‘ਤੂੰ ਬਾਈ ‘ ਜਮਾਂ ਜੜ੍ਹ ਆਲੇ ਗੰਨੇ ਦੀ ਆਖਰੀ ਪੋਰੀ ਵਰਗਾ

1072

Sukhnaib Sidhuਸੁਖਨੈਬ ਸਿੰਘ ਸਿੱਧੂ
‘ਬਾਈ‘ ਸ਼ਬਦ ਆਪਣੇ ਆਪ ਵਿੱਚ ਅਪਣੱਤ ਨਾਲ ਲਬਰੇਜ ਸ਼ਬਦ ਹੈ, ਮਿਸ਼ਰੀ ਨਾਲ ਭਰਿਆ ਹੋਇਆ , ਦੁਸਹਿਰੇ ਮਗਰੋਂ ਪੱਟੇ ਹੋਏ ਗੰਨੇ ਦੀ ਜੜ੍ਹ ਜਿੰਨਾ ਮਿੱਠਾ । ਹੁਣ ਬਾਲਿਆਂ ਨੂੰ ਇਹ ਨਈਂ ਪਤਾ ਹੋਣਾ , ਦੁਸਹਿਰੇ ਤੇ ਗੰਨੇ ਸਬੰਧ ਕੀ ਹੁੰਦਾ , ਚਲੋਂ ਤੁਸੀ ਵੀ ਵਿਹਲੇ ਤੇ ਮੈਂ ਕਿਹੜਾ ਹਲ ਜੁੜਿਆ । ਗੱਲ ਦੱਸ ਦਿੰਨਾ ਖੋਲ੍ਹ ਕੇ , ਵੈਸੇ ਵੀ ਮੱਲਵਈ ਅਖਵਾਉਣ ਦਾ ਮਾਣ ਹੁੰਦਾ , ਦਿਲ ‘ਤੇ ਵਿਹੜੇ ਖੁੱਲ੍ਹੇ ਈ ਚੰਗੇ ਲੱਗਦੇ । ਹਾਸਾ – ਠੱਠਾ ਵੀ ਅਸੀਂ ਪਿਛੜੇ ਗਿਣੇ ਜਾਂਦੇ ਲੋਕ ਹੱਸ ਸਕਦੇ ਜਿਹੜਾ ਕਈ -ਕਈ ਘਰਾਂ ‘ਚ ਸੁਣਦਾ । ਆਹ ਸ਼ਹਿਰੀਆਂ ਦੀ ਸਮਾਈਲ ਸਾਡੇ ਵੱਸ ਦੀ ਗੱਲ ਨਈਂ ।
ਖੈਰ , ਗੱਲ ਤਾਂ ਬਾਈ ਦੀ ਛਿੜੀ ਸੀ , ਤੇ ਬਾਈ ਸੁਣੋ ਫਿਰ , ਗੰਨੇ ਅਤੇ ਦੁਸਹਿਰੇ ਸਾਂਝ । ਗੰਨੇ ਬਿਜਾਈ ਦਾ ਕੰਮ ਸਤੰਬਰ ਤੋਂ ਸੁਰੂ ਹੋ ਜਾਂਦਾ , ਫਰਵਰੀ -ਮਾਰਚ ਤੱਕ ਬੀਜਿਆ ਜਾਂਦਾ । ਇੱਕ ਸਾਲ ‘ਚ ਇਹਦੀ ਫਸਲ ਤਿਆਰ ਹੁੰਦੀ । ਦੁਸਹਿਰਾ ਆਮ ਕਰਕੇ ਅਕਤੂਬਰ ‘ਚ ਆ ਜਾਂਦਾ , ਜਦੋਂ ਦੁਸਹਿਰਾ ਹੁੰਦੇ ਉਦੋਂ ਤੱਕ ਗੰਨੇ ਰਸੀਲੇ ਹੋ ਜਾਂਦੇ ਹਨ। ਮਤਬਲ ਜਵਾਨੀ ਚੜ੍ਹ ਜਾਂਦੀ । ਫਿਰ ਮਿੱਠੇ ਗੰਨੇ ਚੂਪਣ ਨੂੰ ਨਸੀਬ ਹੁੰਦੇ , ਗੰਨੇ ਚੂਪੇ ਜਾਂਦੇ ਨੇ , ਖਾਧੇ ਨਹੀਂ ਜਾਂਦੇ , ਖਾਧੇ ਤਾਂ ਖਰਬੂਜੇ ਜਾਂਦੇ ਨੇ। ਇੱਕ ਹੋਰ ਗੱਲ ਹੈ ਕਿ ਜੇ ਜੱਟ ਦੀ ਯਾਰੀ ਦੇਖਣੀ ਹੋਵੇ ਤਾਂ ਇਹ ਦੇਖੋ ਕਿ ਜੜ ਵਾਲਾ ਪਾਸਾ ਆਪ ਰੱਖਦਾ ਕਿ ਅਗਲੇ ਨੂੰ ਫੜਾਉਂਦਾ । ਜੜ੍ਹ ਵਾਲਾ ਪਾਸਾ ਮਿੱਠਾ ਹੁੰਦਾ ।
ਜਿਹੜਾ ਬੰਦਾ ‘ਤੂੰ ਬਾਈ ‘ ਕਹਿ ਕੇ ਗੱਲ ਤੋਰਦਾ ਉਹ ਤਾਂ ਜਮਾਂ ਜੜ ਵਾਲੇ ਗੰਨੇ ਦੀ ਆਖਰੀ ਚੂਪਣ ਯੋਗ ਪੋਰੀ ਵਰਗਾ ਹੁੰਦਾ ।
ਜੇ ਕੋਈ ‘ਬਾਈ ਜੀ ‘ ਆਖੇ ਫਿਰ ਆਏਂ ਨਈਂ ਲੱਗਦਾ ਇਹ ਪਤੰਦਰ ਗੰਨੇ ਨੂੰ ਹੀ ਸ਼ੱਕਰਪਾਰਿਆਂ ਦੀ ਚਾਸ਼ਨੀ ‘ਚ ਡਬੋਈ ਜਾਂਦਾ । ਜੀਹਦੀ ਲੋੜ ਕੋਈ ਨਹੀਂ।
ਜਦੋਂ ਬਾਈ ਕਹਿਤਾ ਫਿਰ ‘ਜੀ’ ਕਿਹੜਾ ਪਿੱਛੇ ਰਹਿ ਗਿਆ।
ਮਿੱਤਰੋਂ ‘ਤੂੰ,’ ਅਤੇ ‘ਬਾਈ’ ਵਰਗੇ ਸ਼ਬਦ ਪਿੰਡਾਂ ਵਾਲਿਆਂ ਅਪਣੱਤ ਭਰੇ ਸ਼ਬਦ ਹਨ।

Real Estate