‘ਧੂੰਆਂਧਾਰ’ ਤੋਂ ਧੌਲਾਧਾਰ ਤੱਕ

860

ਦੀਪ ਦੁਨੀਆ (9876820600)
ਦੋਸਤੋ ! ਅਜੇ ਭਾਰਤ ਵਿਚ 11 ਕੁ ਦਿਨਾਂ ਦਾ ਅਤੇ ਬਾਕੀ ਅੱਧੀ ਕੁ ਦੁਨੀਆਂ ਵਿਚ ਮਹੀਨੇ ਕੁ ਦਾ ਹੀ ਲਾਕ ਡਾਉਨ ਹੋਇਆ ਹੈ, ਪਰ ਕਿੰਨਾ ਕੁਝ ਬਦਲ ਗਿਆ ਹੈ।
ਬੰਦਿਆਂ ਦੀ ਕੁਰਬਲ-ਕੁਰਬਲ, ਹਫੜਾ-ਦਫੜੀ ਬਿਲਕੁਲ ਸ਼ਾਂਤ ਹੈ..
ਮਸ਼ੀਨਾਂ ਵਾਂਗੂ ਦੌੜ ਰਿਹਾ ਬੰਦਾ ਤੇ ਬੰਦੇ ਨੂੰ ਦੌੜਾਂ ਰਹੀਆਂ ਮਸ਼ੀਨਾਂ ਦਾ ਜੰਗਲ ਥਮ ਗਿਆ ਹੈ..
ਭੂੰਡਾਂ ਵਾਂਗੂ ਫਿਰਦੀਆਂ ਗੱਡੀਆਂ ਅਰਾਮ ਫਰਮਾ ਰਹੀਆਂ ਹਨ…
ਚੌਂਕ ਚੁਰਸਤੇ ਪਹਿਲੀ ਵਾਰ ਸਿਰਹਾਣੇ ਬਾਂਹ ਧਰਕੇ ਅਲਸਾ ਰਹੇ ਰਹੇ ਹਨ..ਨਹੀਂ ਤਾਂ ਬੰਦੇ ਨੇ ਸੜਕਾਂ ਦੇ ਧਰਨ ਪੈਣ ਵਾਲੀ ਕਰ ਰੱਖੀ ਸੀ..
ਹਾਰਨਾਂ ਦੀ ਬੋਲਤੀ ਬੰਦ ਹੋਈ ਹੈ..
ਫੈਕਟਰੀਆਂ ਦੀਆਂ ਤੋਪਾਂ ਦੇ ਮੂੰਹ ਤੋਂ ਵੱਡੀਆਂ ਚਿਮਨੀਆਂ ਨੇ 24 ਘੰਟੇ ਚਲਦੀ ਧੂੰਏ ਦੀ ਵਾਛੜ ਬੰਦ ਕੀਤੀ ਹੈ..
ਕੂੜਿਆਂ ਦੇ ਢੇਰਾਂ ਨੂੰ ਥੋੜਾ ਸਾਹ ਆਇਆ ਹੈ..ਇੱਕਲੇ ਚੇਨਈ ਵਿਚ ਇਕ ਦਿਨ ਦਾ 700 ਟਨ (30%) ਕੂੜਾ ਘਟ ਗਿਆ ਹੈ..
ਮੋਰ ਤੇ ਹਰਨੋਟੇ ਸੜਕਾਂ ਤੇ ਨਿੱਕਲ ਆਏ ਹਨ..
ਸੈਲ ਫੋਨ ਟਾਵਰਾਂ ਦੀਆਂ ਤਾਰਾਂ ਤੇ ਰੇਡੀਏਸ਼ਨ ਕਾਰਨ ਸੁੰਨੇ ਹੋਏ ਪੰਛੀਆਂ ਦੇ ਖੰਭਾਂ ਵਿਚ ਮੁੜ ਹਰਕਤ ਹੋਈ ਹੈ ਤੇ ਉਹ ਟਾਵਰਾਂ ਤੋਂ ਥੱਲੇ ਉਤਰ ਇੰਝ ਮਹਿਸਸੂ ਕਰ ਰਹੇ ਹਨ ਜਿਵੇਂ ਕਿਸੇ ਹਸਪਤਾਲ ਦੇ ਆਈ ਸੀ ਯੂ ਵਿੱਚੋਂ ਕਿਸੇ ਮਰੀਜ ਨੂੰ ਤੰਦਰੁਸਤ ਹੋਣ ਤੋਂ ਬਾਅਦ ਪਹਿਲੀ ਵਾਰ ਛੁੱਟੀ ਮਿਲੀ ਹੋਵੇ। ਕਾਂ ਤੋਤੇ ਤੇ ਚਿੜੀਆਂ ਛਾਲਾਂ ਮਾਰ ਰਹੇ ਹਨ..
ਸੜਕਾਂ ਦੇ ਕਿਨਾਰਿਆਂ ਤੇ ਜਾਂ ਵਿਚਕਾਰ ਡਿਵਾਈਡਰਾਂ ਤੇ ਉੱਗੇ ਬੂਟੇ, ਜਿੰਨ੍ਹਾਂ ਨੂੰ ਮਨੁੱਖ ਨੇ ਕਾਲਖਾਂ ਦਾ ਤੋਹਫਾ ਦਿੱਤਾ ਸੀ, ਉਹ ਵਿਚਾਰੇ ਬਿਨਾ ਕਿਸੇ ਕਸੂਰ ਤੋਂ ਮਣਾਂਮੂੰਹੀ ਧੂੰਆਂ ਫੱਕਦੇ ਸਨ ਤੇ ਓਢਦੇ ਸਨ, ਹੁਣ ਉਹਨਾਂ ਤੇ ਨਵੀਆਂ ਕਰੂੰਬਲਾਂ ਨਿਕਲਣੀਆਂ ਸ਼ੁਰੂ ਹੋਈਆਂ ਹਨ..
ਸਾਡੀਆਂ ਬੀਬੀਆਂ ਦਾ ਬਿਉਟੀ ਪਾਰਲਰ ਜਾਣਾ ਤਾਂ ਬੰਦ ਹੋ ਗਿਆ ਹੈ, ਪਰ ਇੰਝ ਲਗਦਾ ਹੈ ਕਿ ਕੁਦਰਤ ਬੀਬੀ ਰੋਜ਼ ਬਿਉਟੀ ਪਾਰਲਰ ਜਾਂਦੀ ਹੋਵੇ, ਨਿੱਤ ਨਵੀਆਂ ਸੁਰਖੀਆਂ ਬਿੰਦੀਆਂ ਲਾ ਕੇ, ਨਵੇਂ ਕੱਪੜੇ ਪਾ ਕੇ ਕਿਸੇ ਲਾੜੀ ਵਾਂਗ ਆਪਣਾ ਪੱਲਾ ਬੋਚਦੀ ਆਪਣੇ ਰਾਹਾਂ ਵਿਚ ਆਪ ਹੀ ਪੀਲੇ ਪੱਤੇ ਵਿਛਾ ਕੇ ‘ਮਲ੍ਹਕ-ਮਲ੍ਹਕ’ ਸੁਬਕ-ਸਬਕ ਪੈਰ ਟਿਕਾਉਂਦੀ ਤੁਰਦੀ ਆ ਰਹੀ ਹੋਵੇ, ਮਤੇ ਕਿਤੇ ਪੱਤਿਆਂ ਨੂੰ ਪੀੜ ਨਾ ਹੁੰਦੀ ਹੋਵੇ..ਚਾਰ ਲਾਈਨਾਂ ਲਿਖਣ ਦਾ ਮਨ ਕਰ ਆਇਆ ਹੈ :
ਨਜ਼ਰ ਪਹਿਲੀ ਵਾਰ ਦਿਸਹੱਦਿਆਂ ਤੋਂ ਪਾਰ ਹੋਈ ਹੈ
ਵਰ੍ਹਿਆਂ ਬਾਅਦ ਕੁਦਰਤ ਮੁੜ ਮੁਟਿਆਰ ਹੋਈ ਹੈ
ਨਿਕਲ ਗਿਆ ਸੀ ਕਦੋਂ ਦਾ ਨੈਣੀਂ ਪਾਇਆ ਸੁਰਮਾ
ਸੁਹਣੇ ਨੈਣ ਮੁੜ ਮਟਕਾਉਣ ਲਈ ਤਿਆਰ ਹੋਈ ਹੈ
ਰਾਤ ਦਾ ਹੁਸਨ ਲੋਹੜੇ ਤੇ ਆਇਆ ਹੋਇਆ ਹੈ। ਚੰਨ ਬਾਈ ਇੰਝ ਆਪਣੇ ਪੂਰੇ ਜਲੌਅ ਵਿਚ ਹੈ, ਜਿਵੇਂ ਲੰਮੀ ਕੈਦ ਤੋਂ ਬਾਅਦ ਪੈਰੋਲ ਤੇ ਆਇਆ ਹੋਵੇ ਤੇ ਤਾਰਿਆਂ ਨੇ ਆਪਣੀ ਚਮਕ ਨਾਲ ਲੋਕਾਂ ਨੂੰ ਦਿਨੇਂ ਤਾਰੇ ਦਿਖਾ ਦਿੱਤੇ ਹਨ।
ਪਹਾੜਾਂ ਦੀਆਂ ਚੋਟੀਆਂ ‘ਤੇ ਸਦੀਆਂ ਤੋਂ ਸੁੱਤੀ ਬਰਫ਼ ਭੈਣ ਜੀ, ਜਿਸ ਦੀ ਨੀਂਦ ਅਸੀਂ ਹਰਾਮ ਕੀਤੀ ਸੀ, ਸਾਡੀ ਪੈਦਾ ਕੀਤੀ ਗਰਮੀ ਉਸਦਾ ਕੋਮਲ ਪਿੰਡਾ ਲੂਹੰਦੀ ਸੀ ਤੇ ਉਹ ਭੋਰਾ ਭੋਰਾ ਖੁਰਨਾ ਸ਼ੁਰੂ ਹੋਈ ਸੀ। ਪਰ ਹੁਣ ਉਸ ਨੂੰ ਮੁੜ ਮਿੱਠੀ-ਮਿੱਠੀ ਨੀਂਦ ਆ ਰਹੀ ਹੈ..
ਸਾਡੀਆਂ ਨਲਾਇਕੀਆਂ ਨਾਲ ਓਜੋਨ ਪਰਤ ਦਾ ਖੁਰਕ ਨਾਲ ਪਿੰਡਾ ਉੱਚੜਿਆ ਪਿਆ ਸੀ..ਧੂੰਆਂ ਤੇ ਗੈਸਾਂ ਨਿੱਤ ਉਸ ਦੇ ਨਹੁੰਦਰਾਂ ਮਾਰਦੀਆਂ ਸਨ, ਉਸ ਦਾ ਨਾਜ਼ੁਕ ਪਿੰਡਾ ਸਾੜਦੀਆਂ ਸਨ..ਪਰ ਹੁਣ ਉਹ ਨਹੁੰਦਰਾਂ ਸ਼ਾਂਤ ਨੇ..ਓਜੋਨ ਭੈਣ ਜੀ ਦੇ ਪਿੰਡੇ ਤੇ ਖਰੀਂਢ ਆਇਆ ਹੈ। ਕਿੰਨਾ ਕੁਝ ਚੰਗਾ-ਚੰਗਾ, ਸੁਹਣਾ-ਸੁਹਣਾ ਤੇ ਰੂਹ ਨੂੰ ਸਕੂਨ ਦੇਣ ਵਾਲਾ ਵਾਪਰ ਗਿਆ ਹੈ,,,ਸਿਰਫ ਇਕ ਅੱਧੇ ਮਹੀਨੇ ਵਿਚ ਹੀ..
ਆਹ ਚਾਰ ਕੁ ਮਹੀਨੇ ਪਹਿਲਾਂ ਦੀ ਤਾਂ ਗੱਲ ਹੈ ਜਦ ਸ਼ਾਮੀਂ 4 ਕੁ ਵਜੇ ਹੀ ਧੁੰਧ ਤੇ ਜ਼ਹਿਰੀ ਧੂੰਏ ਨਾਲ ਰਾਤ ਪੈ ਜਾਂਦੀ ਸੀ। ਜਦ ਰਾਤ ਨੂੰ ਸੌਂਦੇ ਸੀ, ਤਾਂ ਅੱਖਾਂ ਮਲਦੇ ਸੌਂਦੇ ਸੀ ਤੇ ਜਦ ਸਵੇਰੇ ਉਠਦੇ ਸੀ ਤਾਂ ਰੜਕ ਉਵੇਂ ਹੀ ਕਾਇਮ ਸੀ..ਇਹ ਉਹ ਰੜਕ ਬਿਲਕੁਲ ਨਹੀਂ ਸੀ ਜਿਸ ਬਾਰੇ ਸਾਡੇ ਗੀਤਾਂ ਵਿਚ ਕਿਹਾ ਸੀ :
ਲਾਲੀ ਨੈਣਾਂ ‘ਚ ਰੜਕਦੀ ਛੱਡ ਗਏ, ਉਏ ਸੁਪਨੇ ਗੁਲਾਬੀ ਰੰਗ ਦੇ..
ਇਹ ਸੁਪਨੇ ਗੁਲਾਬੀ ਰੰਗੇ ਨਹੀਂ ਸੀ ਬਲਕਿ ਬਦਰੰਗ ਹੋਏ ਸੁਪਨੇ ਸੀ ਜੋ ਸਾਡੀ ਵਿਹੁਲੀ ਮਨਾਸਿਕਤਾ ਕਾਰਨ ਸਰਾਪੇ ਗਏ ਸੀ ਤੇ ਬੰਦਾ ਆਪਣੀ ਬਣਾਈ ਕਬਰ ਵਿਚ ਆਪ ਹੀ ਧਸਦਾ ਜਾ ਰਿਹਾ ਸੀ।
ਇਲਜ਼ਾਮਾਂ ਦੀ ਵਾਛੜ ਲੱਗੀ ਹੁੰਦੀ ਸੀ, ਫਲਾਣਿਆਂ ਨੇ ਧੂੰਆਂ ਸਾਡੇ ਵੱਲ ਧੱਕ ਦਿੱਤਾ, ਇਮਕਿਆਂ ਨੇ ਪਰਾਲੀਆਂ ਨੂੰ ਅੱਗਾਂ ਲਾਈਆਂ ਸੀ, ਢਿਮਕੇ ਥਾਂ ਤੇ ਕੰਸਟਰਕਸ਼ਨ ਦਾ ਕੰਮ ਧੜੱਲੇ ਨਾਲ ਚੱਲ ਰਿਹਾ ਹੈ..
ਕਦੇ ਦਿੱਲੀ ਵਾਲਾ ਕੇਜਰੀਵਾਲ ਓਡ-ਈਵਨ ਦਾ ਫਾਰਮੁੱਲਾ ਲਾਗੂ ਕਰਕੇ ਪ੍ਰਦੂਸ਼ਣ ਰੋਕਣ ਲਈ ਹੱਥ-ਪੱਲਾ ਮਾਰਦਾ ਸੀ. ਕੁਦਰਤ ਨੇ ਓਢ ਤੇ ਈਵਨ ਦੋਵੇਂ ਹੀ ਇਕੱਠੇ ਲਾਗੂ ਕਰ ਦਿੱਤੇ, ਉਹ ਵੀ ਸਿਰਫ ਦਿੱਲੀ ਵਿਚ ਨਹੀਂ, ਪੂਰੀ ਦੁਨੀਆਂ ਦੇ ਅੱਧੇ ਤੋਂ ਵੱਧ ਹਿੱਸੇ ਵਿਚ..
ਬੰਦਾ ਕਿੰਨਾ ਸ਼ੈਤਾਨ ਹੈ, ਪਹਿਲਾਂ ਹਲਵਾ ਖਾਣ ਦਾ ਸ਼ੌਂਕ ਪਾਲ ਲਿਆ ਤੇ ਹਲਵਾ ਬਣਾਉਣ ਲਈ ਹਲਵਾਈ ਰੱਖ ਲਿਆ। ਪਰ ਬੰਦੇ ਦੇ ਮੂੰਹ ਦੀਆਂ ਲਾਲਾਂ ਕਦ ਰੁਕਦੀਆਂ ਨੇ..ਜੀਭ ਦਾ ਸੁਆਦ ਕਿੱਥੇ ਟਿਕਣ ਦਿੰਦਾ ਹੈ..ਹਲਵਾਈ ਤੋਂ ਪਤਾ ਨਹੀਂ ਕੀ ਕੀ ਖੇਹ ਤੇ ਸੁਆਹ ਬਣਾਉਣ ਲੱਗ ਪਿਆ..ਸ਼ਹਿਰਾਂ ਦੇ ਵੱਡੇ ਵੱਡੇ ਹੋਟਲ, ਰੈਸਟੋਰੇਂਟ ਭਾਂਤ-ਭਤੀਲੇ ਤੇ ਚੁਟਕੀਲੇ-ਭੜਕੀਲੇ ਵਿਅੰਜਨਾਂ ਨਾਲ ਤੁੰਨੇ ਪਏ ਹੁੰਦੇ ਸੀ ਤੇ ਲੋਕ ਅੱਧੀ-ਅੱਧੀ ਰਾਤ ਤੱਕ ਖਾਂਦੇ ਘੱਟ ਸੀ, ਮਗਜ਼ਾਲੀ ਤੇ ਜ਼ੁਗਾਲੀ ਵੱਧ ਕਰਦੇ ਸੀ। ਅੱਧਾ ਖਾਣਾ ਪੇਟ ਵਿਚ ਤੇ ਅੱਧਾ ਡਸਟਬਿਨਾਂ ਵਿਚ ਹੁੰਦਾ ਸੀ..ਸਭ ਕੁਝ ਰੁਕ ਗਿਆ..ਹੁਣ ਕਿਹੜਾ ਪੇਟ ਨੇ ਬਾਈਕਾਟ ਕਰ ਦਿੱਤਾ। ਇਹ ਤਾਂ ਚਟਣੀ ਤੇ ਵੀ ਆ ਸਕਦਾ ਜੇ ਲੋੜ ਪੈ ਗਈ ਤਾਂ…ਬਸ ਏਨੀ ਕੁ ਹੀ ਲੋੜ ਹੁੰਦੀ ਐ ਬੰਦੇ ਦੀ..ਬਾਕੀ ਤਾਂ ਜੀਭ ਦੇ ਚਸਕੇ ਨੇ..
