ਮਿਰਚਾਂ ਹੈ ਨੀ ਪਟਾਕੇ ਲੈ ਜਾਓ..

968

ਪ੍ਰੋਫੈਸਰ – ਕੁਲਦੀਪ ਸਿੰਘ ਦੀਪ

ਇਕ ਬਚਪਨ ਵਿਚ ਸੁਣੀ ਕਹਾਣੀ ਯਾਦ ਆ ਗਈ। ਕਹਿੰਦੇ ਇਕ ਵਾਰ ਇਕ ਅਨਾੜੀ ਬੰਦੇ ਨੇ ਪਿੰਡ ਵਿਚ ਦੁਕਾਨ ਪਾਉਣ ਦਾ ਫੈਸਲਾ ਕਰ ਲਿਆ। ਉਸ ਨੇ ਪਹਿਲਾਂ ਤੋਂ ਹੀ ਚਲ ਰਹੀ ਦੁਕਾਨ ਦੇ ਸੇਠ ਨੂੰ ਕਿਹਾ ਕਿ ਸੇਠਾ ਸਲਾਹ ਦੇ। ਸੇਠ ਕਹਿੰਦਾ ਭਾਈ ਤੇਰੇ ਵੱਸ ਦਾ ਰੋਗ ਨਹੀਂ, ਤੂੰ ਚਾਰ ਖੁਡ ਵਾਹ ਲੈ ਜਿਹੜੇ ਵਹਿੰਦੇ ਆ। ਉਹਨੂੰ ਲੱਗਾ ਕਿ ਸੇਠ ਮਚਦਾ ਹੈ ਬਈ ਬਰਾਬਰ ਹੱਟ ਨਾ ਪਾ ਲਏ..ਉਹ ਪੂਰਾ ਇਕ ਦਿਨ ਦੁਕਾਨ ਤੇ ਬੈਠਾ ਦੇਖਦਾ ਰਿਹਾ। ਕੋਈ ਗਾਹਕ ਆਇਆ ਕਣਕ ਦਾ ਆਟਾ ਲੈਣ..ਸੇਠ ਕਹਿੰਦਾ ਭਾਈ ਕਣਕ ਦਾ ਤਾਂ ਹੈ ਨੀ ਬਾਜ਼ਰੇ ਦਾ ਲੈ ਜਾ..ਉਹ ਲੈ ਗਿਆ..ਕੋਈ ਹੋਰ ਆਇਆ ਗੁੜ ਲੈਣ..ਸੇਠ ਕਹਿੰਦਾ ਭਾਈ ਗੁੜ ਤਾਂ ਹੈ ਨੀ ਸ਼ੱਕਰ ਲੈ ਜਾ..ਉਹ ਲੈ ਗਿਆ। ਉਹਨੂੰ ਲੱਗਾ ਇਹ ਤਾਂ ਕੰਮ ਹੀ ਸੌਖਾ ਹੈ..ਜਿਸ ਨੂੰ ਜੋ ਮਰਜੀ ਦੇਈ ਜਾਓ ਕਿਹੜਾ ਕੋਈ ਬੋਲਦਾ ਹੈ। ਉਹਨੇ ਚਾਰ ਕੁ ਚੀਜ਼ਾਂ ਲਿਆਂਦੀਆਂ ਤੇ ਧੂਫ ਦੇ ਕੇ ਬੈਠ ਗਿਆ..ਆ ਗਈ ਗੁਰਦਿਆਲੋ ਤਾਈ ..ਅੱਕੀ ਅਕਾਈ..ਕਹਿੰਦੀ ਵੇ ਭੋਲੇ ਦਿਆ ਤਾਇਆ… ਮਿਰਚਾਂ ਦੇ…ਆਪਣੀ ਵੱਡੀ ਨੂੰਹ ਦਾ ਮੱਥੇ ਮਾਰਨੀਆਂ..ਇਹਨਾਂ ਦੇ ਵੀ ਮੌਕੇ ਤੇ ਯਾਦ ਆਉਂਦੀਆਂ ਨੇ, ਫੇਰ ਉਧਮ਼ ਚੱਕ ਦਿੰਦੀਆਂ ਨੇ। ਭੋਲੇ ਦੇ ਤਾਏ ਨੇ ਫਰੋਲਾ ਫਰਾਲੀ ਜੀ ਕੀਤੀ ਤੇ ਕਹਿੰਦਾ ਗੁਰਦਿਆਲੋ.. ਮਿਰਚਾਂ ਤਾਂ ਹੈ ਨਹੀਂ..ਬੰਬ ਲੈ ਜਾ.. ਕੱਲ੍ਹ ਈ ਲਿਆਂਦੇ ਨੇ ਸੀੜੇ ਆਲੇ..ਧਰਮ ਨਾਲ ਬਾਹਲਾ ਵੱਡਾ ਪਟਾਕਾ ਪਾਉਂਦੇ ਨੇ..ਗੁਰਦਿਆਲੋ ਨੇ ਸੁਣਾਏ ਕਿਲੋ ਕਿਲੋ ਦੇ ਛੰਦ ਤੇ ਬੁੜ ਬੁੜ ਕਰਦੀ ਸੇਠ ਦੀ ਹੱਟੀ ਵੱਲ ਤੁਰ ਪਈ..
