‘ਅਭੀ ਤੋ ਮੈਂ ਜਵਾਨ ਹੂੰ’ ਵਾਲੀ ਆਵਾਜ਼ ਜਦੋਂ ਸਦਾ ਲਈ ਬੰਦ ਹੋ ਗਈ (4 ਫਰਵਰੀ ‘ਤੇ ਵਿਸ਼ੇਸ਼)

2317

ਰੇਡੀਓ ਅਤੇ ਟੀ ਵੀ ਰਾਹੀਂ ਦਹਾਕਿਆਂ ਬੱਧੀ ਸੁਣਨ ਵਾਲੀ ਇਕ ਬਹੁਤ ਹੀ ਪਿਆਰੇ ਗੀਤ ਦੀ ਆਵਾਜ਼ ‘ਅਭੀ ਤੋ ਮੈਂ ਜਵਾਨ ਹੂੰ’ ਦੀ ਮਾਲਕ ਗਾਇਕਾ ‘ਮਲਿਕਾ ਪੁਖਰਾਜ’ ਜੋ ਕਿ ਆਜ਼ਾਦੀ ਤੋਂ ਬਾਅਦ ਲਾਹੌਰ (ਪਾਕਿਸਤਾਨ) ਵਿਚ ਰਹਿ ਰਹੀ ਸੀ, 4 ਫਰਵਰੀ 2004 ਨੂੰ ਇਸ ਦੁਨੀਆ ਨੂੰ ਅਲਵਿਦਾ ਆਖ ਗਈ। ਇਸ ਗੀਤ ਦੇ ਰਚਣਹਾਰੇ ਭਾਵੇਂ ਹਫੀਜ਼ ਜਲੰਧਰੀ ਸਨ ਪਰ ਉਨ੍ਹਾਂ ਦੀ ਸ਼ਾਇਰੀ ਉਤੇ ਮਲਕਾ ਪੁਖਰਾਜ ਦੀ ਆਵਾਜ਼ ਇੰਜ ਛਾ ਗਈ ਕਿ ਲੋਕ ਹਫੀਜ਼ ਜਲੰਧਰੀ ਦਾ ਨਾਂਅ ਭੁੱਲ ਗਏ। ਮਲਿਕਾ ਪੁਖਰਾਜ ਦਾ ਜਨਮ ਮਾਤਾ ਗੁਲਜ਼ਾਰ ਬੇਗਮ ਅਤੇ ਪਿਤਾ ਅਬਦੁਲ ਖਾਨ ਦੇ ਗ੍ਰਹਿ ਵਿਖੇ ਜੰਮੂ ਦੇ ਲਾਗੇ ਇਕ ਛੋਟੇ ਜਿਹੇ ਪਿੰਡ ਹਮੀਰਪੁਰ ਸਿਧਾਰ ਵਿਚ ਹੋਇਆ। ਤਿੰਨ ਸਾਲ ਦੀ ਉਮਰ ਵਿਚ ਹੀ ਇਸ ਨੇ ਉਸਤਾਦ ਅਲੀ ਬਖਸ਼ ਕਸੂਰੀਆ ਪਿਤਾ ਉਸਤਾਦ ਬੜੇ ਗੁਲਾਮ ਅਲੀ ਕੋਲੋਂ ਸੰਗੀਤ ਦੀ ਸਿੱ੍ਯਖਿਆ ਲੈਣੀ ਸ਼ੁਰੂ ਕਰ ਦਿੱਤੀ ਸੀ। 5 ਸਾਲ ਦੀ ਉਮਰ ਵਿਚ ਇਸ ਨੇ ਸੰਗੀਤ ਅਤੇ ਨ੍ਰਿਤ ਦੀ ਉਚੇਰੀ ਸਿੱ੍ਯਖਿਆ ਲਈ ਦਿੱਲੀ ਕੂਚ ਕੀਤਾ ਜਿਥੇ ਜਾ ਕੇ ਇਸ ਨੇ ਪ੍ਰਸਿੱਧ ਸੰਗੀਤਕਾਰ ਉਸਤਾਦ ਮੋਮਿਨ ਖਾਨ, ਉਸਤਾਦ ਮੌਲਾ ਬਖਸ਼ ਤਲਵੰਡੀ ਅਤੇ ਉਸਤਾਦ ਆਸ਼ਿਕ ਅਲੀ ਕੋਲੋਂ ਸਿੱ੍ਯਖਿਆ ਲਈ।