ਬੰਦਾ ਕਹਿੰਦਾ ਮੇਰਾ ਤਾਂ ਸਰਦਾ ਈ ਨੀਂ, ਪੂਛ ਨੂੰ ਅੱਗ ਲੱਗੀ ਵਾਲਿਆਂ ਵਾਂਗ ਸੜਕਾਂ ਦਾ ਪਟਵਾਰੀ ਬਣਿਆ ਹੋਇਆ ਸੀ..ਸਭ ਸਰ ਗਿਆ..ਨਾ ਵਿਆਹ ਨਾ ਮੁਕਲਾਵੇ..ਨਾ ਮੌਤ, ਨਾ ਭੋਗ..ਕਿਸੇ ਤੇ ਇਕੱਠ ਨਹੀਂ..ਸੜਕਾਂ ਸੁੰਨੀਆਂ ਨੇ..ਐਵੇਂ ਨਿੱਤ ਚਾਬੀ ਦਿੱਤੇ ਬਾਂਦਰ ਵਾਂਗ ਭਜਦੇ ਸੀ, ਫੇਰ ਕਿਹੜਾ ਬਰੇਕ ਲਗਦੇ ਸੀ, ਬਸ ਸਿੱਧਾ ਇਕ ਦੂਜੇ ਦੇ ਵਿਚ ਵਜਦੇ ਸੀ..ਫੇਰ ਆਪਾਂ ਤੋਂ ਤਾਂ ਡਾਕਟਰ ਹੀ ਰਜਦੇ ਸੀ, ਜਾਂ ਤਾਂ ਫੇਰ ਸਤਾਰਾਂ-ਠਾਰਾਂ ਟਾਂਕੇ ਲਗਦੇ ਸੀ, ਜਾਂ ਛਾਂਵੇਂ ਛਾਵੇਂ ਧਰਮਰਾਜ ਕੋਲ ਜਾ ਕੇ ਸਵਰਗਵਾਸੀ ਹੋਣ ਦੀ ਮੰਗ ਮੰਗਦੇ ਸੀ। ਹੁਣ ਸੁੱਖ ਨਾਲ ਆਪਣੇ ਮੁਲਕ ‘ਚ ਤਾਂ ਇਕ ਅੱਧੇ ਤੋਂ ਬਿਨਾ ਕੋਈ ਐਕਸੀਡੈਂਟ ਦੀ ਖ਼ਬਰ ਹੀ ਨਹੀਂ ਸੁਣੀ..ਨਹੀਂ ਤਾਂ ਹਰ ਦੋ ਕਿਲਮੀਟਰ ਤੇ ਕਾਰਾਂ, ਜੀਪਾਂ, ਸਕੂਟਰ ਇਉਂ ਕੱਠੇ ਕਰੇ ਪਏ ਹੁੰਦੇ ਸੀ, ਜਿਵੇਂ ਖਾਲ ‘ਚੋਂ ਖੱਬਲ ਖੋਤ ਕੇ ਵੱਟ ਤੇ ਸੁੱਟੀਂਦਾ ਹੁੰਦਾ ਹੈ..
ਤੱਥ ਦਸਦੇ ਹਨ ਕਿ ਹਿੰਦੁਸਤਾਨ ਦੇ ਸ਼ਮਸ਼ਾਨ ਘਾਟਾਂ ਵਿਚ ਕਰੋਨਾ ਤੋਂ ਬਾਅਦ ਦੂਜੇ ਮੁਰਦਿਆਂ ਦੇ ਸੰਸਕਾਰ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਘਟੀ ਹੈ। ਰੇਪ, ਚਿੱਟਾ, ਚੋਰੀਆਂ-ਚਕਾਰੀਆਂ ਵਰਗੀਆਂ ਅਣਹੋਣੀਆਂ ਖ਼ਬਰਾਂ ਤੋਂ ਵੀ ਕੰਨਾਂ ਨੂੰ ਰਾਹਤ ਮਿਲੀ ਹੈ।
