ਬੈਲਜ਼ੀਅਮ ਦੇ ਸਿੱਖਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਨਵੰਬਰ ਚੌਰਾਸੀ ਦੀ ਸਿੱਖ ਨਸਲਕੁਸ਼ੀ ਦੀ ਸਾਲਾਨਾ ਯਾਦ ਲਈ ਠੋਸ ਸਮਾਂ ਨਿਰਧਾਰਿਤ ਕਰਨ ਦੀ ਮੰਗ ਕੀਤੀ

3696
ਬਰਨਾਲਾ, 24 ਫਰਵਰੀ (ਜਗਸੀਰ ਸਿੰਘ ਸੰਧੂ) : ਬੈਲਜ਼ੀਅਮ ਤੋਂ ਪੰਜਾਬ ਫੇਰੀ ਤੇ ਆਏ ਹੋਏ ਭਾਈ ਗੁਰਪ੍ਰੀਤ ਸਿੰਘ ਰਟੌਲ ਨੇ ਕੱਲ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਇੱਕ ਬੇਨਤੀ ਪੱਤਰ ਸਿੰਘ ਸਾਹਿਬ ਜਥੇਦਾਰ ਭਾਈ ਹਰਪ੍ਰੀਤ ਸਿੰਘ ਦੇ ਨਾਮ ਦਿੰਦਿਆਂ ਮੰਗ ਕੀਤੀ ਹੈ ਕਿ ਨਵੰਬਰ 1984 ਦੀ ਸਿੱਖ ਨਸ਼ਲਕੁਸੀ ਦੀ ਸਾਲਾਨਾ ਯਾਦ ਮਨਾਉਣ ਲਈ ਕੋਈ ਠੋਸ ਸਮਾਂ ਨਿਰਧਾਰਿਤ ਕੀਤਾ ਜਾਵੇ। ਉਹਨਾਂ ਮੱਗ ਪੱਤਰ ‘ਚ ਕਿਹਾ ਹੈ ਕਿ ਜੂਨ ਅਤੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਸਿੱਖ ਕੌਮ ਵਾਸਤੇ ਨਾ ਭੁੱਲਣਯੋਗ ਅਤੇ ਨਾ ਬਖਣਯੋਗ ਅਸਹਿ ਪੀੜ ਹੈ। ਜੂਨ 1984 ਦੇ ਸ਼ਹੀਦਾਂ ਨੂੰ ਸਮਰਪਤਿ ਦਿਹਾੜੇ ਤਾਂ ਮਨਾਏ ਜਾਂਦੇ ਹਨ ਪਰ ਨਵੰਬਰ 1984 ਦੇ ਸ਼ਹੀਦਾਂ ਨੂੰ ਬਹੁਤਾ ਯਾਦ ਨਹੀਂ ਕੀਤਾ ਜਾਂਦਾ, ਪਰ ਜਦੋਂ ਨਵੰਬਰ ਚੌਰਾਸੀ ਦੇ ਕਤਲੇਅਤਮ ਵਾਲੇ ਦਿਨਾਂ ਵਿੱਚ ਖੁਸੀਆਂ ਦਾ ਕੋਈ ਜਨਤਕ ਸਮਾਗਮ ਕਰਵਾਇਆ ਜਾਂਦਾ ਹੈ ਤਾਂ ਕੌਮੀ ਪੀੜ ਨੂੰ ਮਹਿਸੂਸ ਕਰਦੇ ਸਿੱਖਾਂ ਦੇ ਹਿਰਦੇ ਹੋਰ ਵਲੂੰਧਰੇ ਜਾਂਦੇ ਹਨ। ਉਹਨਾ ਬੈਲਜੀਅਮ ਦੀ ਸੰਗਤ ਵੱਲੋਂ ਇਥ ਬੇਨਤੀ ਪੱਤਰ ਸਿੰਘ ਸਾਹਿਬ ਜਥੇਦਾਰ ਭਾਈ ਹਰਪ੍ਰੀਤ ਸਿੰਘ ਹੋਰਾਂ ਦੇ ਨਾਂਮ ਦਿੱਤਾ ਹੈ, ਜੋ ਜਥੇਦਾਰ ਸਾਹਿਬ ਦੇ ਪਾਕਿਸਤਾਨ ਦੌਰੇ ਕਾਰਨ ਉਹਨਾਂ ਦੀ ਗੈਰਹਾਜਰੀ ਵਿੱਚ ਇਹ ਪੱਤਰ ਸਰਦਾਰ ਜਸਪਾਲ ਸਿੰਘ ਮੈਨੇਜ਼ਰ ਸ੍ਰੀ ਅਕਾਲ ਤਖਤ ਸਾਹਿਬ ਨੇ ਪ੍ਰਾਪਤ ਕੀਤਾ ਹੈ। ਇਸ ਬੇਨਤੀ ਪੱਤਰ ਵਿੱਚ ਬੈਲਜ਼ੀਅਸ ਵਾਸੀ ਸਿੱਖਾਂ ਨੇ ਨਵੰਬਰ 1984 ਸਿੱਖ ਨਸਲਕੁਸ਼ੀ ਦੌਰਾਨ ਮਾਰੇ ਗਏ ਬੇਗੁਨਾਹ ਸਿੱਖਾਂ ਦੀ ਸਲਾਨਾ ਯਾਦ ਮਨਾਉਣ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਮੰਗ ਕੀਤੀ ਹੈ ਕਿ ਸਿੰਘ ਸਾਹਿਬਾਨ ਕੌਂਮ ਨੂੰ ਕੋਈ ਠੋਸ ਸਮਾਂ ਜਾਂ ਦਿਨ ਮੁਕੱਰਰ ਕਰ ਕੇ ਕੌਮ ਦੇ ਨਾਂ ਸੰਦੇਸ਼ ਜਾਰੀ ਕਰਨ। ਕੌਮ ਵੱਲੋਂ ਸਮੂਹਿਕ ਤੌਰ ਤੇ ਮਨਾਈ ਜਾਣ ਵਾਲੀ ਯਾਦ ਬਾਅਦ ਕਿਸੇ ਨੂੰ ਇਹ ਭੁਲੇਖਾ ਨਹੀ ਰਹੇਗਾ ਕਿ ਇਹ ਯਾਦ ਮਨਾਉਣਾ ਸਿਰਫ ਸੰਘਰਸ਼ਸੀਲ ਸਿੰਘਾਂ ਦਾ ਫਰਜ ਹੀ ਨਹੀ ਸਗੋਂ ਕੌਂਮ ਦੀ ਜਿੰਮੇਵਾਰੀ ਹੈ ਕਿਉਂਕਿ ਕਤਲ ਕਰਨ ਵਾਲਿਆਂ ਨੇ ਸਿਰਫ ਕੇਸ਼, ਦਸਤਾਰ, ਦਾਹੜੇ ਅਤੇ ਚੁੰਨੀਆਂ ਹੀ ਦੇਖੀਆਂ ਸਨ ਨਾਕਿ ਕੋਈ ਧੜਾ ਦੇਖਿਆ ਹੈ। ਇਸ ਬੇਨਤੀ ਪੱਤਰ ਵਿੱਚ ਇਸਰਾਇਲ ਦੇ ਜਹੂਦੀਆਂ ਦੀ ਇੱਕ ਉਦਾਹਰਨ ਵੀ ਦਿੱਤੀ ਗਈ ਹੈ ਕਿ ਕਿਵੇਂ ਹਰ ਸਾਲ ਇੱਕ ਨਿਰਧਾਰਤ ਦਿਨ ਨੂੰ ਸਵੇਰੇ 10 ਵਜੇ ਮੁਲਕ ਭਰ ਵਿੱਚ ਵਜਦੇ ਸਾਇਰਨ ਬਾਅਦ 2 ਮਿੰਟ ਦਾ ਮੋਨ ਰੱਖਿਆ ਜਾਂਦਾ ਹੈ ਤੇ ਲੋਕੀਂ ਮੋਟਰ-ਗੱਡੀਆਂ ਰੋਕ ਬਾਹਰ ਖੜ ਜਾਂਦੇ ਹਨ ਅਤੇ ਸਾਰੇ ਮੁਲਕ ਦਾ ਕਾਰੋਬਾਰ 2 ਮਿੰਟ ਲਈ ਠੱਪ ਹੋ ਜਾਂਦਾ ਹੈ। ਯਾਦ ਪੱਤਰ ਦੇਣ ਸਮੇਂ ਭਾਈ ਗੁਰਪ੍ਰੀਤ ਸਿੰਘ ਰਟੌਲ ਬੈਲਜ਼ੀਅਮ ਦੇ ਨਾਲ ਰਣਜੀਤ ਸਿੰਘ, ਸਤਨਾਮ ਸਿੰਘ ਅਤੇ ਸੱਤੀ ਚੋਹਲਾ ਸਾਹਿਬ ਵੀ ਹਾਜਰ ਸਨ।
Real Estate