ਉਹ ਵੀ ਕੀ ਕਰਦਾ…!! (ਕਹਾਣੀ)

722

ਲਾਲ ਸਿੰਘ

ਜਦੋਂ ਉਹ ਪਹਿਲੀ ਵਾਰ ਮਿਲਿਆ ਸੀ , ਤਾਂ ਉਸ ਦੀ ਸ਼ਾਹ-ਕਾਲੀ, ਛੋਟੀ- ਛੋਟੀ , ਖੁਲ੍ਹੀ ਦਾੜ੍ਹੀ ਵਾਲੇ ਹੰਸੂ-ਹੰਸੂ ਕਰਦੇ ਗੋਲ-ਮਟੋਲ ਚਿਹਰੇ ਦੀ ਮਿਕਨਾਤੀਸੀ ਖਿੱਚ ਨੇ ਮੈਨੂੰ ਧੂਹ ਕੇ ਆਪਣੇ ਬਹੁਤ ਲਾਗੇ ਕਰ ਲਿਆ ਸੀ । ਬਸ ਚਲਾਵੀਆਂ ਜਿਹੀਆਂ ਦੋ-ਇੱਕ ਗੱਲਾਂ ਪਿਛੋਂ ਉਸ ਨੇ ਆਖਿਆ ਸੀ – ਚੰਗਾ ਫਿਰ ਮਿਲਾਂਗੇ ! ਕਾਮਰੇਡ ।“
‘ਕਾਮਰੇਡ’ ਸੰਬੋਧਨ ਸੁਣ ਕੇ ਉਸ ਦਿਨ ਮੈਨੂੰ ਮੇਰੇ ਪੈਰ ਧਰਤੀ ਤੋਂ ਫੁੱਟ-ਫੁੱਟ ਉਪਰ ਤੁਰਦੇ ਜਾਪੇ ਸਨ ਅਤੇ ਮੇਰੇ ਅੰਦਰਲਾ ਖਿਲਾਅ ਖੁੱਲੀ ਸੁਖਾਵੀਂ ਪੱਧਰ ਜ਼ਿੰਦਗੀ ਦੇ ਅਹਿਸਾਸ ਨਾਲ ਭਰਿਆ ਕਈ ਦਿਨ ਟੂਣੇਹਾਰੀ ਤੋਰ  ਤੁਰਦਾ ਰਿਹਾ ਸੀ ।
ਦੂਜੀ ਵਾਰ ਜਦੋਂ ਉਹ ਮਿਲਿਆ, ਮਿਲੀਆ ਹੀ ਨਹੀਂ ਉਚੇਚ ਨਾਲ ਮੇਰੇ ਦਫ਼ਤਰ ਪਹੁੰਚਿਆ , ਤਾਂ ਬਹੁਤ ਥੱਕਿਆ ਥੱਕਿਆ ਜਾਪ ਰਿਹਾ ਸੀ ।
“ਗਰਮ ਪੀਉਗੇ ਜਾਂ ਠੰਡਾ ?” ਮੈਂ ਪੁੱਛਿਆ।
“ਨਾ ਗਰਮ ਨਾ ਠੰਡਾ , ਰੋਟੀ ਖਾਣੀ ਐ ”, ਉਹਨੇ ਬਿਨਾਂ ਝਿਜਕ ਆਖਿਆ ।
ਮੈਨੂੰ ਲੱਗਾ ਜਿਵੇਂ ਮੇਜ਼ ਦੀ ਰੁਟੀਨ ‘ਤੇ ਕੋਈ ‘ਮੋਸਟ ਅਰਜੈਂਟ ’ ਦੀ ਫਾਇਲ ਆ ਡਿੱਗੀ ਹੋਵੇ । ਪਰ,ਭੁੱਖ ਤਾਂ ਆਖ਼ਰ ਭੁੱਖ ਹੁੰਦੀ ਐ ,ਐਵੇਂ ਕੋਈ ਕਿਵੇਂ ਮੰਗ ਸਕਦਾ ਹੈ ? ‘ ਇਹ ਸੋਚਦਿਆਂ , ਮੈਂ ਹੱਥਲਾ ਕੰਮ ਛੱਡ ਦਿੱਤਾ ਤੇ ਚਪੜਾਸੀ ਨੂੰ ਘੰਟੀ ਦਿੱਤੀ ।
“ ਭਾਈ ਸਾਹਬ ਨੂੰ ਗਰੀਨ ਰੇਸਟੋਰੈਂਟ ਤੋਂ ਖਾਣਾ ਖੁਆ ਲਿਆ । “ ਮੈਂ ਚਪੜਾਸੀ ਨੂੰ ਹੁਕਮ ਵਰਗਾ ਕੰਮ ਕੰਨ ਅੰਦਰ ਦੱਸਿਆ ।
“ ਨਈਂ , ਇਉਂ ਨਈਂ , ਤੁਸੀਂ ਆਪ ਚੱਲੋ , ਆਪਾਂ ਕੁਝ ਹੋਰ ਗੱਲਾਂ ਵੀ ਕਰਨੀਆਂ । “ ਉਸ ਨੇ ਇਤਰਾਜ਼ ਵਰਗਾ ਸੁਝਾ ਦਿੱਤਾ।
“ ਲਓ , ਜਿਵੇਂ ਤੁਆਡੀ ਖੁਸ਼ੀ । “  ਆਖ ਕੇ ਮੈਂ ਉਸ ਦੇ ਨਾਲ ਦਫ਼ਤਰੋ ਬਾਹਰ ਆ ਗਿਆ , ਕਿਉਂ ਜੋ ਅੰਦਰ ਦੀ ਆਖ਼ਰ ਕੁਝ ਕਰਨ-ਮਰਨ ਦਾ ਚਾਅ ਤਰਲੋ –ਮੱਛੀ ਹੋ ਰਿਹਾ ਸੀ ।
“ਤੁਹਾਡਾ ਸ਼ੁਭ ਨਾਂ ?” ਰੋਟੀ ਖਾਂਦੇ ਨੂੰ ਮੈਂ ਝਕਦੇ ਝਕਦੇ ਨੇ ਉਸ ਤੋਂ ਪੁਛਿਆ ।
“… ਪਾਲ ” ਉਸ ਨੇ ਥੋੜਾ ਸੋਚ ਕੇ ਸੰਖੇਪ ਜਿਹਾ ਉੱਤਰ ਦਿੱਤਾ ।
“ਕੀ ਕੰਮ ਕਰਦੇ ਓ …..?”
“………..। “
ਉਸ ਨੇ ਹੱਥਲੀ ਬੁਰਕੀ ਦੋਬਾਰਾ ਦਾਲ ਵਿੱਚ ਡੁਬੋ ਕੇ ਮੇਰੀ ਵੱਲ ਧਿਆਨ ਨਾਲ ਦੇਖਿਆ ਤੇ ਬੜੀ ਹੀ ਸਹਿਜ ਅਵਸਥਾ ਨਾਲ ਆਖਿਆ – “ ਇੱਕ ਵੇਲੇ ਇੱਕੋ ਕੰਮ ਈ ਹੋ ਸਕਦੈ …….।”
ਮੇਰੇ ਪਿੜ –ਪੱਲੇ ਭਾਵੇ ਬਹੁਤ ਕੁਝ ਨਹੀਂ ਸੀ ਪਿਆ ਪਰ ਉਸ ਨੂੰ ਹੋਰ ਜਾਣਨ ਦੀ ਇੱਛਾ ਮੇਰੇ ਅੰਦਰ ਭੜਥੂ ਪਾਉਣ ਲੱਗ ਪਈ ।
“ਅੱਜ ਰਾਤ ਮੈਂ ਤੁਹਾਡੇ ਕੋਲ ਈ ਠਹਿਰਾਂਗਾ । ”
ਉਸ ਨੇ ਜਿਵੇਂ ਮੇਰੀ ਮੰਗ ਪੂਰੀ ਕੀਤੀ ਹੋਵੇ , ਪਰ ਘਰ ਅੰਦਰ ਇੱਕ ਓਪਰੇ ਬੰਦੇ ਨੂੰ ਰਾਤ ਰੱਖਣ ਲਈ ਵੀ ਕੋਈ ਨਾ ਕੋਈ ਵਿਧੀ ਘੜਣੀ ਪੈਦੀ ਸੀ ।
“ਜ਼ਰੂਰ ….ਜ਼ਰੂਰ  ।” ਅੰਦਰਲੇ ਡਰ ਨੂੰ ਲੁਕਾਉਂਦਿਆਂ , ਮੈਂ ਉਸ ਦਾ ਇਹ ਯਕੀਨ ਪੱਕਾ ਕੀਤਾ ਸੀ ਕਿ ਮੇਰੇ ਅੰਦਰ ਵੀ ਇਸ ਸਿਸਟਮ ਵਿਰੁੱਧ ਉਬਲਦੇ ਲਾਫੇ ਵਰਗੀ ਤਖਸ਼ ਹੈ, ਪਰੰਤੂ ਹਨੇਰੇ ਪਏ ਘਰ ਜਾਣ ਵਾਲੀ ਗਲ ਮੇਰੀ ਸਮਝ ਤੋਂ ਅਜੇ ਵੀ ਬਾਹਰ ਸੀ ।
ਉਸ ਰਾਤ ਮੈਂ ਉਸ ਦਾ ਵਿਦਿਆਰਥੀ ਸਾਂ ਤੇ ਉਹ ਮੇਰਾ ਹਮ-ਉਮਰ ਉਸਤਾਦ । ਦਲੀਲਾਂ ,ਮਿਸਾਲਾਂ , ਸਬੂਤਾਂ ‘ਤੇ ਆਧਾਰਤ ਉਸ ਨੇ ਉਸ ਰਾਤ ਜੋ ਕੁਝ ਮੈਨੂੰ ਪੜ੍ਹਾਇਆ , ਉਸ ਦਾ ਓਪਰਾ-ਓਪਰਾ ਕਿਤਾਬੀ ਗਿਆਨ ਤਾਂ ਭਾਵੇਂ ਮੈਨੂੰ ਪਹਿਲਾਂ ਵੀ ਹੈ ਸੀ, ਪਰ ਡੂੰਘਾਈਆਂ ਦੀਆਂ ਤਹਿਆਂ ਅੰਦਰ ਮੈਂ ਪਹਿਲੀ ਵਾਰ ਹੀ ਉਤਰਿਆ ਸਾਂ ਤੇ ਉਹ ਵੀ ਉਸ ਦੀ ਉਂਗਲੀ ਫੜ ਕੇ ।
ਅਗਲੇ ਦਿਨ ਸਵੇਰੇ ਦਿਨ ਦੇ ਚੜ੍ਹਾ ਨਾਲ, ਉਸ ਨੇ ਥੋੜ੍ਹਾ ਕੁ ਚਿਰ ਲੱਕ ਸਿੱਧਾ ਕੀਤਾ ਤੇ ਚਾਹ ਪਾਣੀ ਪੀ ਕੇ ਆਪਣੀ ਵਾਟ ਤੁਰਦਾ ਬਣਿਆ , ਪਰ ਮੈਂ ਦਫ਼ਤਰ ਛੁੱਟੀ ਭੇਜ ਕੇ ਤਰਕਾਲਾਂ ਤਕ ਸੌਂ ਕੇ ਆਪਣੀ  ਥਕਾਵਟ ਲਾਹੀ ।
ਥੋੜ੍ਹੇ ਕੁ ਦਿਨਾਂ ਪਿਛੋਂ ਫਿਰ, ਉਹ ਦਿਨੇ ਦਫ਼ਤਰ ਆਉਣ ਦੀ ਬਜਾਏ ਸੂਰਜ ਢਲਦਿਆਂ ਸਾਰ ਸਿੱਧਾ ਪਿੰਡ ਪਹੁੰਚ ਗਿਆ । ਉਸ ਦੇ ਇਉਂ ਆਉਣ ਨਾਲ ਮੈਨੂੰ ਹੈਰਾਨੀ ਤਾਂ ਜ਼ਰੂਰ ਹੋਈ ਪਰ ਉਸ ਦੀ ਗਿਆਨ ਦੀ ਗੁੱਥਲੀ ‘ਚੋਂ ਭਾਨ ਕੱਢਣ ਦੇ ਲਾਲਚ ਨਾਲ , ਮੈਂ ਚੰਗੀ ਚੋਖੀ ਸੇਵਾ ਵੀ ਕੀਤੀ ।
ਉਸ ਰਾਤ ਮੈਂ ਉਸ ਦਾ ਨਿਰਾ-ਪੁਰਾ ਹੂੰ…ਹਾਂ ਕਰਨ ਵਾਲਾ ਗੂੰਗਾ ਸਿਖਿਆਰਥੀ ਨਹੀਂ ਸਾਂ, ਸਗੋਂ ਵਿਚ-ਵਿਚਾਲੇ , ਸੰਘਰਸ਼ਾਂ , ਜਥੇਬੰਦੀਆਂ , ਸੰਗਠਨਾਂ, ਪਾਰਟੀਆਂ , ਆਰਥਿਕ ਰਿਸ਼ਤਿਆਂ , ਸਿਆਸੀ ਘੋਲਾਂ ਬਾਰੇ ਪ੍ਰਸ਼ਨ ਪੁਛਦਾ ਹੋਰ ਜਾਣਕਾਰੀ ਪ੍ਰਾਪਤ ਕਰਦਾ ਰਿਹਾ ਸਾਂ ।
ਉਸ ਤੋਂ ਪਿਛੋਂ ਉਹ ਜਿੰਨੀ ਵਾਰ ਵੀ ਆਇਆਂ ,ਉਨੀ ਵਾਰ ਈ ਮਾਰਕਸ ,ਏਂਗਲਜ਼, ਲੈਨਿਨ, ਸਟਾਲਿਨ,ਸਟਾਲਿਨ ,ਮਾਓ, ਹੋ-ਚੀ –ਮਿੰਨ ਤੇ ਹੋਰ ਚਿੰਤਕਾਂ ਦੇ ਕੀਤੇ ਮਹਾਨ ਜਨਤਕ ਕਾਰਜਾਂ ਦੇ ਵੇਰਵਿਆਂ ਦੀਆਂ ਹੋਰ ਤੋਂ ਹੋਰ ਪਰਤਾਂ ਖੋਲ੍ਹਦਾ ਗਿਆ । ਪ੍ਰਾਚੀਨ ਸਮਿਆਂ ਤੋਂ ਧਾਰਮਿਕ ਅੰਧ-ਵਿਸ਼ਵਾਸ਼ ਦੀ ਜਕੜ ਅੰਦਰ ਘਿਰੀ ਮਨੁੱਖਤਾ ਨੂੰ ਚਾਨਣ ਦੇਣ ਵਾਲੀਆਂ ਨਵੀਆਂ ਥਿਊਰੀਆਂ ਦੀ ਜਾਣਕਾਰੀ ਦਿੰਦਾ ਗਿਆ ।ਇਤਿਹਾਸਕ ਪਦਾਰਥਵਾਦ, ਭੌਤਿਕ ਦਵੰਦਵਾਦ ਦਾ ਨਿਰਖ-ਪਰਖ ਕਰਦਾ, ਗੁਲਾਮਦਾਰੀ , ਕਬੀਲਦਾਰੀ ,ਜਾਗੀਰਦਾਰੀ ,ਸਰਮਾਏਦਾਰੀ ਯੁੱਗਾਂ ਅੰਦਰ ਉਪਜਾਊ ਵਸੀਲਿਆਂ ‘ਤੇ ਕਾਬਜ਼ ਮੁੱਠੀ ਭਰ ਵਿਹਲੜਾਂ ਦੀ ਆਪਸੀ ਤੇ ਕਾਮਾ-ਸ੍ਰੇਣੀ ਨਾਲ ਵਿਚਰਦੀ ਮੁਖ ਵਿਰੋਧਤਾਈ ਦਾ ਨਿਖੇੜਾ ਕਰਦਾ ਰਿਹਾ । ਰੂਸ, ਚੀਨ, ਕੋਰੀਆ, ਵੀਅਤਨਾਮ ਤੇ ਹੋਰਨਾਂ ਏਸ਼ੀਆਈ ਦੇਸ਼ਾਂ ਦੇ ਨਾਲ ਨਾਲ ਯੂਰਪੀ ਦੇਸ਼ਾਂ ਅੰਦਰ ਆਏ ਇਨਕਲਾਬਾਂ ਦਾ ਲੇਖਾ-ਜੋਖਾ ਕਰਦਾ , ਉਹ ਸਾਰੀ ਧਰਤੀ ਦੇ ਦੋ-ਤਿਹਾਈ ਦੇਸ਼ਾਂ ਕਰਦਾ , ਉਹ ਸਾਰੀ ਧਰਤੀ ਦੇ ਦੋ-ਤਿਹਾਈ ਦੇਸ਼ਾਂ ਅੰਦਰ ਚਲਦੇ ਜਮਾਤੀ ਸੰਘਰਸ਼ਾਂ ਦੀ ਜਾਣਕਾਰੀ ਦਿੰਦਾ ਰਿਹਾ ।
ਅਤੇ ਮੈਂ ਵੇਦਾਂ , ਪੁਰਾਣਾਂ, ਉਪਨਿਸ਼ਦਾਂ, ਗਰੰਥਾਂ ਦੇ ਸਮਝਾਏ ਨਿਰੋਲ ਭਾਰਤੀ ਆਦਰਸ਼ਵਾਦ ਦਾ ਕੱਟੜ ਧਾਰਨੀ , ਧਰਮ , ਰੂਹਾਂ , ਆਵਾਗਵਨ ਦੇ ਸੰਸ਼ਕ੍ਰਿਤਕ ਅਹਿੰਸਾ ਦਾ ਪੁਜਾਰੀ , ਉਸ ਨੂੰ ਗੱਲ-ਗੱਲ ‘ਤੇ ਟੋਕ ਕੇ ਸੰਤਾਂ, ਗੁਰੂਆਂ , ਪੀਰਾਂ ,ਫ਼ਕੀਰਾਂ ਦੇ ਬੀਤੇ ਸਮਿਆਂ ਅੰਦਰ ਮਾਨਵੀ ਕਲਿਆਣ ਲਈ ਕੀਤੇ ਪਰ-ਉਪਕਾਰਾਂ ਨੂੰ ਠੀਕ ਸਿੱਧ ਕਰਨ ਦੀ ਜ਼ਿਦ ਕਰਦਾ ਰਿਹਾ । ਪਰੰਤੂ ਸਹਿਜੇ ਸਹਿਜੇ ਉਸ ਦੀ ਵਿਗਿਆਨਕ ਸੂਝ ਤੇ ਯਥਾਰਵਾਦੀ ਪਹੁੰਚ ,ਮੇਰੇ ਸਾਰੇ ਵਿਸ਼ਵਾਸ਼ ਤੇ ਦਲੀਲਾਂ ਨੂੰ ਝੁਠਲਾ ਕੇ ਆਪਣੇ ਵਾਦ ਦਾ ਜਾਦ ਮੇਰੇ ਸਿਰ ਧੂੜਦੀ ਚਲੀ ਗਈ ।
ਏਨਾ ਕੁਝ ਕਰਨ ਲਈ ਉਸ ਨੂੰ ਕਿੰਨਾ ਸਮਾਂ ਲੱਗਾ , ਕਿੰਨੀਆਂ ਰਾਤਾਂ ਦਾ ਉਨੀਂਦਰਾ ਕੱਟਣਾ ਪਿਆ, ਕਿੰਨਾ ਸਫ਼ਰ ਪੈਦਲ ਜਾਂ ਸਾਈਕਲ ‘ਤੇ ਕਰਨਾ ਪਿਆ , ਇਸ ਬਾਰੇ ਤਾਂ ਮੈਨੁੰ ਚੰਗੀ ਤਰ੍ਹਾਂ ਯਾਦ ਨਹੀਂ , ਪਰ ਇਕ ਗੱਲ ਪੱਕੀ ਸੀ ਕਿ ਓਦੋਂ ਤਕ ਉਸ ਦੇ ਚਿਹਰੇ ‘ਤੇ ਚਮਕਦੀ ਆਕਰਸ਼ਕ ਲਾਲੀ ਹਨੇਰੀਆਂ ਰਾਤਾਂ ਵਾਂਗ ਧੁਆਂਈ ਗਈ ਸੀ । ਉਸ ਦਾ ਭਰਵਾਂ ਚੌੜਾ ਚਿਹਰਾ  ਨਿੱਥਲ ਟੋਟੇ ਹੋ ਗਿਆ ਸੀ ।ਉਸ ਦੀ ਆਲੂਈਂ ਕਾਲੀ ਦਾੜ੍ਹੀ ਕੈਂਚੀ-ਕੁਤ ਹੋ ਕੇ ਵੀ ਕਰੜ-ਬਰੜੀ ਦਿਸਣੋ ਨਹੀਂ ਸੀ ਬੱਚ ਸਕੀ ।
ਉਸ ਤੋਂ ਅਗਲੀ ਵੇਰ ਜਦ ਉਹ ਆਇਆ ਤਾਂ ਉਸ ਨੇ ਮੈਨੂੰ , ਲੋਕ-ਜਮਹੂਰੀ ਇਨਕਲਾਬ ਨੂੰ ਪਰਣ ਈ ਆਪਣੀ ਇਕੋ-ਇਕ ਇਨਕਲਾਬੀ ਪਾਰਟੀ ਦਾ ਪ੍ਰੋਗਰਾਮ ਵੇਰਵੇ ਸਹਿਤ ਸਮਝਾਇਆ । ਪ੍ਰੋਲਤਾਰੀ ਦੀ ਅਗਵਾਈ ਹੇਠਲੇ ਸੱਚੇ-ਸੁੱਚੇ ਲੋਕ-ਰਾਜੀ ਪ੍ਰਬੰਧ ਦੀ ਕਾਇਮੀ ਲਈ ਕੀਤੇ ਜਾਂਦੇ ਯਤਨਾਂ ਦੀ ਵਿਆਖਿਆ ਕੀਤੀ ਅਤੇ ਲਾਲ –ਝੰਡੇ ਦੀ ਪਰਛਾਂਈ ਹੇਠ ਕੰਮ ਕਰਦਿਆਂ ਦੋਹਾਂ ਖੱਬੀਆਂ ਪਾਰਟੀਆਂ ਨੂੰ ਸੋਧਵਾਦੀ  ਤੇ ਨਵ-ਸੋਧਵਾਦੀ ਗਰਦਾਨਦਿਆਂ , ਮੁਕਤੀ ਘੋਲਾਂ ਨੂੰ ਖਾੜਕੂ ,ਰੰਗਤ ਦੇ ਕੇ ਹਥਿਆਰਥੰਦ ਇਨਕਲਾਬ ਲਈ ਰਾਹ ਮੌਕਲਾ ਕਰਨ ਦਾ ਸੱਦਾ  ਦਿੱਤਾ ।
ਅਗਲੀ ਵਾਰ, ਇਕ ਤਾਂ ਉਸ ਨੇ ਮੈਨੂੰ ਗੁਪਤ ਪਾਰਟੀ ਦੇ ਖੁਲ੍ਹੀ ਜਥੇਬੰਦੀ ਨੂੰ ਜੋੜੀ ਰੱਖਣ ਦੀ ਢੰਗ ਵਿਧੀ ਸਮਝਾ ਕੇ , ਆਪਣੇ ਦਫ਼ਤਰ ਅੰਦਰਲੇ ਅਮਲੇ ਨੂੰ ਇਕ –ਮੁੱਠ ਕਰਨ ਲਈ ਆਖਿਆ , ਜਿਸ ਵਿੱਚ ਮੌਜੂਦ ਅਫ਼ਸਰਸ਼ਾਹੀ ਵੱਲੋਂ ਭੋਲੇ ਭਾਲੇ ਲੋਕਾਂ ਦੀ ਹੁੰਦੀ ਬੇ-ਤਹਾਸ਼ਾਂ ਲੁਟ ਵਿਰੁੱਧ ਡੱਟ ਜਾਣ ਨੂੰ ਮੁੱਖ ਉਦੇਸ਼ ਮਿਥਣਾ ਸੀ ਅਤੇ ਦੂਜੇ ਕਲਵਕਤੀ ਦੇਸਫਰ ਖ਼ਰਚ ਤੇ ਪਾਰਟੀ ਦਾ ਵਿਸ਼ੇਸ਼ ਗੁਪਤ ਲਿਟਰੇਚਰ ਛਪਾਉਣ ਲਈ ਚੰਦਿਆਂ ਰਾਹੀਂ ਵਿੱਤੀ  ਸਹਾਇਤਾ ਕਰਨਾ ਸੀ ।
