ਮੁੱਖ ਮੰਤਰੀ ਇਕ ਹੋਰ ਨਿਰੰਕਾਰੀ ਕਾਂਡ ਪ੍ਰਤੀ ਸੁਚੇਤ ਹੋਵੇ: ਪ੍ਰੋ: ਸਰਚਾਂਦ ਸਿੰਘ

851

ਅੰਮ੍ਰਿਤਸਰ ੩ ਫਰਵਰੀ – ਪੰਜਾਬ ਦੀ ਕਾਂਗਰਸ ਸਰਕਾਰ ਨੂੰ ਇਕ ਹੋਰ ਨਿਰੰਕਾਰੀ ਕਾਂਡ ਵਲ ਵੱਧ ਰਹੇ ਅਤੇ ਸਿਖ ਸਮਾਜ ‘ਚ ਖਾਨਾਜੰਗੀ ‘ਤੇ ਉਤਾਰੂ ਵਿਵਾਦਿਤ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਮਾਮਲੇ ਨੂੰ ਸੰਜੀਦਗੀ ਨਾਲ ਲੈਣ ਦੀ ਅਪੀਲ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ, ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਅਤੇ ਦਮਦਮੀ ਟਕਸਾਲ ਦੇ ਮੀਡੀਆ ਬੁਲਾਰੇ ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਸਰਕਾਰ ਵਲੋਂ ਢੱਡਰੀਆਂ ਵਾਲੇ ਦੇ ਕੂੜ ਪ੍ਰਚਾਰ ਲਈ ਸੰਗੀਨਾਂ ਦੀ ਸੁਰੱਖਿਆ ਛਤਰੀ ਜਾਰੀ ਰਹੀ ਤਾਂ ਸੰਗਤ ਦਾ ਰੋਸ ਕਿਸੇ ਵੇਲੇ ਵੀ ਭੰਬੜ ਬਣ ਫੱਟ ਸਕਦਾ ਹੈ। ਅਜਿਹੇ ‘ਚ ਰਾਜ ਵਿਚ ਪੈਦਾ ਹੋਣ ਵਾਲੀਆਂ ਅਣਸੁਖਾਵੀਆਂ ਘਟਨਾਵਾਂ ਦੀ ਪੂਰੀ ਜ਼ਿੰਮੇਵਾਰੀ ਕਾਂਗਰਸ ਸਰਕਾਰ ਸਿਰ ਹੋਵੇਗੀ।
ਉਨ੍ਹਾਂ ਕਿਹਾ ਕਿ ਦੂਜਿਆਂ ਨੂੰ ਸਰਕਾਰੀ ਸੰਤ ਹੋਣ ਦਾ ਫ਼ਤਵਾ ਜਾਰੀ ਕਰਨ ਵਾਲੇ ਢੱਡਰੀਆਂ ਵਾਲਾ ਨੇ ਸੰਗੀਨਾਂ ਦੀ ਛਾਂ ਹੇਠ ਸਮਾਗਮ ਕਰ ਕੇ ਆਪਣੇ’ਤੇ ਸਰਕਾਰੀ ਸੰਤ ਹੋਣ ਪ੍ਰਤੀ ਪਕੀ ਮੋਹਰ ਲਗਾ ਲਈ ਹੈ। ਉਨ੍ਹਾਂ ਕਿਹਾ ਕਿ ਜਮਹੂਰੀਅਤ ਵਿਚ ਰੋਸ ਪ੍ਰਗਟਾਵੇ ਦਾ ਹੱਕ ਸਭ ਨੂੰ ਹੈ। ਪਰ ਸਰਕਾਰ ਵਲੋਂ ਸੰਗਰੂਰ ਦੇ ਪਿੰਡ ਗਿੱਦੜਆਣੀ ਵਿਚ ਢੱਡਰੀਆਂ ਵਾਲਾ ਦੇ ਸਮਾਗਮ ਪ੍ਰਤੀ ਰੋਸ ਜ਼ਾਹਿਰ ਕਰਨ ਵਾਲੀਆਂ ਸੰਗਤਾਂ ਅਤੇ ਸਿਖ ਜਥੇਬੰਦੀਆਂ ਦਾ ਰਸਤਾ ਬਲ ਪੂਰਵਕ ਰੋਕਿਆ ਜਾਣਾ ਲੋਕਤੰਤਰ ਦਾ ਘਾਣ ਹੈ। ਉਨ੍ਹਾਂ ਕਿਹਾ ਕਿ ਬੀਤੇ ਕਈ ਦਿਨਾਂ ਤੋਂ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵਿਵਾਦੀ ਪ੍ਰਚਾਰਕ ਢੱਡਰੀਆਂ ਵਾਲਾ ਦੇ ਸਮਾਗਮ ਰੱਦ ਕਰਨ ਸਬੰਧੀ ਮੰਗ ਪੱਤਰ ਦਿੱਤੇ ਜਾ ਰਹੇ ਸਨ ਪਰ ਕਾਂਗਰਸ ਸਰਕਾਰ ਅਤੇ ਪ੍ਰਸ਼ਾਸਨ ਨੇ ਇਸ ਕੋਈ ਪ੍ਰਵਾਹ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਬਤੌਰ ਮੁਖ ਮੰਤਰੀ ਪੰਜਾਬ ਪ੍ਰਤੀ ਬਹੁਤ ਵਡੀ ਜ਼ਿੰਮੇਵਾਰੀ ਬਣਦੀ ਹੈ ਅਤੇ ਉਸ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਨੂੰ ਹਰ ਤਰਾਂ ਦੀਆਂ ਮੰਦਭਾਗੀਆਂ ਘਟਨਾਵਾਂ ਤੋਂ ਬਚਾ ਕੇ ਰਖਣ। ਉਨ੍ਹਾਂ ਮੁਖ ਮੰਤਰੀ ਨੂੰ ਯਾਦ ਕਰਾਇਆ ਕਿ ਉਨ੍ਹਾਂ ਦਾ ਪਰਿਵਾਰਕ ਪਿਛੋਕੜ ਇਤਿਹਾਸਕ ਅਤੇ ਧਾਰਮਿਕ ਹੈ। ਜਿਸ ਵਿਚ ਸਤਿਗੁਰੂ ਸਾਹਿਬਾਨ ਦੀਆਂ ਬਹੁਤ ਵਡੀਆਂ ਬਖ਼ਸ਼ਿਸ਼ਾਂ ਅਤੇ ਬਰਕਤਾਂ ਸ਼ਾਮਿਲ ਹਨ। ਉਨ੍ਹਾਂ ਮੁਖ ਮੰਤਰੀ ਨੂੰ ਹਲੂਣਦਿਆਂ ਕਿਹਾ ਕਿ ਢੱਡਰੀਆਂ ਵਾਲਾ ਜੋ ਕਿ ਗੁਰੂ ਸਾਹਿਬਾਨ ਦੇ ਇਤਿਹਾਸ ਅਤੇ ਸਿਧਾਂਤ ਨੂੰ ਸਟ ਮਾਰਨ ‘ਤੇ ਲਗਾ ਹੋਇਆ ਹੈ, ਦੀ ਹਮਾਇਤ ਅਤੇ ਸਿਆਸੀ ਸਰਪ੍ਰਸਤੀ ਦੇਣਾ ਆਪ ਨੂੰ ਸੋਭਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਜਾਂ ਸੰਸਥਾ ਨੂੰ ਸਾਡੇ ਗੁਰ ਇਤਿਹਾਸ ਨੂੰ ਤੋੜਨ ਦੀ ਇਜਾਜ਼ਤ ਦੇ ਦਿਤੀ ਗਈ ਤਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਸਿਖੀ ਇਤਿਹਾਸ ਤੇ ਸਿਖੀ ਤੋਂ ਦੂਰ ਚਲੇ ਜਾਣਗੀਆਂ। ਉਨ੍ਹਾਂ ਮੁਖ ਮੰਤਰੀ ਨੂੰ ਅਮਨ ਕਾਨੂੰਨ ਦੇ ਨਾਮ ਹੇਠ ਸਿਖ ਸਿਧਾਂਤ ਦੀਆਂ ਧੱਜੀਆਂ ਉਡਾਉਣ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਢੱਡਰੀਆਂ ਵਾਲੇ ਦੀ ਤਰਫ਼ਦਾਰੀ ਬੰਦ ਕਰਨ, ਪ੍ਰਚਾਰ ਰੋਕਣ ਅਤੇ ਉਸ ਖ਼ਿਲਾਫ਼ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ। ਉਨ੍ਹਾਂ ਦੋਸ਼ ਲਾਇਆ ਕਿ ਢੱਡਰੀਆਂ ਵਾਲਾ ਨਿੱਤ ਨਵਾਂ ਵਿਵਾਦ ਅਤੇ ਦੁਬਿਧਾ ਖੜੀ ਕਰਕੇ ਸਿੱਖ ਪੰਥ ਅਤੇ ਸਮਾਜ ਵਿਚ ਫੁੱਟ ਪਾਉਂਦਿਆਂ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਤਾਕ ਵਿਚ ਬੈਠਾ ਹੈ। ਜਿਸ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਇਸ ਮੌਕੇ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਢੱਡਰੀਆਂ ਵਾਲੇ ਦੇ ਮਾਮਲੇ ਦਾ ਫ਼ੈਸਲਾ ਜਲਦ ਤੋਂ ਜਲਦ ਕਰਨ ਦੀ ਅਪੀਲ ਕੀਤੀ ਹੈ।

Real Estate