**ਹੋਰ ਸਕੂਲਾਂ ਦੇ ਵਿਦਿਆਰਥੀ ਵੀ ਜੁੜ ਸਕਦੇ ਨੇ ਸਰਕਾਰੀ ਸਕੂਲਾਂ ਦੀ ਆਨਲਾਈਨ ਪੜਾਈ ਨਾਲ।

ਮੁਲਕ ‘ਚ ਕੋਰੋਨਾ ਕਹਿਰ ਦੇ ਚੱਲਦਿਆਂ ਬੇਸ਼ੱਕ ਸਕੂਲਾਂ ਦਾ ਨਵਾਂ ਸ਼ੈਸਨ ਸ਼ੁਰੂ ਨਹੀਂ ਹੋ ਸਕਿਆਂ ਪਰ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਸਮਰਪਿਤ ਭਾਵਨਾ ਨੇ ਵਿਦਿਆਰਥੀਆਂ ਨੂੰ ਇਸ ਦੀ ਕਮੀ ਨਹੀਂ ਮਹਿਸੂਸ ਹੋਣ ਦਿੱਤੀ।ਵਿਭਾਗ ਵੱਲੋਂ ਬਕਾਇਦਾ ਨਿਯਮਤ ਪੜਾਈ ਵਾਂਗ ਹੀ ਰੋਜ਼ਾਨਾ ‘‘ਅੱਜ ਦਾ ਸ਼ਬਦ’’ਅਤੇ ਉਡਾਣ ਦੇ ਸਵਾਲ ਭੇਜਣ ਤੋਂ ਇਲਾਵਾ ਪ੍ਰਾਇਮਰੀ ਅਤੇ ਪ੍ਰੀ-ਪ੍ਰਾਇਮਰੀ ਜਮਾਤਾਂ ਲਈ ਸਲਾਈਡਾਂ ਭੇਜੀਆ ਜਾ ਰਹੀਆਂ ਹਨ।ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਸਵੈ ਇੱਛਾ ਨਾਲ ਸੈਸ਼ਨ ਦੇ ਪਹਿਲੇ ਦਿਨ ਹੀ ਵਿਦਿਆਰਥੀਆਂ ਨਾਲ ਆਨਲਾਈਨ ਰਾਬਤੇ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈਣ ਲੱਗਿਆ ਹੈ।ਸ਼ੁਰੂ ਵਿੱਚ ਬੇਸ਼ੱਕ ਇਹ ਸੰਭਵ ਨਹੀਂ ਸੀ ਲੱਗ ਰਿਹਾ ਕਿਉਂਕਿ ਬਹੁਗਿਣਤੀ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਮਾਪਿਆਂ ਕੋਲ ਸਮਾਰਟ ਮੋਬਾਈਲ ਫੋਨ ਨਹੀਂ ਹੁੰਦੇ।ਪਰ ਜਿਵੇਂ ਕਿਹਾ ਜਾਂਦਾ ਹੈ ਲੋੜ ਕਾਢ ਦੀ ਮਾਂ ਹੁੰਦੀ ਹੈ।ਵਟਸਅਪ ਤੋਂ ਸ਼ੁਰੂ ਹੋਇਆ ਆਲਲਾਈਨ ਪੜਾਈ ਦਾ ਸਿਲਸਿਲਾ ਹੁਣ ਹੋਰ ਬਹੁਤ ਸਾਰੇ ਸਾਧਨਾਂ ਜਰੀਏ ਅਮਲ ਵਿੱਚ ਲਿਆਂਦਾ ਜਾਣ ਲੱਗਿਆ ਹੈ।ਜਿੰਨਾਂ ਵਿਦਿਆਰਥੀਆਂ ਦੇ ਮਾਪਿਆਂ ਕੋਲ ਸਮਾਰਟ ਫੋਨ ਨਹੀਂ ਉਹਨਾਂ ਨਾਲ ਫੋਨ ਕਾਲ ਜਰੀਏ ਰਾਬਤਾ ਬਣਾਇਆ ਜਾ ਰਿਹਾ ਹੈ।