ਮੈਂ, ਉਸ ਦੇ ਦੋਨੋਂ ਆਦੇਸ਼ ਸਿਰ ਮੱਥੇ ਤੇ ਪ੍ਰਵਾਨ ਕਰ ਲਏ , ਅਤੇ ਅਗਲੇ ਹੀ ਦਿਨ ਇਕਲਵਾਂਜੇ ਬੈਠ ਕੇ ਸਾਰੀ ਸਥਿਤੀ ਜ਼ਾਇਜ਼ਾ ਲੈਂਦਿਆਂ , ਇਸ ਕਠਨ ਕਾਰਜ ਦੇ ਰਾਹ ‘ ਤੇ ਤੁਰਦਿਆਂ ਆਉਣ ਵਾਲੀਆਂ ਔਕੜਾਂ ਦੀ ਗਿਣਤੀ –ਮਿਣਤੀ ਕੀਤੀ । ਸਾਥੀ ਪਾਲ ਤੋਂ ਗ੍ਰਹਿਣ ਕੀਤੇ ਗਿਆਨ ਦੇ ਜੋਸ਼ ਅੰਦਰ ਮੈਂ ਇੱਕੜ-ਦੁਕੜ ਚਪੜਾਸੀਆਂ, ਕਲਰਕਾਂ, ਪਟਵਾਰੀਆਂ ,ਕਾਲਗੋਆਂ ਦੀ ਕੰਡ ‘ਤੇ ਹੱਥ ਰੱਖ ਕੇ ਵੀ ਦੇਖਿਆ ,  ਪਰ ਮਾਲ ਮਹਿਕਮੇ ਦੇ ਦਫ਼ਤਰ ਦੀਆਂ ਕੰਧਾਂ ਵੀ ਵਲਗਣ ਅੰਦਰਲੀਆਂ ਸਭ ਦੀਆਂ ਸਭ ਕੁਰਸੀਆਂ ਉਪਰਲੀ ਆਮਦਨ ਦੇ ਨਸ਼ੇ ਅੰਦਰ ਗੁਟ ਹੋਈਆਂ ਟਸ ਤੋਂ ਮਸ ਨਾ ਹੋਈਆਂ । ਹਾਂ, ਇਕ ਦੋ ਵਾਰ ਕਿਸੇ ਚਪੜਾਸੀ ਜਾਂ ਰੀਕਾਰਡ-ਕੀਪਰ ਦੀ ‘ਸ਼ਕੈਤੀ ’ ਬਦਲੀ ਨੂੰ ਅਯੋਗ ਸਿੱਧ ਕਰਨ ਲਈ ਮਿਲ ਕੇ ‘ਸਾਹਬ ’ ਸਾਹਮਣੇ ਪੇਸ਼ ਹੋਣ ਲਈ ਇਕੱਠੀਆਂ ਜ਼ਰੂਰ ਹੋਈਆਂ । ਪਰੰਤੂ ਅੰਦਰਲੇ-ਬਾਹਰਲੇ ਹਮਾਮਾਂ ਵਿਚ ‘ਸਾਹਬਾਂ ’ ਸਮੇਤ ਅਲਫ-ਨੰਗੇ ਨਹਾਉਂਦੇ ਕਿਸੇ ਵੀ ਤਰ੍ਹਾਂ ਦੋਨਾਂ ਵਿੱਚੋਂ ਕਿਸੇ ਨੂੰ ਵੀ ‘ਨਿਰਦੋਸ਼ ’ ਸਿੱਧ ਨਾ ਕਰ ਸਕੇ । ਇਹੋ ਜਿਹੀਆਂ ਦੋ-ਇਕ ਘਟਨਾਵਾਂ ਪਿਛੋਂ ਹੇਠਲਾ ਅਮਲਾ ਉਪਰਲੀਆਂ ਸੀਟਾਂ ਦਾ ਸਗੋਂ ਫ਼ਰਮਾਬਰਦਾਰ ਹੁੰਦਾ ਗਿਆ ।
ਆਪਣੀ ਟਰੇਡ ਦੇ ਕਰਮਚਾਰੀਆਂ ਨੂੰ ਜਥੇਬੰਦ ਕਰਨ ਤੋਂ ਅਸਫ਼ਲ ਹੋ ਕੇ ਮੈਨੂੰ ਕਾਮਰੇਡ ਪਾਲ ਨਿੱਤ ਨਵੇਂ ਯਾਦ ਆਉਣ ਲੱਗਾ । ਆਪ ਉਹ ਪਹਿਲਾਂ ਦੀ ਤਰ੍ਹਾਂ ਅੱਠੀਂ-ਦਸੀਂ ਦਿਨੀਂ ਭਾਵੇਂ ਮੇਰੇ ਕੋਲ ਨਹੀਂ ਸੀ ਅੱਪੜਦਾ, ਪਰ ਕੱਚੀ ਸਕੂਲ ਮਾਸਟਰੀ ਛੱਡ-ਛੜਾ ਕੇ ਕੁਲਵਕਤੀ ਹੋ ਤੁਰਿਆ ਰਵੀ ਹੁਣ ਉਸ ਦੇ ਕਾਂਨਟੈਕਟਾਂ ਨਾਲ ਤਾਲ-ਮੇਲ ਰੱਖਦਾ , ਵਿਚ-ਵਿਚਾਲੇ ਮੇਰੇ ਕੋਲ ਵੀ ਫੇਰਾ ਮਾਰ ਲੈਂਦਾ ਸੀ । ਉਚੇਚ ਨਾਲ ਰਵੀ ਨੂੰ ਮਿਲ ਕੇ ਮੈਂ ਆਪਣੀ ਮੁਸ਼ਕਲ ਉਸ ਨੂੰ ਦੱਸੀ ਤੇ ਨਵੇਂ ਢੰਗ-ਤਰੀਕਿਆਂ ਦੀ ਜਾਣਕਾਰੀ ਲਈ ਕਾਮਰੇਡ ਪਾਲ ਨੂੰ ਸੱਦ ਲਿਆ ।
ਮੇਰੀ ਮਜਬੂਰੀ , ਉਹ ਭਲੀ –ਭਾਂਤ ਸਮਝ ਗਿਆ , ਪਰ ਜਥੇਬੰਦੀਆਂ ਦੀ ਹੋਂਦ , ਇਨਕਲਾਬ ਦਾ ਰਾਹ ਪੱਧਰਾ ਕਰਨ ਲਈ ਅਤਿ ਲੋੜੀਂਦਾ ਤੱਤ ਹੋਣ ਕਰਕੇ ,ਉਸ ਦੇ ਆਦੇਸ਼ ਵਰਗਾ ਸੁਝਾ ਦਿੱਤਾ –“ ਆਪਣੀ ਟਰੇਡ ਅੰਦਰ ਨਹੀਂ ਤਾਂ ਕਿਸਾਨਾਂ –ਮਜ਼ਦੂਰਾਂ ਅੰਦਰ ਕੰਮ ਕਰੋ , ਵਿਦਿਆਰਥੀਆਂ ਨੂੰ ਜਥੇਬੰਦ ਕਰੋ ਜਾਂ ਨੌਜਵਾਨ ਸਭਾਵਾਂ ਬਣਾਓ ਅਤੇ ਆਰਥਿਕ ਆਧਾਰ ‘ਤੇ ਉਸਰੀਆਂ ਜਥੇਬੰਦੀਆਂ ਨੂੰ ਰਾਜਸੀ ਸੂਝ ਨਾਲ ਲੈਸ ਕਰ ਕੇ  ਵੱਧ ਤੋਂ ਵੱਧ ਹੋਲਟਾਈਮਰ ਕੱਢੋ । ਗੁਰੀਲਾ-ਯੁਧ ਲਈ , ਹਥਿਆਰਾਂ ਦੀ ਸਿਖਲਾਈ ਲਈ ਸੁਕਐਡ ਤਿਆਰ ਕਰ ਕੇ ਬੇਸ ਏਰੀਏ ਦੀ ਭਰਤੀ ਵਧਾਓ , ਤੇ ਲਾਲ …..”  ਕਹਿੰਦੇ ਪਾਲ ਨੂੰ ਏਨੇ ਜ਼ੋਰ ਦਾ ਹੁਥੂ ਆਇਆ ਕਿ ਉਸ ਦੀ ਬਾਕੀ ਰਹਿੰਦੀ ਗੱਲ ਬੇਲਗੱਮ-ਜੰਮੀਂ ਛਾਤੀ ਨੂੰ ਖੁਰਨ-ਖੁਰਚ ਕੇ ਨਿਕਲਦੀ ਖੰਘ ਹੇਠ ਦੱਬ ਗਈ ।
ਪਾਣੀ ਦਾ ਘੁਟ ਪੀ ਕੇ , ਉਸ ਨੇ ਮੋਢੇ ਨਾਲ ਲਟਕਦੇ ਝੋਲੇ ਵਿੱਚੋਂ ਬੀੜੀਆਂ ਦਾ ਬੰਡਲ ਕੱਢਿਆ , ਦੋ ਚਾਰ ਖੰਘਾਰ ਸੀਖਾਂ ਵਾਲੀ ਤਾਕੀ ਵਿੱਚੋਂ ਦੀ ਗਲੀ ਅੰਦਰ ਸੁੱਟੇ ਤਾਂ ਕਿਤੇ ਉਸ ਦਾ ਸਾਹ ਅਗਲੀ  ਗੱਲ ਕਰਦਿਆਂ ਹੌਂਕਣ ਵਾਂਗ ਚੱਲਣ ਲੱਗਾ ।
‘ਦੇਖੋ ਸਾਥੀ , ਇਨਕਲਾਬ ਲਈ ਕੰਮ ਕਰਨਾ ਖੰਡੇ ਦੀ ਧਾਰ ‘ਤੇ ਤੁਰਨਾ ਹੈ , ਰਾਣਾ ਪ੍ਰਤਾਪ , ਸ਼ਿਵਾ , ਗੁਰੂ ਗੋਬਿੰਦ ਸਿੰਘ , ਸ਼ਹੀਦ ਭਗਤ ਸਿੰਘ ਦਾ ਰਾਹ ਅਪਨਾਉਣਾ ਹੈ।  ਹਰ ਵਰਗ ਦੇ ਜਮਾਤੀ ਖਾਸੇ ਦਾ ਵਿਗਿਆਨਕ ਵਿਸ਼ਲੇਸ਼ਣ ਕਰਨਾ ਹੈ । ਮੱਧ-ਵਰਗੀ ਸੋਚ ਨੂੰ ਡੀ-ਕਲਾਸ ਕਰ ਕੇ ਮਜ਼ਦੂਰ ਜਮਾਤ ਦੀ ਰਾਜਨੀਤੀ ਅਪਨਾਉਣ ਹੈ । ਆਪਸੀ ਵਿਰੋਧਤਾਈਆਂ ਨੂੰ ਹੱਲ ਕਰਨ ਦੇ ਨਾਲ ਨਾਲ ਜਮਾਤੀ ਵਿਰੋਧਤਾਈਆਂ ਨੂੰ ਤਿੱਖਿਆ  ਕਰਨਾ ਹੈ । ਪਰ…..ਪਰ ਇਹ ਇਹ ਸਾਰਾ ਕੁਝ ਮਾਰਕਸ-ਲੈਨਿਨ-ਮਾਓ ਵਿਚਾਰਧਾਰਾ ਨੂੰ ਅਪਣਾ ਕੇ ਹੀ ਹੋ ਸਕਦਾ ਹੈ । ਆਪਣੇ ਦੇਸ਼ ਦਾ ਸਮਾਜਿਕ-ਆਰਥਿਕ ਵਿਸ਼ਲੇਸ਼ਣ ਕਰਦਿਆਂ , ਅਰਧ-ਜਗੀਰੂ ਰਿਸ਼ਤਿਆਂ ‘ਤੇ ਪਲਪਦੀ ਕੌਮੀ ਸਰਮਾਏਦਾਰੀ ਦੇ ਮੰਮਪਰਾਡੋਰ ਰੋਲ ਨੂੰ ਸਮਝ ਕੇ ਹੀ ਕੀਤਾ ਜਾ ਸਕਦਾ ਹੈ । ਇਸ ਲਈ , ਬਸਤੀਵਾਦੀ-ਸਾਮਰਾਜ ਤੇ ਸਮਾਜਿਕ-ਸਾਮਰਾਜ ਦੇ ਪਿਠੂਆਂ ਵਿਰੁੱਧ ਲਮਕਵਾਂ ਹਥਿਆਰਬੰਦ ਘੋਲ ਚਲਾ ਕੇ ਹੀ ਮਜ਼ਦੂਰ ਜਮਾਤ ਦੀ ਡਿਕਟੇਟਰਸ਼ਿਪ ਕਾਇਮ ਹੋ ਸਕਦੀ  ਹੈ …”
ਏਨਾ ਕੁਝ ਆਖ, ਜਦੋਂ ਉਸ ਨੇ ਤਾਜ਼ਾ ਦਮ ਹੋਣ ਲਈ ਹੋਰ ਬੀੜੀ ਲਾਈ ਤਾਂ ਮੈਨੂੰ ਉਸ ਦੀਆਂ ਅੰਦਰ ਧੱਸੀਆਂ ਅੱਖਾਂ ਹੇਠ ਮੋਟੀਆਂ-ਕਾਲੀਆਂ ਗਾਨੀਆਂ ਕਾਲੀਆਂ ਭਰਿੰਡਾਂ ਵਾਂਗ ਲਮਕਦੀਆਂ ਜਾਪੀਆਂ । ਉੱਚਾ-ਨੀਵਾਂ ਬੋਲਦਿਆਂ ਉਭਰਦੀਆਂ ਧੌਣ ਦੀਆਂ ਨੀਲੀਆਂ-ਪੀਲੀਆਂ ਨਾੜਾਂ ਵਰਮੀ ਲਾਗੇ ਘੁੰਮਦੇ ਸਪੋਲਿਆਂ ਵਾਂਗ ਵਲ੍ਹ ਖਾਂਦੀਆਂ ਲੱਗੀਆਂ ,ਜਿਨ੍ਹਾਂ ਅੰਦਰਲਾ ਜ਼ਹਿਰ ਉਸ ਦੀ ਰਗ-ਰਗੀ ਅੰਦਰ ਅਸਰ ਕਰ ਗਿਆ ਹੋਇਆ ਸੀ ।
