ਕੈਪਟਨ ਸਰਕਾਰ ਨੇ ਕਿਸਾਨਾਂ ਨੂੰ ਕਣਕ ਦੀ ਵਾਢੀ ਤੇ ਆਲੂਆਂ ਦੀ ਪੁਟਾਈ ਵਾਸਤੇ ਖੇਤਾਂ ‘ਚ ਜਾਣ ਲਈ ਕਰਫਿਊ ਤੋਂ ਦਿੱਤੀ ਛੋਟ

29 ਮਾਰਚ (ਜਗਸੀਰ ਸਿੰਘ ਸੰਧੂ) :
ਭਾਰਤ ਸਰਕਾਰ ਵੱਲੋਂ ਕਰੋਨਾ ਵਾਇਰਸ ਨੂੰ ਮਹਾਂਮਾਰੀ ਐਲਾਨ ਕਰਦਿਆਂ ਦੇਸ਼ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ 21 ਦਿਨਾਂ ਲਈ ਪੂਰੇ ਭਾਰਤ ਵਿੱਚ ਲੌਕ ਡਾਊਨ ਕਰ ਦਿੱਤਾ ਗਿਆ, ਪਰ ਸਰਕਾਰ ਦੇ ਇਸ ਐਲਾਨ ਦੇ ਬਾਵਜੂਦ ਜਦੋਂ ਲੋਕ ਬਾਹਰ ਨਿਕਲਣੋਂ ਨਾ ਹਟੇ ਤਾਂ ਕੈਪਟਨ ਸਰਕਾਰ ਵੱਲੋਂ ਪੰਜਾਬ ਵਿੱਚ ਕਰਫਿਊ ਲਗਾ ਦਿੱਤਾ ਗਿਆ। ਪੰਜਾਬ ਸਰਕਾਰ ਦੇ ਇਸ ਫੈਸਲੇ ਤੋ ਬਾਅਦ ਪੰਜਾਬ ਦੇ ਕਿਸਾਨਾਂ ਵਿੱਚ ਵੱਡੀ ਚਿੰਤਾ ਖੜੀ ਹੋ ਗਈ ਕਿ ਖੇਤਾਂ ਵਿੱਚ ਪੁਟਾਈ ਲਈ ਤਿਆਰ ਖੜੀ ਆਲੂਆਂ ਦੀ ਫਸਲ ਦਾ ਹੁਣ ਕੀ ਬਣੇਗਾ ? ਇਹਨਾਂ 21 ਦਿਨਾਂ ਦੇ ਅੰਦਰ ਹੀ ਕਣਕ ਅਤੇ ਸਰੋਂ ਦੀ ਫਸਲ ਦੀ ਵਾਢੀ ਵੀ ਸ਼ੁਰੂ ਹੋ ਜਾਣੀ ਹੈ, ਇਸ ਲਈ ਉਹਨਾਂ ਦੀ ਵਾਢੀ ਲਈ ਤਿਆਰ ਕਣਕ ਤੇ ਸਰੋਂ ਦੀ ਫਸਲ ਦਾ ਕੀ ਬਣੇਗਾ ? ਕਿਸਾਨਾਂ ਦੀਆਂ ਇਹਨਾਂ ਸਮੱਸਿਆਵਾਂ ਨੂੰ ਸਮਝਦਿਆਂ ਕੈਪਟਨ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਕੈਪਟਨ ਸਰਕਾਰ ਵੱਲੋਂ ਲਏ ਗਏ ਤਾਜ਼ਾ ਫੈਸਲੇ ਅਨੁਸਾਰ ਪੰਜਾਬ ‘ਚ ਲੱਗੇ ਕਰਫਿਊ ਦੌਰਾਨ ਕਿਸਾਨ ਦਿਨ ਭਰ ਆਪਣੇ ਖੇਤ ਵਿੱਚ ਕੰਮ ਕਰ ਸਕਦਾ ਹੈ।
ਸਰਕਾਰ ਦੇ ਦਿੱਤੇ ਗਏ ਆਦੇਸ਼ਾਂ ਅਨੁਸਾਰ ਕਿਸਾਨਾਂ ਨੂੰ ਸਵੇਰੇ 7 ਤੋਂ 9 ਵਜੇ ਤੱਕ ਖੇਤ ਜਾਣ ਤੇ ਸ਼ਾਮ ਨੂੰ 7 ਤੋਂ 9 ਦੇ ਵਿਚਕਾਰ ਖੇਤਾਂ ਤੋਂ ਘਰ ਵਾਪਸ ਆਉਣ ਦੀ ਆਗਿਆ ਦਿੱਤੀ ਗਈ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਡੀਸੀ ਸਹਿਬਾਨ ਨੇ ਇਹ ਹੁਕਮ ਜਾਰੀ ਕਰ ਦਿੱਤਾ ਹੈ। ਕਣਕ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਇਸ ਲਈ ਕਿਸਾਨ ਆਪਣੇ ਮਜ਼ਦੂਰ, ਟਰੈਕਟਰ ਤੇ ਕੰਬਾਈਨ ਖੇਤਾਂ ‘ਚ ਲੈ ਜਾ ਸਕਦੇ ਹਨ।

Real Estate