“ਮੈਦਾਨ ਛੱਡ ਗਈ ਹੈ ਭਾਜਪਾ” – ਕੇਜਰੀਵਾਲ

806

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਅਮਿਤ ਸ਼ਾਹ ਬਹਿਸ ਤੋਂ ਭੱਜ ਕੇ ਮੈਦਾਨ ਛੱਡ ਗਏ ਹੈ। ਪ੍ਰੈਸ ਕਾਨਫਰੰਸ ਦੌਰਾਨ ਕੇਜਰੀਵਾਲ ਨੇ ਗੀਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਕ ਸੱਚਾ ਹਿੰਦੂ ਮੈਦਾਨ ਛੱਡ ਕੇ ਨਹੀਂ ਭੱਜਦਾ। ਉਨ੍ਹਾਂ ਕਿਹਾ ਕਿ ਸ੍ਰੀ ਸ਼ਾਹ ਨਾ ਤਾਂ ਜਨਤਾ ਤੇ ਨਾ ਹੀ ਹੋਰ ਪਾਰਟੀਆਂ ਨਾਲ ਮੁੱਦਿਆਂ ਆਧਾਰਤ ਬਹਿਸ ਕਰਨਾ ਚਾਹੁੰਦੇ ਹਨ। ਉਨ੍ਹਾਂ ਤਨਜ਼ ਕੱਸਿਆ ਕਿ ਭਾਜਪਾ ਕੋਲ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਕੋਈ ਆਗੂ ਨਹੀਂ ਹੈ ਇਸੇ ਲਈ ਹਾਲੇ ਤਕ ਉਸ ਨੇ ਮੁੱਖ ਮੰਤਰੀ ਦੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ। ਉਨ੍ਹਾਂ ਉਮੀਦ ਜਤਾਈ ਕਿ ਲੋਕ 5 ਸਾਲ ਦੇ ਕੰਮਾਂ ਦੇ ਆਧਾਰ ‘ਤੇ ਵੋਟਾਂ ਪਾਉਣਗੇ। ਸ੍ਰੀ ਕੇਜਰੀਵਾਲ ਨੇ ‘ਆਪ’ ਦੀ ਰਾਜਨੀਤੀ ਨੂੰ ਧਰਮ ਤੇ ਜਾਤ ਤੋਂ ਮੁਕਤ ਦੱਸਦਿਆਂ ਕਿਹਾ ਕਿ ਭਾਜਪਾ ਤੇ ਕਾਂਗਰਸ ਨੂੰ ਡਰ ਹੈ ਕਿ ਜੇ ‘ਕੰਮ ਕਰਨ’ ਦੀ ਰਾਜਨੀਤੀ ਫੈਲ ਗਈ ਤਾਂ ਦੋਨਾਂ ਪਾਰਟੀਆਂ ਦੀ ਧਰਮ-ਜਾਤ ਅਧਾਰਤ ਰਾਜਨੀਤੀ ਖਤਮ ਹੋ ਜਾਵੇਗੀ। ਮੁੱਖ ਮੰਤਰੀ ਨੇ ਕਿਹਾ, ‘ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ। ਸਭ ਤੋਂ ਪਹਿਲਾਂ, ਮੈਂ ਦਿੱਲੀ ਦੇ ਲੋਕਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਦਿੱਲੀ ਦੀ ਰਾਜਨੀਤੀ ਬਦਲ ਦਿੱਤੀ ਹੈ। 5 ਸਾਲ ਪਹਿਲਾਂ ਤੁਸੀਂ ਇੱਕ ਛੋਟੀ ਜਿਹੀ ਪਾਰਟੀ ‘ਆਮ ਆਦਮੀ ਪਾਰਟੀ’ ਨੂੰ 70 ਵਿੱਚੋਂ 67 ਸੀਟਾਂ ਦੇ ਕੇ ਸਾਰਿਆਂ ਦੀਆਂ ਉਮੀਦਾਂ ਤੋਂ ਪਰ੍ਹੇ ਦਿੱਲੀ ਵਿੱਚ ਇਮਾਨਦਾਰ ਰਾਜਨੀਤੀ ਦੀ ਸ਼ੁਰੂਆਤ ਕੀਤੀ ਸੀ।’ ਉਨ੍ਹਾਂ ਕਿਹਾ ਕਿ ਇਸ ਵਾਰ ਇਕ ਨਵੀਂ ਕਿਸਮ ਦੀ ਰਾਜਨੀਤੀ ਸਥਾਪਤ ਕਰਨ ਦਾ ਸਮਾਂ ਆ ਗਿਆ ਹੈ, ਜਿਸ ਨੂੰ ਕੰਮ ਦੀ ਰਾਜਨੀਤੀ ਕਿਹਾ ਜਾਂਦਾ ਹੈ। ਇਸ ਦੇਸ਼ ਵਿਚ 70 ਸਾਲਾਂ ਦੀ ਰਾਜਨੀਤੀ ਵਿਚ ਨਾ ਕੇਂਦਰ ਤੇ ਨਾ ਰਾਜ ਵਿਚ ਕਿਸੇ ਪਾਰਟੀ ਨੇ ਕੰਮ ਦੇ ਅਧਾਰ ‘ਤੇ ਵੋਟਾਂ ਮੰਗੀਆਂ ਹਨ। ਪਿਛਲੇ 15 ਸਾਲਾਂ ਤੋਂ, ਨਗਰ ਨਿਗਮ ’ਤੇ ਭਾਜਪਾ ਦਾ ਹੀ ਕਬਜ਼ਾ ਹੈ ਤੇ ਭਾਜਪਾ ਨੇ ਪੂਰੀ ਦਿੱਲੀ ਨੂੰ ਕੂੜਾ ਕਰ ਦਿੱਤਾ ਹੈ। ਦਿੱਲੀ ਦੇ ਲੋਕਾਂ ਨੇ ਉਸ ਨੂੰ ਪੁਲੀਸ ਦੀ ਜ਼ਿੰਮੇਵਾਰੀ ਸੌਂਪੀ। ਅੱਜ ਦਿੱਲੀ ਦੇ ਅੰਦਰ ਅਪਰਾਧ ਵੱਧ ਰਹੇ ਹਨ। ਭਾਜਪਾ ਆਪਣੀਆਂ ਦੋਵੇਂ ਜ਼ਿੰਮੇਵਾਰੀਆਂ ਨਿਭਾਉਣ ਵਿਚ ਅਸਫਲ ਰਹੀ ਹੈ। ਕੇਜਰੀਵਾਲ ਨੇ ਵਿਅੰਗਮਈ ਅੰਦਾਜ਼ ਵਿੱਚ ਕਿਹਾ ,‘‘ ਲੋਕ ਜਾਣਨਾ ਚਾਹੁੰਦੇ ਹਨ ਕਿ ਭਾਜਪਾ ਦਾ ਮੁੱਖ ਮੰਤਰੀ ਉਮੀਦਵਾਰ ਕੌਣ ਹੈ। ਕੀ ਹੋਵੇਗਾ ਜੇ ਇਹ ਇਸ ਅਹੁਦੇ ਲਈ ਸੰਬਿਤ ਪਾਤਰਾ ਜਾਂ ਅਨੁਰਾਗ ਠਾਕੁਰ ਨੂੰ ਚੁਣਦੀ ਹੈ? ਠਾਕੁਰ ਜੋ ਮੰਤਰੀ ਹਨ ’ਤੇ ਚੋਣ ਕਮਿਸ਼ਨ ਨੇ ਰੈਲੀ ਦੌਰਾਨ ਨਫਰ਼ਤੀ ਭਾਸ਼ਣ ਦੇਣ ਕਾਰਨ ਚੋਣ ਪ੍ਰਚਾਰ ’ਤੇ ਰੋਕ ਲਾ ਦਿੱਤੀ ਹੈ। ਕੇਜਰੀਵਾਲ ਨੇ ਕਿਹਾ,‘‘ ਦਿੱਲੀ ਦੇ ਲੋਕਾਂ ਲਈ ਸਰਕਾਰ ਦੀਆਂ ਮੌਜੂਦਾ ਮੁਫਤ ਸਹੂਲਤਾਂ ਜਾਰੀ ਰਹਿਣਗੀਆਂ। ਜੇ ਲੋੜ ਪਈ ਤਾਂ ਅਸੀਂ ਹੋਰ ਸਕੀਮਾਂ ਲਿਆਂਵਾਂਗੇ।’’ ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਘਟਾਉਣਾ, ਸੜਕਾਂ ਦਾ ਪੁਨਰਨਿਰਮਾਣ, ਦਿੱਲੀ ਦੀ ਸਫਾਈ, ਲੋਕਾਂ ਨੂੰ 24 ਘੰਟੇ ਸ਼ੁੱਧ ਪਾਣੀ ਮੁਹੱਈਆ ਕਰਾਉਣਾ ਅਤੇ ਟਰਾਂਸਪੋਰਟ ਵਿੱਚ ਸੁਧਾਰ ਉਨ੍ਹਾਂ ਦੀਆਂ ਪਹਿਲੀਆਂ ਪ੍ਰਾਥਮਿਕਤਾਵਾਂ ਹੋਣਗੀਆਂ।

Real Estate