84 ਵਾਲਾ ਫਰਿਸ਼ਤਾ 16′ ਚ ਕਿਉਂ ਨਾ ਬਉੜਿਆ

2586

ਛਿੰਦਰ ਕੌਰ ਸਿਰਸਾ

ਮੈਨੂੰ ਚੰਗੀ ਤਰਾਂ ਯਾਦ ਹੈ 1984 ਦਾ ਵਾਕਿਆ । ਮੈਂ ਪੰਜਵੀਂ ਪੜ੍ਹਦੀ ਸਾੰ । ਭਾਪਾ ਜੀ ਅਕਸਰ ਹੀ ਟਰੈਕਟਰ ਖਰੀਦਣ ਵਾਸਤੇ ਅਲਵਰ (ਰਾਜਸਥਾਨ)ਜਾਂਦੇ ਹੁੰਦੇ ਸਨ ! ਅਲਵਰ ਜਿਲ੍ਹੇ ਦੀ ਤਹਿਸੀਲ ਰਾਮਗੜ ਦੇ ਨੇੜੇ ਕਰੌਲੀ ਪਿੰਡ ਮੇਰੀ ਵੱਡੀ ਮਾਸੀ ਵਿਆਹੀ ਸੀ ਤੇ ਉਸੇ ਪਿੰਡ ਬੀਜੀ ਦੇ ਨਾਣਕੇ ਵੀ ਸਨ। ਭਾਪਾ ਜੀ 8,10 ਦਿਨ ਉੱਥੇ ਰੁਕਦੇ ਤੇ ਟਰੈਕਟਰ ਖਰੀਦ ਕੇ ਆਪ ਰੇਲਗੱਡੀ ਰਾਹੀਂ ਘਰ ਆ ਜਾਂਦੇ ਸਨ ਤੇ ਟਰੈਕਟਰ ਡਰਾਈਵਰ ਕਈ ਦਿਨਾਂ ਬਾਦ ਲੈ ਕੇ ਘਰ ਅੱਪੜਦਾ ਸੀ।
ਇਸ ਵਾਰ ਗਿਆਂ ਨੂੰ 15 ਦਿਨ ਹੋ ਗਏ ਸਨ । ਮੇਰੀ ਦਾਦੀ(ਬੇਬੇ) ਅਤੇ ਬੀਜੀ ਦੇ ਨਾਲ ਨਾਲ ਅੱਠਾਂ ਚਾਚੇ ਤਾਇਆਂ ਨੂੰ ਚਿੰਤਾ ਵਿੱਚ ਪਾ ਛੱਡਿਆ ਕਿ ਇੰਨੇ ਦਿਨ ਤੇ ਕਦੀ ਨਹੀਂ ਸਾਸੂ ਲਾਏ ,ਖੌਰੇ ਕੀ ਗੱਲ ਏ ,ਪਰਤਿਆ ਕਿਉਂ ਨਹੀਂ ਬਲਦੇਵ । ਕੁਛ ਉਹ ਦੌਰ ਦੰਗਿਆਂ ਦਾ ਦੌਰ ਸੀ ਤੇ ਉਹਨੀਂ ਦਿਨੀਂ ਬੀਜੀ ਦੀ ਤਾਏ ਦੀ ਦਾ ਪੂਰਾ ਪਰਿਵਾਰ ਦੰਗਿਆਂ ਦੀ ਭੇਟ ਚੜ੍ਹ ਚੁੱਕਾ ਸੀ । ਇੱਕ ਕੁੱਛੜਲੀ ਧੀ ਤੇ ਤਿੰਨਾਂ ਸਾਲਾਂ ਦਾ ਮੁੰਡਾ ਤੇ ਮੇਰੀ ਮਾਸੀ ਹੀ ਬਚੇ ਸਨ।
