ਗੈਂਗਸਟਰ ਤੇ ਬਣੀ ਫਿਲਮ ‘ਸ਼ੂਟਰ’ ਪੰਜਾਬ ‘ਚ ਬੈਨ

782

ਗੈਂਗਸਟਰ ਸੁੱਖਾ ਕਾਹਲਵਾਂ ਦੇ ਜੀਵਨ ਤੇ ਆਧਾਰਤ ਦੱਸੀ ਜਾ ਰਹੀ ਪੰਜਾਬੀ ਫਿਲਮ ‘ਸ਼ੂਟਰ’ ’ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰੀ ਪ੍ਰੈੱਸ ਨੋਟ ’ਚ ਕਿਹਾ ਗਿਆ ਹੈ ਕਿ ਇਹ ਫ਼ਿਲਮ ਕਥਿਤ ਤੌਰ ’ਤੇ ਹਿੰਸਾ, ਘਿਨਾਉਣੇ ਅਪਰਾਧਾਂ, ਫਿਰੌਤੀਆਂ ਵਸੂਲਣ, ਧਮਕੀਆਂ ਤੇ ਦੇਣ ਤੇ ਲੋਕਾਂ ਨੂੰ ਐਂਵੇਂ ਡਰਾਉਣ–ਧਮਕਾਉਣ ਨੂੰ ਹੱਲਾਸ਼ੇਰੀ ਦਿੰਦੀ ਹੈ। ਮੁੱਖ ਮੰਤਰੀ ਨੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਉਹ ਫ਼ਿਲਮ ਦੇ ਨਿਰਮਾਤਾਵਾਂ ’ਚੋਂ ਇੱਕ ਕੇ ਵੀ ਢਿਲੋਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਸੰਭਾਵਨਾ ਬਾਰੇ ਵਿਚਾਰ ਕਰਨ ਕਿਉਂਕਿ ਇਸ ਨਿਰਮਾਤਾ ਨੇ ਪਿਛਲੇ ਸਾਲ ਲਿਖਤੀ ਰੂਪ ਵਿੱਚ ਇਹ ਵਾਅਦਾ ਕੀਤਾ ਸੀ ਕਿ ਹੁਣ ਉਹ ਇਹ ਫ਼ਿਲਮ ਨਹੀਂ ਬਣਾਉਣਗੇ। ਪਹਿਲਾਂ ਇਸ ਫ਼ਿਲਮ ਦਾ ਨਾਂਅ ‘ਸੁੱਖਾ ਕਾਹਲਵਾਂ’ ਰੱਖਿਆ ਗਿਆ ਸੀ। ਮੁੱਖ ਮੰਤਰੀ ਨੇ ਡੀਜੀਪੀ ਨੂੰ ਇਹ ਵੀ ਆਖਿਆ ਹੈ ਕਿ ਅਜਿਹੀ ਫ਼ਿਲਮ ਤਿਆਰ ਕਰਨ ਪਿੱਛੇ ਪ੍ਰੋਮੋਟਰਾਂ, ਡਾਇਰੈਕਟਰਾਂ ਤੇ ਫ਼ਿਲਮ ਦੇ ਅਦਾਕਾਰਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇ। ਖ਼ਨਰਾਂ ਅਨੁਸਾਰ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਸਰਕਾਰ ਅਜਿਹੀ ਕੋਈ ਫ਼ਿਲਮ, ਗੀਤ ਆਦਿ ਨਹੀਂ ਚੱਲਣ ਦੇਵੇਗੀ, ਜੋ ਸੂਬੇ ’ਚ ਹਿੰਸਾ, ਗੈਂਗਸਟਰਪੁਣਾ ਜਾਂ ਅਪਰਾਧ ਨੂੰ ਹੱਲਾਸ਼ੇਰੀ ਦਿੰਦੀ ਹੋਵੇ। ਸਰਕਾਰੀ ਪ੍ਰੈੱਸ ਨੋਟ ’ਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਪੰਜਾਬ ’ਚ ਜ਼ਿਆਦਾਤਰ ਗੈਂਗਸਟਰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤਾਂ ਦੀ ਸ਼ਹਿ ਕਾਰਨ ਪ੍ਰਫ਼ੁੱਲਤ ਹੋ ਗਏ ਸਨ।
ਫ਼ਿਲਮ ਨਿਰਮਾਤਾ ਕੇ ਵੀ ਢਿਲੋਂ ਨੇ ਮੋਹਾਲੀ ਦੇ ਐੱਸਐੱਸਪੀ ਨੂੰ ਲਿਖਤੀ ਚਿੱਠੀ ਵਿੱਚ ਕਿਹਾ ਸੀ ਕਿ – ‘ਤੁਹਾਡੇ ਮੁਤਾਬਕ ਇਹ ਫ਼ਿਲਮ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਨੂੰ ਢਾਹ ਪਹੁੰਚਾ ਸਕਦੀ ਹੈ, ਇਸ ਲਈ ਮੈਂ ਇਹ ਫ਼ਿਲਮ ਪ੍ਰੋਜੈਕਟ ਬੰਦ ਕਰ ਰਿਹਾ ਹਾਂ।’ ਪਰ ਉਹ ਫ਼ਿਲਮ ‘ਸੁੱਖਾ ਕਾਹਲਵਾਂ’ ਨਾਮ ਤੋਂ ਬਦਲ ਕੇ ‘ਸ਼ੂਟਰ’ ਦੇ ਨਾਂਅ ਉੱਤੇ ਲੈ ਆਇਆ ਤੇ 21 ਫ਼ਰਵਰੀ, 2020 ਨੂੰ ਰਿਲੀਜ਼ ਕਰਨ ਜਾ ਰਿਹਾ ਸੀ।

Real Estate