ਮਲਿਕਾ ਦੇ ਜੀਵਨ ਵਿਚ ਇਕ ਨਵਾਂ ਮੋੜ ਉਸ ਵੇਲੇ ਆਇਆ ਜਦੋਂ 9 ਸਾਲ ਦੀ ਉਮਰ ਵਿਚ ਉਹ ਜੰਮੂ ਦੇ ਮਹਾਰਾਜਾ ਹਰੀ ਸਿੰਘ ਦੀ ਤਾਜਪੋਸ਼ੀ ਸਮਾਗਮ ਵਿਚ ਸ਼ਿਰਕਤ ਕਰਨ ਆਈ। ਰਾਜਾ ਇਸ ਦੀ ਕਲਾ ਤੋਂ ਐਨਾ ਪ੍ਰਭਾਵਿਤ ਹੋਇਆ ਕਿ ਇਸ ਨੂੰ ਆਪਣੇ ਦਰਬਾਰ ਵਿਚ ਪੱਕੀ ਨੌਕਰੀ ਦੇ ਕੇ ਗਜ਼ਟਿਡ ਅਫਸਰ ਨਿਯੁਕਤ ਕਰ ਦਿੱਤਾ ਅਤੇ 500 ਰੁਪਏ ਪ੍ਰਤੀ ਮਹੀਨਾ ਤਨਖਾਹ ਲਗਵਾ ਦਿੱਤੀ। ਇਸ ਤਰ੍ਹਾਂ ਉਹ ਸਿਰਫ 9 ਸਾਲ ਦੀ ਉਮਰ ਵਿਚ ਹੀ ਗਜ਼ਟਿਡ ਅਫ਼ਸਰ ਬਣ ਗਈ ਸੀ, ਜੋ ਕਿ ਜੰਮੂ ਰਿਆਸਤ ਵਿਚ ਇਕ ਨਵਾਂ ਅਧਿਆਇ ਸੀ। ਇਸ ਤਰ੍ਹਾਂ ਉਹ ਹਰ ਰੋਜ਼ ਰਾਜੇ ਦੇ ਦਰਬਾਰ ਵਿਚ ਗਜ਼ਲਾਂ ਤੇ ਗੀਤ ਗਾਉਂਦੀ, ਠੁਮਰੀ ਅਤੇ ਦਾਦਰਾ ਵਰਗੇ ਕਲਾਸੀਕਲ ਨ੍ਰਿਤ ਕਰਦੀ। ਇਸ ਤੋਂ ਇਲਾਵਾ ਇਸ ਨੇ ਰਾਜੇ ਦੇ ਵੱਡੇ-ਵੱਡੇ ਸਮਾਗਮਾਂ ਵਿਚ ਜਿਨ੍ਹਾਂ ਵਿਚ ਮਹਾਰਾਜਾ ਪਟਿਆਲਾ ਵਰਗੇ ਵੀ ਸ਼ਾਮਿਲ ਹੁੰਦੇ ਸਨ, ਨ੍ਰਿਤ ਅਤੇ ਗੀਤ-ਸੰਗੀਤ ਦਾ ਪ੍ਰਦਰਸ਼ਨ ਕਰਕੇ ਦੂਰ-ਦੂਰ ਤੱਕ ਪ੍ਰਸਿੱਧੀ ਹਾਸਿਲ ਕਰ ਲਈ।
17 ਸਾਲ ਦੀ ਉਮਰ ਵਿਚ ਇਸ ਨੇ ਕੋਈ ਲੰਬੀ ਪੁਲਾਂਘ ਪੁੱਟਣ ਖਾਤਿਰ ਰਾਜੇ ਦੀ ਨੌਕਰੀ ਛੱਡ ਦਿੱਤੀ। ਫਿਰ ਇਸ ਦਾ ਵਿਆਹ ਸਈਦ ਸ਼ਬੀਰ ਹੁਸੈਨ ਸ਼ਾਹ (ਪ੍ਰਸਿੱਧ ਸਾਹਿਤਕਾਰ ਅਤੇ ਟੀ। ਵੀ। ਨਿਰਮਾਤਾ) ਨਾਲ ਹੋ ਗਿਆ। ਇਸ ਦਾ ਫਾਇਦਾ ਇਹ ਹੋਇਆ ਕਿ ਇਸ ਦੀ ਮੁਲਾਕਾਤ ਪ੍ਰਸਿੱਧ ਲਿਖਾਰੀ ਫੈਜ਼ ਅਹਿਮਦ ਫੈਜ਼ ਅਤੇ ਹਫੀਜ਼ ਜਲੰਧਰੀ ਨਾਲ ਹੋ ਗਈ। ਇਸ ਸਮੇਂ ਇਹ ਪ੍ਰਪੱਕ ਗਾਇਕਾ ਬਣ ਚੁੱਕੀ ਸੀ ਅਤੇ ਆਲ ਇੰਡੀਆ ਰੇਡੀਓ ਉਤੇ ਇਸ ਦੇ ਗਾਏ ਗੀਤਾਂ ਦੀ ਪੂਰੇ ਦੇਸ਼ ਵਿਚ ਧੁੰਮ ਸੀ। ਮਲਿਕਾ ਦੀ ਜੋ ਉਰਦੂ ਵਿਚ ਲਿਖੇ ਬੋਲਾਂ ਨੂੰ ਉਚਾਰਨ ਦੀ ਸ਼ੁਧਤਾ ਸੀ ਉਸ ਦੇ ਬਹੁਤ ਸਾਰੇ ਆਲੋਚਕ ਲੋਕ ਕਾਇਲ ਸਨ। ਉਰਦੂ ਦਾ ਇਹ ਬਾਰੀਕ ਗਿਆਨ ਇਸ ਨੇ ਦਿੱਲੀ ਰਹਿੰਦਿਆ ਇਕ ਕਾਲਜ ਦੇ ਪ੍ਰਿੰਸੀਪਲ ਕੋਲੋਂ ਲਿਆ ਸੀ।
40 ਸਾਲ ਦੀ ਉਮਰ ਵਿਚ ਮਲਿਕਾ ਪੁਖਰਾਜ ਪੂਰੀ ਦੁਨੀਆ ਵਿਚ ਆਪਣੇ ਸੰਗੀਤ ਕਰਕੇ ਮਸ਼ਹੂਰ ਸੀ। ਮਲਿਕਾ ਵੱਲੋਂ ਵੱਖ-ਵੱਖ ਰਾਗਾਂ ਵਿਚ ਗਾਈਆਂ ਗਜ਼ਲਾਂ ਕਰਕੇ ਇਸ ਦੇ ਸਰੋਤਿਆਂ ਦਾ ਘੇਰਾ ਕਾਫੀ ਵਿਸ਼ਾਲ ਹੋ ਗਿਆ ਸੀ, ਕੁਝ ਗਜ਼ਲਾਂ ਦੀਆਂ ਤਰਜ਼ਾਂ ਤਾਂ ਇਸ ਨੇ ਖੁਦ ਹੀ ਬਣਾਈਆਂ ਸਨ। ਗ਼ਜ਼ਲਾਂ ਦੀ ਚੋਣ ਕਰਨ ਵੇਲੇ ਉਹ ਬਹੁਤ ਹੀ ਉਚ ਦਰਜੇ ਦੀ ਲੇਖਣੀ ਪਸੰਦ ਕਰਦੀ ਸੀ। ਉਸ ਦੀ ਆਪਣੀ ਮਨਪਸੰਦ ਗ਼ਜ਼ਲ ਸੀ ‘ਤੇਰੇ ਇਸ਼ਕ ਕੀ ਇੰਤਹਾ ਚਾਹਤਾ ਹੂੰ’। ਇਸ ਤੋਂ ਇਲਾਵਾ ਉਸ ਦੀ ਖਾਸੀਅਤ ਆਜ਼ਾਦ ਨਜ਼ਮ ਗਾਉਣ ਦੀ ਵੀ ਸੀ। ਇਹ ਉਸਨੇ ਭਾਵੇਂ ਸਟੇਜਾਂ ਉਤੇ ਨਹੀਂ ਗਾਈ ਪਰ ਆਪਣੇ ਸਕੇ ਸੰਬੰਧੀਆਂ ਕੋਲ ਜਾਂ ਜਿਥੇ ਘਰ ਵਰਗੇ ਰਿਸ਼ਤੇ ਸੀ ਉਥੇ ਬਹੁਤ ਵਾਰ ਗਾਈ। ਮਲਿਕਾ ਨੇ ਆਪਣੇ ਜੱਦੀ ਖੇਤਰ ਦੇ ਡੋਗਰੀ/ਪਹਾੜੀ ਗੀਤ ਵੀ ਬੜੇ ਚਾਅ ਅਤੇ ਮਲਾਰ ਨਾਲ ਗਾਏ ਹਨ। ਮਲਿਕਾ ਦੀ ਇਕ ਪੁੱਤਰੀ ਹੈ ‘ਤਾਹਿਰਾ ਸਈਦ’। ਇਹ ਵੀ ਗੀਤ ਸੰਗੀਤ ਅਤੇ ਨ੍ਰਿੱਤ ਵਿਚ ਆਪਣੀ ਸੰਸਾਰ ਪ੍ਰਸਿੱਧ ਮਾਂ ਵਾਂਗ ਪ੍ਰਪੱਕ ਹੋ ਚੁੱਕੀ ਹੈ। ਇਸ ਨੇ ਪ੍ਰਸਿੱਧ ਉਸਤਾਦ ਅਖ਼ਤਰ ਹੁਸੈਨ ਅਤੇ ਆਪਣੀ ਮਾਂ ਕੋਲੋਂ ਸਿੱ੍ਯਖਿਆ ਲਈ ਹੈ। ਇਸ ਨੇ 14 ਸਾਲ ਦੀ ਉਮਰ ਵਿਚ ਗਾਉਣਾ ਸ਼ੁਰੂ ਕੀਤਾ ਸੀ ਅਤੇ ਦੋ ਸੋਨੇ ਦੇ ਤਗਮੇ ਰੇਡੀਓ ਮੁਕਾਬਲੇ ਵਿਚ ਜਿੱਤ ਲਏ ਸਨ। ਤਾਹਿਰਾ ਗਾਇਕਾ ਦੇ ਨਾਲ-ਨਾਲ ਸਮਾਜ ਸੇਵਿਕਾ ਵੀ ਹੈ ਅਤੇ ਉਹ ਅਪੰਗਾਂ, ਗੁਰਦਾ ਸੈਂਟਰਾਂ ਅਤੇ ਕੈਂਸਰ ਹਸਪਤਾਲਾਂ ਆਦਿ ਲਈ ਕਾਫੀ ਧਨ ਮੁਹੱਈਆ ਕਰਵਾ ਰਹੀ ਹੈ। ਇਸ ਨੇ ਆਪਣੀ ਮਾਂ ਨਾਲ ਜੁਗਲਬੰਦੀ ਕਰਕੇ ਕਈ ਗੀਤ ਰਿਕਾਰਡ ਕਰਵਾਏ ਹਨ।
ਸੂਈ ਨਾਲ ਕਢਾਈ ਦਾ ਕੰਮ ਕਰਨ ਦਾ ਸ਼ੌਕ ਰੱਖਣ ਵਾਲੀ ਮਲਿਕਾ ਨੇ ਆਪਣੇ ਸਮੇਂ ਦੌਰਾਨ ਢੇਰਾਂ ਸਨਮਾਨ ਅਤੇ ਇਨਾਮ ਪਾਕਿਸਤਾਨ ਅਤੇ ਭਾਰਤ ਵਿਚ ਹਾਸਿਲ ਕੀਤੇ। ਪਾਕਿਸਤਾਨ ਦਾ ਇਕ ਵੱਡਾ ਖਿਤਾਬ ‘ਪ੍ਰਾਈਡ ਆਫ ਪ੍ਰਫਾਰਮੈਂਸ’ ਇਸ ਨੇ 1980 ਵਿਚ ਪਾਕਿਸਤਾਨ ਦੇ ਰਾਸ਼ਟਰਪਤੀ ਜ਼ਿਆ ਉਲ ਹੱਕ ਤੋਂ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਭਾਰਤ ਸਰਕਾਰ ਨੇ ਇਸ ਨੂੰ 1977 ਵਿਚ ਆਲ ਇੰਡੀਆ ਰੇਡੀਓ ਦੀ ਗੋਲਡਨ ਜੁਬਲੀ ਵੇਲੇ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਬੁਲਾਇਆ ਸੀ। ਇਸ ਦੌਰਾਨ ਇਸ ਨੇ ਹੈਦਰਾਬਾਦ ਅਤੇ ਪਟਨਾ ਦਾ ਵੀ ਦੌਰਾ ਕੀਤਾ ਸੀ। ਹਰ ਜਗ੍ਹਾ ਇਸ ਨੂੰ ਸੋਨੇ ਦੇ ਮੈਡਲਾਂ ਨਾਲ ਅਤੇ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਆ ਗਿਆ ਸੀ। ਜੰਮੂ ਕਸ਼ਮੀਰ ਦੈ ਸਾਬਕਾ ਮੁੱਖ ਮੰਤਰੀ ਡਾ: ਫਾਰੂਕ ਅਬਦੁੱਲਾ ਨੇ ਵੀ ਇਸ ਦਾ ਸਨਮਾਨ ਕੀਤਾ ਸੀ।