ਸਭ ਦੇ ਦਿਲ ਡਰੇ ਹੋਏ ਸਨ ।ਸੁੱਖਾਂ ਸੁਖ ਸੁੱਖੀਆਂ ਜਾ ਰਹੀਆਂ ਸਨ ਕਿ ਕੋਈ ਅਨਹੋਣੀ ਨਾ ਵਾਪਰੇ। ਸੁੱਖ ਨਾਲ ਸਭ ਚਾਚੇ ਤਾਏ ਇਕੱਠੇ ਹੀ ਰਹਿੰਦੇ ਸਨ।ਆਪੋ ਆਪਣੀਆਂ ਪੈਲੀਆਂ ਚ ਨੇੜੇ ਨੇੜੇ ਘਰ ਸਨ । ਇੱਕ ਜੀ ਦਾ ਦੁੱਖ ਸਭ ਦਾ ਹੁੰਦਾ ਸੀ।ਸਲੂਕ ਬੜਾ ਸੀ ਪਰਿਵਾਰ ਵਿੱਚ ।ਜੋ ਹੁਣ ਤਕ ਹੈ। ਦਾਦੀ ਨੇ ਭਾਪਾ ਜੀ ਦੇ ਫਿਕਰ ਚ ਸਾਰਾ ਸਾਰਾ ਦਿਨ ਨਿਤਨੇਮ ਕਰਨਾ । ਬੇਬੇ ਬੀਜੀ ਨੂੰ ਹੌਂਸਲਾ ਦੇ ਕੇ ਆਪ ਰੋਣ ਲੱਗ ਪੈਂਦੀ ਸੀ ਤੇ ਫੇਰ ਛੇਤੀ ਛੇਤੀ ਕੋਲ ਪਈ ਗੜਵੀ ਚੋਂ ਪਾਣੀ ਲੈ ਕੇ ਮੂੰਹ ਧੋ ਕੇ ਅਰਦਾਸ ਕਰਨ ਲੱਗ ਪੈਂਦੀ ਸੀ।
ਰੋਜ ਹੀ ਰੇਲਗੱਡੀ ਨੂੰ ਤੱਕਦੇ ਸਾਰੇ ਜਣੇ ਤੇ ਨਿਰਾਸ਼ ਹੋ ਜਾਂਦੇ । ਸਭ ਡਰੇ ਹੋਏ ਸਨ ਕਿ ਖੌਰੇ ਜਿਉਂਦਾ ਵੀ ਜਾਂ ਦੰਗਿਆਂ ਦੀ ਭੇਟ ਚੜ੍ਹ ਗਿਆ ਏ।
ਫਿਕਰ ਚ ਕੁਝ ਨਹੀਂ ਸੀ ਪਤਾ ਲੱਗਦਾ ਕਿ ਕਿੱਧਰੋਂ ਚੜ੍ਹਿਆ ਦਿਨ ਤੇ ਕਿੱਧਰ ਛਿਪ ਗਿਆ ।ਬੀਜੀ ਦੱਸਦੇ ਹੁੰਦੇ ਨੇ ਕਿ ਉਹਨਾਂ ਨੇ ਕਈ ਦਿਨ ਰੋਟੀ ਨਹੀਂ ਸੀ ਖਾਧੀ।
ਇੱਕ ਦਿਨ ਅਚਾਨਕ ਇੱਕ ਖੁੱਲ੍ਹੀ ਬਾਡੀ ਦੀ ਜੀਪ ਘਰ ਆਕੇ ਰੁਕਦੀ ਹੈ ਜਿਹਦੇ ਵਿਚੋਂ 20,22ਸਾਲ ਨੌਜਵਾਨ ਨਿਕਲ ਕੇ ਦਾਦੀ ਤੇ ਬੀਜੀ ਨੂੰ ਮੱਥਾ ਟੇਕਦਾ ਹੈ ਉੱਸੇ ਘੜੀ ਭਾਪਾ ਜੀ ਵੀ ਜੀਪ ਚੋਂ ਨਿਕਲਦੇ ਨੇ ਤੇ ਸਭ ਤੋਂ ਪਹਿਲਾਂ ਦਾਦੀ ਨੂੰ ਮੱਥਾ ਟੇਕ ਕੇ ਘੁੱਟ ਕੇ ਮਿਲਦੇ ਨੇ।ਦਾਦੀ ਦੀਆਂ ਭੁੱਬਾਂ ਨਿਕਲ ਜਾਂਦੀਆਂ ਨੇ ਖੁਸ਼ੀ ਵਿੱਚ। ਬੇਬੇ ਪੁੱਛੀ ਜਾ ਰਹੀ ਸੀ ਕਿ ਇੰਨੇ ਦਿਨ ਕਿਉਂ ਲਾ ਆਇਆਂ ਏ ਐਦਕੀਂ।
ਫਿਰ ਭਾਪਾ ਜੀ ਨੇ ਦੱਸਿਆ ਕਿ ਇਹ ਨੌਜਵਾਨ ਜੇ ਆਪਣੀ ਜਾਨ ਤੇ ਖੇਡਕੇ ਮੈਨੂੰ ਨਾ ਬਚਾਉਂਦਾ ਤੇ ਅੱਜ ਮੈਂ ਤੁਹਾਡੇ ਵਿਚ ਜਿਉਂਦਾ ਨਾ ਅੱਪੜਦਾ।
ਅੱਗੇ ਉਹਨਾਂ ਨੇ ਦੱਸਿਆ ਕਿ ਰਿਵਾੜੀ ਪਹੁੰਚੇ ਹੀ ਸਨ ਕਿ ਰੇਲਗੱਡੀ ਤੇ ਹਮਲਾ ਕਰ ਦਿੱਤਾ ਗਿਆ ।ਸਰਦਾਰਾਂ ਨੂੰ ਸਰੇਆਮ ਨਿਸ਼ਾਨਾ ਬਣਾਇਆ ਜਾਣ ਲੱਗਿਆ।ਮੇਰੀ ਵੀ ਵਾਰੀ ਆਉਣ ਹੀ ਵਾਲੀ ਸੀ ਕਿ ਇਸ ਨੌਜਵਾਨ ਨੇ ਚੱਲਦੀ ਗੱਡੀ ਚੋਂ ਉਜਾੜ ਜਿਹੀਆਂ ਰਾਵ੍ਹਾਂ ਚ ਆਪ ਛਾਲ ਮਾਰੀ ਤੇ ਨਾਲ ਹੀ ਮੈਨੂੰ ਵੀ ਖਿੱਚ ਲਿਆ। ਆਖਣ ਲੱਗਾ ਅੰਕਲ ਜੀ ਤੁਹਾਨੂੰ ਇਹਨਾਂ ਨੇ ਛੱਡਣਾ ਨਹੀਂ ।ਤੁਸੀਂ ਚੁਪਚਾਪ ਮੇਰੇ ਨਾਲ ਆਵੋ ।ਮੈਂ ਤੁਹਾਨੂੰ ਕੁਝ ਨਹੀਂ ਹੋਣ ਦੇਵਾਂਗਾ।ਕੋਈ ਅੱਧੇ ਕੁ ਘੰਟੇ ਦੇ ਤੇਜ ਚਾਲੇ ਸਫਰ ਤੋਂ ਬਾਅਦ ਉਹ ਨੌਜਵਾਨ ਟਿੱਬਿਆਂ ਤੇ ਬਣੇ ਵੱਡੇ ਸਾਰੇ ਘਰ ਦੇ ਚੁਬਾਰੇ ਚ ਲੈ ਗਿਆ ਭਾਪਾ ਜੀ ਨੂੰ।ਰੋਟੀ ਪਾਣੀ ਤੋਂ ਬਾਦ ਉਸ ਮੁੰਡੇ ਦਾ ਦਾਦਾ ਤੇ ਪਿਓ ਭਾਪਾ ਜੀ ਨਾਲ ਗੱਲਾਂ ਕਰਨ ਲੱਗ ਪਏ।ਜਾਣ ਪਿਛਾਣ ਤੋਂ ਪਤਾ ਲੱਗਾ ਕਿ ਉਸ ਮੁੰਡੇ ਦੀਆਂ ਦੋ ਭੁਆ ਤੇ ਇੱਕ ਭੈਣ ਸਾਡੇ ਨਾਲ ਲੱਗਦੇ ਪਿੰਡ ਵਿਆਹੀਆਂ ਨੇ ਤੇ ਭਾਪਾ ਜੀ ਉਹਨਾਂ ਦੇ ਕੁੜਮਾਂ ਦੇ ਪੱਗ ਵੱਟ ਭਰਾ ਸਨ। ਇੰਨੀਆਂ ਗੂੜ੍ਹੀਆਂ ਸਾਕ ਸਕੀਰੀਆਂ ਨਿਕਲ ਆਈਆਂ ਤੇ ਉਹਨਾਂ ਨੇ ਭਾਪਾ ਜੀ ਨੂੰ 10 ਦਿਨ ਆਪਣੇ ਚੁਬਾਰੇ ਵਿੱਚ ਲੁਕੋਕੇ ਰੱਖਿਆ । ਬੜੀਆਂ ਸਾਰੀਆਂ ਮੁਸ਼ਕਿਲਾਂ ਦਾ ਸਾਮਣਾ ਕਰਕੇ ਵੀ ਇਹਨਾਂ ਨੂੰ ਬਚਾਇਆ।