ਅਜੀਜ ਖ਼ਾਨ ਨੇ ਮੈਨੂੰ ਓਦੋਂ ਪਛਾਣਿਆਂ ਜਦੋਂ ਹੋਰਨਾਂ ਨੇ ਪਛਾਨਣ ਤੋਂ ਨਾਂਹ ਕਰ ਦਿੱਤੀ ਸੀ-ਸ਼ੋਏਬ ਅਖਤਰ

1797

ਹਰਪ੍ਰੀਤ ਸਿੰਘ ਜਵੰਦਾ

ਸ਼ੋਏਬ ਅਖਤਰ ਦੁਨੀਆਂ ਦਾ ਬੇਹਤਰੀਨ ਤੇਜ ਗੇਂਦ-ਬਾਜ..ਦੱਸਦਾ ਏ ਕੇ ਸੰਘਰਸ਼ ਵਾਲੇ ਮੁਢਲੇ ਦਿਨਾਂ ਵਿਚ ਇੱਕ ਵਾਰ ਟਰਾਇਲ ਦੇਣ ਰਾਵਲਪਿੰਡੀ ਤੋਂ ਬਿਨਾ ਟਿਕਟ ਸਫ਼ਰ ਕਰ ਲਾਹੌਰ ਪਹੁੰਚਿਆ ਤਾਂ ਅੱਗੋਂ ਰਾਤ ਪੈ ਗਈ ਸੀ..

ਬੋਝੇ ਵਿਚ ਸਿਰਫ ਬਾਰਾਂ ਰੁਪਈਏ.. ਫੁੱਟਪਾਥ ਤੇ ਸੁੱਤੇ ਪਏ ਅਜੀਜ ਖ਼ਾਨ ਨਾਮ ਦੇ ਟਾਂਗੇ ਵਾਲੇ ਨੂੰ ਗੁਜਾਰਿਸ਼ ਕੀਤੀ ਕੇ ਭਰਾਵਾਂ ਰੋਟੀ ਅਤੇ ਰਾਤ ਰਹਿਣ ਦਾ ਮਸਲਾ ਏ ਕੋਈ ਮਦਤ ਕਰ ਸਕਦਾ ਏ ਤਾ ਕਰ ਦੇ..!
ਡੀਲ ਡੌਲ ਵੇਖ ਅਗਿਓਂ ਪੁੱਛਣ ਲੱਗਾ ਕੇ ਤੂੰ ਪਾਕਿਸਤਾਨੀ ਟੀਮ ਲਈ ਖੇਡਦਾ ਏਂ?

ਜੁਆਬ ਦਿੱਤਾ ਕੇ ਖੇਡਦਾ ਤੇ ਨਹੀਂ ਪਰ ਇਨਸ਼ਾ-ਅੱਲਾ ਇੱਕ ਦਿਨ ਜਰੂਰ ਖੇਡੂੰ..
ਅੱਗਿਓਂ ਮੇਰੀਆਂ ਅੱਖਾਂ ਵਿਚ ਸੱਚਾਈ ਦਾ ਝਲਕਾਰਾ ਵੇਖ ਆਖਣ ਲੱਗਾ ਕੇ ਜਦੋਂ ਕਦੀ ਵੀ ਕੌਮੀ ਟੀਮ ਲਈ ਖੇਡੇਗਾ ਤਾਂ ਮਨੋਂ ਨਾ ਵਿਸਾਰ ਦੇਵੀਂ..ਇਸ ਗਰੀਬ “ਅਜੀਜ ਖ਼ਾਨ” ਨੂੰ ਚੇਤੇ ਜਰੂਰ ਰਖੀਂ..!

ਦਿਲ ਵਿਚ ਆਖਿਆ ਕੇ ਦੋਸਤਾਂ ਤੈਨੂੰ ਕੀ ਪਤਾ ਤੂੰ ਆਪਣੇ ਦਿੱਲ ਵਿਚ ਕਿੰਨੀ ਅਮੀਰੀ ਸਾਂਭੀ ਬੈਠਾ..
ਮਗਰੋਂ ਤਾਕੀਦ ਕੀਤੀ ਕੇ ਭਵਿੱਖ ਵਿਚ ਜਦੋਂ ਕਦੀ ਵੀ ਕੌਮੀ ਪੱਧਰ ਦਾ ਕੋਈ ਖਿਡਾਰੀ ਤੇਰੇ ਬਾਰੇ ਪੁੱਛਦਾ-ਪੁਛਾਉਂਦਾ ਏਧਰ ਨੂੰ ਆ ਜਾਵੇ ਤਾਂ ਸਮਝ ਲਵੀਂ ਕੇ ਉਹ ਮੈਂ ਹੀ ਹੋਵਾਂਗਾ..