ਉਸ ਰਾਤ ਉਹ ਸਵੇਰ ਹੋਣ ਤੱਕ ‘ਗੱਲਾਂ ’ ਵੀ ਨਾ ਕਰ ਸਕਿਆ । ਬਸ ਅੱਧੀ ਕੁ ਰਾਤ ਹੁੰਦਿਆਂ , ਉਥੇ ਥਾਂ ਹੀ ਟੇਢਾ ਹੋ ਗਿਆ ਜਿਥੇ ਬੈਠ  ਕੇ ਉਸ ਨੇ ਦੋ-ਤਿੰਨ ਵਾਰ ਚਾਹ ਮੰਗੀ ਸੀ ਤੇ ਤਿੰਨ-ਚਾਰ ਬੰਡਲ ਬੀੜੀਆਂ ਫੂਕੀਆਂ ਸਨ ।
ਉਸ ਰਾਤ ਉਹ ਸਵੇਰ ਹੋਣ ਤਕ ‘ਗੱਲਾਂ’ ਵੀ ਨਾ ਕਰ ਸਕਿਆ । ਬਸ ਅੱਧੀ ਕੁ ਰਾਤ ਹੁੰਦਿਆਂ , ਉਸੇ ਥਾਂ ਹੀ ਟੇਢਾ ਹੋ ਗਿਆ ਜਿਥੇ ਬੈਠ ਕੇ ਉਸ ਨੇ ਦੋ-ਤਿੰਨ ਵਾਰ ਚਾਹ ਮੰਗੀ ਸੀ  ਤੇ ਤਿੰਨ-ਚਾਰ ਬੰਡਲ ਬੀੜੀਆਂ ਫੂਕੀਆਂ ਸਨ ।
ਉਸ  ਦੇ ਚਲੇ ਜਾਣ ਪਿਛੋਂ , ਮੈਂ ਕਈ ਦਿਨ ਉਸ ਦੀਆਂ ਆਖੀਆਂ ‘ਆਲੋਕਾਰ ’ ਜਿਹੀਆਂ  ਗੱਲਾਂ ਬਾਰੇ ਬੜੀ ਬਾਰੀਕੀ ਨਾਲ ਸੋਚਦਾ ਰਿਹਾ । ਉਸ ਦਾ ਦਿੱਤਾ ਪਾਰਟੀ ਲਿਟਰੇਚਰ ਪੜ੍ਹਦਾ ਰਿਹਾ , ਪੜ੍ਹ ਪੜ੍ਹ ਕੇ ਸੋਚਦਾ ਰਿਹਾ ਤੇ ਸੋਚਦਾ-ਸੋਚਦਾ ਹੋਰ ਪੜ੍ਹਦਾ ਰਿਹਾ । ਇਕ ਵਾਰ ਫਿਰ ਮੈਂ , ਉਸ ਦੇ ਜਥੇਬੰਦੀਆਂ ਬਣਾਉਣ ਦੇ ਆਦੇਸ਼ ‘ਤੇ ਅਮਲ ਕਰਦਿਆਂ , ਸਵੇਰ ਤੋਂ ਸ਼ਾਮ ਤਕ ਤਾਸ਼-ਖੇਡਦੀ, ਚੀਕਾਂ-ਮਾਰਦੀ , ਜ਼ਰਦਾ-ਫੱਕਦੀ, ਗਾਲ੍ਹਾਂ –ਕੱਢਦੀ ਪਿੰਡ ਦੀ ਮੁਢੀਰ ਕੋਲ ਕਿੰਨਾ ਕਿੰਨਾ ਚਿਜ ਬੈਠਾ, ਨਸ਼ੇ-ਪੱਤੇ ਵਾਲੀਆਂ ਬਾਜ਼ੀਆਂ ਤੋਂ ਟਾਲ ਕੇ, ਉਹਨਾਂ ਕੋਲ ਆਪਣੀ ਕਹਾਣੀ ਪਾਉਣ ਦੇ ਯਤਨ ਕਰਦਾ ਰਹਿੰਦਾ । ਕਦੀ ਪੰਚਾਇਤ-ਘਰ ਵਿਚ ਜੁੜੀਆਂ ਪੰਚਾਂ-ਸਰਪੰਚਾਂ ਦੀਆਂ ਢਾਣੀਆਂ ਵਿਚਕਾਰ ਹੁੰਦੇ ਡਾਂਗ-ਸੋਟੇ ਦੀ ਸੁਲਾਹ-ਸਫਾਈ ਕਰਾਉਣ ਦਾ ਹੀਲਾ ਕਰਦਾ , ਨਿੱਕੀ-ਨਿੱਕੀ ਗੱਲ ‘ਤੇ ਵਧਾਏ ਝਗੜਿਆਂ ਨੂੰ ਥਾਣੇ ਜਾਣ ਤੋਂ ਰੋਕਣ ਦੇ ਉਪਰਾਲੇ ਕਰਦਾ ਰਹਿੰਦਾ।  ਹਰ ਵਰ੍ਹੇ ਵਢਾਈ ਖਾਤਰ ਪੈਂਦੇ ਰੇੜਕੇ ਦਾ ਨਿਪਟਾਰਾ ਕਰਾਉਣ ਲਈ ਕਮੀਆਂ ਦਾ ਹੁੱਕਾ-ਪਾਣੀ ਬੰਦ ਹੋਣੋ ਬਚਾਈ ਰੱਖਣ ਦੇ ਢੰਗ –ਤਰੀਕੇ ਆਪਣਾਉਂਦਾ ਰਹਿੰਦਾ । ਮੰਡੀਆਂ ਅੰਦਰ ਰੁਲਦੀਆਂ ਖੇਤਾਂ ਦੀਆਂ ਜਿਣਸਾਂ ਨੂੰ ਐਲਾਨਿਆਂ ਭਾਅ ਦੁਆਉਣ ਲਈ ਕਿਰਤ ਦੇ ਅਸਲੀ ਵਾਰਸਾਂ ਨੂੰ ਇਕੱਠੇ ਕਰਨ ਦੇ ਯਤਨ ਕਰਦਾ ਰਹਿੰਦਾ ।
ਥੋੜ੍ਹੀ ਬਹੁਤ ਸਫ਼ਲਤਾ ਪ੍ਰਾਪਤ ਕਰ ਕੇ ,ਮੈਨੂੰ ਆਪਣੇ ਕੀਤੇ ਕੰਮਾਂ ‘ਤੇ ਮਾਣ ਵੀ ਹੁੰਦਾ , ਪਰ ਇਹ ਛਿੰਨ-ਭੰਗਰੀ ਉਭਾਰ ਥੋੜ੍ਹੇ ਹੀ ਚਿਰਾਂ ਪਿਛੋਂ, ਪਾਣੀ ਅੰਦਰ ਪਈ ਲੀਕ ਵਾਂਗ  ਅਲੋਪ ਹੋ ਜਾਂਦਾ । ਇਹੋ ਜਿਹੀਆਂ ਉਦਾਸੀਨ ਤੇ ਨਿਰਾਸ਼ ਘੜੀਆਂ ਅੰਦਰ, ਮੈਂ ਮੁੜ ਮੁੜ ਸਾਥੀ ਪਾਲ ਨੂੰ ਚੇਤੇ ਕਰਦਾ ਰਹਿੰਦਾ ।ਕਦੀ ਉਸ ਦੀਆਂ ਦੱਸੀਆਂ ‘ਗੱਲਾਂ ’ਨੁੰ ਝੂਠ ਵਰਗਾ ਸੱਚ ਆਖ ਦਿੰਦਾ ਤੇ ਕਦੀ ਉਸ ਦੇ ਬੋਲੇ ਸੱਚ ਨੂੰ ਪਹਾੜ ਜਿੱਡਾ ਝੂਠ । ਕਦੀ ਮੈਨੂੰ ਦੂਜਿਆਂ ਲਈ ਕੀਤੇ ਆਪਣੇ ਯਤਨਾਂ ਦੀ ਇਮਾਨਦਾਰੀ ‘ਤੇ ਸ਼ੱਕ ਹੋਣ ਲੱਗਦਾ ਅਤੇ ਕਦੀ ਲੋਕਾਂ ਦੀ ਸੂਝ ਦੀ ਈਮਾਨਦਾਰੀ ‘ਤੇ । ਕਦੀ ਇਨਕਲਾਬ ਲਈ ਆਪਣਾਏ ਸਿਧਾਂਤ ‘ ਤੇ , ਅਤੇ ਕਦੀ ਸਿਧਾਂਤ ਅਨੁਸਾਰ ਘੜੀ ਯੁਧ-ਨੀਤੀ , ਦਾਅ-ਪੇਚਾਂ ‘ਤੇ ਢੰਗ –ਤਰੀਕਿਆਂ ‘ਤੇ ।
ਪਰ, ਜਦ ਵੀ ਮੈਂ, ਆਪਣੇ ਇਸ ਤਰ੍ਹਾਂ ਦੇ ਅਭਿਆਸ ਦੀ ਡਾਇਰੀ, ਉਸ ਦੇ ਅਗਲੀ ਵੇਰ ਆਉਣ ‘ਤੇ ਦੱਸਣ ਲਈ ਤਿਆਰ ਕੀਤੀ ਹੁੰਦੀ, ਤਾਂ ਉਸ ਕਦੀ ਵੀ ਇਕੱਲਾ ਮੇਰੇ ਕੋਲ  ਨਾ ਅਪੜਦਾ ।ਕਦੀ ਉਸ ਨਾਲ ਜ਼ਿਲ੍ਹਾ ਕਮੇਟੀ ਦਾਕੋਈ ਅਹੁਦੇਦਾਰ ਹੁੰਦਾ, ਕਦੀ ਸੂਬਾ ਕਮੇਟੀ ਦਾ ਮੈਂਬਰ । ਉਹ ਸਾਥੀ ਪਾਲ ਨਾਲ ਇਸ ਲਈ ਨਹੀਂ ਸਨ ਆਉਂਦੇ ਕਿ ਮਾਸਟਰ ਰਵੀ ਵਾਂਗ ‘ਡੀ-ਜੈਨਰੇਟ’ ਹੋ ਕੇ ਉਸ ਦਾ ਵੀ ਘਰ ਪਰਤ ਜਾਣ ਦਾ ਡਰ ਸੀ , ਸਗੋਂ ਇਸ ਲਈ ਕਿ ਪਾਲ ਦੀ ਸਰੀਰਕ ਸਮਰੱਥਾ ਇਕੱਲਿਆਂ ਤੁਰਨ-ਫਿਰਨ ਜੋਗੀ ਨਹੀਂ ਸੀ ਰਹੀ । ਕਦੀ ਉਸ ਦਾ ਉਖੜਿਆ ਸਾਹ ਘੰਟਿਆਂ ਬੱਧੀ ਘਿੰਡੀ ਤੇ ਫੇਫੜਿਆਂ ਚੱਕਰ ਲਾਉਂਦਾ ਰਹਿੰਦਾ,ਕਦੀ ਤਾੜੇ ਲੱਗੀਆਂ ਬੰਜਰ ਅੱਖਾਂ ਕਿੰਨਾ ਕਿੰਨਾ ਚਿਰ ਕਾਲੇ ਆਨੇ ਉੱਪਰ ਪਲਟ, ਕਿਸੇ ਰਮਣੀਕ ਸ਼ਾਹਕਾਰ ਦੀ ਉਸਾਰੀ ਕਰਦੀਆਂ ਰਹਿੰਦੀਆਂ । ਪਾਰਟੀ ਡਾਕਟਰ ਦੀ ਸਲਾਹ ‘ਤੇ ਉਸ ਨੂੰ ਘਰ ਵਰਗੇ ਪੂਰਨ ਆਰਾਮ ਦੀ ਲੋੜ ਸੀ , ਪਰ ਉਸ ਦਾ ਘਰ-ਘਾਟ ਤਾਂ ਕੁਕਰੀ ਹੋ ਕੇ ਕਿੰਨਾ ਈ ਪੈਂਡਾ ਪਿਛਾਂਹ ਪਰਤ ਗਿਆ ਸੀ , ਅਤੇ ਉਸ ਦੇ ਮਾਈ-ਬਾਪ ਬਹੁਤ ਫਾਸਲਾ ਕਿਤੇ  ਅੱਗੇ ਲੰਘ ਕੇ ਅਲੋਪ ਹੋ ਚੁੱਕੇ ਸਨ ।
ਵੱਡੀ ਨਹਿਰ ਦੇ ਪੁਲ ਕੰਢੇ ਸਵੇਰ ਤੋਂ ਸ਼ਾਮ ਤੱਕ ਜੁੱਤੀਆਂ ਗੰਢਣ ਬੈਠਦੇ ਆਪਣੇ ਬਿਰਧ ਬਾਪ ਲਈ ਘਸੇ ਹੋਏ ਤੱਪੜ ਦੀ ਥਾਂ , ਪੱਕਾ ਅੱਡਾ-ਟਿਕਾਣਾ ਟੋਲਣ ਦੇ ਜੋਸ਼ ਨਾਲ ਭਰਿਆ , ਉਹ ਦਸਵੀਂ ਪਾਸ ਕਰ ਕੇ ਘਰੋਂ ਨਿਕਲ ਤੁਰਿਆ ਸੀ ।ਛੋਟੇ ਭਰਾ ਨੂੰ ਸਕੂਲੀ ਵਜ਼ੀਫਿਆਂ ਦੀ ਜ਼ਿੱਲਤ ਤੋਂ ਬਚਾਉਣ ਦੇ ਚਾਅ ਨਾਲ, ਉਸ ਨੇ ਭਰਾ ਦੀ ਪਿੱਠ ‘ਤੇ ਆਪਣੀ ਛਾਤੀ ਥਾਪੜ ਕੇ ਖੱਬੇ ਮੋਢੇ ਨਾਲ ਲੰਮਾ ਝੋਲਾ ਲਟਕਾਇਆ ਸੀ । ਪਰ ….ਪਰ ਉਹਨਾਂ ਸੁਭਾਗੇ ਪਲਾਂ ਨੂੰ ਉਡੀਕਦੀ ਉਸ ਦੀ ਕੜੀ ਵਰਗੀ ਜੁਆਨੀ ਅੱਖ-ਫਰੋਕੇ ਅੰਦਰ ਹੀ ਖੇਹ-ਕੌਡੀਆਂ ਹੋ ਗਈ , ਅਤੇ ਜ਼ੈਲਦਾਰਾਂ ਦਾ ਬਖ਼ਸ਼ਿਆਂ ਢਾਈ ਮਰਲੇ ਦਾ ਢਾਰਾ ਕੁਰਕੀ ਹੋ ਕੇ ਮੁੜ ਉਸ ਜਾਗੀਰ ਨਾਲ ਨੱਥੀ  ਹੋ ਗਿਆ ਸੀ । ਪੁੱਛ –ਗਿੱਛ ਕੇਂਦਰਾਂ  ਅੰਦਰ ਸੜਦੇ ਉਸ ਦੇ ਮਾਂ-ਬਾਪ ਰਾਖ਼ ਦੇ ਢੇਰੀ ਬਣ ਗਏ ਸਨ । ਛੋਟਾ ਪੁਲਸ ਦੀ ਮਾਰ ਤੋਂ ਡਰਦਾ ਪਤਾ ਨਹੀਂ ਕਿੱਧਰ ਭੱਜ ਗਿਆ ਸੀ ਤੇ ਅਭਾਗੀ ਭੈਣ ….ਜਿਸ ਦੀ ਕਲਪਨਾ ਕਰਦਿਆਂ ਉਹ ਕਿੰਨਾ ਕਿੰਨਾ ਚਿਰ ਸੁੰਨ-ਵੱਟਾ ਹੋਇਆ ਪਿਆ ਰਹਿੰਦਾ ਸੀ ।
ਉਸ ਦੀ ਇਹ ਹਾਲਤ ਦੇਖ ਕੇ , ਮੈਂ ਉਸ ਨੂੰ ਕੁਝ ਸਮਾਂ ਆਪਣੇ ਕੋਲ ਰੱਖਣ ਦੀ ਪੇਸ਼ਕਸ਼ ਕੀਤੀ । ਉਸ ਨੇ ਇਸ ਨੂੰ ਖਤਰੇ ਭਰਿਆ ਕਦਮ ਆਖਿਆ । ਮੈਂ ਆਪਣੀ ਧੁੰਨ ਦੀ ਪਕਿਆਈ ਦੱਸਣ ਦੇ ਇਰਾਦੇ ਨਾਲ ਇਹ ਖ਼ਤਰਾ ਵੀ ਮੁੱਲ ਲੈ ਲਿਆ । ਪਿੰਡੋਂ ਦੂਰ ਹਟਵੀਂ ਬੰਸੀ ਵਾਲੀ ਕੋਠਾ ਭਾਵੇਂ ਉਸ ਨੂੰ ਇਕੱਲਿਆਂ ਰੱਖਣ ਲਈ ਸੌਂਪਿਆ ਗਿਆ ਸੀ, ਪਰ ਬੁੱਧ-ਸੁੱਧ ਗੁਆ ਕੇ ਘਰ ਪਰਤਣ ਤੋਂ ਬੇਸੱਧ ਹੋਇਆ ਕੋਈ ਪਟਵਾਰੀ ਜਾਂ ਦਫ਼ਤਰੀ ਅਮਲੇ  ਦਾ ਕੋਈ ਹੋਰ ਬੰਦਾ , ਨਿੱਤ ਨਵੇਂ ਉਸ ਕੋਲ ਪਹੁੰਚ ਜਾਂਦਾ  ਤੇ ਜ਼ਿੱਦ ਕਰ ਕੇ ਬਚਿਆ ਅਧੀਆ-ਪਊਆ ਉਸ ਦੇ ਮੂੰਹ ਅੰਦਰ ਤੁੰਨਣ ਦਾ ਯਤਨ ਕਰਦਾ । ਏਨੀ ਖੁੱਲ੍ਹੀ ਮਾਤਰਾ ਵਿੱਚ ਮਿਲਦੀ ਮੁਫਤ ਦੀ ਕਿਸੇ ਕਾਜ਼ੀ ਦਾ ਸਿਦਕ ਤਾਂ ਭਾਵੇਂ ਤੋੜ ਦਿੱਤਾ ਹੋਵੇ , ਪਰ ਉਹ ਸੀ ਕਿ ਕਦੀ ਤਿਲ ਭਰ ਨਹੀਂ ਸੀ ਥਿੜਕਿਆ । ਮੈਂ ਵੀ ਕਦੀ-ਕਦਾਈਂ ਉਸ ਨੂੰ ਦੁਆਈ ਮਾਫ਼ਕ ਵਰਤ ਲੈਣ ਲਈ ਆਖ ਦਿੰਦਾ , ਪਰ ਉਸ ਦੀ ਧਾਰਨਾ ਸੀ ਕਿ ਜਿੰਨਾ ਚਿਰ ਸਾਡੇ ਵਰਗੇ ਕਰੋੜਾਂ ਭਾਰਤੀਆਂ ਨੂੰ ਦੋ ਡੰਗ ਦੀ ਰੋਟੀ ਨਹੀਂ  ਨਸੀਬ ਹੁੰਦੀ ,ਓਨਾ ਚਿਰ ਸੂਝਵਾਨ ਕਾਡਰ ਲਈ ਬੁਰਜ਼ੂਆਂ ਸ਼ੌਕ ਪਾਲਣਾ ਇਨਕਲਾਬ ਵਿਰੋਧੀ ਹਰਕਤਾਂ ਕਰਨ ਦੇ ਬਰਾਬਰ ਹੈ ।
ਪੰਦਰਾਂ-ਵੀਹਾਂ ਦਿਨਾਂ ਦੇ ਦਾਰੂ-ਦਰਮਲ ਪਿੱਛੋਂ ਉਹ ਥੋੜ੍ਹਾ ਜਿਹਾ ਪੈਰੀਂ ਹੋਇਆ ਈ ਸੀ ਕਿ ਅੱਛੀ- ਖਾਸੀ ਡੀਲ-ਡੌਲ ਵਾਲਾ ਸੂਬਾ ਕਮੇਟੀ ਦਾ ਜਰਨਲ-ਸਕੱਤਰ ਬਰਾੜ ਇਕ ਦਿਨ ਮੇਰੇ ਦਫ਼ਤਰ ਵਿੱਚ ਆ ਧਰਮਿਆ ।ਉਸ ਨਾਲ ਉਸ ਵਰਗੀ ਸੂਟਿਡ-ਬੂਟਿਡ ,ਸੋਹਣੀ ਸੁਨੱਖੀ ਇਕ  ਇਸਤਰੀ ਕਾਮਰੇਡ ਵੀ ਸੀ, ਜਿਸ ਦੀ ਉਸ ਨੂੰ ‘ਕੇਂਦਰੀ ਕਮੇਟੀ ਦੀ ਕੁਰੀਅਰ ’ ਆਖ ਕੇ ਜਾਣ-ਪਛਾਣ ਕਰਾਈ ।
ਰਸਮੀਂ ਸਾਹਬ-ਸਲਾਮ ਪਿਛੋਂ ਸਾਥੀ ਬਰਾੜ ਨੇ ਮੈਥੋਂ ਪਾਲ ਬਾਰੇ ਬੜੇ ਕਰੜੇ ਸ਼ਬਦਾਂ ਵਿੱਚ ਪੁੱਛ ਪੜਤਾਲ ਕੀਤੀ । ਮੈਂ ਝਕਦੇ-ਝਕਦੇ ਨੇ ਪਾਲ ਦੀ ਠੀਕ-ਠਾਕ ਹਾਲਤ ਦੱਸ ਦਿੱਤੀ । ਪਰ ਉਸ ਦਾ ਪਾਰਾ ਸਗੋਂ ਹੋਰ ਚੜ੍ਹਦਾ ਗਿਆ । ਪਹਿਲਾਂ ਉਸ ਨੇ ਪਾਲ ‘ਤੇ ਇਸ਼ਕ ਪਾਲਣ ਦੀ ਤੋਹਮਤ ਲਾਈ , ਫਿਰ ਉਸ ਨੂੰ ਕਮਜ਼ੋਰ ਗਰਦਾਨ ਕੇ ਚੰਗਾ-ਮੰਦਾ ਬੋਲਿਆ ਅਤੇ ਉਸ ਤੋਂ ਪਿਛੋਂ ਪਾਰਟੀ-ਫੰਡਾਂ ਅੰਦਰ ਕੀਤੀ ਘਪਲੇਬਾਜ਼ੀ ਲਈ ਕਸੂਰਵਾਰ ਦੱਸ ਕੇ ਦੋ ਸਾਲਾਂ ਲਈ ਮੁਅੱਤਲ ਕਰਨ ਦੀ ਸਜ਼ਾ ਦਾ ਐਲਾਨ ਕਰ ਦਿੱਤਾ ।
ਸਾਥੀ ਬਰਾੜ ਨੂੰ ਭਾਵੇਂ ਮੈਂ ਪਹਿਲਾਂ ਵੀ ਇਕ ਦੋ ਵਾਰ ਜ਼ਿਲ੍ਹਾ-ਕਮੇਟੀ ਦੀਆਂ ਇਕੱਤਰਤਾਵਾਂ ਨੂੰ ਸੰਬੋਧਨ ਕਰਦਿਆਂ ਸੁਣ ਚੁੱਕਾ ਸਾਂ , ਪਰ ਉਸ ਦਾ ਇਹ ਰੂਪ ਮੈਂ ਉਸ ਦਿਨ ਪਹਿਲੀ ਵਾਰ ਦੇਖਿਆ । ਠੀਕ ਤੱਥਾਂ ਦੀ ਘੋਖ-ਪੜਤਾਲ ਕੀਤੇ ਬਿਨਾਂ ਉਹ ਪਾਲ ਦੀ ਇਨਕੁਆਰੀ ਕਰਨ ਆਇਆ , ਇਕ ਪਾਸੜ  ਫੈਸਲਾ ਦੇ ਕੇ ਤੁਰਦਾ ਬਣਿਆ ਸੀ ।ਮੈਂ ਦੋ-ਇੱਕ ਵਾਰ ਪਾਲ ਦੇ ਗਵਾਹ ਵਜੋਂ ਸਫਾਈ ਦੱਸਣ ਲਈ ਬੋਲਣਾ ਵੀ ਚਾਹਿਆ , ਪਰ ਉਸ ਦੀ ਡਿਕਟੇਟਰਾਨਾ ਭੱਬਕ ਸੁਣ ਕੇ ਬਿੱਲੀ ਵਾਂਗ ਸਹਿਮ ਕੇ ਰਹਿ ਗਿਆ ਸੀ । ਉਸ ਦੇ ਵਾਰ-ਵਾਰ ਪੁੱਛਣ ‘ਤੇ ਵੀ ਮੈਂ ਪਾਲ ਦਾ ਸਹੀ ਟਿਕਾਣਾ ਨਾ ਦੱਸਿਆ ਤੇ ਉਸ ਦੇ ਕਿਸੇ ਹੋਰ ਅਤੇ-ਪਤੇ ਬਾਰੇ ਵੀ ਸਾਫ਼-ਸਾਫ਼ ਮੁੱਕਰ ਗਿਆ ।
