ਫਰੀਦਕੋਟ -92 ਪਿੰਡਾਂ ਚੋਂ ਵੱਡੀ ਗਿਣਤੀ ਚ ਲੋਕ ਗਏ ਸਨ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਤੇ

1220

ਪਿੰਡ ਪਿੰਡ ਜਾਕੇ ਮੈਡੀਕਲ ਟੀਮਾਂ ਕਰ ਰਹੀਆਂ ਹਨ ਇਕੱਠੀ ਜਾਣਕਾਰੀ
ਸਾਦਿਕ 24 ਮਾਰਚ ( ਗੁਰਭੇਜ ਸਿੰਘ ਚੌਹਾਨ ) ਪਿੰਡ ਪਠਲਾਵਾ ਦੇ ਬਲਦੇਵ ਸਿੰਘ ਐਨ ਆਰ ਆਈ ਦੀ ਕਰੋਨਾਂ ਵਾਇਰਸ ਨਾਲ ਹੋਈ ਮੌਤ ਤੋਂ ਬਾਅਦ ਇਹ ਪਤਾ ਲੱਗਣ ਤੇ ਕਿ ਉਹ ਵਿਅਕਤੀ ਸ਼੍ਰੀ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਤੇ ਵੀ ਘੁੰਮਦਾ ਰਿਹਾ ਸੀ, ਇਹ ਜਾਣਕਾਰੀ ਮਿਲਣ ਤੋਂ ਬਾਅਦ ਸਮੁੱਚੇ ਸਿਹਤ ਵਿਭਾਗ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਜੰਗੀ ਪੱਧਰ ਤੇ ਪਿੰਡ ਪਿੰਡ ਜਾਕੇ ਉਨਾਂ ਲੋਕਾਂ ਦੀ ਪਹਿਚਾਣ ਕਰਨ ਵਿਚ ਲੱਗੀਆਂ ਹੋਈਆਂ ਹਨ ਜੋ ਹੋਲੇ ਮਹੱਲੇ ਤੇ ਅਤੇ ਨਾਦੇੜ ( ਹਜ਼ੂਰ ਸਾਹਿਬ) ਗਏ ਸਨ ਅਤੇ ਇਸਦੇ ਨਾਲ ਨਾਲ ਵਿਦੇਸ਼ ਤੋਂ ਆਏ ਵਿਅਕਤੀਆਂ ਦੀ ਵੀ ਪਹਿਚਾਣ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ: ਰਜੀਵ ਭੰਡਾਰੀ ਐਸ ਐਮ ਓ ਪੀ ਐਚ ਸੀ ਜੰਡ ਸਾਹਿਬ ਅਤੇ ਮਾਸ ਮੀਡੀਆ ਅਫਸਰ ਡਾ: ਪ੍ਰਭਦੀਪ ਸਿੰਘ ਚਾਵਲਾ ਨੇ ਦੱਸਿਆ ਕਿ ਜਿਹੜੇ ਲੋਕ ਇਸ ਘੇਰੇ ਵਿਚ ਆਉਂਦੇ ਹਨ, ਉਨਾਂ ਦੀਆਂ ਲਿਸਟਾਂ ਬਣਾਈਆਂ ਜਾ ਰਹੀਆਂ ਹਨ ਅਤੇ ਘਰਾਂ ਅੱਗੇ ਸਟਿੱਕਰ ਲਗਾਕੇ ਉਨਾਂ ਨੂੰ ਇਕਾਂਤ ਵਾਸ ਰਹਿਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਇਨਾਂ ਸਭ ਦੇ ਟੈਸਟ ਕਰਨ ਦੇ ਵੀ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਇਨਾਂ ਵਿੱਚੋਂ ਜੇਕਰ ਕੋਈ ਪਾਜੇਟਿਵ ਪਾਇਆ ਗਿਆ ਉਸ ਨੂੰ ਇਲਾਜ ਲਈ ਲੈਜਾਇਆ ਜਾਵੇਗਾ। ਡਾ: ਭੰਡਾਰੀ ਨੇ ਇਹ ਵੀ ਅਪੀਲ ਕੀਤੀ ਕਿ ਜਿੱਥੇ ਅਜੇ ਅੀਮਾਂ ਨਹੀਂ ਪਹੁੰਚੀਆਂ, ਅਜਿਹੇ ਵਿਅਕਤੀਆਂ ਨੂੰ ਪਿੰਡਾਂ ਦੇ ਸਰਪੰਚ ਘਰਾਂ ਵਿਚ ਹੀ ਰਹਿਣ ਦੀ ਅਪੀਲ ਕਰਨ , ਸਿਹਤ ਵਿਭਾਗ ਵਲੋਂ ਟੀਮਾਂ ਖੁਦ ਇਨਾਂ ਦੇ ਘਰ ਤੱਕ ਪਹੁੰਚਣਗੀਆਂ ਅਤੇ ਜਾਣਕਾਰੀ ਲੈਣਗੀਆਂ। ਇੱਥੇ ਵਰਨਣਯੋਗ ਹੈ ਕਿ ਪੀ ਐਚ ਸੀ ਜੰਡ ਸਾਹਿਬ ਦੇ ਘੇਰੇ ਵਿਚ 92 ਪਿੰਡ ਆਉਂਦੇ ਹਨ ਅਤੇ ਇਨਾਂ ਪਿੰਡਾਂ ਤੋਂ ਲੋਕ ਹਰ ਸਾਲ ਵੱਡੀ ਗਿਣਤੀ ਵਿਚ ਹੋਲੇ ਮਹੱਲੇ ਤੇ ਜਾਂਦੇ ਹਨ ਅਤੇ ਲੰਗਰ ਵਗੈਰਾ ਵੀ ਲਗਾਉਂਦੇ ਹਨ। ਜਿਨਾਂ ਵਿੱਚੋਂ ਅਰਾਂਈਆਂ ਵਾਲਾ ਕਲਾਂ, ਨਵਾਂ ਕਿਲਾ, ਚੰਦਬਾਜਾ, ਸਾਧਾਂਵਾਲਾ, ਘੋਨੀਵਾਲਾ ਪਿੰਡਾਂ ਦੀ ਸਕਰੀਨਿੰਗ ਕੀਤੀ ਜਾ ਚੁੱਕੀ ਹੈ ਅਤੇ ਇਨਾਂ ਪਿੰਡਾਂ ਵਿਚ 11 ਕੁ ਅਜਿਹੇ ਵਿਅਕਤੀਆਂ ਦੀ ਪਛਾਣ ਹੋਈ ਹੈ ਜਿਨਾਂ ਵਿੱਚੋਂ 4-5 ਨੂੰ ਆਮ ਖੰਘ ਜ਼ੁਕਾਮ ਦਾ ਫਲੂ ਪਾਇਆ ਗਿਆ ਹੈ। ਇਨਾਂ ਦੇ ਟੈਸਟ ਲੈ ਕੇ ਭੇਜੇ ਗਏ ਹਨ ਅਤੇ ਉਨਾਂ ਨੂੰ ਤਦ ਤੱਕ ਲਈ ਇਕਾਂਤਵਾਸ ਰਹਿਣ ਲਈ ਕਿਹਾ ਗਿਆ ਹੈ। ਅਸਲੀ ਤਸਵੀਰ ਤਾਂ ਸਾਰੇ ਪਿੰਡਾਂ ਦੀ ਸਕਰੀਨਿੰਗ ਹੋਣ ਤੇ ਹੀ ਸਾਹਮਣੇ ਆਵੇਗੀ ਕਿ ਇਨਾਂ ਲੋਕਾਂ ਦੀ ਗਿਣਤੀ ਕਿੰਨੀ ਹੈ।

Real Estate