ਸਕੂਲ ਸਿੱਖਿਆ ਵਿਭਾਗ ਵੱਲੋਂ ਨਵੇਂ ਵਿੱਦਿਅਕ ਸ਼ੈਸ਼ਨ ਦੀਆਂ ਪੁਸਤਕਾਂ ਦੀ ਵੰਡ ਅਸੰਭਵ ਹੋਣ ਕਾਰਨ ਵਿਦਿਆਰਥੀਆਂ ਨੂੰ ਆਨਲਾਈਨ ਪੁਸਤਕਾਂ ਉਪਲਬਧ ਕਰਵਾ ਦਿੱਤੀਆਂ ਗਈਆਂ ਹਨ।ਮੁੱਖ ਦਫਤਰ ਵੱਲੋਂ ਈ-ਕੰਟੈਂਟ,ਐਜੂਸੈਟ ਅਤੇ ਗੂਗਲ ਜਰੀਏ ਆਨਲਾਈਨ ਪੜਾਂਉਣ ਸਮੱਗਰੀ ਅਧਿਆਪਕਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ।ਫਾਸਟਵੇ ਚੈਨਲ ਵੱਲੋਂ ਵਿਦਿਆਰਥੀਆਂ ਨੂੰ ਆਨਲਾਈਨ ਪੜਾਇਆ ਜਾ ਰਿਹਾ ਹੈ।ਕਈ ਸਕੂਲ਼ਾਂ ਦੇ ਅਧਿਆਪਕਾਂ ਵੱਲੋਂ ਜੂਮ ਐਪ ਜਰੀਏ ਬਕਾਇਦਾ ਜੂਮ ਕਲਾਸ ਰੂਮ ਦੀ ਵਿਵਸਥਾ ਕਰਕੇ ਵਿਦਿਆਰਥੀਆਂ ਦੇ ਤੌਖਲ਼ੇ ਨਾਲੋਂ ਨਾਲ ਦੂਰ ਕੀਤੇ ਜਾ ਰਹੇ ਹਨ।ਸਵੇਰੇ ਸ਼ੁਰੂ ਹੋਇਆ ਪੜ•ਾਈ ਦਾ ਸਿਲਸਿਲਾ ਦੇਰ ਸ਼ਾਮ ਤੱਕ ਵੀ ਜਾਰੀ ਰਹਿੰਦਾ ਹੈ।ਇਸ ਆਨਲਾਈਨ ਵਿਵਸਥਾ ਦਾ ਲਾਹਾ ਸਿਰਫ ਵਿਦਿਆਰਥੀਆਂ ਨੂੰ ਪਾਠਕ੍ਰਮ ਪੜਾਉਣ ਤੱਕ ਹੀ ਸੀਮਿਤ ਨਹੀਂ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਕੋਰੋਨਾ ਤੋਂ ਸੁਰੱਖਿਆ ਦਾ ਪਾਠ ਵੀ ਨਾਲੋ ਨਾਲ ਪੜਾਇਆ ਜਾ ਰਿਹਾ ਹੈ।
ਆਨਲਾਈਨ ਪੜਾਈ ਦੇ ਬਹੁਤ ਸਾਰੇ ਸਾਧਨਾਂ ਵਿੱਚੋਂ ਰੇਡਿਓ ਵੀ ਪ੍ਰਭਾਵੀ ਭੂਮਿਕਾ ਨਿਭਾ ਰਿਹਾ ਹੈ।ਇੰਟਰਨੈਟ ਅਧਾਰਿਤ ਰੇਡਿਓ ਚੈਨਲ ‘‘ਦੁਆਬਾ ਰੇਡਿਓ’’ ਵੱਲੋਂ ਵੀ ਇੱਕ ਘੰਟੇ ਦਾ ਨਵਾਂ ਪ੍ਰੋਗਰਾਮ ‘‘ਸੁਣੋ ਸੁਣਾਵਾਂ ਪਾਠ ਪੜਾਵਾਂ’’ ਸ਼ੁਰੂ ਕਰਕੇ ਵਿਦਿਆਰਥੀਆਂ ਨੂੰ ਘਰ ਬੈਠੇ ਸਿੱਖਣ ਵਿੱਚ ਮੱਦਦ ਕੀਤੀ ਜਾ ਰਹੀ ਹੈ।ਰੋਜ਼ਾਨਾ ਬਾਅਦ ਦਪੁਹਿਰ ਤਿੰਨ ਵਜੇ ਪ੍ਰਸਾਰਿਤ ਹੋਣ ਵਾਲੇ ਇਸ ਪ੍ਰੋਗਰਾਮ ‘ਚ ਵੀਹ ਵੀਹ ਮਿੰਟ ਦੇ ਤਿੰਨ ਲੈਕਚਰ ਵਿਦਿਆਰਥੀਆਂ ਦੇ ਰੂਬਰੂ ਕੀਤੇ ਜਾਂਦੇ ਹਨ।ਇਹ ਲੈਕਚਰ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਬਕਾਇਦਾ ਵਿਦਿਆਰਥੀਆਂ ਦੇ ਪਾਠਕ੍ਰਮ ਅਨੁਸਾਰ ਤਿਆਰ ਕੀਤੇ ਜਾਂਦੇ ਹਨ।ਇਹ ਲੈਕਚਰ ਇੰਨੇ ਜਿਆਦਾ ਦਿਲਚਸਪ ਅਤੇ ਸਰਲ ਹੁੰਦੇ ਹਨ ਕਿ ਵਿਦਿਆਰਥੀ ਖੇਡ ਖੇਡ ਵਿੱਚ ਹੀ ਸਿੱਖਿਆ ਗ੍ਰਹਿਣ ਕਰ ਲੈਂਦਨ।