ਇਹ ਹਾਲ ਸਾਡੀਆਂ ਸਰਕਾਰਾਂ ਦਾ ਹੈ। ਚਾਹੀਦੀ ਤਾਂ ਸਿਹਤ ਤੇ ਸਿੱਖਿਆ ਸੀ, ਇਹ ਪ੍ਰਮਾਣੂ ਪ੍ਰੀਖਣ ਕਰੀ ਗਏ..ਲੋਕ ਕਹਿੰਦੇ ਰੋਟੀ ਦਿਓ ਇਹ ਕਹਿੰਦੇ 4000 ਕਰੋੜ ਦੀ ਮੂਰਤੀ ਦੇ ਦਰਸ਼ਨ ਕਰੋ ਜੀ। ਹੁਣ ਜਦ ਸੰਕਟ ਦੇ ਦੌਰ ਵਿਚ ਲੋਕਾਂ ਨੂੰ ਵੈਂਟੀਲੇਟਰ ਚਾਹੀਦੇ ਨੇ, ਪੀ ਪੀ ਈ ਚਾਹੀਦੇ ਆ, ਐਂਨ-95 ਮਾਸਕ ਚਾਹੀਦੇ ਐ..ਇਹ ਕਹਿੰਦੇ ਦੇਸ ਸੇਵਾ ਲਈ ਕੁਰਬਾਨੀ ਦਿਓ…ਲੋਕ ਕਹਿੰਦੇ ਰਾਸ਼ਨ ਚਾਹੀਦਾ, ਦਵਾਈ ਚਾਹੀਦੀ ਐ, ਡਾਕਟਰ ਚਾਹੀਦਾ..ਇਹ ਕਹਿੰਦੇ: ਲੌਕ ਡਾਉਨ ਕਰਤਾ, ਚੁੱਪ ਕਰਕੇ ਘਰ ਬਹਿ ਜੋ, ਨਹੀਂ ਫੇਰ ਡੰਡੇ ਦੇਖ ਲਉ..ਪੁੜੇ ਕੁੱਟ ਦਿਆਂਗੇ।
ਕਿਉਂ ਭਲਾ?
