ਰਾਹਤ ਕਾਰਜਾਂ ਲਈ 150 ਕਰੋੜ ਅਤੇ ਮੈਡੀਕਲ ਉਪਰਕਨਾਂ ਦੀ ਖਰੀਦ ਲਈ 50 ਕਰੋੜ ਦਿੱਤੇ ਮਨਪ੍ਰੀਤ

ਬਠਿੰਡਾ/ 5 ਅਪ੍ਰੈਲ/ ਬਲਵਿੰਦਰ ਸਿੰਘ ਭੁੱਲਰ
ਪੰਜਾਬ ਦੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇੱਥੇ ਦੱਸਿਆ ਹੈ ਕਿ ਸੂਬਾ ਸਰਕਾਰ ਵੱਲੋਂ ਰਾਜ ਦੇ ਜ਼ਿਲਿਆਂ ਨੂੰ ਹੁਣ ਤੱਕ 150 ਕਰੋੜ ਰੁਪਏ ਰਾਹਤ ਕਾਰਜਾਂ ਲਈ ਜਾਰੀ ਕੀਤੇ ਗਏ ਹਨ। ਉਨਾਂ ਨੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਇਸ ਮੁਸਕਿਲ ਦੌਰ ਵਿਚ ਸਰਕਾਰ ਸੂਬੇ ਦੇ ਲੋਕਾਂ ਨਾਲ ਖੜੀ ਹੈ ਅਤੇ ਰਾਹਤ ਕਾਰਜਾਂ ਅਤੇ ਕਰੋਨਾ ਦੇ ਪਸਾਰ ਨੂੰ ਰੋਕਣ ਲਈ ਸਾਰੇ ਲੋੜੀਂਦੇ ਇੰਤਜਾਮ ਕੀਤੇ ਜਾਣਗੇ ਅਤੇ ਇਸ ਕੰਮ ਵਿਚ ਪੈਸੇ ਦੀ ਘਾਟ ਕੋਈ ਅੜਿਕਾ ਨਹੀਂ ਬਣੇਗੀ।
ਵਿੱਤ ਮੰਤਰੀ ਸ: ਬਾਦਲ ਨੇ ਅੱਗੇ ਦੱਸਿਆ ਕਿ ਮੈਡੀਕਲ ਉਪਕਰਨ ਅਤੇ ਹੋਰ ਲੋੜੀਂਦਾ ਸਾਜੋ ਸਮਾਨ ਖਰੀਦਣ ਲਈ ਵੀ 50 ਕਰੋੜ ਰੁਪਏ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕੋਵਿਡ 19 ਦੇ ਟਾਕਰੇ ਲਈ ਹੰਗਾਮੀ ਕਦਮ ਦੇ ਤੌਰ ਤੇ ਵਧੀਕ ਮੁੱਖ ਸਕੱਤਰ ਦੀ ਅਗਵਾਈ ਵਾਲੀ ਖਰੀਦ ਕਮੇਟੀ ਨੂੰ ਕੋਵਿਡ 19 ਬਿਮਾਰੀ ਨਾਲ ਨਿਪਟਣ ਲਈ ਸਾਜੋ ਸਮਾਨ ਨਾਲ ਸਬੰਧਤ ਸਾਰੀਆਂ ਖਰੀਦਦਾਰੀਆਂ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਕ ਹਫ਼ਤੇ ਵਿਚ ਹਰੇਕ ਪ੍ਰਕਾਰ ਦਾ ਸਾਜੋ ਸਮਾਨ ਜ਼ਿਲਿਆਂ ਤੱਕ ਪੁੱਜ ਜਾਵੇਗਾ ਅਤੇ ਕਿਸੇ ਵੀ ਲੋੜੀਂਦੇ ਸਮਾਨ ਦੀ ਘਾਟ ਨਹੀਂ ਰਹੇਗੀ।
ਇਸ ਤਰਾਂ ਇਕ ਹੋਰ ਸਵਾਲ ਦੇ ਜਵਾਬ ਵਿਚ ਵਿੱਤ ਮੰਤਰੀ ਨੇ ਦੱਸਿਆ ਕਿ ਕਰੋਨਾ ਕਾਰਨ ਪੈਦਾ ਹੋਏ ਸਕੰਟ ਦੇ ਬਾਵਜੂਦ ਸੂਬਾ ਸਰਕਾਰ ਆਪਣੇ ਕਰਮਚਾਰੀਆਂ ਨੂੰ ਪੂਰੀਆਂ ਤਨਖਾਹਾਂ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਰਾਜ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਸ: ਬਾਦਲ ਨੇ ਕਿਹਾ ਕਿ ਇਸ ਮੌਕੇ ਇਕ ਤਰਾਂ ਦੀ ਕੌਮੀ ਜੰਗ ਅਸੀਂ ਲੜ ਰਹੇ ਹਾਂ ਅਤੇ ਕਿਸੇ ਨੂੰ ਵੀ ਇਸ ਮੁੱਦੇ ਤੇ ਸਿਆਸਤ ਨਹੀਂ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਬਠਿੰਡਾ ਵਿਚ ਹਰ ਰੋਜ 25 ਹਜਾਰ ਲੋਕਾਂ ਨੂੰ ਪੱਕਿਆ ਹੋਇਆ ਭੋਜਨ ਖੁਆਇਆ ਜਾ ਰਿਹਾ ਹੈ। 7900 ਲੋਕਾਂ ਨੂੰ ਸੁੱਕਾ ਰਾਸ਼ਨ ਵੰਡਿਆ ਜਾ ਚੁੱਕਾ ਹੈ। ਇਸ ਤੋਂ ਬਿਨਾਂ 7 ਦਿਨ ਪਹਿਲਾਂ ਜਿੰਨ੍ਹਾਂ ਨੂੰ ਇਕ ਇਕ ਹਫ਼ਤੇ ਦਾ ਰਾਸ਼ਨ ਵੰਡਿਆਂ ਗਿਆ ਸੀ ਉਨ੍ਹਾਂ 1000 ਪਰਿਵਾਰਾਂ ਨੂੰ ਅੱਜ ਅਗਲੇ ਹਫਤੇ ਦਾ ਸੁੱਕਾ ਰਾਸ਼ਨ ਦੁਬਾਰਾ ਵੰਡਿਆ ਜਾ ਰਿਹਾ ਹੈ।
ਇਸੇ ਤਰਾਂ ਕਣਕ ਖਰੀਦ ਦਾ ਜਿਕਰ ਕਰਦਿਆਂ ਸ: ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਸੂਬੇ ਦੀ 22000 ਕਰੋੜ ਰੁਪਏ ਦੀ ਸੀਸੀ ਲਿਮਟ ਮੰਜੂਰ ਹੋ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀ ਕਣਕ ਖਰੀਦ ਦੀ ਢੁੱਕਵੀਂ ਵਿਵਸਥਾ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਦੀ ਫਸਲ ਦਾ ਦਾਣਾ ਦਾਣਾ ਖਰੀਦਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਖਰੀਦ ਪ੍ਰਕ੍ਰਿਆ ਨੂੰ ਥੋੜਾ ਲੰਬਾ ਕੀਤਾ ਜਾਵੇਗਾ ਤਾਂ ਜੋ ਮੰਡੀਆਂ ਵਿਚ ਸਮਾਜਿਕ ਦੂਰੀ ਬਣੀ ਰਹੇ ਅਤੇ ਕਿਸਾਨ ਅਸਾਨੀ ਨਾਲ ਆਪਣੀ ਫਸਲ ਦੀ ਵਿਕਰੀ ਕਰ ਸਕਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਇਸ ਸਬੰਧੀ ਸਾਰੇ ਇੰਤਜਾਮ ਕਰ ਲਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਪੰਜਾਬ ਤੋਂ ਰੋਜਾਨਾਂ ਲਗਭਗ 30 30 ਮਾਲ ਗੱਡੀਆਂ ਦੂਜਿਆਂ ਸੂਬਿਆਂ ਨੂੰ ਜਾ ਰਹੀਆਂ ਹਨ ਜਿਸ ਨਾਲ ਸੂਬੇ ਦੇ ਗੋਦਾਮਾਂ ਵਿਚ ਅਗਲੀ ਫਸਲ ਭੰਡਾਰ ਲਈ ਵਾਧੂ ਥਾਂ ਉਪਲਬੱਧ ਹੋਵੇਗੀ। ਇਸ ਤੋਂ ਪਹਿਲਾਂ ਵਿੱਤ ਮੰਤਰੀ ਨੇ ਜ਼ਿਲੇ ਦੇ ਸੀਨਿਅਰ ਅਧਿਕਾਰੀਆਂ ਨਾਲ ਬੈਠਕ ਕਰਕੇ ਜ਼ਿਲੇ ਵਿਚ ਚੱਲ ਰਹੇ ਰਾਹਤ ਕਾਰਜਾਂ ਦੀ ਸਮੀਖਿਆ ਵੀ ਕੀਤੀ।

Real Estate