ਮਗਰੋਂ ਉਸਨੇ ਪੱਲਿਓਂ ਪੈਸੇ ਖਰਚ ਮੇਰੀ ਰੋਟੀ-ਪਾਣੀ ਦਾ ਬੰਦੋਬਸਤ ਕੀਤਾ..
ਸਾਉਣ ਲਈ ਫੁੱਟਪਾਥ ਤੇ ਆਪਣੀ ਮੱਲੀ ਹੋਈ ਜਗਾ ਦਿੱਤੀ ਤੇ ਅਗਲੀ ਸੁਵੇਰ ਆਪਣੇ ਟਾਂਗੇ ਤੇ ਬਿਠਾ ਟਰਾਇਲ ਵਾਲੀ ਥਾਂ ਤੇ ਖੁਦ ਛੱਡਣ ਆਇਆ..!

ਕੁਝ ਸਾਲਾਂ ਬਾਅਦ ਜਦੋਂ ਮੇਰੀ ਗੁੱਡੀ ਆਸਮਾਨ ਤੇ ਪੂਰੀ ਤਰਾਂ ਚੜ ਚੁਕੀ ਸੀ ਤਾਂ ਲਾਹੌਰ ਆਏ ਨੂੰ ਇੱਕ ਦਿਨ ਓਸੇ ਅਜੀਜ ਖ਼ਾਨ ਚੇਤੇ ਆ ਗਿਆ..
ਸਿਰ ਤੇ ਵਿਗ ਪਾਈ..ਐਨਕਾਂ ਲਾਈਆਂ ਤੇ ਭੇਸ ਬਦਲ ਕੇ ਅਜੀਜ ਖ਼ਾਨ ਨੂੰ ਲੱਭਣ ਤੁਰ ਪਿਆ..
ਉਹ ਠੀਕ ਓਸੇ ਥਾਂ ਆਪਣਾ ਟਾਂਗਾ ਖਲਿਆਰ ਸੁੱਤਾ ਪਿਆ ਸੀ..
ਹੁੱਝ ਮਾਰ ਜਗਾਇਆ..
ਅੱਗਿਓਂ ਅੱਖਾਂ ਮਲਦਾ ਹੋਇਆ ਉੱਠ ਖਲੋਤਾ ਤੇ ਅਣਜਾਣ ਸ਼ਹਿਰੀ ਵੇਖ ਡਰ ਜਿਹਾ ਗਿਆ..!
ਆਪਣੀ ਪਛਾਣ ਦੱਸੀ ਤਾਂ ਖੁਸ਼ੀ ਵਿਚ ਖੀਵੇ ਹੁੰਦੇ ਹੋਏ ਨੇ ਜੱਫੀ ਪਾ ਲਈ ਤੇ ਅੱਖੀਆਂ ਵਿਚ ਖੁਸ਼ੀ ਦੇ ਹੰਜੂ ਆ ਗਏ..

ਏਨੇ ਚਿਰ ਨੂੰ ਆਪਣੇ ਕੌਮੀ ਹੀਰੋ ਨੂੰ ਪਛਾਣ ਕਿੰਨੇ ਸਾਰੇ ਲੋਕ ਆਲੇ ਦਵਾਲੇ ਇੱਕਠੇ ਹੋਣੇ ਸ਼ੁਰੂ ਹੋ ਗਏ..
ਪਰ ਮੈਂ ਉਸਨੂੰ ਪਾਈ ਹੋਈ ਗੱਲਵੱਕੜੀ ਢਿਲੀ ਨਾ ਹੋਣ ਦਿੱਤੀ ਤੇ ਆਖਿਆ ਕੇ ਇਹ ਓਹੀ ਅਜੀਜ ਖ਼ਾਨ ਏ ਜਿਸਨੇ ਮੈਨੂੰ ਓਦੋਂ ਪਛਾਣਿਆਂ ਸੀ ਜਦੋਂ ਮੈਨੂੰ ਹੋਰਨਾਂ ਨੇ ਪਛਾਨਣ ਤੋਂ ਨਾਂਹ ਕਰ ਦਿੱਤੀ ਸੀ..!

