ਇਸ ਵਾਰ ਜਨਗਣਨਾ ਡਰ ਦਾ ਕਾਰਨ ਕਿਉਂ ?

2048

ਹਰਮੀਤ ਬਰਾੜ

ਜਨਗਣਨਾ, ਜੋ ਕਿ ਅਪ੍ਰੈਲ ਮਹੀਨੇ ਸ਼ੁਰੂ ਹੋਣ ਜਾ ਰਹੀ ਹੈ ਅਤੇ ਬੇਝਿਜਕ ਅਸੀਂ ਹਮੇਸ਼ਾਂ ਆਪਣੇ ਅੰਕੜੇ ਦਰਜ ਕਰਵਾਉਂਦੇ ਆਏ ਹਾਂ। ਪਰ ਇਸ ਵਾਰ ਜਨਗਣਨਾ ਡਰ ਦਾ ਕਾਰਨ ਕਿਵੇਂ ਹੈ, ਆਓ ਪੜਚੋਲੀਏ।
ਉਹ ਤੁਹਾਡੇ ਘਰ ਆਉਣਗੇ, ਉਹ ਕੋਈ ਵੀ, ਨਜ਼ਦੀਕ ਸਕੂਲ ਦੇ ਅਧਿਆਪਕ ਜਾਂ ਪਿੰਡ ਦੀ ਡਿਸਪੈਂਸਰੀ ਦੇ ਕਰਮਚਾਰੀ, ਜਿੰਨ੍ਹਾਂ ਨੂੰ ਤੁਸੀਂ ਪਹਿਲਾਂ ਤੋਂ ਹੀ ਚੰਗੀ ਤਰ੍ਹਾਂ ਜਾਣਦੇ ਹੋ। ਉਹ ਕੁਝ ਸਵਾਲ ਪੁੱਛਣਗੇ ਜਿਵੇਂ ਕਿ ਤੁਹਾਡੀ ਜਾਣਕਾਰੀ, ਤੁਹਾਡੇ ਪਿਤਾ ਜਾਂ ਮਾਤਾ ਦੇ ਜਨਮ ਦਾ ਸਥਾਨ, ਉਨ੍ਹਾਂ ਦਾ ਪਿਛਲਾ ਪਿੰਡ ਜਾਂ ਉਹ ਕਿੱਥੋਂ ਆਏ ਆਦਿ। ਤੁਹਾਨੂੰ ਇਹਨਾਂ ਸਵਾਲਾਂ ਦੇ ਜਵਾਬ ਦੇਣ ਵਿੱਚ ਦਿੱਕਤ ਨਹੀਂ ਹੋਵੇਗੀ ਕਿਉਂਕਿ ਉਹ ਤੁਹਾਡੇ ਜਾਣੇ ਪਹਿਚਾਣੇ ਚਿਹਰੇ ਹਨ।ਇਸ ਸਮੇਂ ਉਹ ਤੁਹਾਡੇ ਤੋਂ ਕੋਈ ਪ੍ਰਮਾਣ ਪੱਤਰ ਨਹੀਂ ਮੰਗਣਗੇ, ਸਿਰਫ ਜਵਾਬ ਲਿਖ ਕੇ ਚਲੇ ਜਾਣਗੇ। ਇਹੀ ਐਨ ਪੀ ਆਰ ਦਾ ਪੜਾਅ ਸੀ ਜੋ ਤੁਹਾਡੇ ਤੋਂ ਅਣਜਾਣੇ ਵਿਚ ਹੀ ਪੂਰਾ ਕਰਵਾ ਲਿਆ ਗਿਆ।
ਹੁਣ ਸ਼ੁਰੂਆਤ ਹੈ ਐਨ ਆਰ ਸੀ ਦੀ, ਜੇ ਤੁਸੀਂ ਨਹੀਂ ਜਾਣਦੇ ਹੋਵੋੰਗੇ ਕਿ ਮਾਤਾ ਪਿਤਾ ਦਾ ਜਨਮ ਕਿੱਥੇ ਹੋਇਆ, ਜਾਂ 20-30 ਸਾਲ ਪਹਿਲਾਂ ਤੁਹਾਡੇ ਮਾਤਾ ਪਿਤਾ ਦਾ ਨਾਮ ਵੋਟਰ ਸੂਚੀ ਵਿਚ ਸੀ ਜਾਂ ਨਹੀਂ ਆਦਿ, ਜੋ ਕਿ ਅਕਸਰ ਨਹੀਂ ਪਤਾ ਹੁੰਦਾ ਤਾਂ ਤਹਿਸੀਲਦਾਰ ਜਾਂ ਹੋਰ ਸਰਕਾਰੀ ਕਰਮਚਾਰੀ ਤੁਹਾਡੇ ਨਾਮ ਅੱਗੇ ‘D’ ਲਿਖ ਦੇਣਗੇ ਜਿਸਦਾ ਅੰਗਰੇਜ਼ੀ ਮਤਲਬ ‘doubtful’ ਭਾਵ ਸ਼ੱਕੀ ਹੋਵੇਗਾ।
ਇਸ ਪ੍ਰਕਿਰਿਆ ਮਗਰੋਂ ਤਹਿਸੀਲਦਾਰ ਤੁਹਾਨੂੰ ਬੁਲਾ ਕੇ ਇਹ ਸਾਬਿਤ ਕਰਨ ਲਈ ਕਹੇਗਾ ਕਿ ਪ੍ਰਮਾਣ ਪੱਤਰ ਦਿਖਾਓ ਕਿ ਤੁਹਾਡੇ ਮਾਤਾ-ਪਿਤਾ ਦਾ ਜਨਮ ਭਾਰਤ ਵਿਚ ਹੀ ਹੋਇਆ। ਹੈਰਾਨੀ ਦੀ ਗੱਲ ਹੈ ਕਿ ਪ੍ਰਮਾਣ ਪੱਤਰ, ਆਧਾਰ ਕਾਰਡ, ਵੋਟਰ ਆਈ ਡੀ ਆਦਿ ਹਰਗਿਜ਼ ਨਹੀਂ ਹੋਣਗੇ, ਆਸਾਮ ਇਹ ਪਹਿਲਾਂ ਭੁਗਤ ਚੁੱਕਿਆ ਹੈ। ਹੈਰਾਨ ਓਂ ਨਾ, ਇਹ ਸਭ ਜਾਣ ਕੇ? ਇਸੇ ਲਈ ਇਹ ਕਾਨੂੰਨ ਖਤਰਨਾਕ ਹੈ। ਸਾਬਿਤ ਕਿਵੇਂ ਕਰਨਾ ਹੈ, ਸਰਕਾਰ ਨੇ ਅਜੇ ਤੱਕ ਨਹੀਂ ਦੱਸਿਆ।