ਇਸ ਰੇਡਿਓ ਪ੍ਰੋਗਰਾਮ ਲਈ ਬਰਨਾਲਾ ਜਿਲੇ ਦੇ ਪੰਜ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਆਨਲਾਈਨ ਪੜਾਇਆ ਜਾਂਦਾ ਹੈ।ਸਰਕਾਰੀ ਹਾਈ ਸਕੂਲ ਨਾਈਵਾਲਾ ਵਿਖੇ ਸਿੱਧੀ ਭਰਤੀ ਰਾਹੀਂ ਨਿਯੁਕਤ ਹੋਏ ਰਾਜੇਸ਼ ਗੋਇਲ ਵੱਲੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਗਿਆਨ ਵਿਸ਼ਾ ਬਹੁਤ ਹੀ ਸਰਲ ਅਤੇ ਦਿਲਚਸਪ ਤਰੀਕੇ ਨਾਲ ਪੜਾਇਆ ਗਿਆ।ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਬਤੌਰ ਸਮਾਜਿਕ ਵਿਗਿਆਨ ਮਾਸਟਰ ਸੇਵਾਵਾਂ ਨਿਭਾਅ ਰਹੇ ਸ੍ਰੀ ਪੰਕਜ ਗੋਇਲ ਵੱਲੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਨਾਗਰਿਕ ਸ਼ਾਸਤਰ ਦਾ ਵਿਸ਼ਾ ਭਾਰਤੀ ਸੰਵਿਧਾਨ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਬਹੁਤ ਵਧੀਆ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ।ਸਰਕਾਰੀ ਹਾਈ ਸਕੂਲ ਰਾਮਗੜ ਵਿਖੇ ਬਤੌਰ ਗਣਿਤ ਅਧਿਆਪਕਾ ਸੇਵਾ ਨਿਭਾਅ ਰਹੀ ਮੈਡਮ ਮਨਜਿੰਦਰ ਕੌਰ ਵੱਲੋਂ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਗਣਿਤ ਵਰਗਾ ਰੁੱਖਾ ਵਿਸ਼ਾ ਵੀ ਬਹੁਤ ਰੌਚਿਕ ਤਰੀਕੇ ਨਾਲ ਪੜਾਇਆ ਗਿਆ ਹੈ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਵਿਖੇ ਅੰਗਰੇਜੀ ਮਿਸਟ੍ਰੈਸ ਅੰਮ੍ਰਿਤਪਾਲ ਕੌਰ ਵੱਲੋਂ ਵਿਦਿਆਰਥੀਆਂ ਲਈ ਸਭ ਤੋਂ ਡਰਾਵਣੇ ਵਿਸ਼ੇ ਅੰਗਰੇਜੀ ਨੂੰ ਬਹੁਤ ਹੀ ਸਰਲ ਤਰੀਕੇ ਨਾਲ ਪੜਾਇਆ ਗਿਆ ਹੈ।ਇਸੇ ਤਰਾਂ ਸਰਕਾਰੀ ਹਾਈ ਸਕੂਲ ਨੈਣੇਵਾਲ ਵਿਖੇ ਬਤੌਰ ਪੰਜਾਬੀ ਮਿਸਟ੍ਰੈਸ ਕੰਮ ਕਰ ਰਹੇ ਮੈਡਮ ਮਨਇੰਦਰ ਕੌਰ ਵੱਲੋਂ ਪੰਜਾਬੀ ਵਿਸ਼ੇ ਦਾ ਲੈਕਚਰ ਵਿਦਿਆਰਥੀਆਂ ਲਈ ਤਿਆਰ ਕੀਤਾ ਗਿਆ ਹੈ।

ਬਰਨਾਲਾ ਦੇ ਜਿਲ਼ਾ ਸਿੱਖਿਆ ਅਫਸਰ ਸੈਕੰਡਰੀ ਸ੍ਰ। ਸਰਬਜੀਤ ਸਿੰਘ ਤੂਰ , ਉਪ ਜਿਲਾ ਸਿੱਖਿਆ ਅਫਸਰ ਮੈਡਮ ਹਰਕੰਵਲਜੀਤ ਕੌਰ ਅਤੇ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਮਨਿੰਦਰ ਕੌਰ ਨੇ ਰੇਡਿਓ ‘ਤੇ ਪਾਠ ਪੜਾਉਣ ਵਾਲੇ ਅਧਿਆਪਕਾਂ ਦੇ ਉਦਮ ਦੀ ਸਲਾਘਾ ਕਰਦਿਆਂ ਬਾਕੀ ਅਧਿਆਪਕਾਂ ਨੂੰ ਵੀ ਇਸ ਕਾਰਜ ਲਈ ਪ੍ਰੇਰਿਤ ਕੀਤਾ।ਸਿੱਖਿਆ ਅਧਿਕਾਰੀਆਂ ਨੇ ਜਿਲੇ ‘ਚ ਚਲਾਈ ਜਾ ਰਹੀ ਆਨਲਾਈਨ ਸਿੱਖਿਆ ਬਾਰੇ ਵਿਸਥਾਰ ‘ਚ ਦੱਸਦਿਆਂ ਕਿਹਾ ਕਿ ਹਰ ਸਕੂਲ ਦੇ ਹਰ ਅਧਿਆਪਕ ਵੱਲੋਂ ਵਿਦਿਆਰਥੀਆਂ ਨੂੰ ਆਨਲਾਈਨ ਪਾਠ ਪੜਾ ਕੇ ਫਿਰ ਬਕਾਇਦਾ ਘਰ ਦਾ ਕੰਮ ਦਿੱਤਾ ਜਾਂਦਾ ਹੈ ਅਤੇ ਅਗਲੇ ਦਿਨ ਉਹ ਕੰਮ ਚੈ¤ਕ ਕਰਕੇ ਵਿਦਿਆਰਥੀਆਂ ਨੂੰ ਗਲਤੀਆਂ ਤੋਂ ਜਾਣੂ ਕਰਵਾਇਆ ਜਾਂਦਾ ਹੈ।ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਦਿੱਤੀ ਜਾ ਰਹੀ ਆਨਲਾਈਨ ਸਿੱਖਿਆ ਦਾ ਲਾਹਾ ਕਿਸੇ ਵੀ ਸਕੂਲ ਦਾ ਵਿਦਿਆਰਥੀ ਲੈ ਸਕਦਾ ਹੈ।ਕਿਸੇ ਵੀ ਸਕੂਲ ਦਾ ਵਿਦਿਆਰਥੀ ਸਰਕਾਰੀ ਸਕੂਲ ਦੇ ਅਧਿਆਪਕਾਂ ਵੱਲੋਂ ਬਣਾਏ ਵਟਸਅਪ ਗਰੁੱਪ ‘ਚ ਹਾਜ਼ਰ ਹੋ ਕੇ ਆਪਣੀ ਪੜਾਈ ਜਾਰੀ ਰੱਖ ਸਕਦਾ ਹੈ।ਉਹਨਾਂ ਅੱਗੇ ਦੱਸਿਆ ਕਿ ਸਰਕਾਰੀ ਸਕੂਲਾਂ ‘ਚ ਪੜ•ਦੇ ਸਮੂਹ ਵਿਦਿਆਰਥੀਆਂ ਦੇ ਦਾਖਲੇ ਅਗਲੀਆਂ ਜਮਾਤਾਂ ਵਿੱਚ ਕੀਤੇ ਜਾ ਚੁੱਕੇ ਹਨ ਅਤੇ ਜੇਕਰ ਮਾਪੇ ਕਿਸੇ ਹੋਰ ਸਕੂਲ ਵਿੱਚ ਪੜਦੇ ਆਪਣੇ ਬੱਚੇ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣਾ ਚਾਹੁੰਦੇ ਹੋਣ ਤਾਂ ਸਿਰਫ ਸਕੂਲ ਮੁਖੀ ਦੇ ਮੋਬਾਈਲ਼ ‘ਤੇ ਜਾਂ ਫਿਰ ਕਿਸੇ ਵੀ ਅਧਿਆਪਕ ਦੇ ਮੋਬਾਈਲ ਨੰਬਰ ‘ਤੇ ਸੁਨੇਹਾ ਭੇਜ ਕੇ ਜਾਂ ਫੋਨ ਕਰਕੇ ਬਿਨਾਂ ਕਿਸੇ ਫੀਸ ਦੀ ਅਦਾਇਗੀ ਦੇ ਦਾਖਲਾ ਲਿਆ ਜਾ ਸਕਦਾ ਹੈ।
—————-
ਬਿੰਦਰ ਸਿੰਘ ਖੁੱਡੀ ਕਲਾਂ
ਮੋਬ-98786-05965