ਫੇਰ ਅਜੀਜ ਖਾਣ ਨੇ ਮੈਨੂੰ ਇੱਕ ਵਾਰ ਫੇਰ ਪੱਲਿਓਂ ਖਰਚ ਰੋਟੀ ਖੁਵਾਈ ਤੇ ਅਸੀਂ ਦੋਵੇਂ ਕਿੰਨੀ ਦੇਰ ਤੱਕ ਓਸੇ ਟਾਂਗੇ ਤੇ ਲਾਹੌਰ ਦੀਆਂ ਸੜਕਾਂ ਤੇ ਘੁੰਮਦੇ ਫਿਰਦੇ ਰਹੇ..!
ਤੁਰਨ ਲਗਿਆਂ ਕੁਝ ਪੈਸੇ ਦੇਣ ਲਗਿਆਂ ਤਾਂ ਏਨੀ ਗੱਲ ਆਖ ਨਾਂਹ ਕਰ ਦਿੱਤੀ ਕੇ ਯਾਰ ਆਪਣੀ ਏਡੀ ਪੂਰਾਣੀ ਦੋਸਤੀ ਨੂੰ ਪੈਸੇ ਵਾਲੀ ਤੱਕੜੀ ਵਿਚ ਤੋਲ ਏਨਾ ਹੌਲਿਆਂ ਨਾ ਕਰ..!

ਮੈਂ ਅਜੀਜ ਖ਼ਾਨ ਨੂੰ ਚਾਰ ਸਾਲ ਪਹਿਲਾਂ ਓਦੋਂ ਤੱਕ ਮਿਲਦਾ ਰਿਹਾ ਜਦੋਂ ਤੱਕ ਉਹ ਫੌਤ ਨਹੀਂ ਹੋ ਗਿਆ..ਕਿਓੰਕੇ ਮੇਰੀ ਸਫਲਤਾ ਵਾਲੀ ਉਚੀ ਇਮਾਰਤ ਦੀ ਨੀਂਹ ਨੂੰ ਲੱਗਣ ਵਾਲੀ ਪਹਿਲੀ ਇੱਟ ਨੂੰ ਲੱਗਣ ਵਾਲਾ ਗਾਰਾ ਓਸੇ ਅਜੀਜ ਖ਼ਾਨ ਦੇ ਬੋਝੇ ਵਿਚੋਂ ਨਿਕਲੇ ਪੈਸਿਆਂ  ਨਾਲ ਹੀ ਖਰੀਦਿਆ ਗਿਆ ਸੀ..!

ਸੋ ਦੋਸਤੋ ਪਦਾਰਥਵਾਦ ਦੀ ਵਗਦੀ ਇਸ ਹਨੇਰੀ ਵਿਚ ਅੰਬਰੀ ਉੱਡਦੇ ਕਿੰਨੇ ਸਾਰੇ ਸ਼ੋਏਬ ਐਸੇ ਵੀ ਨਜ਼ਰੀਂ ਪਏ ਹੋਣੇ ਜਿਹਨਾਂ ਸਿਖਰ ਵਾਲੀ ਉਤਲੀ ਹਵਾਏ ਪੈ ਕੇ ਆਪਣੇ ਓਹਨਾ ਅਨੇਕਾਂ ਅਜੀਜਾਂ ਦੀ ਕੋਈ ਖੈਰ ਸਾਰ ਨਹੀਂ ਲਈ ਜਿਹਨਾਂ ਔਕੜ ਵੇਲੇ ਓਹਨਾ ਨੂੰ ਆਪਣੀ ਤਲੀ ਤੇ ਬਿਠਾ ਕੇ ਖੁਦ ਆਪਣੇ ਦਿਲ ਦਾ ਮਾਸ ਖਵਾਇਆ ਹੋਵੇਗਾ!

ਪਰ ਕੁਦਰਤ ਦਾ ਇੱਕ ਅਸੂਲ ਐਸਾ ਵੀ ਹੈ ਜਿਹੜਾ ਹਰੇਕ ਤੇ ਲਾਗੂ ਹੁੰਦਾ ਏ ਕੇ ਇਨਸਾਨ ਅਤੇ ਪੰਖੇਰੂ ਜਿੰਨੀ ਜਿਆਦਾ ਉਚਾਈ ਤੋਂ ਹੇਠਾਂ ਡਿੱਗਦਾ ਏ ਓਨੀ ਹੀ ਉਸਦੇ ਬਚਣ ਦੀ ਸੰਭਾਵਨਾ ਘੱਟ ਹੁੰਦੀ ਏ..!

 

Real Estate