ਇਸ ਤੋਂ ਮਗਰੋਂ ਅਗਲਾ ਪੜਾਅ, ਜਿੱਥੇ ਤੁਹਾਨੂੰ ਵਿਦੇਸ਼ੀ ਟ੍ਰਿਬਿਊਨਲ ਕੋਲ ਭੇਜਿਆ ਜਾਵੇਗਾ ਭਾਵ ਇੱਕ ਉੱਚ ਪੱਧਰੀ ਜਾਂਚ ਏਜੰਸੀ ਜਾਂ ਕਹਿ ਲਓ ਵਿਦੇਸ਼ੀਆਂ ਲਈ ਬਣੀ ਅਦਾਲਤ, ਏਥੇ ਤੁਹਾਨੂੰ ਕਿਹਾ ਜਾਵੇਗਾ ਕਿ ਸਾਬਿਤ ਕਰੋ ਕਿ ਤੁਸੀਂ ਭਾਰਤੀ ਹੋੰ ਜਾਂ ਨਹੀਂ? ਹੁਣ ਸਵਾਲ ਹੈ ਕਿ ਜੇ ਤੁਸੀਂ ਮੁਸਲਮਾਨ ਹੋੰ, ਘੱਟ ਗਿਣਤੀ ਹੋੰ, ਗਰੀਬ ਹੋੰ ਭਾਵ ਸਰਕਾਰ ਨਾਲ ਟਾਕਰਾ ਲੈਣ ਦੇ ਸਮਰੱਥ ਨਹੀਂ ਤਾਂ ਸਮਝੋ ਇਹ ਤੁਹਾਡੇ ਲਈ ਖਤਰੇ ਦੀ ਘੰਟੀ ਹੈ। ਹੁਣ ਸ਼ੁਰੂਆਤ ਹੋਵੇਗੀ ਸੀ ਏ ਏ ਦੀ, ਏਥੇ ਤੁਸੀਂ ਵਿਦੇਸ਼ੀ ਘੋਸ਼ਿਤ ਕਰ ਦਿੱਤੇ ਜਾਓਂਗੇ।
ਹੁਣ ਵਿਦੇਸ਼ੀ ਜੋ ਕਿ ਗੈਰ ਕਾਨੂੰਨੀ ਘੋਸ਼ਿਤ ਕੀਤਾ ਜਾ ਚੁੱਕਿਆ ਹੈ ਉਸ ਲਈ ਖਾਸ ਕਿਸਮ ਦੇ ਡਿਟੈਨਸ਼ਨ ਸੈਂਟਰ ਬਣਾਏ ਗਏ ਹਨ (ਆਸਾਮ ਅਤੇ ਕਰਨਾਟਕ ਵਿੱਚ ਤਿਆਰ ਹਨ) ਵਿੱਚ ਸੁੱਟ ਦਿੱਤਾ ਜਾਵੇਗਾ।

