ਇੱਕ ਖਤ ਨੌਜਵਾਨੀ ਦੇ ਨਾਂ

3185

ਜਵਾਨੀ ਦੀ ਦਹਿਲੀਜ਼ ਤੋਂ ਲੰਘਦਿਆਂ ਜੋ ਮੈਂ ਮਹਿਸੂਸ ਕੀਤਾ ਜਾਂ ਅੱਜ ਦੋ ਜਵਾਨ ਬੱਚਿਆਂ ਦੀ ਮਾਂ ਹੋਣ ਨਾਤੇ ਜੋ ਮਹਿਸੂਸ ਕਰ ਰਹੀ ਆਂ, ਅੱਜ ਉਹ ਸਾਂਝਾ ਕਰਨ ਨੂੰ ਮਨ ਕੀਤਾ। ਸੱਚ ਕਹਾਂ ਤਾਂ ਮੇਰੀ ਪੀੜੀ ਦੇ ਨੌਜਵਾਨ ਨਾਲੋਂ ਤੁਸੀਂ ਵੱਧ ਇਮਾਨਦਾਰ ਅਤੇ ਹੁਸ਼ਿਆਰ ਓੰ। ਮੈਨੂੰ ਇਸ ਗੱਲ ਕਰਕੇ ਹਮੇਸ਼ਾਂ ਥੋਡੇ ਤੇ ਮਾਣ ਮਹਿਸੂਸ ਹੁੰਦੈ, ਤੁਸੀਂ ਜੋ ਕਰਦੇ ਓੰ, ਮਹਿਸੂਸਦੇ ਓੰ, ਸ਼ਰੇਆਮ ਕਰਦੇ ਓੰ, ਜਿੱਥੇ ਕਿ ਸੱਭਿਆਚਾਰ ਦੇ ਆਡੰਬਰ ਹੇਠ ਸਾਡੀ ਪੀੜੀ ਨੇ ਸਭ ਕੀਤਾ ਪਰ ਇਮਾਨਦਾਰੀ ਤੇ ਚੰਗੇ ਬਣੇ ਰਹਿਣ ਦਾ ਡਰਾਮਾ ਵਾਧੂ ਚ ਕੀਤਾ।

ਥੋਡੇ ਵਿਚ ਵੱਡੇ ਮੁਕਾਬਲਿਆਂ ਵਿਚ ਉਤਰਨ ਦੀ ਕੋਈ ਝਿਜਕ ਨਹੀਂ, ਧਾਰਮਿਕ ਅਡੰਬਰਾਂ ਤੋਂ ਵੀ ਤੁਸੀਂ ਵਕਤ ਰਹਿੰਦਿਆਂ ਈ ਪਾਸਾ ਵੱਟ ਰਹੇ ਓੰ। ਮੈਂ ਜਾਣਦੀ ਆਂ ਇਸ ਸਭ ਤੇ ਧਾਰਮਿਕ ਦੁਕਾਨਾਂ ਚਲਾਉਣ ਵਾਲੇ ਥੋਡੇ ਤੋਂ ਕਾਫੀ ਨਿਰਾਸ਼ ਨੇ ਪਰ ਪ੍ਰਵਾਹ ਨਾ ਕਰੋ, ਤੁਸੀਂ ਏਥੇ ਸਹੀ ਦਿਸ਼ਾ ਵਿਚ ਓੰ।

ਬਹੁਤ ਕਾਬਲੀਅਤ ਹੋਣ ਦੇ ਬਾਵਜੂਦ, ਐਨੀਆਂ ਡਿਗਰੀਆਂ ਹੋਣ ਦੇ ਬਾਵਜੂਦ ਤੁਸੀਂ ਮਾਰ ਕਿੱਥੇ ਖਾ ਰਹੇ ਓੰ? ਬੇਸ਼ੱਕ, ਤੁਸੀਂ ਪੰਜਾਬ ਦੇ ਸਿਰ ਦੀ ਕਲਗੀ ਓੰ ਤੇ ਥੋਡੇ ਤੋਂ ਬਿਨਾਂ ਇੱਕ ਕਦਮ ਵੀ ਚੱਲਣਾ ਸਾਡੇ ਲਈ ਸੰਭਵ ਨਹੀਂ। ਮੈਂ ਬਿਲਕੁਲ ਨਹੀਂ ਕਹਿੰਦੀ ਕਿ ਤੁਸੀਂ ਮੰਨੋਰੰਜਨ ਨਾ ਕਰੋ, ਤੁਸੀਂ ਗਾਣੇ ਵੀ ਸੁਣੋ ਤੇ ਫਿਲਮਾਂ ਵੀ ਦੇਖੋ, ਦੋਸਤਾਂ ਨਾਲ ਖੁੱਲ ਕੇ ਜਿੰਦਗੀ ਜੀਓ। ਮੈਂ ਇਹ ਵੀ ਨਹੀਂ ਕਹਿੰਦੀ ਕਿ ਤੁਸੀਂ ਗਲਤੀਆਂ ਨਾ ਕਰੋ, ਬਲਕਿ ਜੀ ਖੋਲ ਕੇ ਕਰੋ, ਡਿੱਗੋ ਅਤੇ ਹਰ ਵਾਰ ਪਹਿਲਾਂ ਨਾਲੋਂ ਵੱਧ ਤਿਆਰ ਹੋ ਕੇ ਖੜੇ ਹੋਵੋ। ਪਰ ਫੇਰ ਵੀ ਥੋਨੂੰ ਸਿਆਸੀ ਚਾਲਾਂ ਸਮਝਣੀਆਂ ਪੈਣਗੀਆਂ, ਕਿਤਾਬਾਂ ਪੜਨੀਆਂ ਪੈਣਗੀਆਂ ਜਿੰਨਾ ਤੋਂ ਬਹੁਤਾਤ ਦੂਰ ਹੋ ਰਹੇ ਨੇ। ਥੋਨੂੰ ਯਾਦ ਰੱਖਣਾ ਪਵੇਗਾ ਕਿ ਥੋਡੇ ਪੁਰਖਿਆਂ ਨੇ ਇਤਿਹਾਸ ਸਿਰਜਣ ਲਈ ਕੀ ਕੁਝ ਕੀਤਾ ਜਿਸ ਕਰਕੇ ਦੁਨੀਆਂ ਮੂਹਰੇ ਅੱਜ ਸਾਡਾ ਸਿਰ ਮਾਣ ਨਾਲ ਉੱਚਾ ਹੈ।ਥੋਨੂੰ ਆਪਣੇ ਸਹੀ ਰੋਲ ਮਾਡਲ ਚੁਣਨੇ ਪੈਣਗੇ।

ਕੁਝ ਦਿਨ ਹੋਏ ਕਿਸੇ ਗੱਲ ਤੇ ਇੱਕ ਨੌਜਵਾਨ ਮੁੰਡਾ ਮੇਰੇ ਨਾਲ ਬਹਿਸਣ ਲੱਗਿਆ ਜਿਸ ਮੁੱਦੇ ਬਾਰੇ ਉਸਨੂੰ ਪਤਾ ਵੀ ਨਹੀਂ ਸੀ ਤੇ ਬਿਨਾਂ ਕਿਸੇ ਲਿਹਾਜ ਅੰਤ ਤੂੰ ਤੜਾਕ ਤੇ ਆ ਗਿਆ। ਜਦੋਂ ਮੈਂ ਪੁੱਛਿਆ ਕਿ ਕੀ ਪੜਦੇ ਓੰ ਤਾਂ ਕਹਿੰਦਾ ਫੇਸਬੁੱਕ ਤੇ ਲਿਖਿਆ ਪੜ ਲੈਨੇਂ ਆਂ। ਫੇਰ ਮੈਨੂੰ ਲੱਗਿਆ ਇਹ ਕੁਝ ਸਿੱਖਣ ਦੇ ਮੂਡ ਵਿਚ ਨਹੀਂ, ਪਰ ਇਸ ਗੱਲ ਨੇ ਮੈਨੂੰ ਪ੍ਰੇਸ਼ਾਨ ਕਰੀ ਰੱਖਿਆ ਕਿ ਏਸ ਨੌਜਵਾਨੀ ਦੇ ਸਿਰ ਤੇ ਤਾਂ ਪੰਜਾਬ ਨੂੰ ਮੂਧੇ ਮੂੰਹ ਸੁੱਟਣਾ ਈ ਬੜਾ ਸੌਖਾ ਏ। ਸੱਚ ਕਹਾਂ ਤਾਂ ਇਹ ਲਿਖਤ ਈ ਮੇਰੇ ਤੋਂ ਉਸਨੇ ਲਿਖਵਾਈ।
ਇਹ ਜੋ ਭਾਰੀਆਂ ਭਾਰੀਆਂ ਸਿਲੇਬਸ ਦੀਆਂ ਕਿਤਾਬਾਂ ਨੇ ਥੋਨੂੰ ਡਿਗਰੀ ਦੀ ਰੇਸ ਮਗਰੋਂ ਨੌਕਰੀ ਦੀ ਤਲਾਸ਼ ਦੇ ਚੱਕਰ ਵਿੱਚੋਂ ਨਹੀਂ ਨਿਕਲਣ ਦਿੱਤਾ ਅਤੇ ਗਿਆਨ ਤੋਂ ਦੂਰ ਕੀਤਾ, ਬੇਹੱਦ ਫਿਕਰ ਕਰਨ ਦੀ ਗੱਲ ਹੈ। ਪੰਜਾਬੀ ਨੌਜਵਾਨ ਜੋ ਪੈਂਤੀ ਪੂਰੀ ਨਹੀਂ ਬੋਲ ਸਕਦੇ ਤੇ ਦੂਜੇ ਰਾਜਾਂ ਤੋਂ ਆਏ ਓਸੇ ਨੂੰ ਮਾਂ ਬੋਲੀ ਬਣਾ ਰਹੇ ਨੇ, ਸੋਚਣ ਦਾ ਵਿਸ਼ਾ ਹੈ।

