ਕਸਾਬ ਨੂੰ ਹਿੰਦੂ ਅਤਿਵਾਦੀ ਬਣਾ ਕੇ ਮਾਰਨ ਦੀ ਯੋਜਨਾ ਸੀ !

1452

ਮੁੰਬਈ : ਸਾਬਕਾ ਮੁੰਬਈ ਪੁਲਸ ਕਮਿਸ਼ਨਰ ਰਾਕੇਸ਼ ਮਾਰੀਆ ਨੇ ਦਾਅਵਾ ਕੀਤਾ ਹੈ ਕਿ ਲਸ਼ਕਰੇ ਤੋਇਬਾ ਨੇ ਮੁੰਬਈ ਹਮਲੇ ਨੂੰ ਹਿੰਦੂ ਦਹਿਸ਼ਤਗਰਦਾਂ ਦੇ ਹਮਲੇ ਵਜੋਂ ਪ੍ਰਚਾਰਨਾ ਸੀ, ਕਿਉਂਕਿ ਪਾਕਿਸਤਾਨੀ ਦਹਿਸ਼ਤਗਰਦ ਮੁਹੰਮਦ ਅਜਮਲ ਕਸਾਬ ਨੇ ਬੇਂਗਲੁਰੂ ਦੇ ਸਮੀਰ ਚੌਧਰੀ ਵਜੋਂ ਮਰਨਾ ਸੀ। ਮੁੰਬਈ ਹਮਲੇ ਦੀ ਜਾਂਚ ਕਰਨ ਵਾਲੇ ਮਾਰੀਆ ਨੇ ਆਪਣੀ ਪੁਸਤਕ ‘ਲੈੱਟ ਮੀ ਸੇ ਇਟ ਨਾਓ’ ਵਿਚ ਲਿਖਿਆ ਹੈ ਕਿ ਆਈ ਐਸ ਆਈ ਤੇ ਲਸ਼ਕਰ ਕਸਾਬ ਨੂੰ ਜੇਲ੍ਹ ਵਿਚ ਮਾਰਨਾ ਚਾਹੁੰਦੇ ਸਨ ਕਿਉਂਕਿ ਉਹ ਹਮਲੇ ਵਿਚ ਉਨ੍ਹਾ ਖਿਲਾਫ ਅਹਿਮ ਸਬੂਤ ਸੀ ਤੇ ਉਨ੍ਹਾਂ ਉਸਨੂੰ ਮਾਰਨ ਦੀ ਜ਼ਿੰਮੇਦਾਰੀ ਦਾਊਦ ਇਬਰਾਹੀਮ ਦੇ ਗ੍ਰੋਹ ਨੂੰ ਦਿੱਤੀ ਸੀ। ਜੇ ਸਭ ਕੁਝ ਲਸ਼ਕਰ ਦੀ ਯੋਜਨਾ ਮੁਤਾਬਕ ਹੁੰਦਾ ਤਾਂ ਕਸਾਬ ਨੇ ਚੌਧਰੀ ਵਜੋਂ ਮਰਨਾ ਸੀ ਅਤੇ ਮੀਡੀਆ ਨੇ ਇਸ ਹਮਲੇ ਲਈ ਹਿੰਦੂ ਦਹਿਸ਼ਤਗਰਦਾਂ ਨੂੰ ਦੋਸ਼ੀ ਠਹਿਰਾਉਣਾ ਸੀ। ਦਹਿਸ਼ਤਗਰਦਾਂ ਕੋਲ ਭਾਰਤੀ ਨਾਵਾਂ ਤੇ ਪਤਿਆਂ ਵਾਲੇ ਪਛਾਣ-ਪੱਤਰ ਸਨ। ਮਾਰੀਆ ਨੇ ਹਮਲੇ ਤੋਂ ਬਾਅਦ ਕਸਾਬ ਦੀ ਜਾਰੀ ਕੀਤੀ ਗਈ ਤਸਵੀਰ ਬਾਰੇ ਕਿਹਾ ਕਿ ਇਹ ਕੇਂਦਰੀ ਏਜੰਸੀਆਂ ਨੇ ਜਾਰੀ ਕੀਤੀ। ਮੁੰਬਈ ਪੁਲਸ ਨੇ ਸੁਰੱਖਿਆ ਕਾਰਨਾਂ ਕਰਕੇ ਕੋਈ ਵੀ ਵੇਰਵਾ ਮੀਡੀਆ ਨੂੰ ਦੱਸੇ ਜਾਣ ਤੋਂ ਰੋਕਣ ਲਈ ਪੂਰੀ ਕੋਸ਼ਿਸ਼ ਕੀਤੀ ਸੀ। ਤਸਵੀਰ ਵਿਚ ਕਸਾਬ ਦੇ ਸੱਜੇ ਗੁਟ ‘ਤੇ ਲਾਲ ਧਾਗਾ ਨਜ਼ਰ ਆ ਰਿਹਾ ਸੀ, ਜੋ ਕਿ ਪਵਿੱਤਰ ਹਿੰਦੂ ਧਾਗਾ ਮੰਨਿਆ ਜਾਂਦਾ ਹੈ। ਇਸਤੋਂ ਪਤਾ ਲੱਗਿਆ ਕਿ ਹਮਲਾਵਰ ਹਮਲੇ ਨੂੰ ਹਿੰਦੂ ਦਹਿਸ਼ਤਗਰਦਾਂ ਦਾ ਹਮਲਾ ਸਾਬਤ ਕਰਨਾ ਚਾਹੁੰਦੇ ਸਨ। ਅਜਿਹਾ ਹੋ ਜਾਂਦਾ ਤਾਂ ਅਖਬਾਰਾਂ ਨੇ ਸੁਰਖੀਆਂ ਲਾਉਣੀਆਂ ਸਨ ਕਿ ਹਿੰਦੂ ਦਹਿਸ਼ਤਗਰਦਾਂ ਨੇ ਹਮਲਾ ਕਰ ਦਿੱਤਾ। ਟੀ ਵੀ ਪੱਤਰਕਾਰਾਂ ਨੇ ਬੇਂਗਲੁਰੂ ਵਿਚ ਚੌਧਰੀ ਦੇ ਪਰਿਵਾਰ ਤੇ ਗਵਾਂਢੀਆਂ ਦੀ ਇੰਟਰਵਿਊ ਲੈਣ ਲਈ ਲਾਈਨਾਂ ਲਾ ਲੈਣੀਆਂ ਸਨ। ਪਰ ਇਹ ਯੋਜਨਾ ਕਾਮਯਾਬ ਨਹੀਂ ਹੋਈ ਤੇ ਸਾਬਤ ਹੋ ਗਿਆ ਕਿ ਕਸਾਬ ਪਾਕਿਸਤਾਨ ਦੇ ਫਰੀਦਕੋਟ ਦਾ ਸੀ। ਸ਼ਹੀਦ ਸਿਪਾਹੀ ਤੁਕਾਰਾਮ ਓਂਬਲੇ ਨੇ ਬਹਾਦਰੀ ਨਾਲ ਕਸਾਬ ਨੂੰ ਜ਼ਿੰਦਾ ਫੜ ਕੇ ਇਹ ਯੋਜਨਾ ਨਾਕਾਮ ਕਰਨ ਵਿਚ ਅਹਿਮ ਰੋਲ ਨਿਭਾਇਆ।
ਮਾਰੀਆ ਮੁਤਾਬਕ ਕਸਾਬ ਲੁੱਟਾਂ-ਖੋਹਾਂ ਲਈ ਲਸ਼ਕਰ ਵਿਚ ਸ਼ਾਮਲ ਹੋਇਆ ਸੀ ਤੇ ਉਸਦਾ ਜਿਹਾਦ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਪਰ ਉਸਨੂੰ ਇਸ ਤਰ੍ਹਾਂ ਦੀ ਪੱਟੀ ਪੜ੍ਹਾਈ ਗਈ ਕਿ ਵਿਸ਼ਵਾਸ ਕਰ ਬੈਠਾ ਕਿ ਭਾਰਤ ਵਿਚ ਮੁਸਲਮਾਨਾਂ ਨੂੰ ਨਮਾਜ਼ ਨਹੀਂ ਅਦਾ ਕਰਨ ਦਿੱਤੀ ਜਾਂਦੀ। ਜਦੋਂ ਉਸਨੂੰ ਮੈਟਰੋ ਸਿਨਮੇ ਨੇੜੇ ਮਸਜਿਦ ਵਿਚ ਲਿਜਾਇਆ ਗਿਆ ਤਾਂ ਉਹ ਦੰਗ ਰਹਿ ਗਿਆ। ਕਸਾਬ ਨੂੰ ਹਮਲੇ ਤੋਂ ਪਹਿਲਾਂ ਸਵਾ ਲੱਖ ਰੁਪਏ ਦੇ ਕੇ ਹਫਤੇ ਦੀ ਛੁੱਟੀ ਦਿੱਤੀ ਗਈ ਸੀ।
ਕਸਾਬ ਨੇ ਪੈਸੇ ਭੈਣ ਦੇ ਵਿਆਹ ਲਈ ਘਰਦਿਆਂ ਨੂੰ ਦੇ ਦਿੱਤੇ।
26 ਨਵੰਬਰ 2008 ਨੂੰ ਪਾਕਿਸਤਾਨ ਦੇ 10 ਦਹਿਸ਼ਤਗਰਦਾਂ ਵੱਲੋਂ ਕੀਤੇ ਗਏ ਦੇਸ਼ ਦੇ ਇਤਿਹਾਸ ਦੇ ਇਸ ਦਹਿਲਾ ਦੇਣ ਵਾਲੇ ਹਮਲੇ ਵਿਚ 166 ਲੋਕ ਮਾਰੇ ਗਏ ਸਨ ਤੇ 300 ਤੋਂ ਵੱਧ ਜ਼ਖਮੀ ਹੋ ਗਏ ਸਨ। ਜ਼ਿੰਦਾ ਫੜੇ ਗਏ ਇੱਕੋ-ਇੱਕ ਦਹਿਸ਼ਤਗਰਦ ਕਸਾਬ ਨੂੰ 21 ਨਵੰਬਰ 2012 ਨੂੰ ਫਾਂਸੀ ਦਿੱਤੀ ਗਈ ਸੀ।

Real Estate