ਪ੍ਰਾਈਵੇਟ ਸਕੂਲ ਵੈਨ ਨੂੰ ਅੱਗ ਲੱਗਣ ਨਾਲ 4 ਬੱਚੇ ਜਿਊਂਦੇ ਸੜੇ :ਮੈਜਿਸਟ੍ਰੇਟੀ ਜਾਂਚ ਦੇ ਹੁਕਮ

1373

ਸੰਗਰੂਰ ਦੇ ਲੌਂਗੋਵਾਲ ਵਿਚ ਇੱਕ ਪ੍ਰਾਈਵੇਟ ਸਕੂਲ ਦੀ ਵੈਨ ਨੂੰ ਅੱਗ ਲੱਗਣ ਦੀ ਮੰਦਭਾਗੀ ਖ਼ਬਰ ਹੈ । ਅੱਗ ਲੱਗਣ ਕਾਰਨ 4 ਬੱਚੇ ਜਿਊਂਦੇ ਸੜ ਗਏ ਜਿੰਨ੍ਹਾਂ ਦੀ ਉਮਰ 4 ਤੋਂ 5 ਸਾਲ ਸੀ । 8 ਹੋਰ ਬੱਚਿਆਂ ਨੂੰ ਨੇੜਲੇ ਖੇਤਾਂ ‘ਚ ਕੰਮ ਕਰਦੇ ਲੋਕਾਂ ਨੇ ਬਚਾ ਲਿਆ ਹੈ। ਹਾਦਸਾ ਇੰਨਾ ਭਿਆਨਕ ਸੀ ਬੱਚੇ ਪੂਰੇ ਤਰ੍ਹਾਂ ਸੜ ਗਏ। ਘਟਨਾ ਵਾਲੀ ਥਾਂ ਉਤੇ ਮੌਜੂਦ ਕੁਝ ਲੋਕਾਂ ਅਨੁਸਾਰ ਸਕੂਲ ਵਾਲੇ ਇਕ ਦਿਨ ਪਹਿਲਾਂ ਹੀ ਵੈਨ ਖਰੀਦ ਕੇ ਲਿਆਏ ਸਨ। ਇੱਕ ਹੋਰ ਰਾਹਗੀਰ ਅਨੁਸਾਰ ਵੈਨ ਨੂੰ ਕਾਫੀ ਦੇਰ ਤੋਂ ਅੱਗ ਲੱਗੀ ਹੋਈ ਸੀ ਪਰ ਡਰਾਈਵਰ ਨੇ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ। ਉਸ ਨੇ ਅੱਗੇ ਮੋਟਰਸਾਈਕਲ ਕਰ ਕੇ ਵੈਨ ਰੋਕੀ ਤੇ ਕੁਝ ਬੱਚਿਆਂ ਨੂੰ ਬਾਹਰ ਕੱਢਿਆ ਪਰ ਇਸ ਤੋਂ ਬਾਅਦ ਅੱਗ ਤੇਜ਼ ਹੋ ਗਈ ਤੇ ਵੇਖਦੇ ਵੇਖਦੇ ਬੱਚੇ ਪੂਰੀ ਤਰ੍ਹਾਂ ਸੜ ਗਏ। ਵੈਨ ਵਿਚ 12 ਬੱਚੇ ਸਵਾਰ ਸਨ। ਵੈਨ ਸਿੱਧ ਸਮਾਧਾਂ ਰੋਡ ‘ਤੇ ਸਥਿਤ ਸਿਮਰਨ ਪਬਲਿਕ ਸਕੂਲ ਦੀ ਦੱਸੀ ਜਾ ਰਹੀ ਹੈ, ਜੋ ਬੱਚਿਆਂ ਨੂੰ ਛੁੱਟੀ ਹੋਣ ਉਪਰੰਤ ਲੌਂਗੋਵਾਲ ਵੱਲ ਘਰਾਂ ‘ਚ ਛੱਡਣ ਲਈ ਜਾ ਰਹੀ ਸੀ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਾਦਸੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੈਪਟਨ ਨੇ ਇਸ ਸੰਬੰਧੀ ਟਵੀਟ ਕੀਤਾ ਅਤੇ ਲਿਖਿਆ, ”ਸੰਗਰੂਰ ਵਿਖੇ ਚਾਰ ਬੱਚਿਆਂ ਦੀ ਸਕੂਲ ਵੈਨ ਅੱਗ ਦਾ ਸ਼ਿਕਾਰ ਹੋ ਗਈ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਡੇ ਸਾਰਿਆਂ ਲਈ ਅਸਹਿ ਹੈ। ਜ਼ਖਮੀ ਬੱਚਿਆਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਅਤੇ ਡੀ। ਸੀ। ਸੰਗਰੂਰ ਤੇ ਐੱਸ ਐੱਸ ਪੀ ਸੰਗਰੂਰ ਮੌਕੇ ‘ਤੇ ਮੌਜੂਦ ਹਨ ਤੇ ਉਨ੍ਹਾਂ ਨੂੰ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਦਿੱਤੇ ਹਨ ਤੇ ਜੋ ਵੀ ਇਸ ਪਿੱਛੇ ਜ਼ਿੰਮੇਵਾਰ ਹੈ ਉਹ ਬਖ਼ਸ਼ਿਆ ਨਹੀਂ ਜਾਵੇਗਾ।”

Real Estate