ਕਿਸੇ ਵੀ ਸੱਭਿਅਤਾ ਨੂੰ ਖਤਮ ਕਰਨ ਲਈ ਨੌਜਵਾਨੀ ਕੁਰਾਹੇ ਪਾ ਦੇਣੀ ਕਾਫੀ ਹੁੰਦੀ ਹੈ ਤੇ ਤੁਸੀਂ ਉਹ ਰਾਹ ਤੇ ਤੇਜੀ ਨਾਲ ਵਧ ਰਹੇ ਓੰ। ਆਨੰਦ ਲਈ ਮਾਰਿਆ ਪਹਿਲਾ ਕਸ਼ ਸਿਰਫ ਥੋਨੂੰ ਨਹੀਂ, ਪੂਰੇ ਪਰਿਵਾਰ ਅਤੇ ਅੱਗੋਂ ਪੂਰੇ ਪੰਜਾਬ ਨੂੰ ਤਬਾਹ ਕਰ ਦੇਵੇਗਾ। ਥੋਨੂੰ ਯਹੂਦੀਆਂ ਦੀ ਉਦਾਹਰਣ ਯਾਦ ਕਰਨੀ ਪਵੇਗੀ ਕਿ ਕਿਵੇਂ ਕੌਮ ਦੇ ਨਾਮ ਤੇ ਬਚੇ ਕੁਝ ਕੁ ਯਹੂਦੀ ਕਿਵੇਂ ਮੁੜ ਖੜੇ ਹੋਏ, ਪੜੇ ਤੇ ਉੱਚੇ ਰੁਤਬਿਆਂ ਤੱਕ ਪਹੁੰਚੇ। ਮੁੜ ਸਥਾਪਿਤ ਹੋ ਕੇ ਅੱਜ ਦੁਨੀਆਂ ਦੇ ਹਰ ਮੁੱਖ ਅਦਾਰੇ ਤੇ ਕਾਬਿਜ਼ ਹਨ।

ਗਿਆਨ ਦੇ ਨਾਲ ਨਾਲ ਥੋਨੂੰ ਸਿਆਸਤ ਵੀ ਸਮਝਣੀ ਪਵੇਗੀ ਕਿਉਂਕਿ ਸਿਆਸਤ ਤੋਂ ਬਿਨਾਂ ਤਾਂ ਗੰਢੇ, ਆਲੂਆਂ ਦਾ ਮੁੱਲ ਵੀ ਤੈਅ ਨਹੀਂ ਹੋ ਸਕਦਾ। ਜਿੰਦਾਬਾਦ, ਮੁਰਦਾਬਾਦ ਲਈ ਉਹ ਥੋਨੂੰ ਵਰਤਣਗੇ ਅਤੇ ਮਗਰੋਂ ਜਲੀਲ ਕਰਕੇ ਸੁੱਟ ਦੇਣਗੇ ਜਿਵੇਂ ਹੋ ਈ ਰਿਹਾ ਹੈ। ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ, ਇਹ ਵੀ ਸਮਝਣਾ ਪਵੇਗਾ।

ਥੋਡੇ ਕੋਲ ਤਕਨਾਲੋਜੀ ਹੈ, ਇੰਟਰਨੈੱਟ ਹੈ, ਕਿਤਾਬਾਂ ਹਨ, ਖੇਡਾਂ ਨੇ ਫੇਰ ਬੌਧਿਕ ਕੰਗਾਲ ਕਿਉਂ ਅਖਵਾਉਣਾ? ਹੋ ਸਕਦਾ ਮੇਰਾ ਸਭ ਥੋਨੂੰ ਪਸੰਦ ਨਾ ਵੀ ਆਵੇ ਪਰ ਆਤਮ ਪੜਚੋਲ ਜਰੂਰ ਕਰਿਆ ਕਰੋ। ਰੋਜ਼ ਸ਼ਾਮ ਨੂੰ ਦਿਨ ਭਰ ਕੀਤੇ ਚੰਗੇ ਜਾਂ ਮਾੜੇ ਕੰਮਾਂ ਦਾ ਵਹੀ ਖਾਤਾ ਫਰੋਲਿਆ ਕਰੋ। ਹਰ ਦਿਨ ਇੱਕ ਛੋਟੀ ਜਹੀ ਨਵੀਂ ਆਦਤ ਪਾਇਆ ਕਰੋ, ਯਕੀਨ ਕਰੋ ਤੁਸੀਂ ਇਸ ਧਰਤੀ ਨੂੰ ਬਹੁਤ ਕੁਝ ਦੇ ਜਾਓਂਗੇ। ਤੁਸੀਂ ਸਾਡੀਆਂ ਬਾਹਵਾਂ ਓੰ, ਜਿੰਨ੍ਹਾਂ ਦੇ ਸਿਰ ਤੇ ਅਸੀਂ ਵੱਡੀਆਂ ਲੜਾਈਆਂ ਲੜਨੀਆਂ ਨੇ। ਦੇਖਿਓ, ਉਮੀਦ ਨਾ ਤੋੜ ਦਿਓ।

ਥੋਡੇ ਤੋਂ ਉਮੀਦ ਨਾਲ
ਥੋਡੀ ਵੱਡੀ ਭੈਣ
ਹਰਮੀਤ

Real Estate