ਗੌਤਮ ਨਵਲੱਖਾ ਤੇ ਅਨੰਦ ਤੇਲਤੂੰਬੜੇ ਵਿਰੁੱਧ ਝੂਠੇ ਕੇਸ ਰੱਦ ਕੀਤੇ ਜਾਣ- ਸਭਾ

2131

ਬਠਿੰਡਾ/ 21 ਮਰਚ/ ਬਲਵਿੰਦਰ ਸਿੰਘ ਭੁੱਲਰ
ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਜਮਹੂਰੀ ਹੱਕਾਂ ਲਈ ਮੂਹਰਲੀਆਂ ਸਫਾਂ ਵਿੱਚ ਹੋ ਕੇ ਸੰਘਰਸ ਕਰਨ ਵਾਲੇ ਤੇ ਅਨੇਕਾਂ ਕਿਤਾਬਾਂ ਦੇ ਲੇਖਕ ਅਤੇ ਚੋਟੀ ਦੇ ਬੁੱਧੀਜੀਵੀਆਂ ਗੌਤਮ ਨਵਲੱਖਾ ਅਤੇ ਅਨੰਦ ਤੇਲਤੂੰਬੜੇ ਦੀ ਭੀਮਾ ਕੋਰੇਗਾਉਂ ਦੀ ਘਟਨਾ ਨਾਲ ਸਬੰਧਤ ਇੱਕ ਝੂਠੇ ਕੇਸ ਵਿੱਚ, ਅਗਾਊ ਜਮਾਨਤ ਦੀਆਂ ਅਰਜੀਆਂ ਰੱਦ ਕਰਨ ਅਤੇ ਤਿੰਨ ਹਫ਼ਤਿਆਂ ਅੰਦਰ ਕੌਮੀ ਤਫ਼ਤੀਸ ਏਜੰਸੀ ਐੱਨ ਆਈ ਏ ਸਾਹਮਣੇ ਪੇਸ਼ ਹੋਣ ਦੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਘੋਰ ਬੇਇਨਸਾਫੀ ਭਰਿਆ ਦੱਸਿਆ ਹੈ। ਸਭਾ ਦੇ ਸੂਬਾ ਪ੍ਰਧਾਨ ਪ੍ਰੋ: ਏ ਕੇ ਮਲੇਰੀ, ਮੀਤ ਪ੍ਰਧਾਨ ਪ੍ਰਿ: ਬੱਗਾ ਸਿੰਘ, ਜਨਰਲ ਸਕੱਤਰ ਪ੍ਰੋ: ਜਗਮੋਹਨ ਸਿੰਘ, ਸਕੱਤਰੇਤ ਮੈਂਬਰ ਡਾ: ਅਜੀਤਪਾਲ ਸਿੰਘ ਤੇ ਪ੍ਰੈਸ ਸਕੱਤਰ ਬੂਟਾ ਸਿੰਘ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਇਹਨਾਂ ਦੋਹਾਂ ਬੁੱਧੀਜੀਵੀਆਂ ਨੂੰ ਇਸ ਕੇਸ ਵਿੱਚ ਉਹਨਾਂ ਦੇ ਲੋਕ ਪੱਖੀ ਵਿਚਾਰਾਂ ਅਤੇ ਸਰਗਰਮੀਆਂ ਕਾਰਨ ਫਸਾਇਆ ਗਿਆ ਹੈ। ਉਹਨਾਂ ਦੋਸ ਲਾਇਆ ਕਿ ਇਸ ਮਕਸਦ ਲਈ ਮਹਾਂਰਾਸਟਰ ਵਿੱਚ ਭਾਜਪਾ ਸਰਕਾਰ ਦੀ ਪੁਣੇ ਪੁਲਿਸ ਨੇ ਬਿਲਕੁੱਲ ਝੂਠੇ ਸਬੂਤ ਘੜੇ ਹਨ।
ਇਸਤੋਂ ਪਹਿਲਾਂ ਪੁਲਿਸ ਨੇ ਇਸੇ ਮਾਮਲੇ ਦੇ ਬਹਾਨੇ 9 ਬੁੱਧੀਜੀਵੀਆਂ ਨੂੰ ਗੈਰਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ ਦੀਆਂ ਗੰਭੀਰ ਧਰਾਵਾਂ ਤਹਿਤ 2018 ਤੋਂ ਗਿਰਫਤਾਰ ਕਰਕੇ ਜੇਲਾਂ ਵਿੱਚ ਡੱਕਿਆ ਹੋਇਆ ਹੈ, ਜਿਹਨਾਂ ਵਿੱਚ ਸੁਧਾ ਭਾਰਦਵਾਜ, ਰੋਨਾ ਵਿਲਸਨ, ਸੁਰਿੰਦਰ ਗੈਡਲਿੰਗ, ਅਰੁਣ ਫਰੇਰਾ, ਵਰਵਰਾ ਰਾਓ ਅਤੇ ਪ੍ਰੋ: ਵਰਨੋਨ ਗੋਂਜਾਲਵੇਜ਼ ਆਦਿ ਸਾਮਲ ਹਨ। ਦੂਜੇ ਪਾਸੇ ਭੀਮਾ ਕੋਰੇਗਾਉਂ ਵਿੱਚ ਦਲਿਤਾਂ ਦੇ ਖਿਲਾਫ ਹਿੰਸਾ ਭੜਕਾਉਣ ਵਾਲੇ ਹਿੰਦੂਤਵੀ ਆਗੂ ਸੰਭਾਜੀ ਭੀੜੇ ਅਤੇ ਮਿਲਿੰਦ ਏਕਬੋਟੇ ਹਕੂਮਤੀ ਛਤਰ ਛਾਇਆ ਹੇਠ ਖੁੱਲ੍ਹੇ ਘੁੰਮ ਰਹੇ ਹਨ।
ਕੁੱਝ ਖੋਜੀ ਪੱਤਰਕਾਰਾਂ ਅਤੇ ਨਿਰਪੱਖ ਕੰਪਿਊਟਰ ਮਾਹਰਾਂ ਵੱਲੋਂ ਰੋਨਾ ਵਿਲਸਨ ਦੇ ਕੰਪਿਊਟਰ ਤੋਂ ਮਿਲੇ ਕੁੱਝ ਕਥਿਤ ਇਤਰਾਜਯੋਗ ਦਸਤਾਵੇਜਾਂ ਦੀ ਘੋਖ ਪੜਤਾਲ ਤੋਂ ਬਾਅਦ ਵਿੱਚ ਇਹ ਸਿੱਟਾ ਕੱਢਿਆ ਗਿਆ ਹੈ ਕਿ ਇਹ ਦਸਤਾਵੇਜ ਦੂਰੋਂ ਕੰਟਰੌਲ ਰਾਹੀਂ ਉਸਦੇ ਕੰਪਿਊਟਰ ਉੱਪਰ ਪਾਏ ਗਏ। ਜਦੋਂ ਹਾਲੀਆ ਵਿਧਾਨ ਸਭਾ ਚੋਣਾਂ ਤੋਂ ਬਾਅਦ ਮਹਾਂ ਰਾਸਟਰ ਵਿੱਚ ਨਵੀਂ ਸਰਕਾਰ ਬਣੀ ਅਤੇ ਉਸਨੇ ਇਸ ਸਾਰੇ ਮਾਮਲੇ ਦੀ ਨਵੇਂ ਸਿਰਿਉਂ ਤਫਤੀਸ ਕਰਨ ਲਈ ਵਿਸੇਸ਼ ਜਾਂਚ ਟੀਮ ਬਣਾਉਣ ਦਾ ਫੈਸਲਾ ਲਿਆ ਤਾਂ ਕੇਂਦਰ ਦੀ ਭਾਜਪਾ ਸਰਕਾਰ ਨੇ ਆਪਣਾ ਝੂਠ ਨੰਗਾ ਹੋਣ ਤੋਂ ਬਚਾਉਣ ਲਈ, ਇਹ ਕੇਸ ਪੁਣੇ ਪੁਲਿਸ ਤੋਂ ਖੋਹ ਕੇ ਕੌਮੀ ਜਾਂਚ ਏਜੰਸੀ ਦੇ ਹਵਾਲੇ ਕਰ ਦਿੱਤਾ, ਜਿਸਦੀ ਭਰੋਸੇਯੋਗਤਾ ਪਹਿਲਾਂ ਹੀ ਸਵਾਲਾਂ ਦੇ ਘੇਰੇ ਵਿੱਚ ਹੈ। ਸਭਾ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਜਮਹੂਰੀ ਹੱਕਾਂ ਦੀ ਲਹਿਰ ਦੇ ਆਗੂਆਂ ਅਤੇ ਬੁੱਧੀਜੀਵੀਆਂ ਵਿਰੁੱਧ ਦਰਜ ਭੀਮਾ ਕੋਰੇਗਾਉਂ ਕੇਸ ਰੱਦ ਕੀਤੇ ਜਾਣ ਅਤੇ ਉਹਨਾਂ ਨੂੰ ਤੁਰੰਤ ਜੇਲ੍ਹਾਂ ਚੋਂ ਰਿਹਾਅ ਕੀਤਾ ਜਾਵੇ। ਸਭਾ ਦੇ ਆਗੂਆਂ ਨੇ ਇਕਾਈਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਸਮਰੱਥਾ ਅਨੁਸਾਰ ਗੌਤਮ ਨਵਲੱਖਾ ਅਤੇ ਅਨੰਦ ਤੇਲਤੂੰਬੜੇ ਦੀ ਗਿਰਫਤਾਰੀ ਵਿਰੁੱਧ ਰੋਸ ਪ੍ਰਗਟਉਣ।

Real Estate