ਉਦੋਂ ‘ਤੇ ਹੁਣ ‘ਚ ਫਰਕ

1016

– ਰਣਦੀਪ ਸਿੰਘ ਰਾਓ

ਦੋਸਤੋ ਊਂ ਭਾਵੇਂ ਮੇਰੇ ਵਰਗਾ ਵਿਹਲਾ ਘਰੇ ਪਿਆ ਸਾਰਾ ਦਿਨ ਪਾਸੇ ਮਾਰੀ ਜਾਵੇ, ਪਰ ਜਦੋਂ ਸਾਨੂੰ ਕੋਈ ਖ਼ਾਸ ਹਿਦਾਇਤ ਕਿਸੇ ਇੱਕ ਜਗ੍ਹਾ ਰਹਿਣ ਦੀ ਹੋਵੇ ਫ਼ੇਰ ਇਹ ਕੰਮ ਬਹੁਤ ਔਖਾ ਲੱਗਦੈ। ਅੱਜ-ਕੱਲ੍ਹ ਕਰਫ਼ਿਊ ਕਰਕੇ ਹਰੇਕ ਬੰਦੇ ਨੂੰ ਅਪਣੇ ਸਿਰ ਤੇ ਪ੍ਰਸ਼ਾਸ਼ਨ ਦੀ ਤਲਵਾਰ ਲਟਕਦੀ ਮਹਿਸੂਸ ਹੁੰਦੀ ਐ, ਬੰਦਾ ਸੋਚਦੈ ਕਿਸੇ ਨਾਂ ਕਿਸੇ ਬਹਾਨੇ ਨਾਲ਼ ਘਰੋਂ ਬਾਹਰ ਜਾਇਆ ਜਾਵੇ। ਅੱਜ ਮੈਂ ਸੋਚ ਰਿਹਾ ਸੀ ਕਿ ਸਾਨੂੰ ਅਪਣੇ ਈ ਘਰ ਬੈਠਣਾਂ ਕੈਦ ਵਰਗਾ ਕਿਉਂ ਲੱਗ ਰਿਹੈ । ਸੋਚਦਾ ਸੋਚਦਾ ਥੋੜ੍ਹਾ ਪਿੱਛੇ 20-25 ਸਾਲ ਪਹਿਲਾਂ ਮਤਲਬ ਬਚਪਨ ਜਾਂ ਕਹਿਲੋ ਜਵਾਨੀ ਦੀ ਸ਼ੁਰੂਆਤ ‘ਚ ਚਲਿਆ ਗਿਆ ਤਾਂ ਮਹਿਸੂਸ ਕੀਤਾ ਕਿ ਓਦੋਂ ਸਾਡੀ ਜ਼ਿੰਦਗੀ ਅੱਜ ਦੇ ਮੁਕਾਬਲੇ ਦੂਜਿਆਂ ਤੇ ਬਹੁਤ ਜ਼ਿਆਦਾ ਨਿਰਭਰ ਸੀ। ਸਾਡੇ ਕੋਲ਼ ਸਬਰ ਸੰਤੋਖ ਰੱਖਣ ਤੋਂ ਬਿਨਾਂ ਦੂਜਾ ਕੋਈ ਚਾਰਾ ਨੀਂ ਸੀ । ਜੇ ਪਿੰਡੋਂ ਸ਼ਹਿਰ ਜਾਣਾ ਕੋਈ ਸਾਧਨ ਨਾਂ ਹੋਣ ਕਰਕੇ ਕਿਸੇ ਦਾ ਸਹਾਰਾ ਤੱਕਣਾਂ । ਬਿਜਲੀ ਦੀ ਸਹੂਲਤ ਨਾਂ ਮਾਤਰ ਹੋਣ ਕਰਕੇ ਬਹੁਤ ਕੰਮ ਹੱਥੀਂ ਕਰਨ ਦੀ ਆਦਤ ਤੇ ਬਾਕੀ ਕੰਮਾਂ ਲਈ ਬਿਜਲੀ ਦੇ ਆਉਣ ਤੱਕ ਸਬਰ ਕਰਨਾਂ । Email ਦਾ ਜ਼ਮਾਨਾਂ ਨਾਂ ਹੋਣ ਕਰਕੇ ਚਿੱਠੀ ਲਿਖਣਾਂ ਤੇ ਪੋਸਟ ਕਰਨ ਲਈ ਸ਼ਹਿਰ ਜਾਣ ਤੋਂ ਬਾਅਦ ਚਿੱਠੀ ਦਾ ਜਵਾਬ ਉਡੀਕਣ ਦਾ ਸਬਰ ਕਰਨਾਂ। T.V. ਤੇ ਪ੍ਰੋਗਰਾਮ ਚੱਲਣ ਦਾ ਸਮਾਂ ਸੀਮਿਤ ਹੋਣ ਕਰਕੇ ਹਫ਼ਤਾ ਹਫ਼ਤਾ ਰਮਾਇਣ, ਮਹਾਂਭਾਰਤ ਜਾਂ ਚਿੱਤਰਹਾਰ ਨੂੰ ਜਿੰਨਾਂ ਸਬਰ ਨਾਲ਼ ਉਡੀਕਦੇ ਓਨਾਂ ਈ ਸ਼ਿੱਦਤ ਤੇ ਸ਼ਾਂਤੀ ਨਾਲ਼ ਪੱਲੀ ਤੇ ਬਹਿਕੇ ਅਨੰਦ ਮਾਣਦੇ।ਨਾਂ ਹੱਥ ਚ remote ਹੁੰਦਾ ਨਾਂ ਈ ਇੱਕ ਤੋਂ ਜ਼ਿਆਦਾ ਚੈਨਲ ਚਲਦੇ ਤੇ ਨਾਂ ਕੁਛ ਹੋਰ ਦੇਖਣ ਦੀ ਬੇਚੈਨੀਂ ਲੱਗਦੀ। ਤਿਉਹਾਰਾਂ ਦੇ ਆਉਣ ਤੋਂ 20-20 ਦਿਨ ਪਹਿਲਾਂ ਚਾਅ ਚੜ੍ਹ ਜਾਣਾਂ ਤੇ ਇੱਕ ਦਿਨ ਦੇ ਤਿਉਹਾਰ ਨੂੰ ਇੱਕੋ ਦਿਨ ‘ਚ ਪੂਰੀ ਤਸੱਲੀ ਨਾਲ਼ ਮਨਾਉਣਾਂ ਕਿਉਂਕਿ ਨਾਂ ਓਹਦੀ ਵੀਡੀਓ ਬਣਨੀਂ ਹੁੰਦੀ ਸੀ ਤੇ ਨਾ ਦੁਬਾਰਾ ਫ਼ੋਟੋਆਂ ਦੇਖਣ ਨੂੰ ਮਿਲਣੀਆਂ ਹੁੰਦੀਆਂ। ਕਿਸੇ ਵਿਆਹ ਸ਼ਾਦੀ ਤੇ ਫੋਟੋਆਂ ਖਿੱਚਵਾ ਲੈਂਦੇ ਤਾਂ ਉਹਨਾਂ ਦੇ ਧੋਤੇ ਜਾਣ ਤੱਕ ਸਬਰ ਕਰਨਾਂ ਪੈਂਦਾ।ਜਦੋਂ ਕਦੇ VCR ਲੈਕੇ ਆਉਂਦੇ ਤਾਂ ਪਹਿਲਾਂ ਸਾਰੀਆਂ ਰੀਲ੍ਹਾਂ ਬੈਕ ਕਰਕੇ ਰੱਖਣ ਦਾ ਸਬਰ।ਕਿਸੇ ਰਿਸ਼ਤੇਦਾਰੀ ‘ਚ ਜਾਣਾਂ ਤਾਂ ਏਰੀਏ ਦੇ ਹਿਸਾਬ ਨਾਲ਼ ਬੱਸ,ਮਿੰਨੀਂ ਬੱਸ ਜਾਂ ਪੀਟਰ ਰੇਹੜੇ ਦੇ ਆਉਣ ਦੇ ਸਮੇਂ ਦਾ ਸਬਰ।