ਅਂਨਾੜੀ ਤਾਏ ਵਾਂਗੂ ਬੋਝੇ ਚ ਇਹ ਸਾਰਾ ਕੁਝ ਹੋਵੇ ਤਾਂ ਹੀ ਐ ਨਾ..ਨਹੀਂ ਤਾਂ ਫਿਰ ਜੇ ਮਿਰਚਾਂ ਨਹੀਂ ਹੋਣਗੀਆਂ ਤਾਂ ਪਟਾਕੇ ਹੀ ਦਿਉਗਾ ਅਗਲਾ। ਆਓ ਅੱਜ ਦੇਖਦੇ ਹਾਂ ਕਿ ਸਾਡੇ ਬੋਝੇ ਵਿਚ ਸਚਮੁਚ ਹੈ ਕੀ? ਕੁਝ ਅੰਕੜੇ ਦੇਖੋ :
1. ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਰਤ ਪਿਛਲੇ ਸਾਲਾਂ ਵਿਚ ਆਪਣੀ ਕੁੱਲ ਜੀ ਡੀ ਪੀ ਦਾ ਸਿਰਫ 1.5% ਸਿਹਤ ਤੇ ਖਰਚ ਕਰ ਰਿਹਾ ਹੈ। ਜਦ ਕਿ ਰੱਖਿਆ ਉੱਪਰ 15.47% ਖਰਚ ਕੀਤਾ ਜਾ ਰਿਹਾ ਹੈ। ਸਾਡਾ ਗੁਆਂਢੀ ਸ਼੍ਰੀ ਲੰਕਾ ਇਸ ਤੋਂ ਚਾਰ ਗੁਣਾ ਵੱਧ ਖਰਚ ਆਪਣੇ ਮੁਲਕ ਦੇ ਲੋਕਾਂ ਦੀ ਸਿਹਤ ਤੇ ਕਰ ਰਿਹਾ ਹੈ।
2. ਛੋਟੀ ਜਿਹੀ ਤੁਲਨਾ ਦੇਖੋ। ਭਾਰਤ ਦੇ ਇਕ ਸਾਧਾਰਨ ਬੰਦੇ ਦੀ ਸਿਹਤ ਉੱਤੇ ਸੰਘੀ ਸਰਕਾਰ ਇਕ ਬੰਦੇ ਉਪਰ ਔਸਤਨ 1112ਰੁਪਏ ਸਾਲਾਨਾ ਖਰਚ ਕਰਦੀ ਹੈ, ਜੋ ਕਿ 93 ਰੁਪਏ ਪ੍ਰਤੀ ਮਹੀਨਾ ਅਤੇ 3 ਰੁਪਏ ਪ੍ਰਤੀ ਦਿਨ ਬਣਦਾ ਹੈ। ਜਦ ਕਿ ਇਸ ਦੇ ਮੁਕਾਬਲੇ ਇਸ ਵੇਲੇ ਦੇਸ਼ ਦੇ ਪ੍ਰਧਾਨਮੰਤਰੀ ਦੀ ਸੁਰੱਖਿਆ ਦਾ ਖਰਚ ਇਕ ਸਾਲ ਦਾ 592 ਕਰੋੜ ਹੈ, ਜੋ ਕਿ ਇਕ ਕਰੋੜ 62 ਲੱਖ ਪ੍ਰਤੀ ਦਿਨ, 6 ਲੱਖ 75 ਹਜ਼ਾਰ ਪ੍ਰਤੀ ਘੰਟਾ ਅਤੇ 11263 ਰੁਪਏ ਪ੍ਰਤੀ ਮਿੰਟ ਬਣਦਾ ਹੈ। ਇਹ ਸਿਰਫ ਇਕ ਅਹੁਦੇ ਦੀ ਸੁਰਖਿਆ ਹੈ, ਪੂਰੇ ਦੇਸ਼ ਵਿਚ ਕਿੰਨੀ ਵੱਡੀ ਮੰਤਰੀਆਂ, ਮੁੱਖਮੰਤਰੀਆਂ, ਐਮ ਐਲ ਏਜ਼, ਐਮ ਪੀਜ਼ ਦੀ ਫੌਜ ਹੈ, ਜਿੰਨਾਂ ਦੀ ਸੁਰਖਿਆ, ਤਨਖਾਹ, ਭੱਤੇ, , ਵਿਦੇਸ਼ ਯਾਤਰਾਵਾਂ ਅਤੇ ਹੋਰ ਸਹੂਲਤਾਂ ‘ਤੇ ਆਉਣ ਵਾਲੇ ਖਰਚ ਦੀ ਤਾਂ ਕਲਪਨਾ ਹੀ ਕੀਤੀ ਜਾ ਸਕਦੀ ਹੈ।
3. ਜੀ ਡੀ ਪੀ ਦਾ ਏਨਾ ਘੱਟ ਪੈਸਾ ਸਿਹਤ ਤੇ ਖਰਚ ਹੋਣ ਕਾਰਨ ਹੀ ਸਾਡੇ ਦੇਸ਼ ਦੇ ਸਰਕਾਰੀ ਹਸਪਤਾਲਾਂ ਅਤੇ ਉਹਨਾਂ ਦੀ ਸਾਫ ਸਫਾਈ ਅਤੇ ਉਸ ਵਿਚ ਪ੍ਰਾਪਤ ਸਮਾਨ ਦੀ ਹਾਲਤ ਏਨੀ ਖਸਤਾ ਹੈ। ਜਿੰਨੀ ਔਸਤਨ ਰਾਸ਼ੀ (1112 ਰੁਪਏ) ਸਰਕਾਰ ਇਕ ਬੰਦੇ ਤੇ ਖਰਚ ਕਰਦੀ ਹੈ ਤੇ ਏਨੇ ਪੈਸੇ ਫੋਰਟਿਸ ਜਾਂ ਮੈਕਸ ਵਰਗੇ ਕਿਸੇ ਇਕ ਕਾਰਪੋਰੇਟ ਸੈਕਟਰ ਦੇ ਹਸਪਤਾਲ ਦੀ ਇਕ ਵਾਰ ਦੀ ਕੰਸਲਟੇਸ਼ਨ ਫੀਸ (ਲਗਭਗ ਇਕ ਹਜ਼ਾਰ ਤੋਂ 1500 ਰੁਪਏ) ਹੈ।
4. ਦੇਸ਼ ਵਿਚ ਕੁੱਲ 2708 ਬਲੱਡ ਬੈਂਕ ਹਨ। ਔਸਤਨ ਸਾਢੇ 46 ਲੱਖ ਲੋਕਾਂ ਦੇ ਹਿੱਸੇ ਇਕ ਬਲੱਡ ਬੈਂਕ ਆਉਂਦਾ ਹੈ। 675 ਜਿਲ੍ਹਿਆਂ ਵਿੱਚੋਂ 13 ਰਾਜਾਂ ਦੇ 64 ਜ਼ਿਲ੍ਹਿਆਂ ਦੇ 27 ਕਰੋੜ ਲੋਕਾਂ ਲਈ ਇਕ ਵੀ ਸਰਕਾਰੀ ਜਾਂ ਪ੍ਰਾਈਵੇਟ ਬਲੱਡ ਬੈਂਕ ਨਹੀ ਹੈ।
5. ਦੇਸ਼ ਵਿਚ ਕੁੱਲ 9,38,861 ਰਜਿਸਟਰਡ ਡਾਕਟਰ ਹਨ। ਇਸ ਹਿਸਾਬ ਨਾਲ 1000 ਲੋਕਾਂ ਪਿੱਛੇ ਸੱਤ ਡਾਕਟਰ ਉਪਲਬਧ ਹਨ। ਮਹਾਂਰਾਸ਼ਟਰ ਅਤੇ ਬਿਹਾਰ ਦੀ ਹਾਲਤ ਤਾਂ ਇਸ ਤੋਂ ਵੀ ਮਾੜੀ ਹੈ। ਇਹਨਾਂ ਰਾਜਾਂ ਵਿਚ ਤਰਤੀਬਵਾਰ ਹਰੇਕ ਡਾਕਟਰ ਦੇ ਹਿੱਸੇ ਲੱਗਭਗ 27,790 ਅਤੇ 28,391 ਮਰੀਜ ਆਉਂਦੇ ਹਨ।
