ਦਿੱਲੀ ਦੀਆਂ ਚੋਣਾਂ ਨੇ ਦਿੱਤਾ ਵੱਡਾ ਸੁਨੇਹਾ-ਇੱਕ ਸਰਵੇਖਣ

2361

ਫ੍ਰਿਰਕਾਪ੍ਰਸਤੀ ਤੇ ਵੰਡਪਾਊ ਨੀਤੀ ਦੀ ਹਾਰ ਹੋਈ ਤੇ ਕੰਮਾਂ ਦੀ ਜਿੱਤ

ਬਲਵਿੰਦਰ ਸਿੰਘ ਭੁੱਲਰ

ਬੀਤੀ ਅੱਠ ਫਰਵਰੀ ਨੂੰ ਹੋਈਆਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਤੇ ਸਮੁੱਚੇ ਦੇਸ਼ ਦੀਆਂ ਨਜਰਾਂ ਟਿਕੀਆਂ ਹੋਈਆਂ ਸਨ। ਨਤੀਜੇ ਆਏ ਤਾਂ ਆਮ ਆਦਮੀ ਪਾਰਟੀ ਨੇ ਪੂਰਨ ਬਹੁਮੱਤ ਨਾਲ ਸੱਤ੍ਹਾ ਦੀ ਪ੍ਰਾਪਤੀ ਕਰ ਲਈ ਹੈ, ਕੇਂਦਰ ਦੀ ਸੱਤਾਧਾਰੀ ਪਾਰਟੀ ਭਾਜਪਾ ਕੁੱਝ ਸੀਟਾਂ ਤੇ ਸਿਮਟ ਕੇ ਰਹਿ ਗਈ ਹੈ, ਜਦ ਕਿ ਦੇਸ ਦੀ ਪ੍ਰਮੁੱਖ ਵਿਰੋਧੀ ਪਾਰਟੀ ਕਾਂਗਰਸ ਨੂੰ ਵੀ ਅੱਖਾਂ ਮੀਚ ਕੇ ਸਬਰ ਕਰਨਾ ਪਿਆ ਹੈ। ਦਿੱਲੀ ਦੇਸ ਦੀ ਰਾਜਧਾਨੀ ਹੈ, ਜਿਸਨੂੰ ਦੇਸ ਦੀ ਟੀਸੀ ਮੰਨਿਆਂ ਜਾਂਦਾ ਹੈ। ਇੱਥੋਂ ਦਿੱਤਾ ਸੁਨੇਹਾ ਸਮੁੱਚੇ ਦੇਸ਼ ਤੇ ਡੂੰਘਾ ਪ੍ਰਭਾਵ ਪਾਉਂਦਾ ਹੈ। ਇਹੀ ਕਾਰਨ ਸੀ ਕਿ ਜਦ ਦਿੱਲੀ ਵਿੱਚ ਨਿਰਭੈਯਾ ਕਾਂਡ ਸਮੇਤ ਲਗਾਤਾਰ ਕਈ ਬਲਾਤਕਾਰ ਦੀਆਂ ਘਟਨਾਵਾਂ ਵਾਪਰੀਆਂ ਤਾਂ ਸਾਰਾ ਦੇਸ ਇੱਕ ਤਰ੍ਹਾਂ ਹਿੱਲ ਗਿਆ ਸੀ ਅਤੇ ਦੇਸ ਦੇ ਲੋਕ ਇਉਂ ਮਹਿਸੂਸ ਕਰ ਰਹੇ ਸਨ, ਜਿਵੇਂ ਉਹ ਖੁਦ ਬਲਾਤਕਾਰ ਵਰਗੀ ਪੀੜ ਬਰਦਾਸਤ ਕਰ ਰਹੇ ਹੋਣ। ਇਸੇ ਤਰ੍ਹਾਂ ਬੀਤੇ ਦਿਨੀਂ ਹੋਈਆਂ ਇਹਨਾਂ ਵਿਧਾਨ ਸਭਾ ਚੋਣਾਂ ਦਾ ਪ੍ਰਭਾਵ ਵੀ ਸਾਰੇ ਦੇਸ ਵਾਸੀਆਂ ਤੇ ਪੈਣਾ ਕੁਦਰਤੀ ਹੈ। ਵਿਚਾਰਨ ਵਾਲੀ ਗੱਲ ਹੈ ਕਿ ਇਹਨਾਂ ਚੋਣਾਂ ਵਿੱਚ ਜਿੱਤ ਕੀਹਦੀ ਹੋਈ ਅਤੇ ਹਾਰ ਕੀਹਦੀ। ਅਸਲ ਵਿੱਚ ਦੇਖਿਆ ਜਾਵੇ ਤਾਂ ਨਾ ਹੀ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਅਤੇ ਨਾ ਹੀ ਭਾਜਪਾ ਦੀ ਹਾਰ। ਡੂੰਘਾਈ ਨਾਲ ਪੜਤਾਲਿਆਂ ਸਪਸਟ ਹੁੰਦਾ ਹੈ ਕਿ ਇੱਥੇ ਫਿਰਕਾਪ੍ਰਸਤੀ ਤੇ ਦੇਸ ਦੀਆਂ ਵੰਡੀਆਂ ਪਾਉਣ ਵਾਲੀਆਂ ਨੀਤੀਆਂ ਦੀ ਹਾਰ ਹੋਈ ਹੈ ਜਦ ਕਿ ਇਮਾਨਦਾਰੀ ਨਾਲ ਕੀਤੇ ਲੋਕ ਪੱਖੀ ਕੰਮਾਂ ਦੀ ਜਿੱਤ ਹੋਈ ਹੈ, ਇਹੋ ਹੀ ਸਹੀ ਸੁਨੇਹਾ ਹੈ। ਜਿੱਥੋਂ ਤੱਕ ਕਾਂਗਰਸ ਪਾਰਟੀ ਦਾ ਸਬੰਧ ਹੈ, ਉਸਨੇ ਗਵਾਇਆ ਘੱਟ ਹੈ ਤੇ ਖੱਟਿਆ ਵੱਧ ਹੈ। ਸਭ ਤੋਂ ਬੁਰੀ ਹੋਈ ਸ੍ਰੋਮਣੀ ਅਕਾਲੀ ਦਲ ਨਾਲ, ਜਿਸਨੇ ਦਿੱਲੀ ਵਿੱਚ ਦਰਜਨ ਸੀਟਾਂ ਤੇ ਝਾਕ ਰੱਖੀ ਹੋਈ ਸੀ, ਪਰ ਉਹਨਾਂ ਦੀ ਭਾਈਵਾਲ ਪਾਰਟੀ ਭਾਜਪਾ ਨੇ ਇੱਕ ਵੀ ਸੀਟ ਦੇਣ ਤੋਂ ਜੁਆਬ ਦੇ ਕੇ ਇੱਕ ਤਰ੍ਹਾਂ ਸਿਣਕ ਹੀ ਦਿੱਤਾ। ਪਾਰਟੀ ਪ੍ਰਧਾਨ ਨੇ ਜਵਾਬ ਮਿਲਦਿਆਂ ਗੁੱਸਾ ਜਾਹਰ ਕਰਦਿਆਂ ਫੜ ਵੀ ਮਾਰੀ, ਪਰ ਜਦ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਨੂੰ ਖਤਰਾ ਮਹਿਸੂਸ ਹੋਇਆ ਤਾਂ ਸੰਗ ਪਾਸੇ ਰੱਖ ਕੇ ਬਿਨ੍ਹਾਂ ਸਰਤ ਭਾਜਪਾ ਦੀ ਮੱਦਦ ਕਰਨ ਦਾ ਐਲਾਨ ਕਰ ਦਿੱਤਾ। ਪਰ ਉਸ ਸਮੇਂ ਤੱਕ ਵੇਲਾ ਬੀਤ ਚੁੱਕਾ ਸੀ, ਦਿੱਲੀ ਦੇ ਸਿੱਖ ਆਪਣੀ ਮਰਜੀ ਅਨੁਸਾਰ ਮਨ ਬਣਾ ਚੁੱਕੇ ਸਨ। ਇਸ ਤਰ੍ਹਾਂ ਅਕਾਲੀ ਦਲ ਅਤੇ ਬਾਦਲ ਪਰਿਵਾਰ ਦੀ ਕਿਰਕਰੀ ਵੀ ਹੋਈ ਅਤੇ ਭਾਜਪਾ ਨਾਲ ਸਬੰਧਾਂ ਵਿੱਚ ਵਿਗਾੜ ਵੀ ਪੈ ਗਿਆ। ਕੇਂਦਰ ਦੀ ਸਤ੍ਹਾ ਤੇ ਕਾਬਜ ਭਾਜਪਾ ਪਿਛਲੇ ਕਾਫ਼ੀ ਸਾਲਾਂ ਤੋਂ ਫਿਰਕਾਪ੍ਰਸਤੀ ਫੈਲਾ ਕੇ ਦੇਸ ਦੀ ਜਨਤਾ ਵਿੱਚ ਵੰਡੀਆਂ ਪਾਉਣ ਅਤੇ ਆਮ ਲੋਕਾਂ ਦਾ ਗਲਾ ਦਬਾਅ ਕੇ ਅਮੀਰਾਂ ਤੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇਣ ਦੀਆਂ ਨੀਤੀਆਂ ਤੇ ਕੰਮ ਕਰ ਰਹੀ ਹੈ। ਦੇਸ ਦੀਆਂ ਘੱਟ ਗਿਣਤੀਆਂ ਤੇ ਲਗਾਤਾਰ ਹਮਲੇ ਹੋ ਰਹੇ ਹਨ, ਧਰਮ ਨਿਰਪੱਖ ਸੰਵਿਧਾਨ ਦੀਆਂ ਧੱਜੀਆਂ ਉਡਾ ਕੇ ਹਿੰਦੂਤਵੀ ਏਜੰਡਾ ਲਾਗੂ ਕਰਨ ਲਈ ਦੂਜੇ ਧਰਮਾਂ ਨੂੰ ਮਧੋਲਿਆ ਜਾ ਰਿਹਾ ਹੈ। ਭਾਜਪਾ ਦੀਆਂ ਇਹਨਾਂ ਨੀਤੀਆਂ ਨੂੰ ਸਮੁੱਚੇ ਦੇਸ ਦੀ ਜਨਤਾ ਨੇ ਸਵੀਕਾਰ ਨਹੀਂ ਕੀਤਾ, ਇਹਨਾਂ ਲੋਕ ਵਿਰੋਧੀ ਤੇ ਸੰਵਿਧਾਨ ਵਿਰੋਧੀ ਫਿਰਕਾਪ੍ਰਸਤੀ ਸਾਜਿਸਾਂ ਦੇ ਖਿਲਾਫ ਦਿੱਲੀ ਦੇ ਵੋਟਰਾਂ ਨੇ ਫਤਵਾ ਦੇ ਕੇ ਦੇਸ ਵਾਸੀਆਂ ਨੂੰ ਸੁਨੇਹਾ ਦੇਣ ਦਾ ਯਤਨ ਕੀਤਾ ਹੈ ਕਿ ਦੇਸ਼ ਸਾਰੇ ਧਰਮਾਂ, ਗੋਤਾਂ, ਜਾਤਾਂ ਦਾ ਸਾਂਝਾ ਹੈ, ਇਸਨੂੰ ਤੋੜਣ ਨਹੀਂ ਦਿੱਤਾ ਜਾਵੇਗਾ। ਭਾਜਪਾ ਦੀਆਂ ਨੀਤੀਆਂ ਦਾ ਵਿਰੋਧ ਕਰਦਿਆਂ ਵੋਟ ਕਿਸਨੂੰ ਦਿੱਤੀ ਜਾਵੇ, ਇਹ ਵੀ ਇੱਕ ਅਹਿਮ ਸੁਆਲ ਸੀ। ਦਿੱਲੀ ਵਿੱਚ ਪਿਛਲੇ ਪੰਜ ਸਾਲ ਆਮ ਆਦਮੀ ਪਾਰਟੀ ਦੀ ਸ੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਸਰਕਾਰ ਨੇ ਪੂਰੀ ਇਮਾਨਦਦਾਰੀ ਨਾਲ ਲੋਕ ਪੱਖੀ ਕੰਮ ਕਰਕੇ ਆਪਣੀ ਬਣਦੀ ਜੁਮੇਵਾਰੀ ਨਿਭਾਉਣ ਦਾ ਸਬੂਤ ਦਿੱਤਾ। ਆਮ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਵਿੱਦਿਆ ਅਤੇ ਸਿਹਤ ਸੇਵਾਵਾਂ ਮੁਹੱਈਆ ਕਰਵਾ ਕੇ ਲੋਕਾਂ ਦਾ ਦਿਲ ਜਿੱਤਿਆ। ਇਸ ਰਾਜ ਅਧੀਨ ਭਾਵੇਂ ਵਾਹੀਯੋਗ ਭੂਮੀ ਦੂਜੇ ਰਾਜਾਂ ਦੇ ਮੁਕਾਬਲੇ ਬਹੁਤ ਘੱਟ ਹੈ, ਪਰ ਕੇਜਰੀਵਾਲ ਸਰਕਾਰ ਨੇ ਸਵਾਮੀਨਾਥਨ ਕਮਿਸਨ ਦੀ ਰਿਪੋਰਟ ਲਾਗੂ ਕਰਕੇ ਕਿਸਾਨਾਂ ਦੇ ਜਖ਼ਮਾਂ ਤੇ ਮੱਲ੍ਹਮ ਲਾਉਣ ਦਾ ਯਤਨ ਕੀਤਾ। ਭ੍ਰਿਸਟਾਚਾਰ ਰੋਕ ਕੇ ਅਤੇ ਵਿਕਾਸ ਦੇ ਕੰਮਾਂ ਵਿੱਚ ਦਿੱਤੇ ਜਾਣ ਵਾਲੇ ਕਮਿਸਨਾਂ ਨੂੰ ਬੰਦ ਕਰਕੇ ਦੂਜੇ ਰਾਜਾਂ ਨਾਲੋਂ ਅੱਧੀ ਕੀਮਤ ਤੇ ਕੰਮ ਕਰਵਾ ਕੇ ਮਿਸ਼ਾਲ ਪੇਸ ਕੀਤੀ। ਦਿੱਲੀ ਵਾਸੀਆਂ ਨੇ ਇਸ ਕੇਜਰੀਵਾਲ ਸਰਕਾਰ ਦੇ ਚੰਗੇ ਕੰਮਾਂ ਤੇ ਮੋਹਰ ਲਾ ਕੇ ਸਮੁੱਚੇ ਦੇਸ ਵਾਸੀਆਂ ਨੂੰ ਇਹ ਸੁਨੇਹਾ ਦਿੱਤਾ ਕਿ ਆਮ ਲੋਕਾਂ ਦੇ ਜੀਵਨ ਵਿੱਚ ਸੁਧਾਰ ਕਰਨ ਲਈ ਕੰਮਾਂ ਨੂੰ ਹੀ ਵੋਟ ਪਾਉਣੀ ਚਾਹੀਦੀ ਹੈ।
