ਸਰਕਾਰ ਪੁਲਿਸ ਨੂੰ ਜਾਬਤੇ ’ਚ ਰਹਿਣ ਦੀ ਹਦਾਇਤ ਕਰੇ, ਲੋਕ ਸੁਝਾਵਾਂ ਤੇ ਅਮਲ ਕਰਨ

1331

ਪੁਲਿਸ ਤੇ ਲੋਕ ਸਹਿਯੋਗੀ ਬਣ ਕੇ ਕੁਦਰਤੀ ਆਫ਼ਤ ਦਾ ਟਾਕਰਾ ਕਰਨ

ਬਠਿੰਡਾ/ 27 ਮਾਰਚ/ ਬਲਵਿੰਦਰ ਸਿੰਘ ਭੁੱਲਰ
ਕਿਸੇ ਦੇਸ ’ਚ ਪੈਦਾ ਹੋਈ ਕੁਦਰਤੀ ਆਫ਼ਤ ਦਾ ਟਾਕਰਾ ਕਰਨ ਲਈ ਆਮ ਲੋਕਾਂ ਅਤੇ ਪ੍ਰਸਾਸਨ ਦਾ ਇਕੱਠਿਆਂ ਸਰਕਾਰ ਨਾਲ ਸਹਿਯੋਗ ਕਰਨਾ ਅਤੀ ਜਰੂਰੀ ਹੁੰਦਾ ਹੈ, ਪਰ ਪੰਜਾਬ ਵਿੱਚ ਕਰੋਨਾ ਨਾਂ ਦੀ ਭਿਆਨਕ ਬੀਮਾਰੀ ਫੈਲਣ ਨਾਲ ਜਿੱਥੇ ਲੋਕ ਸਦਮੇ ਤੇ ਚਿੰਤਾ ਵਿੱਚ ਡੁੱਬੇ ਹੋਏ ਹਨ, ਉ¤ਥੇ ਰਾਜ ਦੇ ਪੁਲਿਸ ਪ੍ਰਸਾਸਨ ਦਾ ਇੱਕ ਹਿੱਸਾ ਲੋਕਾਂ ਨੂੰ ਡਾਗਾਂ ਨਾਲ ਕੁੱਟ ਕੁੱਟ ਕੇ ਉਹਨਾਂ ਨੂੰ ਗੁਲਾਮੀ ਵਾਲਾ ਅਹਿਸਾਸ ਕਰਵਾ ਰਿਹਾ ਹੈ, ਜੋ ਦੁਖਦਾਈ ਹੈ। ਰਾਜ ਸਰਕਾਰ ਵੱਲੋਂ ਜੇਕਰ ਲੋਕਾਂ ਨੂੰ ਜਾਬਤੇ ਵਿੱਚ ਰਹਿਣ ਲਈ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਤਾਂ ਪੁਲਿਸ ਨੂੰ ਵੀ ਜਾਬਤੇ ’ਚ ਰਹਿਣ ਲਈ ਹਦਾਇਤਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਅੱਜ ਸਾਰੀ ਦੁਨੀਆਂ ਫਿਕਰਾਂ ਵਿੱਚ ਹੈ ਤੇ ਕਰੋਨਾ ਤੋਂ ਬਚਾਅ ਲਈ ਹਰ ਸੰਭਵ ਯਤਨ ਕਰ ਰਹੀ ਹੈ। ਪੰਜਾਬ ਸਰਕਾਰ ਨੇ ਇਸਦੇ ਫੈਲਾਅ ਨੂੰ ਰੋਕਣ ਲਈ ਬੜੇ ਢੁਕਵੇਂ ਸਮੇਂ ਤੇ ਸਹੀ ਕਦਮ ਉਠਾਏ ਹਨ। ਲੋਕਾਂ ਨੂੰ ਇੱਕ ਦੂਜੇ ਤੋਂ ਦੂਰ ਰੱਖਣ ਲਈ ਕਰਫਿਊ ਲਗਾਇਆ ਗਿਆ ਹੈ। ਇਹ ਵੀ ਸੱਚਾਈ ਹੈ ਕਿ ਸਰਕਾਰ ਦੀਆਂ ਹਦਾਇਤਾਂ ਤੇ ਕਾਨੂੰਨ ਨੂੰ ਲਾਗੂ ਕਰਨ ਲਈ ਪੁਲਿਸ ਦੀ ਭੂਮਿਕਾ ਅਹਿਮ ਹੁੰਦੀ ਹੈ ਅਤੇ ਰਾਜ ਦੀ ਪੁਲਿਸ ਉਦੋਂ ਸੜਕਾਂ ਬਜਾਰਾਂ ਵਿੱਚ ਡਿਊਟੀ ਨਿਭਾ ਰਹੀ ਹੈ, ਜਦ ਆਮ ਲੋਕ ਘਰਾਂ ਦੇ ਦਰਵਾਜੇ ਬੰਦ ਕਰਕੇ ਬੈਠੇ ਹੋਏ ਹਨ। ਆਪਣੇ ਬੱਚਿਆਂ ਪਰਿਵਾਰਾਂ ਦੀ ਦੇਖਭਾਲ ਦੀ ਥਾਂ ਡਿਊਟੀ ਦਿੰਦਿਆਂ ਜਨਤਾ ਦੇ ਬਚਾਅ ਲਈ ਪੁਲਿਸ ਵੱਲੋਂ ਜੋ ਸੇਵਾ ਨਿਭਾਈ ਜਾ ਰਹੀ ਹੈ ਉਹ ਵੱਡਾ ਲੋਕ ਭਲਾਈ ਦਾ ਕਾਰਜ਼ ਹੈ। ਲੋਕਾਂ ਨੂੰ ਘਰਾਂ ’ਚ ਰਹਿਣ ਲਈ ਮਜਬੂਰ ਕਰਨਾ ਅਤੇ ਆਮ ਲੋਕਾਂ ਵਿੱਚ ਵਿਚਰ ਕੇ ਥਾਵਾਂ ਕੁਥਾਵਾਂ ਤੇ ਪਹੁੰਚਣ ਉਪਰੰਤ ਆਪਣੇ ਬਾਲ ਬੱਚਿਆਂ ਵਿੱਚ ਜਾਣਾ ਬਹੁਤ ਡਰ ਤੇ ਚਿੰਤਾ ਭਰਿਆ ਕੰਮ ਹੈ, ਜੋ ਪੁਲਿਸ ਨਿਭਾ ਰਹੀ ਹੈ। ਇਸ ਲਈ ਪੁਲਿਸ ਨੂੰ ਸਹਿਯੋਗ ਦੇਣਾ ਤੇ ਉਸਦੇ ਕੰਮ ਦੀ ਸਲਘਾ ਕਰਨੀ ਬਣਦੀ ਹੈ।
ਪਰ ਹੁਣ ਇਸਦਾ ਇੱਕ ਦੁਖਦਾਈ ਪੱਖ ਵੀ ਸਾਹਮਣੇ ਆ ਰਿਹਾ ਹੈ। ਕਰਫਿਊ ਦੌਰਾਨ ਪੁਲਿਸ ਕਰਮਚਾਰੀ ਲੋਕਾਂ ਨੂੰ ਸਰੇਆਮ ਸੜਕਾਂ ਤੇ ਡਾਗਾਂ ਨਾਲ ਕੁੱਟ ਰਹੇ ਹਨ, ਧੀਆਂ ਭੈਣਾਂ ਤੋਂ ਡੰਡ ਬੈਠਕਾਂ ਕਢਵਾਈਆਂ ਜਾ ਰਹੀਆਂ ਹਨ, ਬਜੁਰਗਾਂ ਦੀ ਸਰੇਆਮ ਬੇਇਜਤੀ ਕੀਤੀ ਜਾ ਰਹੀ ਹੈ ਅਤੇ ਫਿਰ ਇਹਨਾਂ ਧੱਕੇਸਾਹੀਆਂ ਦੀ ਵੀਡੀਓ ਬਣਾ ਕੇ ਸੋਸਲ ਮੀਡੀਆ ਤੇ ਵਾਇਰਲ ਕੀਤੀ ਜਾ ਰਹੀ ਹੈ। ਮਹਾਂਮਾਰੀ ਦੇ ਦੌਰ ’ਚ ਸੜਕਾਂ ਤੇ ਨਿਕਲਣ ਦਾ ਕਿਸੇ ਦਾ ਸ਼ੌਕ ਨਹੀਂ ਹੋ ਸਕਦਾ, ਕੁੱਝ ਪੁਲਿਸ ਵਾਲੇ ਨਾ ਕਿਸੇ ਪੜ•ੇ ਲਿਖੇ ਵਿਅਕਤੀ ਨੂੰ ਪੁਛਦੇ ਹਨ, ਨਾ ਕਿਸੇ ਦੀ ਧੌਲੀ ਦਾਹੜੀ ਦੀ ਕਦਰ ਕਰਦੇ ਹਨ ਅਤੇ ਨਾ ਹੀ ਧੀ ਭੈਣ ਦੀ ਇੱਜਤ ਕਰਦੇ ਹਨ। ਜੋ ਸੜਕ ਤੇ ਦਿਸਦਾ ਹੈ ਉਸਦੀ ਗੱਲ ਸੁਣੇ ਵਗੈਰ ਡਾਗਾਂ ਵਰ•ਾਉਣੀਆਂ, ਡੰਡ ਬੈਠਕਾਂ ਕਢਵਾਉਣੀਆਂ ਜਾਂ ਆਪਣੇ ਆਪ ਨੂੰ ਦੇਸ ਸਮਾਜ ਵਿਰੋਧੀ ਕਹਿਣ ਲਈ ਮਜਬੂਰ ਕਰਨਾ, ਹੀ ਉਹ ਆਪਣੀ ਡਿਉਟੀ ਸਮਝ ਰਹੇ ਹਨ। ਇਸ ਨਾਲ ਆਮ ਲੋਕਾਂ ’ਚ ਪੁਲਿਸ ਦਾ ਅਕਸ ਵੀ ਖਰਾਬ ਹੋ ਰਿਹਾ ਹੈ।
ਪੰਜਾਬ ਵਿੱਚ ਪੁਲਿਸ ਵੱਲੋਂ ਇੱਕ ਗਰਭਵਤੀ ਔਰਤ ਨੂੰ ਦਵਾਈ ਦਿਵਾਉਣ ਜਾਂਦੇ ਉਸਦੇ ਪਤੀ ਦੇ ਨੱਕ ਦੀ ਹੱਡੀ ਤੋੜਣ, ਇੱਕ ਨੌਜਵਾਨ ਦੀ ਲੱਤ ਤੋੜ ਦੇਣ, ਕੁੜੀਆਂ ਤੋਂ ਬੈਠਕਾਂ ਕਢਵਾਉਣ, ਲੋਕਾਂ ਨੂੰ ਘਰਾਂ ਤੱਕ ਜਾ ਕੇ ਜਾਂ ਫਸਲਾਂ ਚੋਂ ਲੱਭ ਲੱਭ ਕੇ ਕੁੱਟਣ, ਗੰਦੀਆਂ ਗਾਲਾਂ ਦੇਣ ਆਦਿ ਦੀਆਂ ਪੋਸਟਾਂ ਸੋਸਲ ਮੀਡੀਆ ਤੇ ਚੱਲ ਰਹੀਆਂ ਹਨ। ਇਹਨਾਂ ਜਿਆਦਤੀਆਂ ਦਾ ਹੁਣ ਵਿਰੋਧ ਵੀ ਸੁਰੂ ਹੋ ਗਿਆ ਹੈ, ਇੱਕ ਪਿੰਡ ’ਚ ਲੋਕਾਂ ਨੇ ਪੁਲਿਸ ਵਾਲਿਆਂ ਨੂੰ ਰੋੜੇ ਮਾਰ ਮਾਰ ਕੇ ਭਜਾ ਦਿੱਤਾ ਹੈ, ਇੱਕ ਲੜਕੀ ਨਾਲ ਜਦ ਪੁਲਿਸ ਮੁਲਾਜਮ ਨੇ ਦੁਰਵਿਵਹਾਰ ਕੀਤਾ ਤਾਂ ਉਸਨੇ ਮੁਲਾਜਮ ਵਿੱਚ ਐਕਟਿਵਾ ਮਾਰਨ ਦੀ ਕੋਸਿਸ ਕੀਤੀ, ਇਹ ਵੀ ਸੋਸਲ ਮੀਡੀਆ ਤੇ ਵੇਖਿਆ ਜਾ ਸਕਦਾ ਹੈ। ਪੁਲਿਸ ਵੱਲੋਂ ਧੱਕੇਸ਼ਾਹੀ ਕਰਨ ਅਤੇ ਮੁੜ ਉਸਦਾ ਵਿਰੋਧ ਹੋਣ ਸਦਕਾ ਲੋਕਾਂ ਤੇ ਪੁਲਿਸ ਦੇ ਸਬੰਧਾਂ ਦਰਮਿਆਨ ਤਰੇੜਾਂ ਪੈ ਰਹੀਆਂ ਹਨ, ਜੋ ਚੰਗਾ ਨਹੀਂ ਕਿਹਾ ਜਾ ਸਕਦਾ।
ਮੌਜੂਦਾ ਕਰਫਿਊ ਕੋਈ ਅਪਰਾਧਿਕ ਘਟਨਾਵਾਂ ਜਾਂ ਅੱਤਵਾਦ ਕਾਰਨ ਨਹੀਂ ਲੱਗਿਆ, ਇੱਕ ਕੁਦਰਤੀ ਆਫ਼ਤ ਕਾਰਨ ਲਗਾਇਆ ਗਿਆ ਹੈ। ਇਸ ਲਈ ਪੁਲਿਸ ਦਾ ਕੰਮ ਹੈ ਲੋਕਾਂ ਨੂੰ ਪਿਆਰ ਨਾਲ ਅਪੀਲਾਂ ਕਰਕੇ ਜਾਂ ਸਮਝਾ ਕੇ ਕਾਨੂੰਨ ਤੇ ਅਮਲ ਕਰਵਾਇਆ ਜਾਵੇ। ਜੇਕਰ ਮੁਡੀਹਰ ਨਾ ਸਮਝੇ ਤਾਂ ਭਾਵੇਂ ਥੋੜੀ ਬਹੁਤੀ ਸਖ਼ਤਾਈ ਵੀ ਕੀਤੀ ਜਾਵੇ। ਪੁਲਿਸ ਕਾਨੂੰਨ ਦੀ ਰਾਖੀ ਲਈ ਹੁੰਦੀ ਹੈ, ਉਸਨੂੰ ਇਹ ਅਧਿਕਾਰ ਕਿਸੇ ਕਾਨੂੰਨ ਨੇ ਨਹੀਂ ਦਿੱਤਾ ਕਿ ਸਰੇਆਮ ਆਮ ਲੋਕਾਂ ਦੀ ਕੁੱਟਮਾਰ ਜਾਂ ਬੇਇਜਤੀ ਕਰੇ। ਪਰ ਕੁੱਝ ਕਰਮਚਾਰੀਆਂ ਦੀਆਂ ਜਿਆਦਤੀਆਂ ਨੇ ਅੱਤਵਾਦ ਦਾ ਸਮਾਂ ਮੁੜ ਯਾਦ ਕਰਵਾ ਦਿੱਤਾ ਹੈ।
ਸੋਸਲ ਮੀਡੀਆ ਤੇ ਇੱਕ ਪੁਲਿਸ ਅਧਿਕਾਰੀ ਕਹਿ ਰਿਹਾ ਹੈ, ‘‘ਅਸੀਂ ਲਾਸਾਂ ਨਹੀਂ ਚੱਕਣੀਆਂ ਇਸ ਕਰਕੇ ਹੀ ਡਾਗਾਂ ਚੱਕੀਆਂ ਹਨ’’ ਭਲਾਂ ਇਹ ਕਿਹੜਾ ਕਾਨੂੰਨ ਕਹਿੰਦਾ ਹੈ। ਇੱਕ ਅਧਿਕਾਰੀ ਮਾਈਕ ਤੇ ਕਹਿ ਰਿਹਾ ਹੈ, ‘‘ਬੀਬੀਓ ਭੈਣੋ, ਬੰਦੇ ਕਹਿੰਦੇ ਅਸੀਂ ਘਰੇ ਵਿਹਲੇ ਨਹੀਂ ਬੈਠ ਸਕਦੇ, ਇਹਨਾਂ ਤੋਂ ਕੰਮ ਕਰਾਓ, ਘਰਾਂ ਦੀ ਸਫਾਈ ਕਰਾਓ, ਕੱਪੜੇ ਧੁਆਓ’’ ਕੀ ਪੁਲਿਸ ਦੀ ਡਿਉਟੀ ਇਹੋ ਬਣਦੀ ਹੈ। ਚਿੰਤਾ ਵਿੱਚ ਡੁੱਬੇ ਜਾਂ ਮੌਤ ਦੇ ਖੌਫ਼ ’ਚ ਬੈਠੇ ਲੋਕਾਂ ਤੇ ਡਾਗਾਂ ਵਰਾਉਣੀਆਂ ਡਿਉਟੀ ਨਹੀਂ ਹੈ। ਜਿਹੜੇ ਅਜਿਹੇ ਕੁੱਝ ਕਰਮਚਾਰੀ ਤੇ ਅਧਿਕਾਰੀ ਪੁਲਿਸ ਤੇ ਲੋਕਾਂ ’ਚ ਦੂਰੀਆਂ ਪੈਦਾ ਕਰ ਰਹੇ ਹਨ ਅਤੇ ਫੋਰਸ ਦਾ ਅਕਸ ਵਿਗਾੜ ਰਹੇ ਹਨ, ਉਹਨਾਂ ਨੂੰ ਆਪਣੇ ਪੇਟੀਬੰਦ ਉਹਨਾਂ ਭਰਾਵਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਜੋ ਇਸ ਭਿਆਨਕ ਦੌਰ ਵਿੱਚ ਗਰੀਬਾਂ ਦੇ ਘਰਾਂ ਵਿੱਚ ਲੰਗਰ, ਨਿੱਤ ਵਰਤੋਂ ਦੀਆਂ ਵਸਤਾਂ ਜਾਂ ਮਰੀਜਾਂ ਤੇ ਬਜੁਰਗਾਂ ਲਈ ਦਵਾਈਆਂ ਪਹੁੰਚਾ ਰਹੇ ਹਨ।
ਇਸ ਦੁਖਦਾਈ ਸਮੇਂ ਵਿੱਚ ਪੁਲਿਸ ਅਤੇ ਲੋਕਾਂ ਨੂੰ ਇੱਕ ਦੂਜੇ ਦੇ ਸਹਿਯੋਗੀ ਬਣ ਕੇ ਪਿਆਰ ਮੁਹੱਬਤ ਨਾਲ ਤੇ ਮੋਢੇ ਨਾਲ ਮੋਢਾ ਜੋੜ ਕੇ ਕੁਦਰਤੀ ਆਫ਼ਤ ਦਾ ਟਾਕਰਾ ਕਰਨਾ ਚਾਹੀਦਾ ਹੈ। ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਪੁਲਿਸ ਨੂੰ ਜਾਬਤੇ ਵਿੱਚ ਰਹਿਣ ਦੀਆਂ ਹਦਾਇਤਾਂ ਜਾਰੀ ਕਰੇ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਸਰਕਾਰ ਵੱਲੋਂ ਸਮੇਂ ਸਮੇਂ ਦਿੱਤੇ ਜਾਣ ਵਾਲੇ ਸੁਝਾਵਾਂ ਤੇ ਅਮਲ ਕਰਨ।

Real Estate