6. ਹੁਣ ਇਸ ਸਥਿਤੀ ਵਿਚ ਸਧਾਰਨ ਲੋਕਾਂ ਕੋਲ ਇਲਾਜ ਦਾ ਕੀ ਆਪਸ਼ਨ ਹੋ ਸਕਦਾ ਹੈ? ਇਹੀ ਕਿ ਉਹ ਪ੍ਰਾਈਵੇਟ ਡਾਕਟਰਾਂ ਦੇ ਘਰ ਭਰਨ। ਜਿਹੋ ਜਿਹੀਆਂ ਦੇਸ਼ ਦੀਆਂ ਬਦਤਰ ਵਾਤਾਵਰਣਿਕ ਸਥਿਤੀਆਂ ਹਨ, ਉਹਨਾਂ ਮੁਤਾਬਕ ਹਰ ਘਰ ਵਿਚ ਔਸਤਨ ਜੇ ਦੋ ਦੋ ਨਹੀਂ ਤਾਂ ਇਕ ਇਕ ਤਾਂ ਪਰਮਾਨੈਂਟ ਮਰੀਜ ਹੈ। ਕੈਂਸਰ, ਸੂਗਰ, ਬਲੱਡਪ੍ਰੈਸਰ, ਲਿਵਰ, ਪੇਟ ਇਨਫੈਕਸ਼ਨ ਵਰਗੀਆਂ ਬਿਮਾਰੀਆਂ ਘਰ ਘਰ ਦਸਤਕ ਦੇ ਰਹੀਆਂ ਹਨ। ਇਕੱਲੇ ਪੰਜਾਬ ਵਿੱਚੋਂ ਹੀ ਰੋਜ਼ ਟਰੇਨ ਭਰ ਕੇ ਕੈਂਸਰ ਮਰੀਜ਼ਾਂ ਦੀ ਬੀਕਾਨੇਰ ਜਾਂਦੀ ਹੈ। ਜੇ ਦੇਸ਼ ਵਿਚ ਖੁਦਕੁਸ਼ੀਆਂ ਵਧੀਆ ਹਨ ਤਾਂ ਉਸ ਵਿਚ ਇਹਨਾਂ ਬੀਮਾਰੀਆਂ ਤੇ ਆਉਣ ਵਾਲੇ ਖਰਚ ਤੇ ਇਹਨਾਂ ਤੋਂ ਪੈਦਾ ਹੋਈ ਨਿਰਾਸ਼ਾ ਤੇ ਹਤਾਸ਼ਾ ਦਾ ਵੱਡਾ ਹੱਥ ਹੈ।
7. ਸਰਕਾਰੀ ਹਸਪਤਾਲਾਂ ਵਿਚਲੇ ਬੈਡਾਂ ਦਾ ਲੇਖਾ ਜੋਖਾਂ ਕਰੀਏ ਤਾਂ ਦੇਸ਼ ਵਿਚ 20306 ਸਰਕਾਰੀ ਹਸਪਤਾਲ ਹਨ ਅਤੇ 6,75779 ਬੈਡ ਹਨ। ਔਸਤਨ 1833 ਬੰਦਿਆਂ ਪਿੱਛੇ ਇਕ ਬੈੱਡ ਆਉਂਦਾ ਹੈ। ਦਸ ਹਜ਼ਾਰ ਬੰਦਿਆਂ ਪਿੱਛੇ 9 ਬੈਡ ਅਤੇ 7 ਸਿਹਤਕਰਮੀ ਆਉਂਦੇ ਹਨ। ਜਦ ਕਿ ਜਪਾਨ ਵਿਚ ਦਸ ਹਜ਼ਾਰ ਮਰੀਜ਼ਾਂ ਪਿੱਛੇ 137 ਬੈੱਡ ਅਤੇ 21 ਸਿਹਤਕਰਮੀ ਆਉਂਦੇ ਹਨ। ਬਿਹਾਰ ਵਿਚ 8789 ਮਰੀਜਾਂ ਪਿੱਛੇ ਅਤੇ ਝਾਰਖੰਡ ਵਿਚ 6052 ਮਰੀਜ਼ਾਂ ਪਿੱਛੇ ਇਕ ਬੈੱਡ ਆਉਂਦਾ ਹੈ।
8. Isolation ਤੇ quarantine ਬੈਡਾਂ ਦੇ ਮਾਮਲੇ ਵਿਚ ਤਾਂ ਸਾਡਾ ਹੱਥ ਬਹੁਤ ਹੀ ਤੰਗ ਹੈ। 84000 ਮਰੀਜਾਂ ਦੇ ਹਿੱਸੇ ਇਕ Isolation ਬੈਡ ਆਉਂਦਾ ਹੈ ਜਿੱਥੇ ਵੈਂਟੀਲੇਟਰ ਅਤੇ ਹੋਰ ਜ਼ਰੂਰੀ ਸਹੂਲੀਅਤਾਂ ਉਪਲਬਧ ਹਨ ਅਤੇ 36000 ਮਰੀਜ਼ਾਂ ਪਿੱਛੇ ਇਕ quarantine ਬੈਡ ਆਉਂਦਾ ਹੈ।
