇ ਲੋਕਾਂ ਵੱਲੋਂ ਇੱਕਠੇ ਹੋ ਕੇ ਪੁਲਸ ਮੁਲਾਜਮ ਦੇ ਘਰ ਨੂੰ ਘੇਰਾ ਪਾ ਲਿਆ ਗਿਆ। ਇਸ ‘ਤੇ ਉਕਤ ਮੁਲਾਜਮ ਆਪਣੇ ਪੁਲਸ ਦੀ ਵਰਦੀ ਪਾ ਕੇ ਆਪਣੇ ਘਰ ਨੂੰ ਜਿੰਦਾ ਲਗਾ ਕੇ ਬਾਹਰ ਚਲਾ ਗਿਆ ਅਤੇ ਕੁਝ ਦੇਰ ਬਾਅਦ ਆਏ ਪੀਂ.ਸੀ.ਆਰ ਮੁਲਾਜਮਾਂ ਵੱਲੋਂ ਘਰ ਦਾ ਜਿੰਦਾ ਖੋਲ ਕੇ ਅੰਦਰੋਂ ਔਰਤ ਨੂੰ ਕੱਢਣ ਦਾ ਯਤਨ ਕੀਤਾ ਗਿਆ, ਜਿਸ ਦਾ ਬਸਤੀ ਵਾਲਿਆਂ ਨੇ ਜਬਰਦਸਤ ਵਿਰੋਧ ਸੁਰੂ ਕਰ ਦਿੱਤਾ। ਇਸ ਤਰ੍ਹਾਂ ਕਾਫੀ ਚਿਰ ਰੌਲਾ ਰੱਪਾ ਪੈਣ ਤੋਂ ਬਾਅਦ ਥਾਣਾ ਸਿਟੀ-2 ਦਾ ਇੰਚਾਰਜ ਪੁਲਸ ਫੋਰਸ ਨਾਲ ਮੌਕੇ ‘ਤੇ ਆ ਪੁਹੰਚਿਆ ਅਤੇ ਪੁਲਸ ਫੋਰਸ ਉਕਤ ਔਰਤ ਨੂੰ ਘਰ ਵਿਚੋਂ ਕੱਢ ਕੇ ਆਪਣੇ ਨਾਲ ਲੈ ਗਈ। ਬਸਤੀ ਵਾਲਿਆਂ ਨੇ ਦੋਸ ਲਗਾਏ ਹਨ ਕਿ ਪੁਲਸ ਨੇ ਉਹਨਾਂ ਨੂੰ ਪਰਚੇ ਦਰਜ ਕਰਨ ਦੀਆਂ ਧਮਕੀਆਂ ਦਿੰਦਿਆਂ ਮੂੰਹ ਬੰਦ ਰੱਖਣ ਲਈ ਕਿਹਾ ਹੈ। ਇਸ ਮੌਕੇ ਇੱਕਤਰ ਲੋਕਾਂ ਨੇ ਐਸ.ਐਸ.ਪੀ ਬਰਨਾਲਾ ਤੋਂ ਮੰਗ ਕੀਤੀ ਹੈ ਕਿ ਉਕਤ ਮੁਲਾਜਮ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

Real Estate