ਇਸ ਤੋਂ ਇਲਾਵਾ 1981 ਵਿਚ ‘ਬੈਸਟ ਸਿੰਗਰ ਐਵਾਰਡ’ ਗ੍ਰੈਜੂਏਟ ਕਲਚਰਲ ਐਸੋਸੀਏਸ਼ਨ ਆਫ ਪਾਕਿਸਤਾਨ ਵੱਲੋਂ ਦਿੱਤਾ ਗਿਆ। 1987 ਵਿਚ ‘ਮਹਿਫਲ ਮਹਿਫਲ’ ਐਵਾਰਡ ਵਾਸ਼ਿੰਗਟਨ ਵਿਖੇ ਦਿੱਤਾ ਗਿਆ। 14 ਦਸੰਬਰ, 1994 ਨੂੰ ਕੇ। ਐਲ। ਸਹਿਗਲ ਸੁਸਾਇਟੀ ਆਫ ਅਮਰੀਕਾ ਵੱਲੋਂ ‘ਗੋਲਡਨ ਵਾਇਸ ਮੈਡਲ’ ਦਾ ਖਿਤਾਬ ਦਿੱਤਾ ਗਿਆ ਅਤੇ ਇਸੇ ਸਾਲ ‘ਬੇਗਮ ਅਖ਼ਤਰ ਅਕੈਡਮੀ ਆਫ ਗ਼ਜ਼ਲ’ ਵੱਲੋਂ ਨਵੀਂ ਦਿੱਲੀ ਵਿਖੇ ਵੀ ਸਨਮਾਨ ਦਿੱਤਾ ਗਿਆ।
92 ਸਾਲ ਦੇ ਕਰੀਬ ਜ਼ਿੰਦਗੀ ਮਾਣਨ ਵਾਲੀ ਮਲਿਕਾ ਪੁਖਰਾਜ ਦੀਆਂ ਪ੍ਰਸਿੱਧ ਗ਼ਜ਼ਲਾਂ ਵਿਚ ‘ਅਭੀ ਤੋ ਮੈਂ ਜਵਾਨ ਹੂੰ’, ‘ਮੈਨੇ ਦੀ ਮੌਜ’, ‘ਕੋਈ ਉਮੀਦ ਬਰ ਨਹੀਂ ਆਤੀ’,’ਪਲ-ਪਲ ਵਹਿ ਜਾਣਾ ਹੋ’,’ਤੁੰਮ ਮੇਰੇ ਪਾਸ ਰਹੋ’, ‘ਸਵੇਰੇ-ਸਵੇਰੇ, ‘ਵੁਹ ਰਾਤ ਤੇਰੇ, ”ਕਬ ਠਹਿਰੇਗਾ ਦਰਦ-ਏ-ਦਿਲ’, ‘ਜਾਗੀ ਤਮਾਮ ਰਾਤ’,’ਇਸ ਅੰਦਾਜ਼ ਸੇ’,’ਵੁਹ ਕਹਿਤੇ ਹੈਂ ਰੰਜਿਸ਼’,’ਮੈਂ ਜੋ ਮਦਹੋਸ਼ ਹੂਆ’ ‘ਕਿਆ ਕਹਿ ਗਈ ਕਿਸੀ ਕੀ ਨਜ਼ਰ, ‘ਜਿਸ ਕੋ ਨਾ ਤਾਬ ਜ਼ਬਤ ਹੋ’ ਆਦਿ। ਮਲਿਕਾ ਪੁਖਰਾਜ ਦਾ ਇਸ ਕਲਾ ਦੇ ਖੇਤਰ ਵਿਚ ਆਉਣ ਵਾਲੇ ਨਵੇਂ ਕਲਾਕਾਰਾਂ ਨੂੰ ਇਕ ਸੁਨੇਹਾ ਕਿ ਉਹ ਸ਼ੁੱਧ ਸੁਰ ਨੂੰ ਪਹਿਲਾਂ ਸਮਝਣ ਅਤੇ ਫਿਰ ਗਾਉਣ। ਉਸ ਦਾ ਵਿਸ਼ਵਾਸ ਸੀ ਕਿ ਜੇ ਕਰ ਸੁਰ ਵਿਚ ਗਾਉਣਾ ਪ੍ਰਚਲਿਤ ਰਿਹਾ ਤਾਂ ਕੋਈ ਵੀ ਕਲਾਸੀਕਲ ਸੰਗੀਤ ਸੁਣਨ ਤੋਂ ਗੁਰੇਜ਼ ਨਹੀਂ ਕਰੇਗਾ।
ਫੋਨ 00642102539830

Real Estate