ਉਸ ਦਿਨ ਦਫ਼ਤਰੋਂ ਸਵੱਖਤੇ ਵਿਹਲਾ ਹੋ ਕੇ ਮੈਂ ਘਰ ਜਾਣ ਦੀ ਬਜਾਏ ਸਿੱਧਾ ਬੰਬੀ ‘ਤੇ ਪਹੁੰਚ ਗਿਆ ਤੇ ਪਾਲ ਨੂੰ ਸਾਰੀ ਵਿਥਿਆ ਆਖ ਸੁਣਾਈ । ਕਿੰਨੀਆਂ ਹੀ ਨਾ-ਮੁਰਾਦ ਆਹੁਰਾਂ ਤੋਂ ਥੋੜ੍ਹਾ ਕੁ ਰਾਜ਼ੀ ਹੋਣ ਕਰਕੇ ਉਹਦੇ ਰਤੀ ਕੁ ਪੈਰੀਂ ਆਏ ਚਿਹਰੇ ‘ਤੇ ਸਾਰੀ ਗੱਲ ਸੁਣਦਿਆਂ ਸਾਰ ਇਕ ਵਾਰ ਫਿਰ ਮੁਰਦੇਹਾਣੀ ਪੱਸਰ ਗਈ । ਕੋਠੇ ਦੇ ਇਕ ਕੋਨੇ ਲੱਗੀ ਇਕ ਨਿੱਕੀ ਜਿਹੀ  ਸ਼ੈਲਫ ਉੱਤੇ ਚੀ ਬਣਾਉਣ ਲਈ ਮਘਾਏ ਹੋਏ ਸਟੋਵ ਦੀ ਹਵਾ ਕੱਢ ਕੇ , ਉਸ ਨੇ ਐਧਰ-ਓਧਰ ਪਿਆ ਆਪਣਾ ਸਾਰਾ ਨਿੱਕ-ਸੁਕ ਇਕੱਠਾ ਕਰ ਲਿਆ ।
ਮੇਰੇ ਬਾਰ-ਬਾਰ ਪੁੱਛਣ ਉੱਤੇ ਵੀ ਉਸ ਨੇ ਕੋਈ ਭੇਤ-ਭਰੀ ਗੱਲ ਨਾ ਦੱਸੀ , ਸਗੋਂ  ਡੂੰਘੇ ਸਾਹ ਭਰਦਿਆਂ ਲੰਮੀ ਹੂੰਅ…. ਆਂ ਦੀ ਬਸੁਰੀ ਆਵਾਜ਼ ਕੱਢੀ ਤੇ ਬੇਸੁਰੀ ਜਿਹੀ ਹੇਕ ਅੰਦਰ ਆਪਣੇ ਹੀ ਕੰਨਾਂ ਤੱਕ ਸੀਮਤ ਦੋ-ਚਾਰ ਸ਼ਬਦ ਬੋਲੇ – “ ਕੇਂਦਰੀ ਜਮਹੂਰੀਅਤ ਦਾ ਪ੍ਰਚਾਰ ਕਰਨ ਨਿਕਲੇ ਸਾਲੇ ਕਿੱਦਾ ਕੇਂਦਰੀਵਾਜ਼ ਦਾ ਸ਼ਿਕਾਰ ਹੋਏ ਪਏ ਆ ….” ।
ਪਿਛਲੇ ਕਈਆਂ ਵਰ੍ਹਿਆਂ ਅੰਦਰ ਮੈਂ ਕਦੀ ਵੀ ਪਾਲ ਦੇ ਮੂੰਹੋਂ ਕੋਈ ਚੰਗੀ-ਮਾੜੀ ਗਾਲ੍ਹ ਨਹੀ ਸੀ ਸੁਣੀ , ਪਰ ਉਸ ਦਿਨ ਉਸ ਨੇ ਨੰਗੇ-ਚਿੱਟੇ ਸ਼ਬਦਾਂ ਰਾਹੀਂ ਉਚਾਰਨ ਹੁੰਦੀਆਂ ਠੇਠ ਪੰਜਾਬੀ ਗਾਲ੍ਹਾਂ ਦੀ ਵਰਤੋਂ ਕਰ ਕੇ ਕੇਂਦਰੀ ਕਮੇਟੀ ਦੇ ਆਪ-ਹੁਦਰੇ ਅਹੁਦੇਦਾਰਾਂ ਦੀ ਭੰਡੀ ਕੀਤੀ । ਜ਼ਾਤਾਂ-ਪਾਤਾ,ਮਜ਼ਬਾਂ-ਧਰਮਾਂ , ਸਾਮਰਾਜੀ-ਦਲਾਲਾਂ ਤੇ ਜਗੀਰੂ-ਨੌਕਰਸ਼ਾਹੀ ਦੀ ਪੰਜਾਲੀ ਹੇਠ ਰਿੜਕ ਹੁੰਦੇ ਕਰੋੜਾਂ ਲੋਕਾਂ ਦੀ ‘ਮੁਕਤੀ’ ਲਈ ਤੁਰੇ ਬਹੁਤੇ ‘ਮੁਕਤੀ-ਦਾਤਿਆਂ’ ਨੂੰ ਉਸ ਨੇ ਆਪ ਹੀ ਇਸੇ ਜ਼ਿੱਲਣ ਅੰਦਰ ਫਸੇ ਹੋਏ ਗਰਦਾਨਿਆ । ਵਿਅਕਤੀਗਤ ਸਫਾਏ ਦੀ ਆੜ ਹੇਠ ਕਈ ਸਾਰੀਆਂ ਰੜਕਾਂ ਕੱਢਣ  ਵਾਲੇ ‘ਸੂਰਬੀਰਾਂ’ ਨੂੰ ਉਪਰੋ-ਥੱਲੀ ਕਈ ਵਾਰ ਗਾਲ੍ਹਾਂ ਕੱਢ ਕੇ ਉਸ ਨੇ ਆਪਣੇ ਮਨ ‘ ਤੇ ਪਿਆ ਮਣਾਂ-ਮੂੰਹੀ ਭਾਰ ਹੌਲਾ ਕੀਤਾ ਤੇ ਮੇਰੇ ਰੋਕਦਿਆਂ-ਟੋਕਦਿਆਂ ਤਰਕਾਲਾਂ ਦੇ ਘੁਸ-ਮੁਸੇ ਅੰਦਰ ਚੁਪ-ਚਾਪ ਕਿਧਰੇ ਨਿਕਲ ਗਿਆ ।
ਬੰਬੀ ਵਾਲੇ ਕੋਠੇ ਨੂੰ ਖਾਲੀ ਹੋਇਆਂ ਭਾਵੇਂ ਕਈ ਦਿਨ ਬੀਤ ਚੁੱਕੇ ਸਨ , ਪਰ ਮੇਰੇ ਅੰਦਰਲੀ ਉੱਥਲ-ਪੱਥਲ ਨੇ ਮੇਰਾ ਹਰ ਪਲ ਬੜੀ ਤਲਖ ਬੇਚੈਨੀ ਨਾਲ ਭਰੀ ਰੱਖਿਆ ਸੀ ।ਸਾਥੀ ਪਾਲ ਦਾ ਚਲੇ ਜਾਣਾ , ਕਈਆਂ ਹਫ਼ਤਿਆਂ ਪਿਛੋਂ ਹਰਜੀਤ ਦਾ ਆਉਣਾ ਤੇ ਪਾਲ ਸਮਰਦੀ ਬਦਖੋਹੀ ਕਰਨਾ ਅਤੇ ਉਸ ਦੇ ਮਗਰ-ਮਗਰ ਮੇਜਰ ਦਾ ਪਹੁੰਚਣਾ ਅਤੇ ਹਰਜੀਤ-ਟੋਲੀ ਨੂੰ ਭੰਡਣਾ ,ਫਿਰ ਥੋੜੇ ਕੁ ਦਿਨਾਂ ਦੇ ਵਕਫੇ ਪਿੱਛੋਂ ਸੰਤ ਦਾ ਹਥਿਆਰਬੰਦ ਰਾਹ ਨੂੰ ਨਿਖੇਧ ਦੇ ਪਾਰਲੀਮਾਨੀ ਰਾਹ ਦੇ ਹੱਕ ਵਿੱਚ ਲੰਮੇ-ਲੰਮੇ ਭਾਸ਼ਣ ਕਰਨਾ-ਇਸ ਸਾਰੀ ਟੁੱਟ-ਭੱਜ ਨੇ ਮੇਰੀ ਨੀਂਦ ਤਾਂ ਹਰਾਮ ਕੀਤੀ ਈ ਸੀ ਤੜਕਸਾਰ ਇਕ ਦਿਨ ਪੁਲਸ ਦੀ ਇੱਕ ਲੰਮੀ ਚੌੜੀ ਗਾਰਦ ਨੇ ਮੈਨੂੰ ਅਚੇਤ ਘਰ ਸੁੱਤੇ ਪਏ ਨੂੰ ਆ ਠੱਪਿਆ ।
ਮੇਰੀ ਬਿਰਧ ਮਾਂ ਨੇ ਬੜਾ ਵਾ-ਵੇਲਾ ਖੜਾ ਕੀਤਾ ,ਪਰ ਉਹਨਾਂ ਇਕ ਨਾ ਸੁਣੀ । ਸਕੂਲ ਪੜ੍ਹਦੀ ਛੋਟੀ ਭੈਣ ਨੂੰ ਭਾਵੇਂ ਮੇਰੀਆਂ ਕਈ ਸਾਰੀਆਂ ਕਾਰਜ-ਵਿਧੀਆਂ ਦਾ ਪਤਾ ਸੀ, ਪਰ ਮੈਨੂੰ ਧੂਹ ਕੇ ਵੈਨ ਅੰਦਰ ਸੁੱਟਿਆ ਦੇਖ ਕੇ ਉਹ ਬਹੁਤ ਰੋਈ ਕੁਰਲਾਈ । ਘਰ ਦਾ ਪੱਤ-ਪੱਤ ਛਾਨਣ ‘ਤੇ ਵੀ ਪੁਲੀਸ ਨੂੰ ਕੋਈ ਯੋਗ-ਅਯੋਗ ਸਮੱਸਰੀ ਨਹੀਂ ਮਿਲੀ ਜਿਹੜੀ ਮੈਨੂੰ ‘ਅਤਿ-ਖ਼ਤਰਨਾਕ’ ਕਿਸਮ ਦਾ ਬੰਦਾ ਸਿੱਧ ਕਰਨ ਵਿੱਚ ਉਹਨਾਂ ਦੀ ਸਾਹਇਤਾ ਕਰਦੀ । ਫਿਰ ਵੀ ‘ਸੁਧਾਰ ਘਰ ’ ਦੇ ਚੂਹੇ, ਚਾਬਕ , ਮੰਜੀਆਂ , ਰੱਸੇ ਤੇ ਸ਼ੁਧ-ਅਸ਼ਲੀਲ ਪ੍ਰਸ਼ਨਵਲੀ ਵਰਤ ਕੇ ਮੈਥੋਂ ਕਈ ਅਤੇ-ਪਤੇ ਪੁਛਣ ਦੇ ਯਤਨ ਕੀਤੇ ਗਏ । ਕੋਈ ਵਾਹ ਪੇਸ਼ ਨਾ ਦੇਖ ਕੇ ਆਖਿਰ ਬਿਨਾਂ ਕਿਸੇ ਵਿਸ਼ੇਸ਼ ਫ਼ਰਮਾਇਸ਼ ਦੇ ਮੈਨੂੰ ਛੱਡ ਦਿੱਤਾ ਗਿਆ ।
ਪੁਛ-ਪੜਤਾਲ ਕਾਰਨ ਹੋਈ ਅਧੜ-ਵੰਜੀ ਹਾਲਤ ਅੰਦਰ ਵਿਚਰਦਿਆਂ ਲੱਗ-ਭੱਗ ਇਕ ਵਰ੍ਹਾਂ ਹੋਰ ਬੀਤ ਗਿਆ , ਪਰ , ‘ਬੂਹੇ ਦੇ ਦਸਤਕ ਦੇਣ ਆਏ ਇਨਕਲਾਬ ‘ ਨੂੰ ਜੀ-ਆਇਆਂ ਕਹਿਣ ਤੁਰੇ ਮੀਜ਼ਬਾਨਾਂ ਨੇ ਮੁੜ ਕਦੀ ਵੱਟੀ ਨਾ ਵਾਹੀ । ਅਗਨੀ ਪ੍ਰੀਖਿਆ ਰਾਹੀਂ ਲੰਘ ਕੇ ਸ਼ੁਧ ਹੋਇਆ ਮੇਰਾ ਵਿਸ਼ਵਾਸ਼ , ਇਕ ਵਾਰ ਫਿਰ ਕੁਝ ਕਰਨ ਲਈ ਤੱਤਪਰ ਹੋ ਉੱਠਿਆ । ਪਰ ਫੜੇ ਜਾਣ ਤੋਂ ਪਹਿਲਾਂ ਪਾਰਟੀ ਅੰਦਰ ਉਪਰੋ-ਥਲੀ ਵਾਪਰੀਆਂ ਕਈ ਸਾਰੀਆਂ ਘਟਨਾਵਾਂ ਕਾਰਨ ਮੇਰੇ ਅੰਦਰ ਪਲਦਾ ਸਹਿਮ , ਡਰ ਦਾ ਰੂਪ ਧਾਰਨ ਕਰ ਕੇ ਮੇਰੇ ਚਿਹਰੇ ‘ਤੇ ਸਾਫ਼-ਸਾਫ਼ ਪ੍ਰਗਟ ਹੋਣ ਲੱਗ ਪਿਆ ।