ਤੁਹਾਨੂੰ ਪਤਾ ਹੈ? ਜਲੰਧਰ ਤੋਂ ਧੌਲਾਧਾਰ (ਹਿਮਾਚਲ) ਦੀਆਂ ਪਹਾੜੀਆਂ 213 ਕਿਲੋਮੀਟਰ ਦੂਰ ਨੇ..ਕਦੇ ਸੁਪਨੇ ਵਿਚ ਵੀ ਧੌਲਾਧਾਰ ਤਾਂ ਨਹੀਂ ਦਿਸਿਆ ਹੋਣਾ, ਪਰ ‘ਧੂੰਆਂਧਾਰ’ ਜ਼ਰੂਰ ਦਿਸਦਾ ਸੀ। ਭਾਸ਼ਾ ਵਿਭਾਗ ਪੰਜਾਬ ਦੀ 1973 ਵਿਚ ਪ੍ਰਕਾਸ਼ਿਤ ਹੋਈ ਪੁਸਤਕ ‘ਟਰੈਵਲਜ਼ ਇਨ ਪੰਜਾਬ ਐਂਡ ਅਫਗਾਨਿਸਤਾਨ ਐਂਡ ਤੁਰਕਿਸ਼ਤਾਨ’ ਵਿਚ ਇਕ ਭਾਰਤੀ ਨੇ 1832 ਈਸਵੀ ਦੀ ਯਾਤਰਾ ਬਾਰੇ ਜ਼ਿਕਰ ਕਰਦੇ ਹੋਏ ਦਸਿਆ ਸੀ ਕਿ 1832 ਵਿਚ ਲੁਧਿਆਣਾ ਤੋਂ ਧੋਲਾਧਾਰ ਦਿਸਦਾ ਸੀ। ਇਹ ਪੁਸਤਕ ਪਹਿਲੀ ਵਾਰ 1834 ਵਿਚ ਪ੍ਰਕਾਸ਼ਿਤ ਹੋਈ ਸੀ। ਜੇਕਰ ਕੁਦਰਤ ਦਾ ਇਹ ਲਾਕ ਡਾਉਨ ਥੋੜਾ ਜਿਹਾ ਹੋਰ ਚਲਦਾ ਰਿਹਾ ਤਾਂ ਮੈਨੂੰ ਲਗਦਾ ਹੈ, ਮੇਰੇ ਰੋਝਾਂਵਾਲੀ ਵਾਲੇ ਚੁਬਾਰੇ ਦੀ ਛੱਤ ਤੋਂ ਵੀ ਸਾਰਾ ਕੁਝ ਦਿਸਣ ਲੱਗ ਜਾਵੇ।
ਏਅਰ ਕੁਆਲਿਟੀ ਇੰਡੈਕਸ ਦਸਦਾ ਹੈ ਕਿ ਭਾਰਤ ਵਿਚ 12 ਦਿਨ ਦੇ ਲਾਕਡਾਉਨ ਨਾਲ ਹੀ ਲੁਧਿਆਣੇ ਦਾ ਪ੍ਰਦੂਸਣ ਪੱਧਰ 70 ਅੰਕਾਂ ਤੋਂ 32 ਤੇ ਆ ਗਿਆ। ਪਟਿਆਲਾ 64 ਤੋਂ 21, ਜਲੰਧਰ 91 ਤੋਂ 35, ਰੋਪੜ 119 ਤੋਂ28 ਤੇ ਚੰਡੀਗੜ੍ਹ 73 ਤੋਂ 26 ਤੇ ਆ ਗਿਆ ਹੈ। ਮਾਰਚ ਵਿਚ ਹੀ ਪੈਣ ਵਾਲੀ ਗਰਮੀ ਤੋਂ ਕਿੰਨੀ ਰਾਹਤ ਹੈ..
ਦੋਸਤੋ ਮਤਲਬ ਕੁਦਰਤ ਬੰਦੇ ਕਰਕੇ ਪਰੇਸ਼ਾਨ ਸੀ..ਇਹ ਨਹੀਂ ਕਿ ਮਨੁੱਖ ਨੂੰ ਕੁਦਰਤ ਤੋਂ ਕੁਝ ਲੈਣਾ ਨਹੀ ਸੀ ਚਾਹੀਦਾ। ਪਸ਼ੂ-ਪੰਛੀ ਅੱਜ ਵੀ ਕੁਦਰਤ ਵਿੱਚੋਂ ਵੀ ਸਾਰਾ ਕੁਝ ਗ੍ਰਹਿਣ ਕਰਦੇ ਹਨ..ਪਰ ਕੁਦਰਤ ਉਹਨਾਂ ਨੂੰ ਸਾਰੀਆਂ ਦਾਤਾਂ ਦੇ ਕੇ ਵੀ ਕਿੰਨੀ ਮਿਹਰਬਾਨ ਹੈ..
