ਸਿਆਚਿਨ, ਲੱਦਾਖ ’ਚ ਫ਼ੌਜੀ ਜਵਾਨਾਂ ਲਈ ਰਾਸ਼ਨ ਦੀ ਵੀ ਘਾਟ : CAG

639

ਕੈਗ ਦੀ ਰਿਪੋਰਟ ‘ਚ ਬਜਟ ਦੀਆਂ ਔਕੜਾਂ ਦਾ ਸਾਹਮਣਾ ਕਰ ਰਹੀ ਭਾਰਤੀ ਫ਼ੌਜ ਬਾਰੇ ਇਕ ਹੋਰ ਖੁਲਾਸਾ ਹੋਇਆ ਹੈ। ਸੋਮਵਾਰ ਨੂੰ ਸੰਸਦ ਚ ਪੇਸ਼ ਕੀਤੀ ਆਪਣੀ ਰਿਪੋਰਟ ਚ ਕੈਗ ਨੇ ਕਿਹਾ ਹੈ ਕਿ ਉੱਚਾਈ ਵਾਲੀਆਂ ਥਾਵਾਂ ਜਿਵੇਂ ਸਿਆਚਿਨ, ਲੱਦਾਖ ਆਦਿ ਚ ਤਾਇਨਾਤ ਸੈਨਿਕਾਂ ਕੋਲ ਲੋੜੀਂਦੇ ਉਪਕਰਣ ਅਤੇ ਰਾਸ਼ਨ ਦੀ ਘਾਟ ਹੈ। ਕੈਗ ਨੇ ਆਪਣੀ ਰਿਪੋਰਟ ਚ ਕਿਹਾ ਹੈ ਕਿ ਫ਼ੌਜੀਆਂ ਨੂੰ ਰੋਜ਼ਾਨਾ ਊਰਜਾ ਦੀ ਲੋੜਾਂ ਪੂਰੀਆਂ ਕਰਨ ਲਈ ਰਾਸ਼ਨ ਦੀ ਰਕਮ ਘੱਟ ਦਿੱਤੀ ਜਾ ਰਹੀ ਹੈ। ਇਹ ਊਰਜਾ ਦੀ ਲੋੜ ਦੇ ਅਧਾਰ ‘ਤੇ ਨਹੀਂ ਬਲਕਿ ਲਾਗਤ ਦੇ ਅਧਾਰ ‘ਤੇ ਦਿੱਤਾ ਜਾ ਰਿਹਾ ਹੈ। ਉਥੇ ਰਾਸ਼ਨ ਦੀ ਕੀਮਤ ਵਧੇਰੇ ਹੈ ਅਤੇ ਸਿਪਾਹੀਆਂ ਨੂੰ ਵਧੇਰੇ ਕੀਮਤ ‘ਤੇ ਘੱਟ ਰਾਸ਼ਨ ਮਿਲਦਾ ਹੈ, ਜਿਸ ਕਾਰਨ ਜਵਾਨਾਂ ਨੂੰ ਊਰਜਾ ਦੀ ਉਪਲਬਧਤਾ ਚ 82 ਫੀਸਦ ਤਕ ਦੀ ਘਾਟ ਆਈ। ਰਿਪੋਰਟ ਚ ਕਿਹਾ ਗਿਆ ਹੈ ਕਿ ਜਵਾਨਾਂ ਨੂੰ ਲੋੜੀਂਦੇ ਉਪਕਰਣ ਮੁਹੱਈਆ ਕਰਵਾਉਣ ਚ ਦੇਰੀ ਹੋਈ। ਇਸ ਕਾਰਨ ਜਾਂ ਤਾਂ ਸਿਪਾਹੀ ਪੁਰਾਣੇ ਉਪਕਰਣਾਂ ਨਾਲ ਕੰਮ ਕਰਦੇ ਸਨ ਜਾਂ ਬਿਨਾਂ ਉਪਕਰਣਾਂ ਦੇ ਰਹਿੰਦੇ ਸਨ। ਕੁਝ ਉਪਕਰਣਾਂ ਦੇ ਮਾਮਲੇ ਚ ਇਹ ਗਿਰਾਵਟ 62 ਤੋਂ 98 % ਤਕ ਦਰਜ ਕੀਤੀ ਗਈ।