ਹਰ ਵੇਲੇ ਆਪਣੇ ਆਪ ਅੰਦਰ ਗੁਆਚਿਆ ਰਹਿੰਦਾ ਦੇਖ ਕੇ ,ਮੇਰੀ ਬਿਰਧ ਮਾਂ ਮੈਨੂੰ ਆਖਦੀ – “ਚਿੱਤ ਰਾਜ਼ੀ ਨਹੀਂ ਲੱਗਦਾ, ਮੇਰੇ ਹੀਰੇ ਦਾ ….। ” “ਨਈਂ ਮਾਂ, ਬਿਲਕੁਲ ਠੀਕ ਆਂ……ਮੈਂ ”- ਆਖ ਕੇ ਮੈਂ ਉਸ ਨੂੰ ਓਪਰੀ ਜਿਹੀ ਤਸੱਲੀ ਦੇ ਛੱਡਦਾ ।
“ਦਾਈਆਂ ਤੋਂ ਢਿੱਡ ਨਹੀਂ ਲੁਕਾਏ ਜਾਂਦੇ …..”- ਮਾਂ ਦਾ ਕਈ ਵਾਰੀ ਆਖਿਆ ਇਹ ਵਾਕ ਸਮਾਂ ਪਾ ਕੇ ਮੈਨੂੰ ਪਾ ਕੇ ਮੈਨੂੰ  ਉਸ ਅੰਦਰਲੀ ਭਾਵਨਾ ਦੀ ਤੜਪ ਸਮਝਣ ਲਈ ਮਜ਼ਬੂਰ ਕਰਨ ਲੱਗ ਪਿਆ, ਅਤੇ ਜਿਸ ਦਿਨ ਦਾਜ਼ ਦੀ ਭਰੀ ਟਰਾਲੀ ਮੂਹਰੇ ਦੌੜਦੀ ਕਾਰ ਵਿੱਚੋਂ ਮੇਰੇ ਨਾਲ ਗਹਿਣਿਆਂ ਨਾਲ ਲੱਦੀ ਉਹਦੀ ਨੂੰਹ ਨੇ ਸਾਡੇ ਵਿਹੜੇ ਅੰਦਰ ਪੈਰ ਧਰਿਆ , ਉਸ ਦਿਨ ਮੇਰੀ ਮਾਂ ਦੀ ਡੰਗੋਰੀ ਪਤਾ ਨਹੀਂ ਕਿਹੜੀਆਂ ਬਰੂਹਾਂ ਉਹਲੇ ਪਈ ਉਸ ਦੇ ਕੁੱਬ ਦਾ ਭਾਰ ਸਾਂਭਣ ਦੀ ਉਡੀਕ ਕਰਦੀ ਰਹੀ ।
ਜਿਹੋ-ਜਿਹੀ ਧੂਮ-ਧਾਮ ਨਾਲ ਇਕ ਡੋਲੀ ਨੇ ਸਾਡੇ ਵਿਹੜੇ ਅੰਦਰ ਪੈਰ ਧਰਿਆ ਸੀ ,ਉਸ  ਤੋਂ ਵੀ ਕਈ ਗੁਣਾਂ ਵੱਧ ਸ਼ਾਨ ਨਾਲ ਦੂਜੀ ਡੌਲੀ ਘਰੋਂ ਵਿਦਾ ਕਰ ਕੇ , ਮੈਂ ਪਾਲ ਦੀਆਂ ਦੱਸੀਆਂ ਗੱਲਾਂ ਦੀ ਥਾਂ ਆਪਣੇ ਤਹਿਸੀਲਦਾਰ ਸਹੁਰੇ ਦੀਆਂ ਸਮਝਾਈਆਂ ਵਿਧੀਆਂ ਆਪਨਾਉਣ ਵਿੱਚ ਰੁਝਿਆ ਰਹਿਣ ਲੱਗ ਪਿਆ । ਹੋਰਨਾਂ ਖਾਤਰ ‘ਗੁਆਏ ’ ਕਈਆਂ ਸਾਲਾਂ ਦਾ ਘਾਟਾ ਹਫ਼ਤਿਆਂ ਅੰਦਰ ਹੀ ਪੂਰਾ ਹੁੰਦਾ ਦੇਖ ਕੇ ਮੈਨੂੰ ਇਨਕਲਾਬ ਦੇ ‘ਸਹੀ’ ਅਰਥਾਂ ਦਾ ਪਤਾ ਲੱਗ ਗਿਆ ।ਬੱਗ-ਬੱਗ ਕਰਦੇ ਅਨਫੀਲਡ ਪਿੱਛੇ ਬੈਠੀ ਸ੍ਰੀਮਤੀ ਬਾਂਸਲ ਨੂੰ ਸਕੂਲੇ ਲਾਹ ਕੇ ਜਦ ਮੈਂ ਤਹਿਸੀਲ ਦਫ਼ਤਰ ਦੀ ਆਪਣੀ ਸੀਟ ਤਕ ਪਹੁੰਚਦਾ ਤਾਂ ਮੈਨੂੰ ਕੁਰਸੀ ਮੇਰੇ ਆਪੇ ਤੋਂ ਛੋਟੀ-ਛੋਟੀ ਰਹਿ ਗਈ ਜਾਪਣ ਲੱਗੀ । ਮੇਰੀ ਇਸ ਭਾਵਨਾ ਨੂੰ ਤਾੜਦਿਆਂ ਤਹਿਸੀਲਦਾਰ ਸਹੁਰੇ ਨੇ ਕਈ ਤਰ੍ਹਾਂ ਦੀ ਉੱਥਲ-ਪੁੱਥਲ ਕੀਤੀ ਤੇ ਥੋੜੇ ਜਿਹੇ ਸਮੇਂ ਪਿਛੋਂ ਹੀ ਮੈਨੂੰ ਨੈਬ ਦੀ ਕੁਰਸੀ ‘ਤੇ ਬੈਠਦਾ ਕਰ ਦਿੱਤਾ।
ਤਹਿਸੀਲ ਦਫ਼ਤਰ ਦੀ ਕਲਰਕੀ ਦੀਆਂ ਸਾਰੀਆਂ ਬਾਰੀਕੀਆਂ ਤੋਂ ਵਾਕਫ਼ ਹੋਣ ਕਰਕੇ , ਆਪਣੀ ਸਬ-ਤਹਿਸੀਲ ਦੇ ਸਾਰੇ ਕਰਮਚਾਰੀਆਂ ਦੀਆਂ  ਤਣਾਵਾਂ ਚੰਗੀ ਤਰ੍ਹਾਂ ਖਿੱਚ ਕੇ ਰੱਖਦਿਆਂ , ਮੈਂ ਸਹਿਜੇ-ਸਹਿਜੇ ਪਾਲ ਦੇ ਸਮਝਾਏ ਸਰਮਾਏਦਾਰੀ ਪ੍ਰਬੰਧ ਅੰਦਰ ਹੁੰਦੇ ਆਮ-ਆਦਮੀ ਦੇ ਸ਼ੋਸ਼ਨ ਦੇ ਵਿਚਾਰਾਂ ਨੂੰ ਬਿਲਕੁਲ ਭੁਲ-ਭੁਲਾ ਗਿਆ ।ਉਂਝ ਤਾਂ ਪਹਿਲਾਂ ਵੀ ਮੈਂ ਕਦੀ ਕਿਸਾਨ ,ਮਜ਼ਦੂਰ ਜਾਂ ਮੁਲਾਜ਼ਮ ਜਥੇਬੰਦੀ ਬਣਾ ਕੇ ਸਥਾਪਤੀ ਵਿਰੁੱਧ ਸੰਘਰਸ਼ ਕਰਨ ਲਈ ਬਹੁਤਾ ਕਸ਼ਟ ਕਦੇ ਨਹੀ ਸੀ ਕੀਤਾ । ਫਿਰ ਵੀ ਇਸ ਸਾਰੀ ਲੁੱਟ-ਖਸੁੱਟ ਦੀ ਕਾਗਜ਼ੀ ਸਮਝ ਮੈਨੂੰ ਜ਼ਰੂਰ ਹੈ ਸੀ , ਪਰ ਹੁਣ ਤਾਂ ਹਿੱਸੇ-ਪੱਤੀਆਂ ਦੀ ਵੰਡ ਕਰਦਿਆਂ ਕੋਈ ਐਰਾ-ਗੈਰਾ ਦੀ ਯਾਦ ਕਦੀ ਲਾਗਿਓਂ ਦੀ ਲੰਘੀ ਸੀ । ਏਥੋਂ ਤਕ ਕਿ ਤਹਿਸੀਲ ਦਫ਼ਤਰ ਦੀ ਕਲਰਕੀ ਵੇਲੇ ਦੀਆਂ ਰੁੱਖੀਆਂ ਤੇ ਗਮਗੀਨ ਤਰਕਾਲਾਂ ਹੁਣ ਰੰਗੀਨ ਰਾਤਾਂ ਵਿੱਚ ਬਦਲ ਚੁੱਕੀਆਂ ਸਨ ।
ਇਕ ਦਿਨ ਚਾਨਚੱਕ ਹਨੇਰਾ ਪੈਣ ਤੋਂ ਪਹਿਲਾਂ ਕਿਸੇ ਨੇ ਮੇਰੀ ਕੋਠੀ ਦੇ ਬਾਹਰਲੇ ਫਾਟਕ ‘ਤੇ ਲੱਗੀ ਕਾਲ ਬੈਲ ਦੀ ਘੰਟੀ ਆ ਖੜਕਾਈ । ਵਿਹੜੇ ਦੀ ਇਕ ਨੁਕਰੇ ਭਾਂਡੇ ਮਾਂਜਦੀ ਲਾਜੋ ਝੀਊਰੀ ਦੇ ਉੱਠ ਕੇ ਫਾਟਿਕ ਖੋਲ੍ਹਦਿਆਂ ਸਾਰ ਕੋਈ ਲੰਮਾ ਪਤਲਾ ਆਕਾਰ ਉਸ ਦੇ ਪਿੱਛੇ-ਪਿੱਛੇ ਅੰਦਰ ਆ ਵੜਿਆ ।ਇਕ ਅਜਨਬੀ ਦੇ ਇਸ ਤਰ੍ਹਾ ਆ ਧਮਕਣ ‘ਤੇ ਮੇਰੇ ਗੁੱਸੇ ਦਾ ਪਾਰਾ ਸਿਖਰ-ਡਿਗਰੀ ‘ਤੇ ਪਹੁੰਚਣ ਹੀ ਵਾਲਾ ਸੀ ਕਿ ਪਾਲ ਦੀ ਵਿਸਰ ਚੁੱਕੀ ਆਵਾਜ਼ ਨੇ ,ਬਾਹਰਲੀ ਬੈਠਕ ਅੰਦਰ ਟੈਲੀਵੀਜ਼ਨ ਸਾਹਮਣੇ ਪਤਨੀ ਨਾਲ ਅਯਾਸ਼  ਮੁਦਰਾ ਵਿੱਚ ਵੱਡੇ ਸੋਫੇ ‘ਤੇ ਬੈਠੇ ਤੋਂ ਮੈਥੋਂ , ਦਰਾਂ ਤੋਂ ਕਾਫੀ ਪਿਛਾਂਹ ਖਲੋਕੇ , ਬਿਨਾਂ ਪੁੱਛੇ ਅੰਦਰ ਲੰਘ ਆਉਣ ਦੀ ਕੀਤੀ ਗੁਸਤਾਖੀ ਦੀ ਬੜੀ ਹਲੀਮੀ ਨਾਲ ਮੁਆਫੀ ਮੰਗ ਲਈ ।
ਉਸ ਦੀ ਲਾਹ-ਪਾਹ ਕਰਨ ਲਈ ਉਠਿਆ ਜਵਾਰ-ਭਾਟਾ ,ਭਾਵੇਂ ਪੂਰੀ ਤਰ੍ਹਾਂ ਆਪਣਾ ਕਾਰਜ ਨਾ ਕਰ ਸਕਿਆ ਪਰ ‘ਦੱਸ ਕੀ ਕੰਮ ਐ …….?’ ਦਾ ਨਿੱਕਾ ਜਿਹਾ ਖਰਵਾਂ ਪ੍ਰਸ਼ਨ ਉਸ ਦੇ ਹੇਠੀ ਕਰਨ ਲਈ ਕਾਫੀ ਕਾਰਗਰ ਸਿੱਧ ਹੋਇਆ ।
‘ਦੋ ਘੁੱਟ ਦਾਰੂ ਪੀਣੀ ਐ ……….’ ਉਸ ਦਾ ਸਪਾਟ ਉੱਤਰ ਸੁਣ ਕੇ ਮੈਂ ਇਸ ਲਈ ਝੰਜੋੜਿਆ ਗਿਆ ਕਿ ਐਨੇ ਵਰ੍ਹਿਆਂ ਤੋਂ ਸ਼ਰਾਬ  ਪੀਣ ਦੇ ਆਦੀਆਂ ਨੂੰ ਲੰਮੇਂ ਹੱਥੀ ਲੈਣ ਵਾਲਾ ਪਾਲ ਹੁਣ ਕਿਸ ਮੂੰਹ ਨਾਲ ਪੀਣ ਲਈ ਮੰਗ ਰਿਹਾ ਸੀ 
