ਘਰਾਂ ਵਿਚ ਤਾੜੇ ਲੋਕਾਂ ਨੂੰ ਪਿੰਡਾਂ ਵਿਚ ਅਜੇ ਤੱਕ ਨਹੀਂ ਪਹੁੰਚੀਆਂ ਸਰਕਾਰੀ ਸਹੂਲਤਾਂ ਮਰੀਜ਼ਾਂ ਨੂੰ ਨਹੀਂ ਮਿਲ ਰਹੀਆਂ ਜਰੂਰੀ ਦਵਾਈਆਂ

999

ਸਾਦਿਕ 27 ਮਾਰਚ ( ਗੁਰਭੇਜ ਸਿੰਘ ਚੌਹਾਨ ) ਜਿਲਾ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਸੌਰਭ ਰਾਜ ਨੇ ਐਲਾਨ ਕੀਤਾ ਹੈ ਕਿ ਕੋਰੋਨਾਂ ਵਾਇਰਸ ਨੂੰ ਅੱਗੇ ਵਧਣ ਤੋਂ ਰੋਕਣ ਲਈ ਘਰਾਂ ਵਿਚ ਤਾੜੇ ਗਏ ਲੋਕਾਂ ਨੂੰ ਮੈਡੀਕਲ, ਰਾਸ਼ਨ, ਸਬਜ਼ੀ, ਦੁੱਧ ਆਦਿ ਜਰੂਰੀ ਲੋੜ ਦੀਆਂ ਚੀਜ਼ਾਂ ਘਰ ਘਰ ਪਹੁੰਚਾਈਆਂ ਜਾਣਗੀਆਂ , ਪਰ ਅੱਜ ਤਾਲਾਬੰਦੀ ਦੇ ਚੌਥੇ ਦਿਨ ਪਿੰਡਾਂ ਦੇ ਲੋਕਾਂ ਕੋਲ ਸਰਕਾਰ ਦੀਆਂ ਹਦਾਇਤਾਂ ਵਾਲੀ ਕੋਈ ਵੀ ਲੋੜੀਂਦੀ ਚੀਜ਼ ਨਹੀਂ ਪਹੁੰਚੀ। ਗਰੀਬ ਲੋਕ ਜਿਹੜੇ ਰੋਜ਼ ਦੀ ਕਮਾਕੇ ਖਾਣ ਵਾਲੇ ਹਨ ਉਨ੍ਹਾਂ ਦੇ ਕੰਮ ਬੰਦ ਹੋ ਜਾਣ ਕਾਰਨ ਉਨ੍ਹਾਂ ਕੋਲ ਰਾਸ਼ਨ ਦੀ ਅਤੇ ਨਕਦੀ ਦੀ ਕਮੀ ਆ ਗਈ ਹੈ। ਉਨਾਂ ਕੋਲ ਨਾਂ ਤਾਂ ਸਹਾਇਤਾ ਪਹੁੰਚੀ ਹੈ ਅਤੇ ਨਾਂ ਹੀ ਉਹ ਖੁਦ ਖਰੀਦ ਕਰਕੇ ਆਪਣੀ ਲੋੜ ਪੂਰੀ ਕਰ ਸਕਦੇ ਹਨ , ਜਦੋਂ ਕਿ ਕਰਫਿਊ ਦਾ ਅਜੇ ਚੌਥਾ ਦਿਨ ਹੀ ਹੈ । ਜਿਸ ਕਰਕੇ ਉਨ੍ਹਾਂ ਲਈ ਬੜਾ ਔਖਾ ਸਮਾਂ ਹੈ ਅਤੇ ਉਹ ਲੋਕ ਸੜਕਾਂ ਤੇ ਆਉਣ ਦੀਆਂ ਧਮਕੀਆਂ ਦੇਣ ਲੱਗੇ ਹਨ। ਕੁੱਝ ਸਮਾਜ ਸੇਵੀ ਜੱਥੇਬੰਦੀਆਂ ਆਪਣੇ ਤੌਰ ਤੇ ਲੋਕਾਂ ਦੀ ਮਦਦ ਲਈ ਨਿੱਕਲੀਆਂ ਹਨ ਪਰ ਹਰ ਪਿੰਡ ਹਰ ਘਰ ਪਹੁੰਚਣਾ ਉਨਾਂ ਦੀ ਪਹੁੰਚ ਤੋਂ ਬਾਹਰ ਦੀ ਗੱਲ ਹੈ। ਖਾਣ ਪੀਣ ਦੀਆਂ ਵਸਤਾਂ ਦੇ ਨਾਲ ਨਾਲ ਬੀ ਪੀ, ਦਿਲ ਦੀਆਂ ਬਿਮਾਰੀਆਂ, ਸ਼ੂਗਰ, ਕੈਂਸਰ ਅਤੇ ਹੋਰ ਮੌਸਮੀ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਦਵਾਈਆਂ ਦੀ ਸਖਤ ਲੋੜ ਹੈ, ਕਿਉਂ ਕਿ ਦਵਾਈਆਂ ਨਾਲ ਹੀ ਇਨ੍ਹਾਂ ਲੋਕਾਂ ਦੀ ਜ਼ਿੰਦਗੀ ਸਲਾਮਤ ਹੈ। ਪਰ ਸਿਤਮ ਜ਼ਰੀਫੀ ਇਹ ਹੈ ਕਿ ਸਰਕਾਰ ਨੇ ਮੈਡੀਸਨ ਵਾਲੀਆਂ ਦੁਕਾਨਾਂ ਵੀ ਬੰਦ ਕੀਤੀਆਂ ਹੋਈਆਂ ਹਨ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰ ਅਤੇ ਪਿੰਡਾਂ ਵਿਚ ਬੈਠਕੇ ਆਪਣੇ ਆਪ ਨੂੰ ਪ੍ਰੈਕਟੀਸ਼ਨ ਕਹਾਉਣ ਵਾਲੇ ਵੀ ਆਪਣੇ ਹਸਪਤਾਲ , ਦੁਕਾਨਾਂ ਬੰਦ ਕਰਕੇ ਕੋਰੋਨਾਂ ਤੋਂ ਡਰਦੇ ਇਕਾਂਤਵਾਸ ਚਲੇ ਗਏ ਹਨ। ਜਦੋਂ ਕਿ ਸਰਕਾਰ ਨੂੰ ਇਨ੍ਹਾਂ ਦੀਆਂ ਸੇਵਾਵਾਂ ਸਰਕਾਰੀ ਹਸਪਤਾਲਾਂ ਵਿਚ ਲੈਣੀਆਂ ਚਾਹੀਦੀਆਂ ਹਨ। ਡਿਪਟੀ ਕਮਿਸ਼ਨਰ ਨੇ ਮੈਡੀਸਨ ਵਾਲੀਆਂ ਦੁਕਾਨਾਂ ਦੇ ਨਾਂ ਵੀ ਜਾਰੀ ਕੀਤੇ ਸਨ ਕਿ ਉਹ ਹਰ ਲੋੜ ਵਾਲੇ ਨੂੰ ਘਰ ਘਰ ਮੈਡੀਸਨ ਪਹੁੰਚਾਉਣਗੇ। ਪਰ ਜਦੋਂ ਉਨਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਨਾਂ ਕਿਹਾ ਕਿ ਸਾਡੇ ਲਈ ਪਿੰਡ ਪਿੰਡ ਤੇ ਘਰ ਘਰ ਮੈਡੀਸਨ ਪਹੁੰਚਾਉਣਾ ਸੰਭਵ ਨਹੀਂ। ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਨੂੰ ਦੁਕਾਨਾਂ ਖੋਲਣ ਦਾ ਸਮਾਂ ਦੇਵੇ ਅਤੇ ਉਹ ਲੋੜਵੰਦਾਂ ਨੂੰ ਮੈਡੀਸਨ ਦੇ ਸਕਣ। ਦੂਸਰਾ ਉਨ੍ ਕਿਹਾ ਕਿ ਸਾਡੇ ਕੋਲ ਦਵਾਈ ਦਾ ਸਟਾਕ ਵੀ ਘੱਟ ਹੈ ਅਤੇ ਪਿੱਛੋਂ ਸਪਲਾਈ ਆ ਨਹੀਂ ਰਹੀ। ਸਭ ਤੋਂ ਜਿਆਦਾ ਮੁਸ਼ਕਿਲ ਸ਼ੂਗਰ ਦੇ ਮਰੀਜ਼ਾਂ ਨੂੰ ਆ ਰਹੀ ਹੈ ਜੋ ਰੋਜ਼ਾਨਾਂ ਇੰਸੋਲੀਨ ਲਗਾਉਂਦੇ ਹਨ। ਇਕ ਮੈਡੀਕਲ ਸਟੋਰ ਦੇ ਮਾਲਕ ਨੇ ਦੱਸਿਆ ਕਿ ਉਸ ਕੋਲ ਸਿਰਫ ਚਾਰ ਇੰਜੈਕਸ਼ਨ ਇੰਸੋਲੀਨ ਦੇ ਰਹਿ ਗਏ ਹਨ ਅਤੇ ਨਵੀਂ ਸਪਲਾਈ ਆ ਨਹੀਂ ਰਹੀ। ਪਿੰਡਾਂ ਦੀਆਂ ਸਰਕਾਰੀ ਡਿਸਪੈਂਸਰੀਆਂ ਵਿਚ ਲੋੜੀਂਦੀ ਮੈਡੀਸਨ ਹੀ ਨਹੀਂ। ਪਿੰਡਾਂ ਵਿਚ ਤਾਂ ਲੋਕਾਂ ਨੂੰ ਸਿਰ ਦਰਦ ਦੀ ਗੋਲੀ ਵੀ ਨਹੀਂ ਮਿਲ ਰਹੀ। ਜਿੱਥੋਂ ਤੱਕ ਸਬਜ਼ੀਆਂ ਦੀ ਗੱਲ ਹੈ। ਸਬਜ਼ੀ ਉਤਪਾਦਕ ਮੰਡੀਆਂ ਵਿਚ ਸਬਜ਼ੀ ਨਾਂ ਜਾਣ ਦੇਣ ਤੇ ਸਬਜ਼ੀਆਂ ਸੜਕਾਂ, ਨਹਿਰਾਂ ਦੇ ਕਿਨਾਰਿਆਂ ਤੇ ਸੁੱਟ ਰਹੇ ਹਨ ਅਤੇ ਦੂਸਰੇ ਪਾਸੇ ਲੋੜਵੰਦ ਲੋਕ ਸਬਜ਼ੀ ਨੂੰ ਤਰਸ ਰਹੇ ਹਨ। ਇਹੋ ਹਾਲ ਦੁੱਧ ਦਾ ਹੈ। ਇਹ ਸਾਰੀ ਵਿਉਂਤਬੰਦੀ ਦੀ ਘਾਟ ਕਰਕੇ ਹੋ ਰਿਹਾ ਹੈ। ਪ੍ਰਸ਼ਾਸ਼ਨ ਵਲੋਂ ਬੰਦ ਕਮਰਿਆਂ ਵਿਚ ਬੈਠਕੇ ਮਰਜ਼ੀ ਨਾਲ ਲਏ ਫੈਸਲੇ ਕਦੇ ਲੋਕਾਂ ਦੇ ਮੇਚ ਦੇ ਨਹੀਂ ਹੁੰਦੇ। ਸਰਕਾਰੀ ਮਸ਼ੀਨਰੀ ਕਦੇ ਵੀ ਘਰ ਘਰ ਦਵਾਈਆਂ ਜਾਂ ਹੋਰ ਲੋੜੀਂਦਾ ਸਮਾਨ ਨਹੀਂ ਪਹੁੰਚਾ ਸਕਦੀ।

Real Estate