ਨਿਰਭੈਯਾ ਕਾਂਡ ਦਾ ਇਨਸਾਫ਼ ਸੰਘਰਸ਼ ਦੀ ਜਿੱਤ

ਮਨੁੱਖ ਨੂੰ ਮੌਤ ਦੇ ਘਾਟ ਉਤਾਰਨਾ ਕੁਦਰਤ ਦੇ ਨਿਯਮਾਂ ਵਿਰੁੱਧ, ਪਰ ਅਪਰਾਧ ਅਨੁਸਾਰ ਨਿਆਂ ਜਾਇਜ਼
ਬਲਵਿੰਦਰ ਸਿੰਘ ਭੁੱਲਰ
ਨਿਰਭੈਯਾ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਮਿਲਣ ਦੇ ਵਰਤਾਰੇ ਵਿੱਚ ਹੋਈ ਸਾਲਾਂ ਬੱਧੀ ਦੇਰੀ ਨੇ ਬਹੁਤ ਸਾਰੇ ਸੁਆਲ ਖੜੇ ਕਰ ਦਿੱਤੇ ਸਨ, ਕਦੇ ਜਾਪਦਾ ਕਿ ਦੋਸ਼ੀਆਂ ਨੂੰ ਸਜਾ ਦੇਣ ਦਾ ਦਿਨ ਆ ਗਿਆ ਹੈ, ਪਰ ਫੇਰ ਕਿਸੇ ਨਾ ਕਿਸੇ ਬਹਾਨੇ ਦੋਸੀ ਫਾਂਸੀ ਦੀ ਸਜਾ ਟਾਲਣ ਵਿੱਚ ਸਫ਼ਲ ਹੋ ਜਾਂਦੇ। ਕਈ ਵਾਰ ਅਜਿਹਾ ਹੋਣ ਤੇ ਇਉਂ ਲਗਦਾ ਕਿ ਨਿਰਭੈਯਾ ਨੂੰ ਇਨਸਾਫ ਨਹੀਂ ਮਿਲੇਗਾ। 20 ਮਾਰਚ 2020 ਦਾ ਦਿਨ ਚੜਦਿਆਂ ਹੀ ਨਿਰਭੈਯਾ ਨੂੰ ਇਨਸਾਫ ਮਿਲਿਆ ਤਾਂ ਦੇਸ ਵਾਸੀਆਂ ਨੇ ਤਸੱਲੀ ਦਾ ਪ੍ਰਗਟਾਵਾ ਕੀਤਾ।
ਨਿਰਭੈਯਾ ਕਾਂਡ 16 ਦਸੰਬਰ 2012 ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵਾਪਰਿਆ। ਉਸ ਰਾਤ ਨੂੰ ਇੱਕ ਲੜਕੀ ਆਪਣੇ ਮਿੱਤਰ ਲੜਕੇ ਨਾਲ ਯਾਦਵ ਟਰੈਵਰਲਜ ਦੀ ਬੱਸ ਨੰਬਰ 0149 ਵਿੱਚ ਸਫ਼ਰ ਕਰ ਰਹੀ ਸੀ, ਤਾਂ ਬੱਸ ਵਿੱਚ ਸਵਾਰ ਗੁੰਡਿਆਂ ਨੇ ਲੜਕੀ ਤੇ ਕਈ ਕੁਮੈਂਟ ਕਸੇ, ਜਦ ਲੜਕੀ ਨੇ ਅਣਸੁਣੀ ਕਰ ਦਿੱਤੀ ਤਾਂ ਉਹ ਸਰੇਆਮ ਛੇੜਛਾੜ ਕਰਨ ਲੱਗ ਪਏ। ਲੜਕਾ ਲੜਕੀ ਵੱਲੋਂ ਇਤਰਾਜ ਕਰਨ ਤੇ ਉਹਨਾਂ ਦੋਵਾਂ ਦੀ ਮਾਰਕੁੱਟ ਕੀਤੀ ਅਤੇ ਪੰਜਾਂ ਗੁੰਡਿਆਂ ਤੇ ਬੱਸ ਦੇ ਡਰਾਇਵਰ ਨੇ ਇਸ ਅਤੀ ਘਿਨਾਉਣੀ ਘਟਨਾ ਨੂੰ ਅੰਜਾਮ ਦਿੱਤਾ। ਲੜਕੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਲੜਕੀ ਉਹਨਾਂ ਦਾ ਮੁਕਾਬਲਾ ਕਰਦੀ ਰਹੀ, ਆਖ਼ਰ ਥੱਕ ਟੁੱਟ ਕੇ ਉਹ ਅਰਧ ਬੇਹੋਸ਼ੀ ਦੀ ਹਾਲਤ ਵਿੱਚ ਚਲੀ ਗਈ। ਗੁੰਡੇ ਫਿਰ ਵੀ ਜਦ ਸਫ਼ਲ ਨਾ ਹੋਏ ਤਾਂ ਉਹਨਾਂ ਲੜਕੀ ਦੇ ਗੁਪਤ ਅੰਗ ਵਿੱਚ ਜੈਕ ਦੀ ਰਾੜ ਪਾ ਕੇ ਉਸਦੀਆਂ ਅੰਤੜੀਆਂ ਨੂੰ ਜਖ਼ਮੀ ਕਰ ਦਿੱਤਾ ਅਤੇ ਫਿਰ ਦੋਵਾਂ ਨੂੰ ਕਿਸੇ ਉਜਾੜ ਥਾਂ ਤੇ ਸੁੱਟ ਕੇ ਚਲੇ ਗਏ। ਇਸ ਉਪਰੰਤ ਉਹਨਾਂ ਨੂੰ ਦਿੱਲੀ ਦੇ ਸ਼ਫਦਰਗੰਜ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਪਰ ਹਾਲਤ ਵਿੱਚ ਸੁਧਾਰ ਨਾ ਹੋਣ ਕਾਰਨ 26 ਦਸੰਬਰ 2012 ਨੂੰ ਲੜਕੀ ਨੂੰ ਇਲਾਜ ਲਈ ਸਿੰਗਾਪੁਰ ਦੇ ਮਾਉਂਟ ਐਲਜਾਬੈਥ ਹਸਪਤਾਲ ਭੇਜ ਦਿੱਤਾ, ਜਿੱਥੇ 29 ਦਸੰਬਰ 2012 ਨੂੰ ਉਸਦੀ ਮੌਤ ਹੋ ਗਈ।
ਦਿੱਲੀ ਪੁਲਿਸ ਨੇ ਇਸ ਅਤੀ ਘਿਨਾਉਣੇ ਕਾਂਡ ਸਬੰਧੀ ਬਲਾਤਕਾਰ, ਹੱਤਿਆ, ਅਗਵਾ, ਲੁੱਟਮਾਰ ਤੇ ਹਮਲਾ ਕਰਨ ਦੇ ਦੋਸ਼ਾਂ ਤਹਿਤ ਮਨੁੱਖੀ ਜਾਮੇ ਵਿੱਚ ਲੁਕੇ ਵਹਿਸੀ ਦਰਿੰਦਿਆਂ ਰਾਮ ਸਿੰਘ, ਮੁਕੇਸ ਸਿੰਘ, ਵਿਨੈ ਸਰਮਾਂ, ਪਵਨ ਗੁਪਤਾ, ਮੁਹੰਮਦ ਅਫਰੋਜ ਤੇ ਅਕਸੈ ਠਾਕੁਰ ਵਿਰੁੱਧ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਕਾਬੂ ਕਰ ਲਿਆ ਅਤੇ ਅਦਾਲਤ ਵਿੱਚ ਪੇਸ ਕਰ ਦਿੱਤਾ। ਪਰ ਲੜਕੀ ਦੀ ਪਹਿਚਾਣ ਗੁਪਤ ਰੱਖਣ ਲਈ ਨਿਰਭੈਯਾ ਨਾਂ ਵਰਤਿਆ ਗਿਆ ਅਤੇ ਸਮੁੱਚੇ ਦੇਸ਼ ਭਰ ਵਿੱਚ ਨਿਰਭੈਯਾ ਕਾਂਡ ਦਾ ਜੋਰਦਾਰ ਵਿਰੋਧ ਹੋਇਆ ਅਤੇ ਦੋਸੀਆਂ ਨੂੰ ਸਖਤ ਸਜਾਵਾਂ ਦਿਵਾਉਣ ਲਈ ਪ੍ਰਦਰਸਨ ਕੀਤੇ, ਮੁਜਾਹਰੇ ਹੋਏ, ਧਰਨੇ ਲਾਏ ਜਾਂਦੇ ਰਹੇ। ਇਸੇ ਦੌਰਾਨ ਇੱਕ ਦੋਸੀ ਰਾਮ ਸਿੰਘ ਨੇ 11 ਮਾਰਚ 2013 ਨੂੰ ਜੇਲ ਅੰਦਰ ਹੀ ਫਾਹਾ ਲੈ ਕੇ ਖੁਦਕਸ਼ੀ ਕਰ ਲਈ।
ਨਿਰਭੈਯਾ ਕਾਂਡ ਵਾਪਰਨ ਤੋਂ ਬਾਅਦ ਹੀ ਦੇਸ ਭਰ ਵਿੱਚ ਔਰਤਾਂ ਦੀ ਸੁਰੱਖਿਆ ਲਈ ਵਿਆਪਕ ਤੌਰ ਤੇ ਆਵਾਜ਼ ਬੁ¦ਦ ਹੋਈ। ਇਸਤੋਂ ਬਾਅਦ ਹੀ ਬਲਾਤਕਾਰ ਹੱਤਿਆ ਵਾਰਦਾਤਾਂ ਦੇ ਦੋਸੀਆਂ ਨੂੰ ਮੌਤ ਦੀ ਸਜਾ ਦੇਣ ਦੀ ਮੰਗ ਉ¤ਠੀ ਅਤੇ ਸੰਸਦ ਨੇ ਇਕਮੁੱਠਤਾ ਦਿਖਾਉਂਦਿਆਂ ਮੌਤ ਦੀ ਸਜਾ ਨੂੰ ਸਹਿਮਤੀ ਦਿੱਤੀ। ਇਹ ਕੇਸ ਦਿੱਲੀ ਦੀ ਅਦਾਲਤ ਵਿੱਚ ਚੱਲਿਆ ਅਤੇ ਵਿਸੇਸ ਤੌਰ ਤੇ ਗਠਿਤ ਕੀਤੀ ਫਾਸਟ ਟਰੈਕ ਅਦਾਲਤ ਨੇ 13 ਸਤੰਬਰ 2013 ਨੂੰ ਚਾਰ ਦੋਸੀਆਂ ਮੁਕੇਸ ਸਿੰਘ, ਵਿਨੈ ਸਰਮਾਂ, ਪਵਨ ਗੁਪਤਾ ਤੇ ਅਕਸੈ ਕੁਮਾਰ ਨੂੰ ਫਾਂਸੀ ਦੀ ਸਜਾ ਸੁਣਾਈ, ਜਦ ਕਿ ਇੱਕ ਦੋਸ਼ੀ ਮੁਹੰਮਦ ਅਫਰੋਜ ਨੂੰ ਨਬਾਲਗ ਹੋਣ ਦਾ ਲਾਭ ਦਿੰਦਿਆਂ ਪਹਿਲਾਂ ਬਾਲ ਸੁਧਾਰ ਘਰ ਭੇਜਿਆ ਅਤੇ ਤਿੰਨ ਸਾਲਾਂ ਬਾਅਦ 20 ਦਸੰਬਰ 2015 ਨੂੰ ਉਸਨੂੰ ਜਮਾਨਤ ਤੇ ਰਿਹਾਅ ਕਰ ਦਿੱਤਾ ਗਿਆ। ਇਸ ਘਿਨਾਉਣੀ ਕਾਰਵਾਈ ਨੂੰ ਅੰਜਾਮ ਦੇਣ ਵਾਲਿਆਂ ਵਿੱਚੋਂ ਸਭ ਤੋਂ ਵੱਧ ਦਰਿੰਦਗੀ ਕਰਨ ਵਾਲਾ ਇਹੀ ਨਬਾਲਗ ਦੋਸੀ ਸੀ। ਇੱਥੇ ਇਹ ਵੀ ਸਵਾਲ ਉਠਦਾ ਹੈ ਕਿ ਜੇ ਉਹ ਨਬਾਲਗ ਸੀ ਤਾਂ ਕੀ ਉਸਨੇ ਦਰਿੰਦਗੀ ਨਹੀਂ ਕੀਤੀ ਕੀ ਉਹ ਦੋਸੀ ਨਹੀਂ ਅਤੇ ਜੇ ਦੋਸ਼ੀ ਹੈ ਤਾਂ ਉਸਨੂੰ ਮੁਆਫ਼ੀ ਕਿਉ? ਪਰ ਭਾਰਤੀ ਕਾਨੂੰਨ ਦਾ ਉਸਨੂੰ ਫਾਇਦਾ ਹੋ ਗਿਆ। ਅੱਜ ਕੱਲ ਉਹ ਆਪਣਾ ਨਾਂ ਬਦਲ ਕੇ ਲੋਕਾਂ ਵਿੱਚ ਵਿਚਰ ਰਿਹਾ ਹੈ। ਇਸ ਉਪਰੰਤ ਸੁਪਰੀਮ ਕੋਰਟ ਨੇ 27 ਮਾਰਚ 2017 ਨੂੰ ਚਾਰਾਂ ਦੋਸੀਆਂ ਦੀ ਫਾਂਸੀ ਸਜ਼ਾ ਇੰਨ ਬਿੰਨ ਰੱਖ ਦਿੱਤੀ।
ਗ੍ਰਹਿ ਵਿਭਾਗ ਰਾਹੀਂ ਚਾਰਾਂ ਫਾਂਸੀ ਦੀ ਸਜਾ ਵਾਲੇ ਦੋਸੀਆਂ ਦੀ ਰਹਿਮ ਦੀ ਅਪੀਲ ਦੇਸ ਦੇ ਰਾਸਟਰਪਤੀ ਕੋਲ ਕਰ ਦਿੱਤੀ ਸੀ, ਜਦ ਕਿ ਇੱਕ ਦੋਸੀ ਅਕਸੈ ਠਾਕੁਰ ਨੇ ਪੁਨਰ ਵਿਚਾਰ ਜਾਚਿਕਾ ਸੁਪਰੀਮ ਕੋਰਟ ਵਿੱਚ ਦਾਇਰ ਕਰ ਦਿੱਤੀ, ਜਿਸਦਾ ਮਕਸਦ ਸਿਰਫ਼ ਮਾਮਲਾ ਲਟਕਾਉਣਾ ਹੀ ਸੀ, ਇੱਥੇ ਹੀ ਬੱਸ ਨਹੀਂ ਘਟਨਾ ਦੇ ਸੱਤ ਸਾਲ ਬਾਅਦ ਇੱਕ ਦੋਸੀ ਪਵਨ ਗੁਪਤਾ ਨੇ ਆਪਣੇ ਵਕੀਲ ਰਾਹੀਂ ਅਦਾਲਤ ਵਿੱਚ ਅਰਜੀ ਦੇ ਦਿੱਤੀ ਕਿ ਉਹ ਘਟਨਾ ਸਮੇਂ ਨਬਾਲਗ ਸੀ। ਇਹ ਦਰਖਾਸਤ ਵੀ ਦੇਰੀ ਕਰਨ ਲਈ ਹੀ ਸੀ। ਇਸ ਪੁਨਰ ਜਾਚਿਕਾ ਦਾ ਫੈਸਲਾ 18 ਦਸੰਬਰ 2019 ਨੂੰ ਸੁਣਾਉਂਦਿਆਂ ਉਸਨੂੰ ਰੱਦ ਕਰ ਦਿੱਤਾ ਗਿਆ ਹੈ।
ਰਾਸ਼ਟਰਪਤੀ ਵੱਲੋਂ ਦੋਸੀਆਂ ਦੀਆਂ ਰਹਿਮ ਦੀਆਂ ਅਪੀਲਾਂ ਰੱਦ ਕਰ ਦੇਣ ਉਪਰੰਤ ਦਰਿੰਦਿਆਂ ਨੂੰ ਫਾਂਸੀ ਦੇਣ ਦੀ ਪ੍ਰਕਿਰਿਆ ਸੁਰੂ ਹੋਈ। ਫਾਂਸੀ ਦੇਣ ਲਈ ਬਿਹਾਰ ਤੋਂ ਨਵੇਂ ਰੱਸੇ ਤਿਆਰ ਕਰਵਾ ਲਏ ਗਏ ਹਨ ਅਤੇ ਇਹਨਾਂ ਰੱਸਿਆਂ ਨਾਲ ਮਿੱਟੀ ਦੀਆਂ ਭਰੀਆਂ ਬੋਰੀਆਂ ਲਟਕਾ ਕੇ ਪਰਖ ਵੀ ਕਰ ਲਈ ਗਈ। ਮੇਰਠ ਦੇ ਫਾਂਸੀ ਦੇਣ ਵਾਲੇ ਜੱਲਾਦ ਪਵਨ ਕੁਮਾਰ ਨੂੰ ਤਿਆਰ ਰਹਿਣ ਦਾ ਸੁਨੇਹਾ ਦਿੱਤਾ ਗਿਆ। ਅਪੀਲਾਂ ਖਾਰਜ ਹੋਣ ਤੇ ਨਿਰਭੈਯਾ ਦੇ ਮਾਪਿਆਂ ਨੇ ਸੱਚ ਦੀ ਜਿੱਤ ਕਹਿੰਦਿਆਂ ਤਸੱਲੀ ਦਾ ਪ੍ਰਗਟਾਵਾ ਤਾਂ ਕੀਤਾ, ਪਰ ਨਾਲ ਹੀ ਉਹਨਾਂ ਕਿਹਾ ਕਿ ਇਹ ਲੜਾਈ ਕੇਵਲ ਉਹਨਾਂ ਦੀ ਬੱਚੀ ਦੇ ਨਿਆਂ ਨਾਲ ਖਤਮ ਨਹੀਂ ਹੋਵੇਗੀ, ਕਿਉਂਕਿ ਦੇਸ ਭਰ ਵਿੱਚ ਅਜਿਹੀਆਂ ਅਨੇਕਾਂ ਬੱਚੀਆਂ ਇਹੋ ਜਿਹੇ ਘਿਨਾਉਣੇ ਅਪਰਾਧਾਂ ਦਾ ਸ਼ਿਕਾਰ ਹੋ ਰਹੀਆਂ ਹਨ। ਦੂਜੇ ਪਾਸੇ ਇੱਕ ਵਿਦਿਆਰਥਣ ਨੇ ਨਿਰਭੈਯਾ ਕਾਂਡ ਦੇ ਦੋਸੀਆਂ ਨੂੰ ਫਾਂਸੀ ਦੇਣ ਲਈ ਜੱਲਾਦ ਦੀ ਥਾਂ ਕੰਮ ਕਰਨ ਦੀ ਇਜਾਜਤ ਮੰਗੀ ਹੈ, ਉਸਦਾ ਕਹਿਣਾ ਹੈ ਕਿ ਇਸ ਨਾਲ ਔਰਤਾਂ ਵਿੱਚ ਹੌਸਲਾ ਵਧੇਗਾ। ਹੌਂਸਲਾ ਵਧੇ ਜਾਂ ਨਾ, ਪਰ ਇਸ ਤੋਂ ਇਹ ਤਾਂ ਸਪਸ਼ਟ ਹੁੰਦਾ ਹੈ ਔਰਤਾਂ ਕਿਵੇਂ ਅਜਿਹੇ ਦੋਸੀਆਂ ਨੂੰ ਆਪਣੇ ਹੱਥੀਂ ਸਜ਼ਾ ਦੇਣ ਲਈ ਕਾਹਲੀਆਂ ਸਨ।
ਦੂਜੇ ਪਾਸੇ ਸੁਪਰੀਮ ਕੋਰਟ ਦੇ ਫੈਸਲੇ ਉਪਰੰਤ ਕਾਨੂੰਨ ਮੁਤਾਬਿਕ ਜੇਲ ਵਿਭਾਗ ਨੇ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿੱਚ ਦੋਸ਼ੀਆਂ ਦੇ ਡੈੱਥ ਵਾਰੰਟ ਹਾਸਲ ਕਰਨ ਲਈ ਪਹੁੰਚ ਕੀਤੀ। ਕੋਰਟ ਵੱਲੋਂ ਵਾਰੰਟ ਤਾਂ ਮਿਲ ਗਿਆ, ਪਰ ਦੋਸੀ ਕਿਸੇ ਬਹਾਨੇ ਫਾਂਸੀ ਟਾਲਣ ਵਿੱਚ ਸਫ਼ਲ ਹੋ ਗਏ। ਅਜਿਹਾ ਇਕ ਵਾਰ ਨਹੀਂ ਕਈ ਵਾਰ ਹੋਇਆ, ਜਿਸਤੋਂ ਇਨਸਾਫ ਨਾ ਮਿਲਣ ਦਾ ਖਦਸ਼ਾ ਜਾਹਰ ਹੋਇਆ।
ਧੰਨ ਹੈ ਨਿਰਭੈਯਾ ਦੇ ਮਾਪੇ ਅਤੇ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ ਕਰਨ ਵਾਲੀ ਉਹਨਾਂ ਦੀ ਵਕੀਲ ਬੀਬੀ ਸੀਮਾ ਸਮਰਿਧੀ ਜਿਹਨਾਂ ਸੱਤ ਸਾਲ ਤੋਂ ਵੱਧ ਸਮਾਂ ਜੱਦੋਜਹਿਦ ਕੀਤੀ। ਇਹ ਵੀ ਇੱਕ ਸੱਚਾਈ ਹੈ ਕਿ ਅੱਤਿਆਚਾਰ ਤੇ ਪਾਪ ਦੀ ਹਾਰ ਹੁੰਦੀ ਹੈ ਅਤੇ ਸੱਚ ਦੀ ਹਮੇਸਾਂ ਜਿੱਤ ਹੁੰਦੀ ਹੈ। ਸੋ 20 ਮਾਰਚ ਦੇ ਦਿਨ ਇਹ ਜਿੱਤ ਹੋਈ ਜਦੋਂ ਚਾਰਾਂ ਦੋਸੀਆਂ ਮੁਕੇਸ ਸਿੰਘ, ਵਿਨੈ ਸਰਮਾਂ, ਪਵਨ ਗੁਪਤਾ ਤੇ ਅਕਸੈ ਕੁਮਾਰ ਨੂੰ ਸੁਭਾ ਸਾਢੇ ਪੰਜ ਵਜੇ ਫਾਂਸੀ ਦੇ ਤਖਤੇ ਤੇ ਲਟਕਾ ਕੇ ਨਿਰਭੈਯਾ ਦੀ ਰੂਹ ਨੂੰ ਸਾਂਤੀ ਪਹੁੰਚਾਈ ਗਈ। ਮੇਰਠ ਵਾਸੀ ਪਵਨ ਕੁਮਾਰ ਜੱਲਾਦ ਨੇ ਫਾਂਸੀ ਦੇਣ ਦੀ ਭੂਮਿਕਾ ਨਿਭਾਈ। ਇਕੱਠੇ ਚਾਰ ਵਿਅਕਤੀਆਂ ਨੂੰ ਫਾਂਸੀ ਤੇ ਲਟਕਾ ਕੇ ਪਵਨ ਕੁਮਾਰ ਨੇ ਰਿਕਾਰਡ ਕਾਇਮ ਕੀਤਾ ਹੈ, ਇਸਤੋਂ ਪਹਿਲਾਂ ਭਾਰਤ ਦੀ ਕਿਸੇ ਜੇਲ ਵਿੱਚ ਇੱਕ ਜੱਲਾਦ ਨੇ ਚਾਰ ਵਿਅਕਤੀਆਂ ਨੂੰ ਫਾਂਸੀ ਨਹੀਂ ਸੀ ਦਿੱਤੀ।
ਮਨੁੱਖ ਦੀ ਮੌਤ ਦੁਖਦਾਈ ਜਰੂਰ ਹੁੰਦੀ ਹੈ ਅਤੇ ਮੌਤ ਦੇ ਘਾਟ ਉਤਰਨਾ ਕੁਦਰਤ ਦੇ ਨਿਯਮਾਂ ਦੇ ਵੀ ਵਿਰੁੱਧ ਹੈ, ਪਰ ਇਹਨਾਂ ਚਾਰਾਂ ਦੋਸੀਆਂ ਨੇ ਜਿਨਾ ਵੱਡਾ ਅਪਰਾਧ ਕੀਤਾ ਸੀ ਉਸਦੀ ਇਹੋ ਸਜਾ ਹੀ ਇਨਸਾਫ ਕਿਹਾ ਜਾ ਸਕਦਾ ਹੈ।
ਭੁੱਲਰ ਹਾਊਸ, ਗਲੀ ਨੰ: 12 ਭਾਈ ਮਤੀ ਦਾਸ ਨਗਰ,
ਬਠਿੰਡਾ। ਮੋਬਾ: 098882-75913

Real Estate