‘ਅੰਦਰ ਆ ਜਾ ’ ਸੁਣਦਿਆਂ ਸਾਰ ਉਹ ਦਰਾਂ ਕੋਲ ਪਏ ਪਾਏਦਾਨ ‘ਤੇ ਪਸਰ ਕੇ ਬੈਠ ਗਿਆ। ਮੇਰੇ ਬਾਰ ਬਾਰ ਕਹਿਣ ‘ਤੇ ਉਹ ਦਰਵਾਜ਼ੇ ਵਿਚਕਾਰੋਂ ਉੱਠ ਕੇ ਸੋਫੇ ਉੱਤੇ ਤਾਂ ਨਾ ਬੈਠਾ ਪਰ ਕਮਰੇ ਅੰਦਰ ਵਿਛੀ ਕਸ਼ਮੀਰੀ ਕਾਲੀਨ ‘ਤੇ ਜ਼ਰੂਰ ਸਰਕ ਗਿਆ ।
ਬੈਠਕ ਦੇ ਇਕ ਕੋਠੇ ਅੰਦਰ ਧਰੀ ਕਰੀਮ ਰੰਗ ਦੀ ਫ਼ਰਿਜ਼ ‘ਚੋਂ ਵਿਸਕੀ ਦੀ ਬੋਤਲ ਕੱਢ ਕੇ ਮੈਂ ਸੈਂਟਰ ਟੇਬਲ ‘ਤੇ ਲਿਆ ਰੱਖੀ । ਉਸੇ ਅੰਦਰ ਜਮਾਈ ਬਰਫ਼ ਦੀਆਂ ਨਿੱਕੀਆਂ ਨਿੱਕੀਆਂ ਟੁਕੜੀਆਂ, ਸ਼ੀਸ਼ੇ ਦੇ ਵੱਡੇ ਗਲਾਸ ਅੰਦਰ ਸੁੱਟ ਕੇ, ਇਕ ਭਰਵਾਂ ਜਿਹਾ ਪੈਗ ਮੈਂ ਉਸ ਵੱਲ ਵਧਾਇਆ ।ਬੇਸਬਰਿਆ ਵਾਂਗ ਉਸ ਨੇ ਗਲਾਸ ਨੂੰ ਝਬੂਟੀ ਮਾਰੀ ਤੇ ਇਕੋ ਸਾਹੇ ਗਟਾ-ਗਟ ਪੀ ਗਿਆ । ‘ਹੋਰ ’ ਪੁਛਣ ‘ਤੇ ਉਸ ਨੇ ਹਲਕਾ ਜਿਹਾ ਝੂਮਦਾ ਸਿਰ ‘ਹਾਂ ’ ਕਰਨ ਲਈ ਚੰਗੀ ਤਰ੍ਹਾਂ ਉਪਰ-ਥੱਲੇ ਹਿਲਾਇਆ । ਦੂਜਾ ਪੈਗ ਪੀਂਦਿਆਂ ਉਸ ਦੀਆਂ ਧਰਤੀ ਅੰਦਰ ਗੱਡੀਆਂ ਨਜ਼ਰਾਂ ਪਹਿਲਾਂ ਮੇਰੇ ਚਿਹਰੇ ‘ਤੇ ਆ ਟਿੱਕੀਆਂ ਤੇ ਫਿਰ ਹਲਕੇ ਜਿਹੇ ਖੰਘੂਰੇ ਪਿਛੋਂ ਕਮਰੇ ਅੰਦਰ ਸਜੀਆਂ ਆਲੀਸ਼ਾਨ ਵਸਤਾਂ ਉਤੋਂ ਦੀ ਤਿਲਕਦੀਆਂ ਪਤਾ ਨਹੀਂ ਕਿਧਰ ਗੁਆਚ ਗਈਆਂ ।
ਮੇਰੇ ਦੋ ਚਾਰ  ਮਿੰਟ ਕਮਰਿਓਂ ਬਾਹਰ ਜਾ ਕੇ ਮੁੜ ਆਉਣ ਤੱਕ ਉਹ ਪੂਰ ਟੱਲੀ ਹੋ ਗਿਆ ਲੱਗਦਾ ਸੀ । ਸੱਜੇ ਹੱਥ ਦੀ ਉਂਗਲੀ ਹਿਲਾ-ਹਿਲਾ ਕੇ ਆਪਣੇ ਆਪ ਨਾਲ , ਉਹ ਇਉਂ ਗੱਲਾਂ ਕਰ ਰਿਹਾ ਸੀ ਜਿਵੇਂ ਸਾਹਮਣੇ ਬੈਠੀ ਨਵੀਂ ਭਰਤੀ ਦੀ ਸਕੂਲਿੰਗ ਕਰ ਰਿਹਾ ਹੋਵੇ ।“ਕੀ ਗੱਲ ਐ ? ਕਾਮਰੇਡ ”- ਮੈਂ ਉਸ ਦੀ ਬਿਰਤੀ ਤੋੜਨ ਦਾ ਯਤਨ ਕਰਦਿਆਂ ਮੈਂ ਆਖਿਆ ।
“ਸਅ…….ਅਬ ਠੀ………ਕ ਐ , ਸਾ .. ਰੇਈ ਸੂਤ ਐ ……ਐ….।
‘ ਕੀ ਠੀਕ ਐ ! ਕੌਣ ਸੂਤ ਐ ! ਕਿਹੜੀ ਗੱਲ ਕਰਦੈ ? ”
” ਐਨ…ਕਲਆ …..ਆਬ ਦੀ ,ਦੇਬੂ….ਮੌਖੇ….ਨਿੰਦਰ…….ਗਿਆਨੀ….ਸ਼ੌਕੀ … ਬੋਘੇ ਦੀ, ਸਾਲੇ ਕੇ …..ਸਰ ,ਡੀ …..ਐਸ.ਪੀ. ਦੀ । ….ਮਾਹ…..ਟਰ ਦੀ, ਉਹ…..ਹਦੇ ਘਰ ਲਾਲ ……ਨ੍ਹੇਰੀ ਨੂੰ ਸਰ ……ਪੰਚੀ ਚੁਕ …ਕੇ….ਲੈ ਗਈ ।ਸੈਤੂ……ਕਾਰ ਦਾਰੂ ਕੱਢ…….ਕੱਢ…..… ਪੀਦਾ ਵੇਚ…….. ਦਾ । ਤਾ .……ਰੀ ਮਰੀ……ਕਾ ਨੱਸ ਗਿਆ । ਰੋਡ………ਬੇਜ਼ੀਆਂ ਨਾ ……..ਦਸੀਆਂ ……..ਪੰਜੀਆਂ ਪਿੱਛੇ ਸੁ…… ਦਾਈ ਹੋ ਗਿਆ । ਤੇ ਉਹ …...ਮੇਰਾ ਸਕਾ…..ਸਾ…..ਲਾ ਪ੍ਰੋਲ …..ਤਾਰੀਆ ਸਕੱਤਰ ……ਜਨਰਲ ……ਬਰਾੜ , ਹਰਜੀ ਦੀ ਭੈਣ ਨਾਲ ਸੀਮਲੇ ਤੁ……ਰਿਆ ਫਿਰਦਾ ……ਹੀਨਮੂਨ ……ਗੂਰੀਲਾ…..ਯੁੱਧ .….ਬੇਸ ਏਰੀਆ ……ਕੁਰੀਅਰ …..ਭੈਣ ਦਾ…….।
ਕਿਸੇ  ਗਾਲ੍ਹ ਨਾਲ ਕਰਮੇ ਦੀ ਫਿਜ਼ਾਂ ਨੂੰ ਗੰਦੀ ਹੋਣ ਤੋਂ ਬਚਾਉਣ ਲਈ ਮੈਂ ਛੇਤੀ ਨਾਲ ਉੱਠ ਕੇ ਉਸ ਨੂੰ ਮੋਢਿਓਂ ਫੜ ਕੇ ਹਿਲਾਉਂਦਿਆਂ ਆਖਿਆ –“ਕੀ ਹੋ ਗਿਆ ਤੈਨੂੰ ? ਪਾਲ ! ਕਾਮਰੇਡ !! ”
“ ਕੇ…ਅ….ੜਾ ਪਾਲ, ਕੌ….ਅ…….ਣ ਕਾਮ….ਰੇਡ ! ਸਾ….ਅੱ….ਭ ਬਕ…..ਬਾਸ, ਝੂਊ …..ਅਠ….,ਸਭ….ਅਭ ਸਾਲਾ ਫੋ….ਅਕਟ । ਮੈਂਅ…….ਕੋਅਈ ….ਕੜਾ…..ਕਾਮਰੇਡ …..ਨਈਂ…..ਕੋਅੲ….ਪਾ…..ਪਾਅਲ….ਸ਼ਾਅਲ…..ਨਈਂ । ਮੈਂਅ….ਤਾਂ …ਤਸੀ….ਘੀਟ ਪੁਰੀਏ …ਰਅਲਦੇ ….ਚਮ…..ਆਰ….ਦਾ ਮੰਡਾ....ਭਜਨਾ……ਆਂ ਭਅਜਨਾ । ਮਾਂਆਂ..…ਭੇਅਣ….ਭਾਅਈ….ਘਅਰ….ਸਅੱਭ……ਇਨਕ…..ਕਲਾਅਬ …..ਹੋ ਗਿਆ …ਐਨ…ਕਲਾਅਬ…..। ਆ…ਆ...ਮਰੀਕਾ….ਜਊ…ਉਸ ….ਪਾਅਰਟੀ.…ਸ਼ਿਮਅਲਾ….ਕੁਅਰ….ਰੀ….ਅਰ.…ਹਨੀ….ਮਊ….ਊਠ…..।“ ਪਹਿਲੀ ਵਾਰ ਪੀਤੀ ਦਾ ਬੇ-ਕਾਬੂ ਹੁੰਦਾ ਨਸ਼ਾ ਭਾਂਪ ਕੇ ਉਹ ਅਬਾ-ਤਬਾ ਬੋਲਦਾ ਹਵਾ ਕੇ ਬੁਲੇ ਵਾਂਗ ਕਮਰੇ ‘ਚੋਂ ਉੱਠਿਆ ਤੇ ਵਿਹੜੇ ਅੰਦਰ ਪੱਸਰੀ ਦੁਧੀਆਂ ਰੌਸ਼ਨੀ ਵਿਚਕਾਰੋਂ ਦੀ ਲੜਖੜਾਉਂਦਾ ਕੋਠੀਓਂ ਬਾਹਰ ਨਿਕਲ ਗਿਆ ।
ਬਾਹਰਲੇ ਫਾਟਰ ਨੂੰ ਅੰਦਰੋਂ ਜ਼ਿੰਦਰਾ ਮਾਰ ਕੇ , ਅੰਦਰ ਵਾਪਸ ਪਰਤਿਆ , ਮੈਂ ਕਿੰਨੀ ਰਾਤ ਗਈ ਤੱਕ ਇਹ ਨਿਰਣਾ ਨਾ ਕਰ ਸਕਿਆ ਕਿ ਸ਼ਾਹ ਕਾਲੀ ਰਾਤ ਦੇ ਹਨੇਰੇ ਨੂੰ ਚੀਰਦਾ ਸਾਥੀ ਪਾਲ ਇਕ ਵਾਰ ਫਿਰ ’ਬਰੂਹਾਂ ’ ਤੇ ਖੜੇ ਇਨਕਲਾਬ’ ਨੂੰ ਜੀ ਆਇਆਂ ਕਹਿਣ ਲਈ ਵਸੀਮਾਂ ਟੱਪ ਕੇ ਕਿਧਰੇ ਫਿਰ ਅਲੋਪ ਹੋ ਗਿਆ ਹੈ ਜਾਂ ਘਸੀਟਪੁਰੀਏ ਰੁਲਦੇ ਹੋਕਾ ਦਿੰਦਾ ਕਿਸੇ ਨਾਲ ਦੇ ਘਰ ਅੰਦਰ ਜੁੱਤੀਆਂ ਗੰਢਣ ਬੈਠ ਗਿਆ ਹੈ ।

ਲਾਲ ਸਿੰਘ ਦਸੂਹਾ
ਨੇੜੇ ਐਸ.ਡੀ.ਐਮ. ਕੋਰਟ,
ਜੀ.ਟੀ.ਰੋਡ ਦਸੂਹਾ(ਹੁਸ਼ਿਆਰਪੁਰ)
MOBILE NO : 094655-74866

Real Estate