ਦਿੱਲੀ ਨਤੀਜੇ਼ : 70 ਵਿੱਚੋਂ 63 ਕਾਂਗਰਸੀ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ !

659

ਦਿੱਲੀ ਵਿਧਾਨ ਸਭਾ ਲਈ ਪਈਆਂ ਵੋਟਾਂ ਦੇ ਨਤੀਜਿਆਂ ’ਚ ਕਾਂਗਰਸ ਦੀ ਹਾਲਤ ਪਿਛਲੀਆਂ 2015 ਦੀਆਂ ਵਿਧਾਨ ਸਭਾ ਚੋਣਾਂ ਵਰਗੀ ਹੀ ਰਹੀ ਤੇ ਪਾਰਟੀ ਇਸ ਵਾਰ ਵੀ ਕਿਸੇ ਹਲਕੇ ਵਿੱਚ ਜਿੱਤ ਪ੍ਰਾਪਤ ਨਹੀਂ ਕਰ ਸਕੀ। ਸ਼ੀਲਾ ਦੀਕਸ਼ਿਤ ਦੀ ਅਗਵਾਈ ਹੇਠ ਦਿੱਲੀ ’ਚ 15 ਸਾਲ ਲਗਾਤਾਰ ਸਰਕਾਰ ਚਲਾਉਣ ਵਾਲੀ ਕਾਂਗਰਸ ਦੇ 63 ਉਮੀਦਵਾਰ ਆਪਣੀ ਜ਼ਮਾਨਤਾਂ ਵੀ ਨਹੀਂ ਬਚਾ ਸਕੇ। ਕਾਂਗਰਸ ਨੂੰ ਕੁੱਲ ਪਈਆਂ ਵੋਟਾਂ ’ਚੋਂ ਪੰਜ ਫ਼ੀਸਦ ਤੋਂ ਵੀ ਘੱਟ ਵੋਟਾਂ ਮਿਲੀਆਂ ਹਨ। ਗਾਂਧੀ ਨਗਰ ਤੋਂ ਅਰਵਿੰਦਰ ਸਿੰਘ ਲਵਲੀ, ਬਾਦਲੀ ਤੋਂ ਦੇਵੇਂਦਰ ਯਾਦਵ ਤੇ ਕਸਤੂਰਬਾ ਨਗਰ ਤੋਂ ਅਭਿਸ਼ੇਕ ਦੱਤ ਹੀ ਜ਼ਮਾਨਤਾਂ ਬਚਾਉਣ ’ਚ ਸਫ਼ਲ ਰਹੇ ਹਨ। 2019 ਦੀਆਂ ਲੋਕ ਸਭਾ ਚੋਣਾਂ ’ਚ ਕਾਂਗਰਸ ਨੇ ਆਮ ਆਦਮੀ ਪਾਰਟੀ ਨੂੰ ਵੋਟ ਫ਼ੀਸਦ ’ਚ ਮਾਤ ਦੇ ਦਿੱਤੀ ਸੀ।
ਪਿਛਲੇ ਸਾਲ ਜੁਲਾਈ ਵਿਚ ਦੀਕਸ਼ਿਤ ਦਾ ਦੇਹਾਂਤ ਹੋ ਗਿਆ ਸੀ ਤੇ ਚੋਣਾਂ ਵਿਚ ਕਾਂਗਰਸ ਕੋਲ ਕੋਈ ਵੱਡਾ ਤੇ ਭਰੋਸੇਯੋਗ ਚਿਹਰਾ ਹੀ ਨਹੀਂ ਸੀ। ਕਾਂਗਰਸ ਦੀ ਜ਼ਿਆਦਾਤਰ ਚੋਣ ਮੁਹਿੰਮ ਦੀਕਸ਼ਿਤ ਕਾਰਜਕਾਲ ਦੇ ਕੰਮਾਂ ’ਤੇ ਹੀ ਕੇਂਦਰਤ ਸੀ, ਪਰ ਇਹ ਲੋਕਾਂ ਨੂੰ ਪ੍ਰਭਾਵਿਤ ਨਹੀਂ ਕਰ ਸਕੀ। ਸੀਨੀਅਰ ਕਾਂਗਰਸੀ ਆਗੂ ਪੀ। ਚਿਦੰਬਰਮ ਨੇ ‘ਆਪ’ ਦੀ ਕਾਰਗੁਜ਼ਾਰੀ ਦੀ ਸਿਫ਼ਤ ਕੀਤੀ ਤੇ ਕਿਹਾ ਕਿ ਭਾਜਪਾ ਦਾ ‘ਵੰਡਪਾਊ ਤੇ ਖ਼ਤਰਨਾਕ ਏਜੰਡਾ’ ਹਾਰ ਗਿਆ।

Real Estate