ਅਮਰੂਦਾਂ, ਨਸੂਹੜਿਆਂ,ਬੇਰਾਂ,ਕਾਲ਼ੀਆਂ ਲਾਲ ਭਮੋਲ਼ਾਂ ਤੇ ਜਾਮਣਾਂ ਵਗੈਰਾ ਦੇ ਮੌਸਮ ਦੇ ਹਿਸਾਬ ਨਾਲ਼ ਪੱਕਣ ਦਾ ਸਬਰ। ਬੇਬੇ ਵੱਲੋਂ ਹਾਰੇ ‘ਚ ਰੱਖੇ ਦੁੱਧ ਦੇ ਕੜ੍ਹਨ ਤੇ ਕੁੱਜੇ ‘ਚ ਜੰਮਣ ਲਈ ਰੱਖੀ ਦਹੀਂ ਦੇ ਜੰਮਣ ਦਾ ਸਬਰ।ਸਾਈਕਲ ਤੇ ਸ਼ਹਿਰ ਨੂੰ ਗਏ ਬਾਪੂ (ਦਾਦਾ ਜੀ)ਤੋਂ ਮੰਗਾਈ ਚੀਜੀ ਦੇ ਆਉਣ ਦਾ ਸਬਰ।
ਮੇਰੇ ਖਿਆਲ ‘ਚ ਅੱਜ ਸਾਡੇ ਕੋਲ਼ ਜੇ ਕਿਸੇ ਚੀਜ਼ ਦੀ ਘਾਟ ਐ ਉਹ ਐ “ਸਬਰ” Internet ਤੇ Netflix ਦੇ ਜ਼ਮਾਨੇਂ ਨੇਂ ਸਾਤੋਂ ਇਹ ਇੱਕ “ਸਬਰ” ਨਾਂ ਦਾ ਸ਼ਬਦ ਖੋਹ ਲਿਆ।ਨਾਂ ਕਿਸੇ ਪਲ ਦੇ ਗੁਆਚ ਜਾਣ ਦਾ ਫ਼ਿਕਰ ਨਾਂ ਕਿਸੇ ਮਨੋਰੰਜਨ ਦੇ ਖੁੱਸ ਜਾਣ ਦਾ ਡਰ। ਜੋ ਮਰਜ਼ੀ ਜਦੋਂ ਮਰਜ਼ੀ ਅੱਗੇ ਪਿੱਛੇ ਕਰਕੇ ਤੇ ਬਾਰ ਬਾਰ ਦੇਖ ਸਕਦੇ ਆਂ।ਆਵਾਜਾਈ ਦੇ ਸਾਧਨ ਵਾਧੂ ਹੋਣ ਕਰਕੇ ਬੇਲੋੜੇ ਗੇੜੇ ਕੱਢਣ ਤੋਂ ਕੋਈ ਸੰਕੋਚ ਨੀਂ ਕਰਦੇ।ਸੁਨੇਹੇ ਭੇਜਣ ਦੇ ਯੰਤਰ ਹੱਥ ਚ ਹੋਣ ਕਰਕੇ ਬਿਨਾਂ ਸਬਰ ਕੀਤੇ ਜੀਹਦੇ ਨਾਲ਼ ਚਾਹੀਏ ਬੈੱਡ ਤੇ ਲੇਟੇ ਲੇਟੇ ਗੁੱਸੇ ਹੋਜੀਏ ਤੇ ਜੀਹਦੇ ਨਾਲ਼ ਚਾਹੀਏ ਲੜਪੀਏ।
ਮੇਰੇ ਖਿਆਲ ਚ ਇੱਕੀ ਦਿਨਾਂ ਦਾ ਕਰਫ਼ਿਊ ਸਾਨੂੰ ਅਪਣੀ ਸਿਹਤ ਨੂੰ ਧਿਆਨ ‘ਚ ਰੱਖਕੇ ਸਬਰ ਨਾਲ਼ ਕੱਢ ਲੈਣਾਂ ਚਾਹੀਦੈ।ਅੱਜ ਦਾ ਕੀਤਾ ਸਬਰ ਸਾਡੇ ਜ਼ਿੰਦਗੀ ਦੇ ਸਫ਼ਰ ਨੂੰ ਲੰਮਾ ਤੇ ਤੰਦਰੁਸਤ ਕਰ ਸਕਦੈ।
ਘਰ ਰਹੋ ਸੁਰੱਖਿਅਤ ਰਹੋ।

Real Estate