9. ਅੱਜ ਦੇ ਕਰੋਨਾ ਮਹਾਂਮਾਰੀ ਦੇ ਦੌਰ ਵਿਚ ਮੈਡੀਕਲ ਖੇਤਰ ਦੇ ਵਿਚ ਜੇਕਰ ਸਭ ਤੋਂ ਵੱਧ ਮਹਤਪੂਰਨ ਚੀਜ਼ਾਂ ਹਨ ਤਾਂ ਉਹ ਤਿੰਨ ਹਨ : ਸਾਹ ਦੇਣ ਵਾਲੀ ਮਸ਼ੀਨ ਵੈਂਟੀਲੇਟਰ, ਡਾਕਟਰਾਂ ਦੁਆਰਾ ਪਹਿਨੀ ਜਾਣ ਵਾਲੀ ਉਹ ਵਰਦੀ ਪੀ ਪੀ ਈ (personal protective equipment) ਜੋ ਉਹਨਾਂ ਦੇ ਸ਼ਰੀਰ ਨੂੰ ਪੂਰੀ ਤਰ੍ਹਾਂ ਢਕ ਲੈਂਦੀ ਹੈ। ਤੇ ਤੀਜਾ ਐਨ-95 ਮਾਸਕ ਜੋ ਖਤਰਨਾਕ ਵਾਇਰਸ ਨੂੰ ਉਹਨਾਂ ਦੇ ਸਰੀਰ ਦੇ ਅੰਦਰ ਜਾਣ ਤੋਂ ਰੋਕਦਾ ਹੈ। ਵੈਂਟੀਲੇਟਰਾਂ ਦੀ ਸਥਿਤੀ ਇਹ ਹੈ ਕਿ ਭਾਰਤ ਵਿਚ 133 ਕਰੋੜ ਦੀ ਅਬਾਦੀ ਲਈ ਕੁੱਲ 40 ਹਜ਼ਾਰ ਵੈਂਟੀਲੇਟਰ ਹਨ, ਜਦ ਕਿ ਅਮਰੀਕਾ ਵਿਚ 33 ਕਰੋੜ ਦੀ ਅਬਾਦੀ ਲਈ ਇਹਨਾਂ ਦੀ ਗਿਣਤੀ ਇਕ ਲੱਖ 60 ਹਜ਼ਾਰ ਹੈ। ਹੁਣ ਕੁਝ ਹੋਰ ਵੈਂਟੀਲੇਟਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਭਾਰਤ ਨੂੰ 1 million coveralls and goggles, 4 million N-95 masks, 2 million nitrile gloves, 600,000 face shield and 2 million triple-layer surgical masks ਦੀ ਜ਼ਰੂਰਤ ਹੈ, ਜਦ ਕਿ ਮੌਜੂਦਾ ਸਟਾਕ ਇਸ ਦੇ ਨੇੜੇ ਤੇੜੇ ਵੀ ਨਹੀਂ ਹੈ।
ਇਹੀ ਕਾਰਨ ਹੈ ਕਿ ਭਾਰਤ ਵਿਚ ਦੂਜੇ ਮੁਲਕਾਂ ਦੇ ਮੁਕਾਬਲੇ ਕਰੋਨਾ ਟੈਸਟਾਂ ਦੀ ਗਿਣਤੀ ਬਹੁਤ ਘਟ ਹੋ ਰਹੀ ਹੈ। ਲੰਘੇ ਕੱਲ੍ਹ ਦੇ ਡੇਟਾ ਮੁਤਾਬਕ 34 ਕਰੋੜ ਦੀ ਅਬਾਦੀ ਵਾਲੇ ਅਮਰੀਕਾ ਨੇ ਹੁਣ ਤੱਕ ਪੂਰੇ ਦੇਸ਼ ਵਿਚ ਛੇ ਲੱਖ, ਇਟਲੀ ਵਿਚ ਇਕ ਲੱਖ ਦੇ ਕਰੀਬ, ਸਪੇਨ ਵਿਚ ਵੀ ਇਕ ਲੱਖ ਦੇ ਕਰੀਬ ਅਤੇ ਦੱਖਣੀ ਕੋਰੀਆ ਨੇ ਆਪਣੀ ਸਵਾ ਪੰਜ ਲੱਖ ਦੀ ਅਬਾਦੀ ਵਿੱਚੋਂ ਹੁਣ ਤੱਕ ਤਿੰਨ ਲੱਖ ਦੇ ਦੇ ਕਰੀਬ ਕੇਸ ਟੈਸਟ ਕੀਤੇ ਹਨ। ਇਹਨਾਂ ਦੇ ਮੁਕਾਬਲੇ 135 ਕਰੋੜ ਦੀ ਅਬਾਦੀ ਵਾਲਾ ਭਾਰਤ ਨੇ ਹੁਣ ਤੱਕ ਲਗਭਗ ਸਿਰਫ ਪੰਜਾਹ ਹਜ਼ਾਰ ਟੈਸਟ ਕੀਤੇ ਹਨ।

10. ਜੇਕਰ ਘਰਾਂ ਵਿਚ ਆਈਸੋਲੇਸ਼ਨ ਦੀ ਸਥਿਤੀ ਦੇਖੀਏ ਤਾਂ ਭਾਰਤ ਵਿਚ 5% ਘਰ ਹੀ ਅਜਿਹੇ ਹਨ, ਜਿੰਨਾਂ ਵਿਚ 5 ਜਾਂ ਇਸ ਤੋਂ ਵੱਧ ਕਮਰੇ ਹਨ। 69% ਘਰਾਂ ਵਿਚ ਇਕ ਜਾਂ ਦੋ ਕਮਰੇ ਹਨ। ਜਾਣੀ ਕਿ ਸਿਰਫ 4 ਕਰੋੜ ਅਬਾਦੀ ਹੀ ਅਜਿਹੀ ਹੈ ਜਿਸ ਕੋਲ ਇਕ ਜੀਅ ਕੋਲ ਵੱਖਰਾ ਕਮਰਾ ਹੈ। ਕਰੋੜਾਂ ਲੋਕ ਅਜਿਹੇ ਹਨ ਜਿਹੜੇ ਇਕ ਹੀ ਕਮਰੇ ਵਿਚ ਰਹਿੰਦੇ ਹਨ, ਜਾਂ ਫਿਰ ਕਿਸੇ ਕੋਲ ਇਕ ਵੀ ਕਮਰਾ ਨਹੀਂ ਹੈ…ਪਾਣੀ ਵਾਲੀਆਂ ਪਾਈਪਾਂ ਵਿਚ, ਜਾਂ ਪੁਲਾਂ ਹੇਠ ਜਾਂ ਫਿਰ ਖੁੱਲ੍ਹੇ ਅਸਮਾਨ ਦੀ ਛੱਤ ਥਲੇ ਸੌਂਦੇ ਹਨ।
ਅਜਿਹੀਆਂ ਸਿਹਤ ਸਹੂਲਤਾਂ ਦੀ ਸਥਿਤੀ ਵਿਚ ਸਾਡੇ ਦੇਸ਼ ਕੋਲ ਲਾਕਡਾਉਨ ਕਰਕੇ ਲੋਕਾਂ ਨੂੰ ਘਰਾਂ ਵਿਚ ਤਾੜਨ ਤੋਂ ਬਿਨਾ ਹੋਰ ਕੋਈ ਆਪਸ਼ਨ ਹੀ ਨਹੀਂ ਬਚਦਾ। ਹੈਰਾਨੀ ਦੀ ਗੱਲ ਤਾਂ ਇਹ ਹੈ ਸ਼ਹਿਰਾਂ ਕਸਬਿਆਂ ਦੇ ਜਿਹੜੇ ਪ੍ਰਾਈਵੇਟ ਡਾਕਟਰ ਨਾਰਮਲ ਹਾਲਤ ਵਿਚ ਮਰੀਜਾਂ ਦੀ ਛਿੱਲ ਪੱਟ ਲੈਂਦੇ ਹਨ, ਨਿੱਕੀ ਜਿਹੀ ਬਿਮਾਰੀ ਲਈ ਕਈ-ਕਈ ਦਿਨ ਮਰੀਜਾਂ ਨੂੰ ਦਾਖਲ ਰਖਦੇ ਹਨ, ਟੈਸਟਾਂ ਅਤੇ ਦਵਾਈਆਂ ਦੇ ਨਾਂ ਤੇ ਕਮੀਸ਼ਨ ਖਾਂਦੇ ਹਨ (ਭਾਵੇਂ ਸਾਰੇ ਅਜਿਹੇ ਨਹੀਂ ਵੀ ਹਨ), ਉਹਨਾਂ ਵਿੱਚੋਂ ਬਹੁਤੇ ਹੁਣ ਹਸਪਤਾਲ ਬੰਦ ਕਰੀਂ ਬੈਠੇ ਹਨ। ਸਧਾਰਨ ਰੋਗ ਦੀ ਦਵਾਈ ਵੀ ਨਹੀਂ ਦਿੰਦੇ। ਕੀ ਸਰਕਾਰ ਨੂੰ ਚਾਹੀਦਾ ਨਹੀਂ ਕਿ ਉਹ ਇਹਨਾਂ ਡਕਟਰਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਡਿਪਿਉਟ ਕਰੇ ਅਤੇ ਜੁਆਬ ਦੇਣ ਵਾਲੇ ਡਾਕਟਰ ਦਾ ਲਾਈਸੰਸ ਰੱਦ ਕਰੇ।
ਸੋ ਦੋਸਤੋ, ਸਥਿਤੀਆਂ ਖੁਸ਼ਗਵਾਰ ਨਹੀਂ ਹਨ। ਇਸ ਲਈ ਚਾਹੇ ਡੰਡੇ ਖਾ ਕੇ ਘਰ ਬੈਠੋ ਤੇ ਚਾਹੇ ਭਲੇਮਾਣਸੀ ਨਾਲ, ਫਿਲਹਾਲ ਹੱਲ ਇਹੋ ਹੈ ਕਿ ਘਰ ਬੈਠੋ ਅਤੇ ਜਨਤਕ ਫਾਸਲਾ ਬਣਾ ਕੇ ਰੱਖੋ। ਇਸ ਹੱਲ ਨਾਲ ਆਉਣ ਵਾਲੇ ਸਮੇਂ ਵਿਚ ਦੇਸ਼ ਮੰਦੀ ਦੀ ਆਰਥਿਕਤਾ ਦੇ ਕਿਹੜੇ ਖੂਹ ਵਿਚ ਡਿੱਗੇਗਾ, ਇਸ ਬਾਰੇ ਗੱਲ ਕਦੇ ਫੇਰ ਕਰਾਂਗੇ। ਇਕ ਵਾਰ ਘਰਾਂ ਵਿਚ ਰਹੀਏ, ਇਕ ਦੂਜੇ ਦੀ ਮਦਦ ਕਰੀਏ, ਕੁਦਰਤੀ ਤਰੀਕਿਆਂ ਨਾਲ ਆਪਣੇ ਇਮਿਉਨ ਸਿਸਟਮ ਨੂੰ ਮਜ਼ਬੂਤ ਕਰੀਏ, ਮਜ਼ਬੂਤ ਇੱਛਾ ਸ਼ਕਤੀ ਰੱਖੀਏ, ਇਕ ਦੂਜੇ ਨੂੰ ਹੌਂਸਲਾ ਦੇਈਏ, ਹਦਾਇਤਾਂ ਦੀ ਪਾਲਣਾ ਕਰੀਏ ਤੇ ਦੇਸ਼ ਦੀ ਭੰਵਰ ਵਿਚ ਫਸੀ ਬੇੜੀ ਨੂੰ ਕੱਢੀਏ..ਤੇ ਜਦ ਨਿਕਲ ਗਿਆ, ਫਿਰ ਹਾਕਮਾਂ ਨੂੰ ਇਸ ਗੱਲ ਲਈ ਮਜ਼ਬੂਰ ਕਰੀਏ ਕਿ ਜੇਕਰ ਸਾਡੀਆਂ ਵੋਟਾਂ ਲੈਣੀਆਂ ਹਨ, ਤਾਂ ਬਾਕੀ ਸਭ ਏਜੰਡੇ ਬਾਅਦ ਵਿਚ ਸਿਹਤ ਤੇ ਸਿੱਖਿਆ ਦਾ ਏਜੰਡਾ ਪਹਿਲੇ ਨੰਬਰ ਤੇ ਹੋਣਾ ਚਾਹੀਦਾ ਹੈ।
ਉਮੀਦ ਹੈ ਕਿ ਹੁਣ ਤਾਂ ਮੱਛੀਆਂ ਨੇ ਪੱਥਰ ਚੱਟ ਲਿਆ ਹੋਣਾ, ਹੁਣ ਤਾਂ ਆਪਾਂ ਇਹ ਕਰਾਂਗੇ ਹੀ….ਦੀਪ ਦੁਨੀਆਂ

Real Estate