ਕਾਂਗਰਸ ਪਾਰਟੀ ਦੀ ਸਥਿਤੀ ਦੋਵਾਂ ਨਾਲੋਂ ਵੱਖਰੀ ਸੀ। ਦਿੱਲੀ ਵਿੱਚ ਆਪਣੀ ਸਰਕਾਰ ਬਣਾਉਣ ਦੇ ਤਾਂ ਉਹ ਨੇੜੇ ਤੇੜੇ ਵੀ ਨਹੀਂ ਸੀ। ਜਦੋਂ ਆਮ ਆਦਮੀ ਪਾਰਟੀ ਆਪਣੇ ਕੰਮਾਂ ਦੇ ਅਧਾਰ ਤੇ ਚੋਣ ਮੈਦਾਨ ਵਿੱਚ ਨਿੱਤਰੀ ਹੋਈ ਸੀ ਅਤੇ ਭਾਜਪਾ ਆਪਣੇ ਕੇਂਦਰ ਸਰਕਾਰ ਦੇ ਜੋਰ ਸਦਕਾ ਹਿੰਦੂ ਪੱਤਾ ਖੇਡ ਕੇ ਸੱਤ੍ਹਾ ਹਥਿਆਉਣ ਲਈ ਜੋਰ ਅਜਮਾਈ ਕਰ ਰਹੀ ਸੀ, ਤਾਂ ਕਾਂਗਰਸ ਦੇ ਨੇਤਾਵਾਂ ਨੂੰ ਇਹ ਸੋਚਣਾ ਪਿਆ ਕਿ ਜਦੋਂ ਉਹ ਖੁਦ ਤਾਂ ਸੱਤ੍ਹਾ ਤੇ ਕਾਬਜ ਨਹੀਂ ਹੋ ਸਕਦੇ ਤਾਂ ਦੂਜਿਆਂ ਵਿੱਚੋਂ ਕਿਸ ਲਈ ਰਾਹ ਪੱਧਰਾ ਕੀਤਾ ਜਾਵੇ। ਦਰਮਿਆਨੇ ਜਾਂ ਹੇਠਲੇ ਤਬਕੇ ਦੇ ਵੋਟਰਾਂ ਤੇ ਹਮੇਸਾਂ ਕਾਂਗਰਸ ਦਾ ਪ੍ਰਭਾਵ ਵਧੇਰੇ ਰਿਹਾ ਹੈ, ਪਰ ਸਹੂਲਤਾਂ ਵੇਖਦਿਆਂ ਆਮ ਆਦਮੀ ਪਾਰਟੀ ਵੀ ਇਸੇ ਤਬਕੇ ਦੇ ਵੋਟਰਾਂ ਨੂੰ ਆਪਣੇ ਵੱਚ ਖਿੱਚ ਰਹੀ ਸੀ। ਇਸ ਲਈ ਇਸ ਤਬਕੇ ਦੀਆਂ ਵੋਟਾਂ ਨੂੰ ਵੰਡ ਕੇ ਭਾਜਪਾ ਨੂੰ ਹੋਣ ਵਾਲੇ ਲਾਭ ਨੂੰ ਰੋਕਣ ਦੀ ਭੂਮਿਕਾ ਨਿਭਾਉਂਦਿਆਂ ਕਾਂਗਰਸ ਨੇ ਸਿਰਫ਼ ਕੰਨ ਹਿਲਾ ਹਿਲਾ ਕੇ ਖੇਡਣ ਦੀ ਹੀ ਭੂਮਿਕਾ ਹੀ ਨਿਭਾਈ। ਇਸ ਨੀਤੀ ਦਾ ਲਾਭ ਆਮ ਆਦਮੀ ਨੂੰ ਹਾਸਲ ਹੋਇਆ ਅਤੇ ਭਾਜਪਾ ਬੁਰੀ ਤਰ੍ਹਾਂ ਪਛੜ ਗਈ। ਇਸ ਤਰ੍ਹਾਂ ਦੇਖਿਆ ਜਾਵੇ ਤਾਂ ਕਾਂਗਰਸ ਜਿਸ ਕੋਲ ਪਿਛਲੀ ਵਿਧਾਨ ਸਭਾ ਵਿੱਚ ਇੱਕ ਵੀ ਸੀਟ ਨਹੀਂ ਸੀ, ਇਸ ਵਾਰ ਵੀ ਜਿੱਤਣ ਵਿੱਚ ਤਾਂ ਅਸਫਲ ਹੀ ਰਹੀ, ਪਰ ਆਪਣੀ ਕੱਟੜ ਵਿਰੋਧੀ ਪਾਰਟੀ ਭਾਜਪਾ ਨੂੰ ਹਰਾਉਣ ਵਿੱਚ ਵੀ ਕਾਮਯਾਬ ਰਹੀ। ਲੀ ਵਿਧਾਨ ਸਭਾ ਨੇ ਦੇਸ ਵਾਸੀਆਂ ਨੂੰ ਨਵਾਂ ਰਾਹ ਦਿਖਾਉਂਦਿਆਂ ਇੱਕ ਵੱਡਾ ਸੁਨੇਹਾ ਦਿੱਤਾ ਹੈ, ਜੋ ਦੇਸ਼ ਦੇ ਹਿਤ ਵਿੱਚ ਹੋਵੇਗਾ। ਸੁਨੇਹਾ ਹੈ ਕਿ ਦੇਸ ਦੇ ਲੋਕ ਫਿਰਕਾਪ੍ਰਸਤੀ ਤੇ ਦੇਸ ਨੂੰ ਵੰਡਣ ਵਾਲੀਆਂ ਨੀਤੀਆਂ ਦਾ ਵਿਰੋਧ ਕਰਨ, ਧਰਮ ਨਿਰਪੱਖ ਸੰਵਿਧਾਨ ਤੇ ਪਹਿਰਾ ਦੇ ਕੇ ਦੇਸ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ, ਵੋਟ ਦੀ ਵਰਤੋਂ ਕਰਨ ਸਮੇਂ ਪਾਰਟੀ ਜਾਂ ਨਿੱਜੀ ਲਾਭਾਂ ਤੋਂ ਉੱਪਰ ਉੱਠ ਕੇ ਕੰਮ ਦੇ ਅਧਾਰ ਤੇ ਵੋਟ ਦਾ ਇਸਤੇਮਾਲ ਕੀਤਾ ਜਾਵੇ। ਇਹਨਾਂ ਨਤੀਜਿਆਂ ਦਾ ਦੂਜੇ ਰਾਜਾਂ, ਖਾਸਕਰ ਪੰਜਾਬ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਚੰਗਾ ਪ੍ਰਭਾਵ ਪੈਣ ਦੀਆਂ ਸੰਭਾਵਨਾਵਾਂ ਹਨ। ਦਿੱਲੀ ਚੋਣਾਂ ਨੇ ਜਿੱਥੇ ਹੁਣ ਵੋਟਰਾਂ ਨੂੰ ਜਾਗਰਿਤ ਕਰਨ ਦੀ ਵਧੀਆਂ ਭੂਮਿਕਾ ਨਿਭਾਈ ਹੈ, ਉ¤ਥੇ ਸਿਆਸੀ ਪਾਰਟੀਆਂ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ ਜੋ ਲੁਭਾਉਣੇ ਬਿਆਨਾਂ ਨਾਲ ਗੁੰਮਰਾਹ ਨਹੀਂ ਹੋਣਗੇ, ਇਸ ਲਈ ਪਾਰਟੀਆਂ ਨੂੰ ਲੋਕ ਪੱਖੀ ਫੈਸਲੇ ਲੈਣੇ ਪੈਣਗੇ।

Real Estate