ਉਹ ਇਨਸਾਨ ਜਿਸ ਦੇ ਪੁਰਖੇ ਸੈਂਕੜੇ ਸਾਲਾਂ ਤੋ ਇਸ ਮੁਲਕ ਵਿਚ ਰਹਿ ਰਹੇ ਹਨ, ਅੱਜ ਉਹ ਇਸ ਮੋੜ ਤੇ ਖੜਾ ਹੈ ਕਿ ਉਸਨੂੰ ਆਪਣੀ ਨਾਗਰਿਕਤਾ ਸਾਬਿਤ ਕਰਨੀ ਪਵੇਗੀ ਜਾਂ ਜੇਲ ਜਾਣਾ ਪਵੇਗਾ। ਜੋ ਮੁਸਲਮਾਨ ਪਾਕਿਸਤਾਨ ਬਣਨ ਵੇਲੇ ਭਾਰਤ ਦੀ ਧਰਤੀ ਤੇ ਰੁਕਿਆ ਕਿਉਂਕਿ ਭਾਰਤ ਇੱਕ ਧਰਮ ਨਿਰਪੱਖ ਮੁਲਕ ਸੀ, ਕੀ ਉਸ ਤੋਂ ਵੱਡਾ ਵੀ ਦੇਸ਼ ਭਗਤੀ ਦਾ ਪ੍ਰਮਾਣ ਕੋਈ ਹੋ ਸਕੇਗਾ? ਇਹ ਇੱਕ ਬੇਹੱਦ ਬੇਰਹਿਮ ਕਾਨੂੰਨ ਹੈ, ਜਿਸ ਖਿਲਾਫ ਸੜਕਾਂ ਤੇ ਉਤਰਨਾ ਸਾਡਾ ਸਭ ਦਾ ਫਰਜ਼ ਹੈ, ਨਹੀਂ ਤਾਂ ਇਹ ਮੁਲਕ ਰਹਿਣਯੋਗ ਨਹੀਂ ਰਹਿ ਸਕੇਗਾ। ਜੇ ਇਹ ਕਹਿ ਕੇ ਪਾਸਾ ਵੱਟ ਰਹੇ ਹੋੰ ਕਿ ਮੈਨੂੰ ਕੋਈ ਨੁਕਸਾਨ ਨਹੀਂ ਤਾਂ ਯਾਦ ਰੱਖੋ ਮਨੁਸਮ੍ਰਿਤੀ ਦਾ ਅਗਲਾ ਕਦਮ ਤੁਹਾਡੇ ਵਲ ਵਧ ਰਿਹਾ ਹੈ। ਦਲਿਤ ਅਤੇ ਔਰਤਾਂ ਇਸ ਸਭ ਦਾ ਅਗਲਾ ਸ਼ਿਕਾਰ ਹਨ। ਉੱਠੋ, ਲੜਾਈ ਲੜੀਏ।

Real Estate