ਰਿਪੋਰਟ ਚ ਕਿਹਾ ਗਿਆ ਹੈ ਕਿ ਉਚਾਈ ਵਾਲੇ ਖੇਤਰਾਂ ਚ ਜਵਾਨਾਂ ਲਈ ਲੋੜੀਂਦੇ ਕੱਪੜੇ ਅਤੇ ਉਪਕਰਣ ਦੀ ਉਪਲਬਧਤਾ ਚ ਚਾਰ ਸਾਲਾਂ ਦੀ ਦੇਰੀ ਕੀਤੀ ਗਈ, ਜਿਸ ਕਾਰਨ ਜਵਾਨਾਂ ਲਈ ਕੱਪੜੇ ਅਤੇ ਹੋਰ ਸਾਜ਼ੋ-ਸਮਾਨ ਦੀ ਘਾਟ ਹੋ ਗਈ। ਮਿਲਟਰੀ ਬਲਾਂ ਨੂੰ ਨਵੰਬਰ 2015 ਤੋਂ ਸਤੰਬਰ 2016 ਦੌਰਾਨ ਬਹੁ-ਉਦੇਸ਼ ਵਾਲੇ ਬੂਟ ਨਹੀਂ ਦਿੱਤੇ ਗਏ ਸਨ ਜਿਸ ਕਾਰਨ ਜਵਾਨਾਂ ਨੇ ਪੁਰਾਣੇ ਬੂਟਾਂ ਦੀ ਮੁਰੰਮਤ ਕਰਾ ਕੇ ਕੰਮ ਚਲਾਇਆ।ਇਸ ਤੋਂ ਇਲਾਵਾ ਜਵਾਨਾਂ ਲਈ ਪੁਰਾਣੇ ਕਿਸਮ ਦੇ ਫੇਸ ਮਾਸਕ, ਜੈਕਟ, ਸਲੀਪਿੰਗ ਬੈਗ ਆਦਿ ਖਰੀਦੇ ਗਏ ਸਨ ਜਦੋਂਕਿ ਨਵੇਂ ਬਣਾਏ ਉਤਪਾਦ ਬਾਜ਼ਾਰ ਚ ਮੌਜੂਦ ਸਨ। ਅਜਿਹਾ ਕਰਨ ਨਾਲ ਉਲਟ ਹਾਲਤਾਂ ਚ ਤਾਇਨਾਤ ਜਵਾਨ ਨਵੀ ਤਕਨੀਕਾਂ ਦੇ ਲਾਭ ਤੋਂ ਵਾਂਝੇ ਰਹੇ।ਰਿਪੋਰਟ ਚ ਕਿਹਾ ਗਿਆ ਹੈ ਕਿ ਕੁਝ ਉਪਕਰਣਾਂ ਦੇ ਮਾਮਲੇ ਚ ਘਾਟ ਬਹੁਤ ਜ਼ਿਆਦਾ ਸੀ। ਤਫ਼ਤੀਸ਼ ਦੌਰਾਨ ਬਰਫ ਦੌਰਾਨ ਪਾਉਣ ਵਾਲੇ ਚਸ਼ਮਿਆਂ ਦੀ ਘਾਟ 62 ਤੋਂ 98 ਪ੍ਰਤੀਸ਼ਤ ਤੱਕ ਪਾਈ ਗਈ ਜਦਕਿ ਸਿਆਚਿਨ ਚ ਇਹ ਜਵਾਨਾਂ ਲਈ ਬਹੁਤ ਮਹੱਤਵਪੂਰਨ ਹਨ।

Real Estate