ਮਤੇਈ ਮਾਂ ਤੇ ਸਰਵਣ ਪੁੱਤ

3123
ਲਾਲਜੀ ਗਰੇਵਾਲ

ਬਹੁਤ ਵਰ੍ਹੇ ਪਹਿਲਾਂ ਇਕ ਪ੍ਰਤਾਪੀ ਰਾਜਾ ਹੋਇਐ ਸਪਤ ਸਿਹੁੰ ਸਿੰਧੂ, ਬਹੁਤ ਹੀ ਬਹਾਦਰ ਤੇ ਜਰਵਾਣਾ।
ਪੱਛਮ ਵੱਲੋਂ ਚੜਦੇ ਧਾੜਵੀਆਂ ਨੂੰ ਓਹ ਹਿੱਕ ਤੇ ਧੱਫਾ ਮਾਰ ਪਿਛਾਂਹ ਸੁੱਟ ਦਿੰਦਾ…ਉਸਦੀ ਪਤਨੀ ਦਰਿਆਵਤੀ ਦੇ ਜੰਮਿਆਂ ਕੱਲਾ ਪੁੱਤ ਪੰਜਾਬ ਸਿਹੁੰ…ਪੰਜਾਬ ਸਿਹੁੰ ਵੀ ਆਪਣੇ ਪਿਓ ਵਾਂਗ ਹੀ ਸਿਰੇ ਦਾ ਬਹਾਦਰ ਤੇ ਦਲੇਰ ਸੂਰਮਾ…ਜਿਸਨੇ ਵੱਡੇ ਵੱਡੇ ਸੰਸਾਰ ਜੇਤੂਆਂ ਨੂੰ ਪਿਛਾਂਹ ਵੱਲ ਨੱਠਣ ਲਈ ਮਜਬੂਰ ਕਰ ਦਿੱਤਾ।

ਸਪਤ ਸਿਹੁੰ ਦੀ ਦੂਜੀ ਪਤਨੀ ਭਾਰਤੀ ਦੇਵੀ ਦੇ ਦੋ ਦਰਜਣ ਨਿਆਣੇ ਹੋਏ…ਪਰ ਸਾਰੇ ਸਵਾਰਥੀ ਤੇ ਮੌਕਾਪ੍ਰਸਤ।
ਓਹ ਭਾਰਤੀਦੇਵੀ ਨੂੰ ਭਾਰਤ ਮਾਤਾ ਕਹਿ ਕੇ ਬਲੌਂਦੇ…ਪਰ ਜਦੋਂ ਵੀ ਕਿਤੇ ਭਾਰਤ ਮਾਤਾ ਦੀ ਇੱਜ਼ਤ ਲੁੱਟਣ ਖ਼ਾਤਰ ਧਾੜਵੀ ਚੜ੍ਹ ਕੇ ਆਓਂਦੇ ਤਾਂ ਸਾਰੇ ਡਰ ਦੇ ਮਾਰੇ ਲ਼ੁਕ ਛਿਪ ਜਾਂਦੇ ਪਰ ਬੱਬਰ ਸ਼ੇਰ ਪੰਜਾਬ ਸਿਹੁੰ ਹਰ ਵਾਰ ਦੁਸ਼ਮਣ ਨਾਲ ਜਾਨ ਹੀਲ ਕੇ ਲੜਦਾ ਤੇ ਓਸ ਨੂੰ ਭਜਾ ਕੇ ਹੀ ਦਮ ਲੈਂਦਾ।

ਪਰ ਪਤਾ ਨਹੀਂ ਪੰਜਾਬ ਸਿਹੁੰ ਦਾ ਜੱਸ ਲਹਿਣਾ ਹੀ ਅਜਿਹਾ ਸੀ ਕਿ ਭਾਰਤ ਮਾਂ ਹਮੇਸਾਂ ਆਪਣੇ ਪੁੱਤਰਾਂ ਨੂੰ ਦੁੱਧ ਮਲਾਈਆਂ ਖਾਣ ਨੂੰ ਦਿੰਦੀ ਤੇ ਪੰਜਾਬੇ ਨੂੰ ਸੁੱਕੀ ਰੋਟੀ ਤੇ ਕੱਚੀ ਲੱਸੀ।

ਭਾਰਤੀਦੇਵੀ ਦੇ ਪੁੱਤ ਪੋਤੇ ਕਦੇ ਪੰਜਾਬ ਸਿਹੁੰ ਦੇ ਪੁੱਤ ਪੁੋਤਿਆਂ ਨੂੰ ਗੱਲਾਂ ਚ ਟਾਇਰ ਪਾ ਕੇ ਸਾੜਦੇ ਤੇ ਕਦੇ ਪਾਣੀ ਕੰਨੀਓਂ ਤਿਹਾਇਆ ਮਾਰਨ ਦੀ ਕੋਸ਼ਿਸ਼ ਕਰਦੇ ਤੇ ਕਦੇ ਨਸ਼ਿਆਂ ਦੀ ਦਲਦਲ ਵਿੱਚ ਧੱਕਣ ਦੀ ਕੋਸ਼ਿਸ਼ ਕਰਦੇ।

ਪਰ ਧੰਨ ਜਿਗਰਾ ਪੰਜਾਬ ਸਿਹੁੰ ਤੇ ਓਸਦੀ ਔਲਾਦ ਦਾ ਪਤਾ ਨੀ ਓਹ ਕੇਹੜੀ ਮਿੱਟੀ ਦੇ ਬਣੇ ਹੋਏ ਨੇ….ਓਹ ਹਰ ਜ਼ੁਲਮ ਝੱਲਣ ਤੋਂ ਬਾਅਦ ਵੀ ਭਾਰਤ ਮਾਂ ਦੀ ਇੱਜ਼ਤ ਵੱਲ ਕੈਰੀ ਅੱਖ ਨਾਲ ਵੇਖਣ ਵਾਲੇ ਦੀਆਂ ਅੱਖਾਂ ਕੱਢਣ ਤੁਰ ਪੈਂਦੇ ਨੇ ਬਗੈਰ ਆਪਣੀ ਜਾਨ ਦੀ ਪ੍ਰਵਾਹ ਕੀਤਿਆਂ। ਸ਼ਾਇਦ ਅਣਖੀਲੇ ਸਪਤ ਸਿਹੁੰ ਦਾ ਖ਼ੂਨ ਓਹਨਾਂ ਨੂੰ ਅਜਿਹਾ ਕਰਨ ਲਈ ਪ੍ਰੇਰਤ ਕਰਦਾ ਰਹਿੰਦਾ।

ਕੀ ਕਦੇ ਮਤੇਈ ਭਾਰਤ ਮਾਂ ਦੀ ਜ਼ਮੀਰ ਨੂੰ ਵੀ ਪੰਜਾਬ ਸਿਹੁੰ ਤੇ ਓਸਦੇ ਪੁੱਤਰਾਂ ਦੀਆਂ ਕੁਰਬਾਨੀਆਂ ਝੰਜੋੜਕੇ ਇਨਸਾਫ਼ ਕਰਨ ਲਈ ਮਜਬੂਰ ਕਰਨਗੀਆਂ….????

_✍️ #ਲਾਲਜੀ_ਗਰੇਵਾਲ

Real Estate