ਕਰੋਨਾ ਦਾ ਇਕ ਵੱਡਾ ਸਬਕ ਇਹ ਹੋ ਸਕਦਾ ਹੈ ਕਿ ਅਸੀਂ ਆਪਣੀ ਜੀਵਨ ਜਾਚ ਨੂੰ ਬਦਲੀਏ..ਆਪਣੀਆਂ ਐਸ਼-ਆਰਾਮ ਦੀਆਂ ਚੀਜ਼ਾਂ ਨੂੰ ਘਟਾਈਏ..ਲੋੜਾਂ ਤਾਂ ਕੁਦਰਤ ਹਰ ਜੀਵ ਦੀਆਂ ਪੂਰੀਆਂ ਕਰਦੀਆਂ ਹੈ, ਪਰ ਬੰਦੇ ਦੀਆਂ ਅਯਾਸ਼ੀਆਂ ਦਾ ਤੋੜ ਨਹੀਂ ਹੈ.. ਸਰਦੀਆਂ ਵਿਚ ਸਰਦੀ ਨਹੀਂ ਮਾਣਦਾ..ਗਰਮੀਆਂ ਵਿਚ ਗਰਮੀਆਂ ਨਹੀਂ ਮਾਣਦਾ..ਵੰਨ-ਸੁਵੰਨੇ ਫੁੱਲਾਂ ਨੂੰ, ਇਹਨਾਂ ਦੇ ਦੁਆਲੇ ਮੰਡਰਾਉਂਦੇ ਭੌਰਿਆਂ ਤੇ ਤਿਤਲੀਆਂ ਨੂੰ, ਧੁੱਪਾਂ ਤੇ ਛਾਵਾਂ ਨੂੰ, ਝਰਨਿਆਂ ਤੇ ਦਰਿਆਵਾਂ ਨੂੰ, ਚੰਨ ਤੇ ਤਾਰਿਆਂ ਨੂੰ, ਰਾਤਾਂ ਦੇ ਨਜ਼ਾਰਿਆਂ ਨੂੰ..ਅਸੀਂ ਮਾਣਨਾ ਹੀ ਭੁੱਲ ਗਏ..
ਸਾਡੀ ਲੋਕਧਾਰਾ ਕਹਿੰਦੀ ਹੈ :
ਧਰਤੀਏ ਨੀ ਪਤਵੰਤੀਏ, ਤੇਰਾ ਮੱਥਾ ਨੂਰੋ ਨੂਰ
ਤੇਰੇ ਸਿਰ ਤੇ ਸੁੱਭਰ ਸੋਹੰਵਦਾ, ਤੇਰਾ ਘੱਗਰਾ ਹਰਾ ਕਚੂਰ
ਆਓ ਮੁੜ ਤੋਂ ਪਵਨ ਗੁਰੂ, ਪਾਣੀ ਪਿਤਾ ਤੇ ਮਾਤਾ ਧਰਤ ਮਹੱਤ ਨੂੰ ਆਦਰਸ਼ ਬਣਾਉਂਦੇ ਹੋਏ ਕੁਦਰਤ ਦਾ ਇਹ ਗੀਤ ਗਾਈਏ..
ਮੈਨੂੰ ਅੰਬਰ ਦਾ ਲਹਿੰਗਾ ਸਵਾ ਦੇ ਮੇਰੇ ਹਾਣੀਆਂ
ਥੱਲੇ ਧਰਤੀ ਦੀ ਲੌਣ ਲਗਵਾ ਦੇ ਮੇਰਿਆ ਹਾਣੀਆ..

Real Estate