ਤੇ ਥੋੜ੍ਹੀ ਜਿਹੀ ਸ਼ਾੰਤੀ ਹੋਣ ਤੇ ਜੀਪ ਵਿੱਚ ਲੱਕੜਾਂ ਚਿਣਕੇ ਤੇ ਲੱਕੜਾਂ ਵਿੱਚ ਭਾਪਾ ਜੀ ਨੂੰ ਲੁਕੋਕੇ ਘਰ ਛੱਡ ਕੇ ਗਏ।ਅੱਜ ਵੀ ਉਹ ਪਰਿਵਾਰ ਸਾਡੇ ਨਾਲ ਵਰਤਦਾ ਹੈ।ਪਰ ਜਿਹਦੇ ਕਰਕੇ ਇਹ ਸਾੰਝ ਪਈ ਸੀ ਉਹਨਾਂ ਨੂੰ ਗਿਆਂ ਨੂੰ ਦੋ ਸਾਲ ਹੋ ਗਏ ਨੇ।ਜਿਉਂਦਾ ਰਵ੍ਹੇ ਉਹ ਨੌਜਵਾਨ।
ਜਿਨ੍ਹੇਂ ਤਿੰਨਾਂ ਧੀਆਂ ਦੇ ਦੋ ਪੁੱਤਰਾਂ ਦੇ ਸਿਰ ਤੋਂ ਪਿਉ ਦਾ ਸਾਇਆ ਸਮਿਓ ਪਹਿਲਾਂ ਨਾ ਉੱਠਣ ਦਿੱਤਾ।ਕਾਸ਼ 2016 ਵਿੱਚ ਵੀ ਕੋਈ ਫਰਿਸ਼ਤਾ ਮੌਤ ਦੇ ਮੂੰਹੋਂ ਬਚਾ ਲੈਂਦਾ।
ਖੈਰ, ਮੋਏ ਤੇ ਵਿੱਛੜੇ ਕੌਣ ਮੇਲੇ਼।
ਧੀਆਂ ਨੂੰ ਆਪਣੇ ਬਾਪ ਦੀ ਲੋੜ ਹਮੇਸ਼ਾ ਹੁੰਦੀ ਏ। ਹਰ ਚੰਗੇ ਮੰਦੇ ਵੇਲਿਆਂ ਤੇ ਯਾਦ ਆਉਣਗੇ । ਕਦੀ ਬੂਹੇ ਅੱਗੇ ਬਹਿ ਕੇ ਉਡੀਕਦੇ ਸਨ ਤੇ ਜਦੋਂ ਜਿਆਦਾ ਹੀ ਉਦਰੇਵਾਂ ਮਹਿਸੂਸ ਕਰਦੇ ਸਨ ਫੋਨ ਤੇ ਲਾਲਚ ਦੇ ਕੇ ਕਹਿੰਦੇ ਸਨ ਕਿ ਮੈਨੂੰ ਮਿਲਣ ਆ ਮੇਰੀ ਬੀਬੀ ਧੀ ।ਜਿਹੜੀ ਸ਼ੈ ਨੂੰ ਹੱਥ ਲਾਏਗੀਂ ,ਉਹ ਹੀ ਖਰੀਦ ਕੇ ਦਿਆਂ ਗਾਂ।ਪਰ ਬਿਗਾਨੇ ਵੱਸ ਪਿਆਂ ,ਅਗਲਿਆਂ ਦੀ ਮਰਜੀ ਘੱਲਣ ਨਾ ਘੱਲਣ। ਖੈਰ ਹੁਣ ਕਿਹੜਾ ਉਸ ਬਾਪ ਦਾ ਫੋਨ ਆਉਣਾ ਏ ਕਿਸੇ ਪਾਸਿਓਂ।
ਤੁਸੀਂ ਹਮੇਸ਼ਾ ਚੇਤਿਆਂ ਵਿੱਚ ਹੈ ਤੇ ਰਵ੍ਹੋਗੇ।

Real Estate